ਦੇਸ਼ ਭਗਤ ਹੋਣ ਲਈ 27ਵੇਂ ਤੇ 28ਵੇਂ ਸਵਾਲ ਦੇ ਜਵਾਬ ਵਿੱਚ ਨਾਂਹ ਕਹਿਣੀ ਜ਼ਰੂਰੀ! !    ਮਹਾਂਪੁਰਖਾਂ ਦੇ ਉਪਦੇਸ਼ਾਂ ਨੂੰ ਵਿਸਾਰਦੀਆਂ ਸਰਕਾਰਾਂ !    ਸਾਹਿਰ ਲੁਧਿਆਣਵੀ: ਫ਼ਨ ਅਤੇ ਸ਼ਖ਼ਸੀਅਤ !    ਕਸ਼ਮੀਰ ਵਾਦੀ ’ਚ ਰੇਲ ਸੇਵਾ ਸ਼ੁਰੂ !    ਐੱਮਕਿਊਐੱਮ ਆਗੂ ਅਲਤਾਫ਼ ਨੇ ਮੋਦੀ ਤੋਂ ਭਾਰਤ ’ਚ ਪਨਾਹ ਮੰਗੀ !    ਪੀਐੱਮਸੀ ਘੁਟਾਲਾ: ਆਰਥਿਕ ਅਪਰਾਧ ਸ਼ਾਖਾ ਵੱਲੋਂ ਰਣਜੀਤ ਸਿੰਘ ਦੇ ਫਲੈਟ ਦੀ ਤਲਾਸ਼ੀ !    ਐੱਨਡੀਏ ਭਾਈਵਾਲਾਂ ਨੇ ਬਿਹਤਰ ਸਹਿਯੋਗ ’ਤੇ ਦਿੱਤਾ ਜ਼ੋਰ !    ਭਾਰਤੀ ਡਾਕ ਵੱਲੋਂ ਮਹਾਤਮਾ ਗਾਂਧੀ ਨੂੰ ਸਮਰਪਿਤ ‘ਯੰਗ ਇੰਡੀਆ’ ਦਾ ਮੁੱਖ ਪੰਨਾ ਰਿਲੀਜ਼ !    ਅਮਰੀਕਾ ਅਤੇ ਦੱਖਣੀ ਕੋਰੀਆ ਨੇ ਜੰਗੀ ਮਸ਼ਕਾਂ ਮੁਲਤਵੀ ਕੀਤੀਆਂ !    ਕਾਰ ਥੱਲੇ ਆ ਕੇ ਇੱਕ ਪਰਿਵਾਰ ਦੇ ਚਾਰ ਜੀਅ ਹਲਾਕ !    

ਮਿੰਨੀ ਕਹਾਣੀਆਂ

Posted On July - 14 - 2019

ਅੜੀ
‘‘ਬਸ ਕਰੋ ਹੁਣ ਤੁਸੀਂ ਦੋਵੇਂ ਘਰ। ਦੋ ਵਿੱਘਿਆਂ ’ਤੇ ਏਨਾ ਖਰਚ ਕਰ ਚੁੱਕੇ ਓ ਕਿ ਦੋਵੇਂ ਘਰ ਦੋ-ਦੋ ਕਿੱਲੇ ਗਹਿਣੇ ਲੈ ਲੈਂਦੇ। ਬਸ ਕਰੋ ਕਚਹਿਰੀਆਂ ਦੇ ਚੱਕਰਾਂ ’ਚੋਂ ਨਿਕਲੋ।’’ ਅਮਰ ਦਾ ਮਿੱਤਰ ਉਸ ਨੂੰ ਸਮਝਾ ਰਿਹਾ ਸੀ।
ਅੱਗੋਂ ਉਹ ਬੋਲਿਆ, ‘‘ਨਹੀਂ ਯਾਰ ਇਉਂ ਕਿਵੇਂ? ਅੜੀ ਐ ਉਨ੍ਹਾਂ ਨਾਲ। ਇਸ ਤਰ੍ਹਾਂ ਨਹੀਂ ਹੋ ਸਕਦਾ।’’
ਉਸ ਦਾ ਮਿੱਤਰ ਬੋਲਿਆ, ‘‘ਸਮਝੋ ਨਾ ਸਮਝੋ, ਮਰਜ਼ੀ ਐ।’’
– ਕਮਲ ਨੰਗਲ
ਸੰਪਰਕ: 95019-04088

ਤਕੜਾ
ਸ਼ਿਵਰਾਤਰੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਸ਼ਹਿਰ ਵਿਚ ਸ਼ੋਭਾ ਯਾਤਰਾ ਨਿਕਲਣੀ ਸੀ। ਮੰਦਿਰ ਨੇੜੇ ਬਣੇ ਹੋਏ ਰੈਸਤਰਾਂ ਦੇ ਮਾਲਕ ਨੇ ਰੈਸਤਰਾਂ ਮੂਹਰੇ ਸੜਕ ਤਕ ਟੰਬੇ ਗੱਡ ਕੇ ਸਾਰੀ ਥਾਂ ਰੋਕ ਕੇ ਉਸ ਦੇ ਆਲੇ-ਦੁਆਲੇ ਰੱਸੀ ਲਪੇਟ ਰੱਖੀ ਸੀ। ਉਸ ਵਿਚ ਛੇ ਕੁ ਫੁੱਟ ਦਾ ਰਸਤਾ ਰੱਖ ਕੇ ਸਕਿਉਰਟੀ ਵਾਲਾ ਖੜ੍ਹਾ ਦਿੱਤਾ ਤਾਂ ਜੋ ਰੈਸਤਰਾਂ ਵਿਚ ਆਉਣ ਵਾਲਾ ਹੀ ਇੱਥੇ ਗੱਡੀ ਪਾਰਕ ਕਰ ਸਕੇ, ਹੋਰ ਕੋਈ ਸ਼ਰਧਾਲੂ ਨਹੀਂ।
ਉੱਥੇ ਸਾਦੇ ਕੁੜਤੇ ਪਜਾਮੇ ਵਾਲਾ ਇਕ ਬੰਦਾ ਸੜਕ ਤਕ ਬੰਨ੍ਹੀ ਰੱਸੀ ਕੋਲ ਸਕੂਟਰ ਰੋਕ ਕੇ ਥੋੜ੍ਹੇ ਚਿਰ ਲਈ ਆਸੇ-ਪਾਸੇ ਚਲਿਆ ਗਿਆ। ਇੰਨੇ ਚਿਰ ਨੂੰ ਇਕ ਪੁਲੀਸ ਵਾਲਾ ਸਕੂਟਰ ਦੀ ਸੀਟ ’ਤੇ ਡੰਡਾ ਮਾਰ ਕੇ ਕਹਿਣ ਲੱਗਾ, ‘‘ਆਹ! ਕਿਸ ਦਾ ਹੈ ਇਸ ਨੂੰ ਪਰ੍ਹੇ ਲੈ ਜਾਉ। ਏਧਰ ਸ਼ੋਭਾ ਯਾਤਰਾ ਆਉਣ ਵਾਲੀ ਹੈ।’’ ਜਦ ਕੋਈ ਨਾ ਬੋਲਿਆ ਤਾਂ ਆਪਣੇ ਸਾਥੀ ਨੂੰ ਆਵਾਜ਼ ਮਾਰ ਕੇ ਕਹਿਣ ਲੱਗਾ, ‘‘ਆਹ ਸਕੂਟਰ ਗੱਡੀ ਵਿਚ ਲੱਦ ਕੇ ਥਾਣੇ ਛੱਡ ਆ ਜਿਸ ਦਾ ਹੋਇਆ ਆਪੇ ਉੱਥੇ ਲੈਣ ਆ ਜਾਵੇਗਾ।’’ ਥੋੜ੍ਹੇ ਚਿਰ ਬਾਅਦ ਸਕੂਟਰ ਵਾਲਾ ਆ ਗਿਆ। ਪੁਲੀਸ ਵਾਲਾ ਉਸ ਨੂੰ ਰੋਅਬ ਨਾਲ ਕਹਿਣ ਲੱਗਾ, ‘‘ਇੱਥੇ ਸਕੂਟਰ ਖੜ੍ਹਾਉਣ ਲਈ ਖਾਲੀ ਜਗ੍ਹਾ ਤਾਂ ਹੈ ਨਹੀਂ ਤੂੰ ਕਿਸ ਤਰ੍ਹਾਂ ਖੜ੍ਹਾ ਦਿੱਤਾ?’’ ਕੋਲ ਖੜ੍ਹਾ ਰੈਸਤਰਾਂ ਦੀ ਸਕਿਉਰਟੀ ਵਾਲਾ ਵੀ ਸਕੂਟਰ ਵਾਲੇ ਨੂੰ ਬੁਰਾ ਭਲਾ ਆਖ ਰਿਹਾ ਸੀ। ਉੱਥੇ ਲੋਕਾਂ ਦਾ ਇਕੱਠ ਵਧ ਚੁੱਕਾ ਸੀ। ਲੋਕ ਕਦੇ ਸਕਿਉਰਟੀ ਵਾਲੇ ਵੱਲ ਤੇ ਕਦੇ ਰੱਸੀ ਅੰਦਰ ਵਿਹਲੀ ਪਈ ਜਗ੍ਹਾ ਵੱਲ ਵੇਖ ਰਹੇ ਸਨ। ਪਰ ਪੁਲੀਸ ਵਾਲੇ ਨੂੰ ਉਹ ਇਕੱਲਾ ਸਕੂਟਰ ਵਾਲਾ ਹੀ ਦਿਸ ਰਿਹਾ ਸੀ।
– ਸੁਖਵਿੰਦਰ ਸਿੰਘ ਮੁੱਲਾਂਪੁਰ
ਸੰਪਰਕ: 99141-84794

ਮਾਂ ਬੋਲੀ ਦਿਵਸ
ਮਾਂ ਬੋਲੀ ਦਿਵਸ ਮੌਕੇ ਕਰਵਾਏ ਜਾ ਰਹੇ ਇਕ ਪੰਜਾਬੀ ਕਾਵਿ ਸੰਮੇਲਨ ਨੂੰ ਸੁਣਨ ਦਾ ਮੌਕਾ ਮਿਲਿਆ। ਇਹ ਸਮਾਗਮ ਕਿਸੇ ਰਜਿਸਟਰ ਸਾਹਿਤ ਸਭਾ ਵੱਲੋਂ ਕਰਵਾਇਆ ਜਾ ਰਿਹਾ ਸੀ। ਸਮਾਗਮ ਵਿਚ ਸਰੋਤਿਆਂ ਦਾ ਭਰਵਾਂ ਇਕੱਠ ਵੇਖ ਕੇ ਵਧੀਆ ਲੱਗਿਆ, ਪਰ ਮੇਰੇ ਦੋਸਤ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਸੁਣਨ ਵਾਲੇ ਸਰੋਤੇ ਨਾਂ-ਮਾਤਰ ਹਨ। ਮੇਰੇ ਚਿਹਰੇ ’ਤੇ ਪ੍ਰਸ਼ਨ ਚਿੰਨ ਵੇਖ ਕੇ ਉਸ ਨੇ ਦੱਸਿਆ ਕਿ ਇਹ ਸਾਰੇ ਵਿਦਵਾਨ ਭਾਵ ਸਾਹਿਤਕਾਰ ਹਨ, ਇਨ੍ਹਾਂ ਨੇ ਆਪੋ-ਆਪਣੀ ਵਾਰੀ ਆਉਣ ’ਤੇ ਸਟੇਜ ਉੱਤੇ ਪੰਜਾਬੀ ਮਾਂ ਬੋਲੀ ਸਬੰਧੀ ਕੁਝ ਨਾ ਕੁਝ ਸੁਣਾਉਣਾ ਹੈ। ਹਰੇਕ ਬੁਲਾਰਾ ਪੰਜਾਬੀ ਮਾਂ ਬੋਲੀ ਸਬੰਧੀ ਆਪਣੀ ਚਿੰਤਾ ਪ੍ਰਗਟ ਕਰਦਾ ਜਾਂ ਇਸ ਦੇ ਮਾਣ ਵਿਚ ਆਪਣੀ ਰਚਨਾ ਪੇਸ਼ ਕਰ ਰਿਹਾ ਸੀ। ਇਸ ਨੂੰ ਸੁਣ ਕੇ ਮੈਨੂੰ ਬਹੁਤ ਵਧੀਆ ਲੱਗਿਆ ਤੇ ਮਹਿਸੂਸ ਹੋਇਆ ਕਿ ਪੰਜਾਬੀ ਮਾਂ-ਬੋਲੀ ਇਨ੍ਹਾਂ ਸਾਹਿਤਕਾਰਾਂ ਦੇ ਰਹਿੰਦਿਆਂ ਕਦੇ ਖ਼ਤਮ ਨਹੀਂ ਹੋ ਸਕਦੀ। ਇਕ-ਦੋ ਕਵੀਆਂ ਨੇ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਪ੍ਰਤੀ ਸਖ਼ਤ ਰੋਸ ਪ੍ਰਗਟ ਕੀਤਾ ਕਿ ਉਹ ਮਾਂ-ਬੋਲੀ ਬੋਲਣ ’ਤੇ ਬੱਚਿਆਂ ਨੂੰ ਜ਼ੁਰਮਾਨਾ ਲਗਾਉਂਦੇ ਹਨ। ਮੈਂ ਦੇਖ ਰਿਹਾ ਸੀ ਕਿ ਇਕ ਬੰਦਾ ਇਕ ਰਜਿਸਟਰ ਵਿਚ ਸਾਰਿਆਂ ਕੋਲੋਂ ਦਸਤਖ਼ਤ ਕਰਵਾ ਰਿਹਾ ਸੀ। ਮੇਰੇ ਦੋਸਤ ਨੇ ਦੱਸਿਆ ਕਿ ਇਸ ਤਰ੍ਹਾਂ ਸਾਹਿਤ ਸਭਾਵਾਂ ਦਾ ਰਿਕਾਰਡ ਰੱਖਿਆ ਜਾਂਦਾ ਹੈ ਕਿ ਕਿੰਨੇ ਵਿਅਕਤੀਆਂ ਨੇ ਭਾਗ ਲਿਆ ਹੈ। ਰਜਿਸਟਰ ਜਦੋਂ ਮੇਰੇ ਕੋਲ ਆਇਆ ਤਾਂ ਮੈ ਦੇਖਿਆ ਕਿ 90 ਫ਼ੀਸਦੀ ਦੇ ਲਗਭਗ ਸਾਹਿਤਕਾਰਾਂ ਨੇ ਅੰਗਰੇਜ਼ੀ ਵਿਚ ਆਪਣਾ ਨਾਮ ਲਿਖ ਕੇ ਅੱਗੇ ਦਸਤਖ਼ਤ ਕੀਤੇ ਹੋਏ ਸਨ। ਇਹ ਦੇਖ ਕੇ ਮੈਨੂੰ ਬਹੁਤ ਹੈਰਾਨੀ ਹੋਈ। ਏਨੇ ਨੂੰ ਅੰਗਰੇਜ਼ੀ ਭਾਸ਼ਾ ਵਿਰੁੱਧ ਸ਼ਾਨਦਾਰ ਕਵਿਤਾ ਬੋਲਣ ਵਾਲਾ ਕਵੀ ਮੇਰੇ ਦੋਸਤ ਕੋਲ ਆ ਕੇ ਕਹਿੰਦਾ, ‘‘ਦੇਖਿਆ ਅੱਜ ਫੇਰ ਮੇਰੀ ਪੋਇਮ ਨੂੰ ਪਬਲਿਕ ਨੇ ਕਿੰਨਾ ਐਪਰੀਸ਼ੀਏਟ ਕੀਤਾ। ਕਲੈਪਿੰਗ ਦੀ ਸਾਊਂਡ ਨਾਲ ਸਾਰਾ ਹਾਲ ਗੂੰਜ ਉੱਠਿਆ।’’ ਮੇਰੇ ਦੋਸਤ ਨੇ ਉਸ ਦੀ ਤਾਰੀਫ਼ ਕੀਤੀ, ਪਰ ਮੈਨੂੰ ਪੰਜਾਬੀ ਮਾਂ ਬੋਲੀ ਦਾ ਫ਼ਿਕਰ ਸਤਾਉਣ ਲੱਗਾ।
– ਮਨਦੀਪ ਗਿੱਲ ਧੜਾਕ
ਸੰਪਰਕ: 99881-11134

ਲੋਕਤੰਤਰ ਦਾ ਹੁਸਨ
ਜ਼ਿਮਨੀ ਚੋਣ ਕਾਹਦੀ ਆ ਗਈ ਸੀ, ਬਿੱਲੀ ਦੇ ਭਾਣੇ ਛਿੱਕੂ ਟੁੱਟਿਆ ਸੀ। ‘ਲੋਭੀ ਵੋਟਰਾਂ’ ਦੀਆਂ ਵਾਛਾਂ ਖਿੜ ਗਈਆਂ ਸਨ। ਸਾਰੇ ਅੜੇ ਕੰਮ ਜੋ ਪਹਿਲਾਂ ਨਹੀਂ ਸੀ ਹੋਏ, ਹੁਣ ਹੋ ਜਾਣੇ ਸਨ। ਉਹ ਵੇਲ਼ੇ ਦਾ ਪੂਰਾ ਲਾਹਾ ਖੱਟਣਾ ਚਾਹੁੰਦੇ ਸਨ। ਮੌਕੇ ਦੀ ਹਕੂਮਤ ਨੇ ਇਸ ਜ਼ਿਮਨੀ ਚੋਣ ਦੀ ਜਿੱਤ ਨੂੰ ਆਪਣੀ ਮੁੱਛ ਦਾ ਸਵਾਲ ਬਣਾ ਲਿਆ ਸੀ ਤੇ ਇਸ ਵਾਸਤੇ ਚੋਣ ਵਾਲੇ ਹਰੇਕ ਪਿੰਡ ਵਿਚ ਆਪਣੇ ਪਿਆਦੇ ਫਿੱਟ ਕਰ ਦਿੱਤੇ ਸਨ ਜਿਨ੍ਹਾਂ ਨੇ ’ਕੱਲੀ ’ਕੱਲੀ ਵੋਟ ਦਾ ਹਿਸਾਬ ਦੇਣਾ ਸੀ। ਹਰ ਮਹਿਕਮੇ ਦਾ ਹਰ ਛੋਟਾ ਵੱਡਾ ਅਫ਼ਸਰ ਉਨ੍ਹਾਂ ਦੇ ਦਰ ’ਤੇ ਸੀ ਅਤੇ ਜੋ ਵੀ ਹੁਕਮ ਹੁੰਦਾ, ਉਹ ਉਹਦੀ ਤਾਮੀਲ ਕਰਦਾ ਸੀ।
ਨਹਿਰ ਦੀ ਬੰਦੀ ਮੁਕੱਰਰ ਵਕਤ ਤੋਂ ਪਹਿਲਾਂ ਹੀ ਰੱਦ ਕਰ ਦਿੱਤੀ ਗਈ ਸੀ। ਲੋਭੀ ਵੋਟਰ ਆਪਣੇ ਆਪ ਹੀ ਮੋਘਿਆਂ ਨੂੰ ਚੌੜੇ ਕਰ ਰਹੇ ਸਨ। ਨਾਲ਼ਾਂ ਦੇ ਨਾਲ ਟਿਊਬਾਂ ਲਗਾ ਰੱਖੀਆਂ ਸਨ ਤਾਂ ਜੋ ਵਧੇਰੇ ਪਾਣੀ ਖਿੱਚਿਆ ਜਾ ਸਕੇ। ਕਈ ਥਾਈਂ ਤਾਂ ਨਹਿਰ ਵਿਚ ਸਿੱਧੇ ਟੱਕ ਹੀ ਲਗਾ ਰੱਖੇ ਸਨ ਜਿਨ੍ਹਾਂ ਦੀਆਂ ਤਸਵੀਰਾਂ ਅਖ਼ਬਾਰਾਂ ਵਿਚ ਵੀ ਛਪ ਰਹੀਆਂ ਸਨ, ਪਰ ਬੇਵੱਸ ਅਫ਼ਸਰ ਅੱਖਾਂ ਮੀਚੀ ਬੈਠੇ ਸਨ। ਪੰਚਾਇਤੀ ਮਹਿਕਮੇ ਦੀ ਹਾਲਤ ਸੱਪ ਦੇ ਮੂੰਹ ਵਿਚ ਕੋਹੜ-ਕਿਰਲੀ ਵਾਲੀ ਬਣੀ ਹੋਈ ਸੀ। ਪਹਿਲਾਂ ਵਾਲੀਆਂ ਗਰਾਂਟਾਂ ਦਾ ਕੋਈ ਹਿਸਾਬ-ਕਿਤਾਬ ਦੇਣ ਨੂੰ ਤਿਆਰ ਨਹੀਂ ਸੀ, ਉਨ੍ਹਾਂ ਨੂੰ ਤਾਂ ‘ਪਹਿਲਾਂ ਵਾਲੇ’ ਦਾ ਹੀ ਝੋਰਾ ਵੱਢ ਵੱਢ ਖਾਂਦਾ ਸੀ, ਹੁਣ ਫੇਰ ਉਹੀ ਗਲੀਆਂ-ਨਾਲੀਆਂ ਦੁਬਾਰਾ ਪੱਕੀਆਂ ਕਰਨ ਦੀ ਆਫ਼ਤ ਸਿਰ ਆਣ ਪਈ ਸੀ।
ਸਿੱਖਿਆ ਮਹਿਕਮਾ ਜਿਹੜਾ ‘ਵਿਚਾਰਾ’ ਹੁਣ ਸਿੱਖਿਆ ਦੇਣ ਵਾਲਾ ਰਿਹਾ ਹੀ ਨਹੀਂ ਸੀ ਜਾਂ ਕਹਿ ਲਉ, ਸਿੱਖਿਆ ਦੇਣ ਜੋਗਾ ਛੱਡਿਆ ਹੀ ਨਹੀਂ ਸੀ ਅਤੇ ਜਿਹੜਾ ਨਿੱਤ ਦੀ ਚਿੱਠੀ-ਪੱਤਰੀ ਤੇ ਗੈਰ-ਵਿੱਦਿਅਕ ਕੰਮਾਂ ਨਾਲ ਮਧੋਲਿਆ ਪਿਆ ਸੀ, ਪਿੰਡਾਂ ਦੇ ਰਾਹ-ਪਹਿਆਂ ਦੀ ਦੂਰੀ ਨਾਪ ਰਿਹਾ ਸੀ। ਬੱਚੇ ਤਾਂ ਮਿਡਲ ਸਕੂਲਾਂ ਦੀ ਗਿਣਤੀ ਪੂਰੀ ਨਹੀਂ ਸਨ ਕਰਦੇ, ਪਰ ਉਹ ਵੋਟਰ ਹਾਈ ਅਤੇ ਸੈਕੰਡਰੀ ਸਕੂਲ ਬਣਾੳਣ ਦੀ ਮੰਗ ਰੱਖ ਰਹੇ ਸਨ ਜਿਨ੍ਹਾਂ ਦੇ ਆਪਣੇ ਬੱਚੇ ਸ਼ਹਿਰ ਦੇ ਅੰਗਰੇਜ਼ੀ ਸਕੂਲਾਂ ਵਿਚ ‘ਗਿਆਨ’ ਪ੍ਰਾਪਤ ਕਰ ਰਹੇ ਸਨ।
ਬਿਜਲੀ ਮਹਿਕਮੇ ਦਾ ਸਭ ਤੋਂ ਮਾੜਾ ਹਾਲ ਸੀ। ਲੋੜ ਹੋਵੇ ਜਾਂ ਨਾ, ਵੋਟਰ ਜਿੱਥੇ ਉਂਗਲ ਕਰਦਾ ਸੀ, ਉੱਥੇ ਹੀ ਟਰਾਂਸਫਾਰਮਰ ਜਾਂ ਖੰਭਾ ਗੱਡਣਾ ਪੈਂਦਾ ਸੀ। ਇਕ ਪਿੰਡ ਵਿਚ ਢਾਣੀ ਵਾਲੇ ਜ਼ੈਲੇ ਦੇ ਇਕੋ ਇਕ ਘਰ ਨੂੰ ਬਿਜਲੀ ਵਾਲਿਆਂ ਨੇ ਟਰਾਂਸਫਾਰਮਰ ਲਗਾਉਣ ਤੋਂ ਜਦੋਂ ਜਵਾਬ ਦੇ ਦਿੱਤਾ ਤਾਂ ਉਹ ਝੱਟ ਪਿਆਦੇ ਅੱਗੇ ਪੇਸ਼ ਹੋ ਗਿਆ ਅਤੇ ਆਪਣੀ ਵਿਥਿਆ ਸੁਣਾ ਦਿੱਤੀ। ਪਿਆਦਾ ਕਹਿੰਦਾ, ‘‘ਬਈ ਬਿਜਲੀ ਵਾਲਿਆਂ ਦੀ ਗੱਲ ਠੀਕ ਹੈ, ’ਕੱਲੇ ’ਕੱਲੇ ਘਰ ਦੇ ਟਰਾਂਸਫਾਰਮਰ ਕਿਵੇਂ ਲੱਗ ਸਕਦੈ?’’ ਜ਼ੈਲਾ ਬੋਲਿਆ, ‘‘ਜੀ ਘਰ ਤਾਂ ਸਾਡਾ ਬੇਸ਼ੱਕ ’ਕੱਲਾ ਹੈ ਪਰ ਵੋਟਾਂ ਗਿਆਰਾਂ ਨੇ। ਬਾਕੀ ਥੋਡੀ ਮਰਜ਼ੀ ਹੈ।’’ ਉਹ ਤਾਂ ਮੁਸ਼ਕੜੀਏਂ ਹੱਸਦਾ ਚਲਦਾ ਬਣਿਆ, ਪਰ ਗਿਆਰਾਂ ਵੋਟਾਂ ਨੇ ਪਿਆਦੇ ਦਾ ਦਿਮਾਗ਼ ਹਿਲਾ ਦਿੱਤਾ। ਉਹਨੇ ਤੁਰੰਤ ਬਿਜਲੀ ਵਾਲਿਆਂ ਨੂੰ ਹੁਕਮ ਚਾੜ੍ਹਿਆ। ਅਗਲੇ ਦਿਨ ਸਾਝਰੇ ਹੀ ਜ਼ੈਲੇ ਕੇ ਘਰ ਵੱਲੋਂ ‘ਹਾਈ ਸ਼ਾ, ਜ਼ੋਰ ਲਗਾ’ ਦੀਆਂ ਆਵਾਜ਼ਾਂ ਆ ਰਹੀਆਂ ਸਨ। ਇਸ ਤਰ੍ਹਾਂ ਟਰੱਕਾਂ ਦੇ ਟਰੱਕ ਖੰਭੇ ਖਪ ਗਏ ਸਨ। ਸਾਮਾਨ ਦਾ ਕੁਝ ਪਤਾ ਨਹੀਂ ਸੀ ਲੱਗਦਾ, ਲੋਭੀ ਵੋਟਰਾਂ ਨੇ ‘ਅੱਗੇ ਦੀ ਸੋਚ ਕੇ’ ਰਾਤ ਵੇਲੇ ਖੰਭੇ ਏਧਰ ਓਧਰ ਕਰ ਲਏ ਸਨ। ਇਸ ਵਾਸਤੇ ਕਈਆਂ ਨੇ ਨਰਮੇ ਦੀ ਰੁੱਤ ਦਾ ਪੂਰਾ ਫ਼ਾਇਦਾ ਚੁੱਕਿਆ ਸੀ। ਹੇਠਲਿਆਂ ਦੀ ਤਾਂ ਛੱਡੋ, ਚੀਫ਼ ਇੰਜੀਨੀਅਰ ਤਕ ਖੰਭੇ ਗਿਣਦੇ ਫਿਰਦੇ ਸਨ। ਸ਼ਰੇਆਮ ਕੁੰਡੀਆਂ ਲੱਗੀਆਂ ਦਿਸਦੀਆਂ ਸਨ, ਪਰ ਕੋਈ ਕੁਝ ਨਹੀਂ ਸੀ ਕਰ ਸਕਦਾ। ਵੋਟਰਾਂ ਨੇ ਮਹਿਕਮੇ ਨੂੰ ਬਿਨਾਂ ਕੋਈ ਦੁਆਨੀ ਦਿੱਤੇ, ਆਪਣੇ ਆਪ ਹੀ ਘਰਾਂ ਤੋਂ ਕੇਬਲਾਂ/ਲਾਈਨਾਂ ਸ਼ਿਫਟ ਕਰ ਲਈਆਂ ਸਨ, ਕਈਆਂ ਨੇ ਤਾਂ ਇਸ ਚੋਣ ਦਾ ਲਾਹਾ ਲੈਂਦਿਆਂ ਟਿਊਬਵੈੱਲ ਕੁਨੈਕਸ਼ਨ ਹੀ ਆਪਣੀ ਮਰਜ਼ੀ ਨਾਲ ਮਨਭਾਉਂਦੀ ਜਗ੍ਹਾ ’ਤੇ ਬਦਲ ਲਏ ਸਨ। ਗ਼ਰੀਬ ਘਰਾਂ ਨੂੰ ਪੁੱਠੇ-ਸਿੱਧੇ ਮੀਟਰ ਲਾ ਕੇ ਬਿਜਲੀ ਦੇ ਦਿੱਤੀ ਗਈ ਸੀ। ਸਿਤਮ ਦੀ ਗੱਲ ਇਹ ਵਾਪਰੀ, ਬਈ ਵੋਟਾਂ ਲੈਣ ਲਈ ਡਿਫਾਲਟਰ ਵੋਟਰਾਂ ਦੇ ਵੀ ਸਪਲਾਈ ਚਾਲੂ ਕਰ ਦਿੱਤੀ ਗਈ। ਜਿਹੜੇ ਅਫ਼ਸਰ ਕਦੇ ਏਸੀ ਕਮਰਿਆਂ ਵਿਚੋਂ ਬਾਹਰ ਨਹੀਂ ਸਨ ਨਿਕਲਦੇ, ਵਾਹਣੀ ਪਾ ਛੱਡੇ ਸਨ। ਕੋਈ ਮਿਆਰ ਨਹੀਂ, ਕੋਈ ਤਖ਼ਮੀਨਾਂ ਨਹੀਂ, ਕੋਈ ਜ਼ਰੂਰਤ ਨਹੀਂ ਸੀ ਦੇਖਣੀ, ਬਸ ਵੋਟਰ ਜਿਵੇਂ ਕਹਿੰਦਾ ਸੀ, ਉਵੇਂ ਹੁਕਮ ਵਜਾਉਣਾ ਪੈਂਦਾ ਸੀ।
ਜਿੱਥੇ ਵੋਟਰਾਂ ਦਾ ਇਹ ਹਾਲ ਸੀ, ਉੱਥੇ ਇਮਾਨਦਾਰ ਵੋਟਰ ਅਜਿਹੇ ਵਰਤਾਰੇ ’ਤੇ ਹੰਝੂ ਕੇਰ ਰਹੇ ਸਨ। ਉਨ੍ਹਾਂ ਦਾ ਕਹਿਣਾ ਸੀ ਬਈ ਇਹ ਨਾਜਾਇਜ਼ ਖਰਚੇ ਆਖ਼ਰ ਨੂੰ ਤਾਂ ਸਾਡੇ ’ਤੇ ਹੀ ਪੈਣੇ ਹਨ। ਵੋਟਾਂ ਦੇ ਇਸ ਨਿਜ਼ਾਮ ਨੇ ਤਾਂ ਮੁਲਕ ਦਾ ਬੇੜਾ ਗਰਕ ਕਰ ਦਿੱਤਾ ਹੈ, ਪਰ ਉਹ ਕਰ ਕੁਝ ਨਹੀਂ ਸੀ ਸਕਦੇ ਕਿਉਂ ਜੋ ਉਨ੍ਹਾਂ ਦੀ ਤਾਦਾਦ ਬਹੁਤ ਘੱਟ ਸੀ। ਜਮਹੂਰੀਅਤ ਲੋਭੀ ਵੋਟਰਾਂ ਅੱਗੇ ਝੂਠੀ ਪੈ ਗਈ ਸੀ। ਉਸ ਦੀ ਦਸ਼ਾ ਵਿਚਾਰੀ ਉਸ ਗਊ ਵਰਗੀ ਸੀ ਜਿਹੜੀ ਹੱਡਾ-ਰੋੜੀ ਦੇ ਹਲਕੇ ਕੁੱਤਿਆਂ ਵਿਚ ਫਸ ਗਈ ਹੋਵੇ।
– ਮਲਕੀਤ ਸਿੰਘ ‘ਮਛਾਣਾ’
ਸੰਪਰਕ: 96461-14221


Comments Off on ਮਿੰਨੀ ਕਹਾਣੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.