ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਮਾਤ ਭਾਸ਼ਾ ਰਾਹੀਂ ਬੱਚੇ ਦਾ ਸ਼ਖ਼ਸੀ ਵਿਕਾਸ

Posted On July - 20 - 2019

ਡਾ. ਆਗਿਆ ਜੀਤ ਸਿੰਘ

ਬੱਚੇ ਦੀ ਜ਼ਿੰਦਗੀ ਵਿਚ ਉਸ ਦੇ ਗਿਆਨਾਤਮਕ ਵਿਕਾਸ ਵਿਚ ਮਾਤ ਭਾਸ਼ਾ ਬਹੁਤ ਵੱਡੀ ਭੂਮਿਕਾ ਨਿਭਾਉਂਦੀ ਹੈ ਕਿਉਂਕਿ ਮਾਤ ਭਾਸ਼ਾ ਰਾਹੀਂ ਹੀ ਬੱਚੇ ਦੀ ਸੋਚਣ ਸ਼ਕਤੀ ਵਿਚ ਵਾਧਾ ਹੁੰਦਾ ਹੈ। ਮਾਤ ਭਾਸ਼ਾ ਹੀ ਸੋਚ ਨੂੰ ਉਜਾਗਰ ਕਰਦੀ ਹੈ ਕਿਉਂਕਿ ਸਾਡੀ ਸੋਚ ਸ਼ਬਦਾਂ ਉੱਤੇ ਹੀ ਆਧਾਰਿਤ ਹੁੰਦੀ ਹੈ। ਇਕ ਤਰ੍ਹਾਂ ਸੋਚ ਹੀ ਮਾਤ ਭਾਸ਼ਾ ਨੂੰ ਸ਼ਕਲ ਦਿੰਦੀ ਹੈ। ਮਾਤ ਭਾਸ਼ਾ ਦੀ ਨੁਹਾਰ ਵੀ ਉਂਜ ਦੀ ਹੀ ਹੋ ਜਾਂਦੀ ਹੈ, ਜਿਵੇਂ ਦਾ ਸਾਡਾ ਦਿਮਾਗ਼ ਕੰਮ ਕਰਦਾ ਹੈ।
ਮਨੋਵਿਗਿਆਨੀ ਜੀਨ ਪੀਆਜੇ ਨੇ ਬੱਚਿਆਂ ਵਿਚ ਸੰਕਲਪ ਰਚਨਾ ਬਾਰੇ ਬਹੁਤ ਖੋਜ ਕੀਤੀ ਹੈ। ਉਸ ਨੇ ਆਪਣੇ ਅਧਿਐਨ ਵਿਚ ਮਾਤ ਭਾਸ਼ਾ ਅਤੇ ਸੰਕਲਪ ਰਚਨਾ ਵਿਚਕਾਰ ਸਾਕਾਰਾਤਮਕ ਸਬੰਧ ਲੱਭੇ ਹਨ। ਮਨੁੱਖ ਵਿਚ ਨਵੇਂ ਵਿਚਾਰਾਂ ਨੂੰ ਉਤਪੰਨ ਕਰਨ ਦਾ ਅਤੇ ਉਨ੍ਹਾਂ ਵਿਚਾਰਾਂ ਨੂੰ ਨਵੇਂ ਢੰਗਾਂ ਨਾਲ ਪ੍ਰਗਟਾਉਣ ਦਾ ਕੰਮ ਮਾਤ ਭਾਸ਼ਾ ਹੀ ਕਰਦੀ ਹੈ। ਬਹੁਤ ਸਾਰੇ ਲੋਕਾਂ ਦਾ ਵਿਚਾਰ ਹੈ ਕਿ ਜਿਹੜੇ ਲੋਕ ਪ੍ਰਭਾਵਸ਼ਾਲੀ ਸੰਚਾਰ ਨਹੀਂ ਕਰ ਸਕਦੇ, ਉਨ੍ਹਾਂ ਦੀ ਸੋਚ ਨੁਕਸ ਵਾਲੀ ਹੁੰਦੀ ਹੈ। ਭਾਵੇਂ ਭਾਸ਼ਾ ਤੇ ਸੋਚ ਦੋਵੇਂ ਵੱਖਰੀਆਂ ਪ੍ਰਤਿਕਿਰਿਆਵਾਂ ਹਨ, ਪਰ ਇਨ੍ਹਾਂ ਦਾ ਪਰਸਪਰ ਸਬੰਧ ਬੜਾ ਨਾਜ਼ੁਕ ਤੇ ਗੁੰਝਲਦਾਰ ਹੈ। ਉਮਰ ਤੇ ਤਜਰਬੇ ਨਾਲ ਇਨ੍ਹਾਂ ਦੋਹਾਂ ਦੇ ਸਬੰਧ ਹੋਰ ਚੰਗੇਰੇ ਤੇ ਮਜ਼ਬੂਤ ਹੋ ਜਾਂਦੇ ਹਨ। ਸੋਚ ਅਤੇ ਸੰਕਲਪ ਰਚਨਾ ਬੱਚੇ ਦੇ ਗਿਆਨਾਤਮਕ ਪੱਖ ਦਾ ਜ਼ਰੂਰੀ ਅੰਗ ਹਨ ਅਤੇ ਗਿਆਨਾਤਮਕ ਪੱਖ ਬੱਚੇ ਦੀ ਸ਼ਖ਼ਸੀਅਤ ਦੇ ਵਿਕਾਸ ਵਿਚ ਬਹੁਤ ਸਹਾਈ ਹੁੰਦਾ ਹੈ।
ਬਹੁਤ ਸਾਰੇ ਮਾਪੇ ਇਸ ਭੁਲੇਖੇ ਦਾ ਸ਼ਿਕਾਰ ਹਨ ਕਿ ਉਨ੍ਹਾਂ ਦੇ ਬੱਚਿਆਂ ਨੂੰ ਪਹਿਲੀ ਜਮਾਤ ਤੋਂ ਅੰਗਰੇਜ਼ੀ ਪੜ੍ਹਾਉਣ ਨਾਲ ਉਨ੍ਹਾਂ ਦੇ ਬੱਚਿਆਂ ਦੀ ਸ਼ਖ਼ਸੀਅਤ ਦਾ ਵਧੀਆ ਵਿਕਾਸ ਹੋਵੇਗਾ। ਪਹਿਲੀ ਜਮਾਤ ਤੋਂ ਬੱਚਿਆਂ ਨੂੰ ਵਿਦੇਸ਼ੀ ਭਾਸ਼ਾ ਅੰਗਰੇਜ਼ੀ ਪੜ੍ਹਾਉਣ ਨਾਲ ਉਨ੍ਹਾਂ ਦੀ ਸ਼ਖ਼ਸੀਅਤ ਦੇ ਵਿਕਾਸ ਵਿਚ ਵਿਗਾੜ ਪੈਂਦਾ ਹੈ। ਬੱਚਿਆਂ ਵਿਚ ਅਸੁਰੱਖਿਆ ਤੇ ਹੀਣਤਾ ਦੀਆਂ ਭਾਵਨਾਵਾਂ ਪੈਦਾ ਹੁੰਦੀਆਂ ਹਨ। ਇਸ ਉਮਰ ਵਿਚ ਜੋ ਉਹ ਆਪਣੀ ਮਾਂ ਬੋਲੀ ਰਾਹੀਂ ਸਿੱਖ ਸਕਦੇ ਹਨ, ਉਹ ਅੰਗਰੇਜ਼ੀ ਰਾਹੀਂ ਕਦੀ ਵੀ ਨਹੀਂ ਸਿੱਖ ਸਕਣਗੇ। ਉਨ੍ਹਾਂ ਦੀਆਂ ਗਿਆਨਾਤਮਕ ਕਿਰਿਆਵਾਂ ਜਿਵੇਂ ਯਾਦਾਸ਼ਤ, ਧਾਰਨਾ ਸ਼ਕਤੀ, ਕਲਪਨਾ ਸ਼ਕਤੀ, ਤਰਕ ਸ਼ਕਤੀ, ਸੋਚਣ ਸ਼ਕਤੀ, ਨਿਰਣੇ ਲੈਣ ਦੀ ਸ਼ਕਤੀ ਅਤੇ ਸਮੱਸਿਆਵਾਂ ਦੇ ਸਮਾਧਾਨ ਦੀ ਯੋਗਤਾ ਆਦਿ ਦਾ ਪੂਰਾ ਵਿਕਾਸ ਨਹੀਂ ਹੋ ਸਕੇਗਾ। ਇਨ੍ਹਾਂ ਨਾਲ ਉਨ੍ਹਾਂ ਵਿਚ ਸਵੈ ਭਰੋਸਾ, ਸਵੈ ਸੰਕਲਪ, ਸਵੈ ਪ੍ਰਗਟਾਵੇ ਆਦਿ ਵਾਲੇ ਗੁਣ ਪੈਦਾ ਹੋਣ ਵਿਚ ਮੁਸ਼ਕਲ ਆਵੇਗੀ।

ਡਾ. ਆਗਿਆ ਜੀਤ ਸਿੰਘ

ਪੰਜ-ਛੇ ਸਾਲ ਦੀ ਉਮਰ ਵਿਚ ਬੱਚੇ ਦੀਆਂ ਮਾਨਸਿਕ ਕਿਰਿਆਵਾਂ ਦਾ ਪੂਰਾ ਵਿਕਾਸ ਨਹੀਂ ਹੋਇਆ ਹੁੰਦਾ। ਇਸ ਉਮਰ ਵਿਚ ਸਭ ਤੋਂ ਪਹਿਲਾਂ ਸਾਨੂੰ ਉਨ੍ਹਾਂ ਦੇ ਸਰੀਰਿਕ ਵਿਕਾਸ ਅਤੇ ਭਾਵਨਾਤਮਕ ਵਿਕਾਸ ਵੱਲ ਧਿਆਨ ਦੇਣਾ ਚਾਹੀਦਾ ਹੈ। ਭਾਵਨਾਤਮਕ ਵਿਕਾਸ ਤਾਂ ਕੇਵਲ ਉਨ੍ਹਾਂ ਦੀ ਮਾਂ ਬੋਲੀ ਰਾਹੀਂ ਹੀ ਹੋ ਸਕਦਾ ਹੈ, ਨਾ ਕਿ ਕਿਸੇ ਵਿਦੇਸ਼ੀ ਭਾਸ਼ਾ ਰਾਹੀਂ। ਬੱਚਾ ਆਪਣੀਆਂ ਭਾਵਨਾਵਾਂ ਤੇ ਸੰਵੇਗਾਂ ਦਾ ਪ੍ਰਗਟਾਵਾ ਕੇਵਲ ਆਪਣੀ ਮਾਂ-ਬੋਲੀ ਰਾਹੀਂ ਹੀ ਕਰ ਸਕਦਾ ਹੈ। ਸਭ ਤੋਂ ਪਹਿਲਾਂ ਬੱਚੇ ਨੂੰ ਆਪਣੀ ਬੋਲੀ, ਆਪਣਾ ਸੱਭਿਆਚਾਰ ਅਤੇ ਆਪਣੇ ਆਲੇ-ਦੁਆਲੇ ਬਾਰੇ ਸੂਚਿਤ ਕਰਨਾ ਜ਼ਰੂਰੀ ਹੈ। ਪ੍ਰਾਇਮਰੀ ਜਮਾਤ ਦੇ ਬੱਚਿਆਂ ਨੂੰ ਪੰਜਾਬੀ ਦੇ ਨਾਲ-ਨਾਲ ਅੰਗਰੇਜ਼ੀ ਭਾਸ਼ਾ ਪੜ੍ਹਾਉਣੀ ਅਕਾਦਮਿਕ ਪੱਖ ਤੋਂ ਠੀਕ ਨਹੀਂ ਹੈ ਕਿਉਂਕਿ ਵਿਦੇਸ਼ੀ ਭਾਸ਼ਾ ਮਾਤ ਭਾਸ਼ਾ ਦੇ ਸਿੱਖਣ ਵਿਚ ਵਿਘਨ ਪਾਉਂਦੀ ਹੈ। ਇਸ ਤਰ੍ਹਾਂ ਅਸੀਂ ਬੱਚਿਆਂ ਵਿਚ ਬਹੁਤ ਵੱਡਾ ਅਕਾਦਮਿਕ ਵਿਗਾੜ ਪੈਦਾ ਕਰਨ ਦੇ ਜ਼ਿੰਮੇਵਾਰ ਬਣ ਰਹੇ ਹਾਂ। ਜਦ ਉਹ ਆਪਣੀ ਮਾਂ ਬੋਲੀ ਨੂੰ ਸਿੱਖਣ ਵਿਚ ਨਿਪੁੰਨ ਹੋ ਜਾਣ ਤਾਂ ਹੀ ਉਨ੍ਹਾਂ ਨੂੰ ਅੰਗਰੇਜ਼ੀ ਜਾਂ ਕੋਈ ਹੋਰ ਵਿਦੇਸ਼ੀ ਭਾਸ਼ਾ ਪੜ੍ਹਾਉਣੀ ਸ਼ੁਰੂ ਕਰਨੀ ਚਾਹੀਦੀ ਹੈ।
ਬਾਹਰਲੇ ਦੇਸ਼ਾਂ ਵਿਚ ਬੱਚੇ ਨੂੰ ਮੁੱਢਲੀ ਸਿੱਖਿਆ ਉਸ ਦੀ ਮਾਤ ਭਾਸ਼ਾ ਰਾਹੀਂ ਹੀ ਦਿੱਤੀ ਜਾਂਦੀ ਹੈ। ਕੀ ਰੂਸ, ਚੀਨ, ਜਪਾਨ, ਜਰਮਨੀ ਅਤੇ ਅਨੇਕ ਹੋਰ ਉੱਨਤ ਦੇਸ਼ ਆਪਣੇ ਬੱਚਿਆਂ ਨੂੰ ਮਾਂ ਬੋਲੀ ਦੇ ਮਾਧਿਅਮ ਰਾਹੀਂ ਨਹੀਂ ਪੜ੍ਹਾਉਂਦੇ? ਉਨ੍ਹਾਂ ਦੇਸ਼ਾਂ ਵਿਚ ਪ੍ਰਾਇਮਰੀ ਸਿੱਖਿਆ ਤਾਂ ਕੀ, ਸੈਕੰਡਰੀ ਤੇ ਉਚੇਰੀ ਸਿੱਖਿਆ ਵੀ ਮਾਤ ਭਾਸ਼ਾ ਰਾਹੀਂ ਹੀ ਦਿੱਤੀ ਜਾਂਦੀ ਹੈ। ਜੇ ਉਨ੍ਹਾਂ ਦੇਸ਼ਾਂ ਦੇ ਬੱਚੇ ਵੱਡੇ ਹੋ ਕੇ ਦੇਸ਼ ਦੇ ਚਾਨਣ-ਮੁਨਾਰੇ ਬਣ ਸਕਦੇ ਹਨ, ਤਾਂ ਸਾਡੇ ਬੱਚੇ ਕਿਉਂ ਨਹੀਂ ਬਣ ਸਕਦੇ? ਇਸ ਉਮਰ ਵਿਚ ਬੱਚੇ ਨੂੰ ਮਾਤ ਭਾਸ਼ਾ ਤੋਂ ਇਲਾਵਾ ਗਣਿਤ, ਸਮਾਜਿਕ ਸਿੱਖਿਆ ਅਤੇ ਵਿਗਿਆਨ ਆਦਿ ਵਿਸ਼ੇ ਵੀ ਪੜ੍ਹਾਏ ਜਾਂਦੇ ਹਨ। ਜੇ ਪ੍ਰਾਇਮਰੀ ਕਲਾਸਾਂ ਵਿਚ ਬੱਚੇ ਆਪਣੀ ਮਾਂ-ਬੋਲੀ ਨੂੰ ਸ਼ੁੱਧ ਬੋਲਣ, ਪੜ੍ਹਣ ਤੇ ਲਿਖਣ ਦੀ ਕੁਸ਼ਲਤਾ ਪੈਦਾ ਕਰ ਲੈਣ ਤਾਂ ਸਮਝ ਲਉ ਕਿ ਉਨ੍ਹਾਂ ਵਿਚ ਗਿਆਨਾਤਮਕ ਪੱਖ ਦੀ ਨੀਂਹ ਸਥਾਪਿਤ ਹੋ ਚੁੱਕੀ ਹੈ। ਪ੍ਰਾਇਮਰੀ ਤੋਂ ਬਾਅਦ ਬੱਚੇ ਵਿਚ ਇਕ ਜਾਂ ਦੋ ਹੋਰ ਭਾਸ਼ਾਵਾਂ ਸਿੱਖਣ ਲਈ ਦਿਲਚਸਪੀ ਪੈਦਾ ਹੋਣੀ ਸੁਭਾਵਿਕ ਹੀ ਹੈ। ਪ੍ਰੇਰਨਾ ਸਿੱਖਣ ਪ੍ਰਕਿਰਿਆ ਵਿਚ ਮਦਦ ਕਰਦੀ ਹੈ ਅਤੇ ਸਿੱਖਣ ਪ੍ਰਕਿਰਿਆ, ਜਿਹੜੀ ਵਿਵਹਾਰ ਵਿਚ ਪਰਿਵਰਤਨ ਲਿਆਉਂਦੀ ਹੈ, ਸ਼ਖ਼ਸੀਅਤ ਦੇ ਵਿਕਾਸ ਵਿਚ ਸਹਾਈ ਹੁੰਦੀ ਹੈ।
ਇਸ ਤਰ੍ਹਾਂ ਮਾਤ ਭਾਸ਼ਾ ਦੀ ਸਿਖਲਾਈ ਰਾਹੀਂ ਹੀ ਅਸੀਂ ਬੱਚਿਆਂ ਦੀ ਸ਼ਖ਼ਸੀਅਤ ਨਿਖਾਰ ਸਕਦੇ ਹਾਂ, ਜਿਹੜਾ ਸਿੱਖਿਆ ਦਾ ਮੁਖ ਮੰਤਵ ਹੁੰਦਾ ਹੈ। ਮਨੋਵਿਗਿਆਨਕ ਪੱਖ ਤੋਂ ਜੇ ਪਹਿਲੀ ਜਮਾਤ ਤੋਂ ਹੀ ਬੱਚੇ ਨੂੰ ਕੋਈ ਵਿਦੇਸ਼ੀ ਭਾਸ਼ਾ ਸਿਖਾਉਣ ਦੇ ਯਤਨ ਕੀਤੇ ਜਾਣਗੇ ਤਾਂ ਬੱਚੇ ਦੀ ਸ਼ਖ਼ਸੀਅਤ ਦੇ ਵਿਕਾਸ ਦੀ ਥਾਂ ਉਸ ਵਿਚ ਕਈ ਤਰ੍ਹਾਂ ਦੇ ਵਿਵਹਾਰਿਕ ਵਿਗਾੜ ਪੈਦਾ ਹੋ ਜਾਣਗੇ। ਮਨੋਵਿਗਿਆਨੀਆਂ ਅਨੁਸਾਰ ਉਸ ਦੇ ਸਰਬ ਪੱਖੀ ਵਿਕਾਸ ਲਈ ਇਹ ਰੁਚੀਆਂ ਖ਼ਤਰਨਾਕ ਸਿੱਧ ਹੋ ਸਕਦੀਆਂ ਹਨ।

ਸੰਪਰਕ: 94781-69464


Comments Off on ਮਾਤ ਭਾਸ਼ਾ ਰਾਹੀਂ ਬੱਚੇ ਦਾ ਸ਼ਖ਼ਸੀ ਵਿਕਾਸ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.