ਆਪਣੇ ਹਮਜ਼ਾਦ ਦੀ ਨਜ਼ਰ ਵਿਚ ਮੰਟੋ !    ਥਿਓਡਰ ਅਡੋਰਨੋ : ਪ੍ਰਬੁੱਧਤਾ ਦੀ ਡਾਇਲੈਕਟਿਕਸ !    ਨਵੀਆਂ ਰਾਣੀਆਂ !    ਸਾਡੇ ਵਿਆਹ - ਅਤੀਤ ਅਤੇ ਵਰਤਮਾਨ ਦੇ ਝਰੋਖਿਆਂ ਵਿੱਚੋਂ !    ਹਿਟਲਰ ਖ਼ਿਲਾਫ਼ ਜੰਗ ਛੇੜਣ ਵਾਲਾ ‘ਵ੍ਹਾਈਟ ਰੋਜ਼’ !    ਖ਼ੁਸ਼ ਲੋਕਾਂ ਦੀ ਧਰਤੀ ਭੂਟਾਨ !    ਅਸਹਿਮਤੀ ਦਾ ਪ੍ਰਵਚਨ !    ਲੋਕਾਂ ਨੂੰ ਲੋਕਾਂ ਨਾਲ ਜੋੜਦੀ ਸ਼ਾਇਰੀ !    ਆਜ਼ਾਦੀਆਂ !    ਚਪੇੜਾਂ ਖਾਣ ਵਾਲੇ ਨੇਤਾ ਜੀ !    

ਭਾਸ਼ਾ ਦੇ ਬਦਲਦੇ ਸੱਚ

Posted On July - 14 - 2019

ਮਨਮੋਹਨ

ਭਾਸ਼ਾ ਮਨੁੱਖ ਰਾਹੀਂ ਹੋਂਦ ਗ੍ਰਹਿਣ ਕਰਦੀ ਹੈ। ਅਸੀਂ ਵਿਸ਼ਵੀ ਮੰਡੀ ਦੇ ਦੌਰ ਵਿਚ ਜਿਊਂ ਰਹੇ ਹਾਂ। ਅਸੀਂ ਆਧੁਨਿਕਤਾ ਤੇ ਉਤਰ-ਆਧੁਨਿਕਤਾ ਦੇ ਦੌਰ ’ਚ ਹਾਂ। ਇਹ ਦੌਰ ਮਨੁੱਖ ਦਾ ਨਾ ਹੋ ਕੇ ਮਸ਼ੀਨ ਦਾ ਹੈ, ਨਵੇਂ ਉਪਕਰਣਾਂ ਤੇ ਨਵੀਆਂ ਧਾਰਨਾਵਾਂ ਦਾ ਹੈ। ਸੂਚਨਾ ਕ੍ਰਾਂਤੀ, ਮਸਨੂਈ ਬੌਧਿਕਤਾ ਦੀ ਆਮਦ ਤੇ ਬਿੱਗ ਡਾਟਾ ਦੇ ਦਾਬੇ ਕਾਰਨ ਆ ਰਹੇ ਬਦਲਾਵਾਂ ਨਾਲ ਮਨੁੱਖ ਤੇ ਭਾਸ਼ਾ ਨਾਲ ਜੁੜੇ ਸੱਚ ਵੀ ਬਦਲ ਰਹੇ ਹਨ।
ਅਠ੍ਹਾਰਵੀਂ ਸਦੀ ਦੇ ਉਦਯੋਗਿਕ ਇਨਕਲਾਬ ਨੇ ਵਿਸ਼ਵ ਦੇ ਸਮਾਜ, ਰਾਜਨੀਤੀ, ਆਰਥਿਕਤਾ, ਸਭਿਆਚਾਰ ਆਦਿ ’ਤੇ ਡੂੰਘਾ ਪ੍ਰਭਾਵ ਛੱਡਿਆ। ਗਿਆਨ-ਵਿਗਿਆਨ ਦੇ ਨਵੇਂ ਯੁੱਗ ’ਚ ਸਾਹਿਤ ਤੇ ਵਿਚਾਰਧਾਰਾ ਵੀ ਇਸ ਤੋਂ ਅਛੂਤੇ ਨਹੀਂ ਰਹੇ। ਆਧੁਨਿਕਤਾ ਤਿੰਨ ਵੱਡੇ ਵਿਚਾਰ ਧਰਾਤਲਾਂ- ਹੀਗਲ ਦੇ ਦਵੰਦ ਤੋਂ ਪੈਦਾ ਹੋਏ ਮਾਰਕਸਵਾਦ, ਮਨ ਤੋਂ ਪੈਦਾ ਹੋਏ ਫਰਾਇਡਵਾਦ ਅਤੇ ਮਨੁੱਖ ਦੇ ਵਿਕਾਸ ਤੋਂ ਪੈਦਾ ਹੋਏ ਡਾਰਵਿਨਵਾਦ ’ਤੇ ਖੜ੍ਹੀ ਹੈ। ਇਸ ਤੋਂ ਬਾਅਦ ਮਨੁੱਖ ਦੇ ਅਸਤਿਤਵ ਨੂੰ ਸਮਝਣ ਲਈ ਸਾਰਤਰਵਾਦ, ਸੰਰਚਨਾ ਤੋਂ ਬਣੇ ਸੰਰਚਨਾਵਾਦ ਦਾ ਆਗਮਨ ਹੋਇਆ। ਇਨ੍ਹਾਂ ਵਰਤਾਰਿਆਂ ਦਾ ਉਦਗਮ ਸਥਲ ਯੂਰੋਪ ਸੀ। ਇੱਥੋਂ ਹੀ ਇਹ ਅਫਰੀਕਾ ਤੇ ਏਸ਼ੀਆ ਦੇ ਤੀਜੀ ਦੁਨੀਆਂ ਦੇ ਸਮਾਜਾਂ ’ਚ ਪਹੁੰਚੇ ਤੇ ਉੱਥੋਂ ਦੇ ਸਾਹਿਤ, ਸਮਾਜ, ਸਭਿਆਚਾਰ ਤੇ ਭਾਸ਼ਾ ਨੂੰ ਪ੍ਰਭਾਵਿਤ ਕੀਤਾ। ਅੱਜ ਨਵਬਸਤੀਵਾਦੀ ਦੌਰ ’ਚ ਮਨੁੱਖੀ ਜੀਵਨ ਵਿਚ ਮਸ਼ੀਨਾਂ ਦੀ ਦਖਲਅੰਦਾਜ਼ੀ ਨਾਲ ਸੰਵੇਦਨਾਵਾਂ ਨਿਰੰਤਰ ਖੀਣ ਹੋ ਰਹੀਆਂ ਹਨ ਅਤੇ ਮਾਨਵੀ ਜੀਵਨ ਸ਼ੈਲੀ ਯਾਂਤਰਿਕ ਹੁੰਦੀ ਜਾ ਰਹੀ ਹੈ। ਇਸ ਦਾ ਬੁਰਾ ਪ੍ਰਭਾਵ ਸਮਾਜ ਦੇ ਬਿਖਰਾਓ ਦੇ ਰੂਪ ’ਚ ਸਾਹਮਣੇ ਆਇਆ ਹੈ। ਰਵਾਇਤੀ ਰੀਤੀ ਰਿਵਾਜ, ਤਿੱਥ ਤਿਉਹਾਰ, ਖਾਣ-ਪਾਣ, ਵੇਸ਼-ਭੂਸ਼ਾ ਦੇ ਨਾਲ ਨਾਲ ਭਾਸ਼ਾ ਨਾਲ ਜੁੜੇ ਵਿਭਿੰਨ ਸਰੋਕਾਰ ਪ੍ਰਭਾਵਿਤ ਹੋਏ ਹਨ ਅਤੇ ਨਵ-ਬਸਤੀਵਾਦੀ ਸ਼ਕਤੀਆਂ ਇਨ੍ਹਾਂ ਨੂੰ ਪਿੱਛੜੇ ਹੋਏ ਵਰਤਾਰਿਆਂ ਵਜੋਂ ਤਜ ਕੇ ਬਾਜ਼ਾਰ ਤੇ ਮੰਡੀ ਦੇ ਮਾਧਿਅਮ ਰਾਹੀਂ ਆਪਣੀ ਭਾਸ਼ਾ ਤੇ ਸੰਸਕ੍ਰਿਤੀ ਥੋਪ ਕੇ ਆਪਣੇ ਮੁਨਾਫ਼ੇ ਦਾ ਏਜੰਡਾ ਸੱਚ ਕਰਨਾ ਚਾਹੁੰਦੀਆਂ ਹਨ।
ਵਰਤਮਾਨ ਦੌਰ ’ਚ ਪ੍ਰਚਾਰ ਦੇ ਵੱਡੇ ਮਾਧਿਅਮਾਂ ਦਾ ਭਾਸ਼ਾ ਉਪਰ ਦਬਾਓ ਹੈ ਜਿਸ ਕਾਰਨ ਭਾਸ਼ਾ ਜੜ੍ਹ-ਰਹਿਤ, ਆਤਮਹੀਣ ਤੇ ਤਤਕਾਲਿਕ ਹੁੰਦੀ ਜਾ ਰਹੀ ਹੈ; ‘ਬੋਲੋ ਤੇ ਭੁੱਲ ਜਾਓ’। ਭਾਸ਼ਾ ਹੁਣ ਕਸਬੀ ਕੌਸ਼ਲ ਨਾਲ ਘੜੀ ਜਾਂਦੀ ਹੈ। ਇਸ ਪਿੱਛੇ ਮੰਡੀ ਤੇ ਮੁਨਾਫ਼ਾ, ਦੋ ਉਦੇਸ਼ ਹਨ। ਵਿਭਿੰਨ ਮਾਧਿਅਮਾਂ ’ਚ ਦਿਖਾਏ ਜਾਂਦੇ ਇਸ਼ਤਿਹਾਰਾਂ ਦੀ ਭਾਸ਼ਾ ਇਸ ਦੀ ਸਟੀਕ ਉਦਾਹਰਣ ਹੈ। ਇਸ ’ਚ ਭਾਸ਼ਾ ਦੇ ਵਿਭਿੰਨ ਸਰੂਪ ਪੇਸ਼ ਹੁੰਦੇ ਹਨ ਜਿਸ ਵਿਚ ਪ੍ਰਦਰਸ਼ਨ, ਸਵਾਰਥ, ਅੰਨ੍ਹੀ ਦੌੜ, ਨਿੱਜੀ ਹਿੱਤ ਤੇ ਸਵੈ-ਕੇਂਦਿਰਤਾ ਦੇ ਭਾਵ ਭਾਰੂ ਹਨ। ਇਸੇ ਕਾਰਨ ਭਾਸ਼ਾ ਏਨੀ ਪ੍ਰਦੂਸ਼ਿਤ ਤੇ ਧੁੰਦਲੀ ਹੁੰਦੀ ਜਾ ਰਹੀ ਹੈ ਕਿ ਨਾ ਤਾਂ ਸਥਿਤੀਆਂ ਦਾ ਸੱਚ ਦਿਖਾਈ ਦਿੰਦਾ ਹੈ ਅਤੇ ਨਾ ਹੀ ਸੱਚ ਦੀਆਂ ਸਥਿਤੀਆਂ ਦੀ ਸਮਝ ਪੈਂਦੀ ਹੈ। ਤਕਨੀਕ ਤੇ ਕਸਬ ਨਾਲ ਅਜਿਹੀ ਭਾਸ਼ਾ ਦਾ ਨਿਰਮਾਣ ਹੋ ਰਿਹਾ ਹੈ ਕਿ ਸਿਰਜਣਾ ਤੇ ਭਾਸ਼ਾ ਚੇਤਨਾ ਦੋਵੇਂ ਅਸੁਰੱਖਿਅਤ ਹੁੰਦੀਆਂ ਜਾ ਰਹੀਆਂ ਹਨ।

ਮਨਮੋਹਨ

ਅੱਜ ਦਾ ਦੌਰ ਭਾਵੇਂ ਵਿਸ਼ਵੀਕਰਨ ਦਾ ਦੌਰ ਹੈ, ਪਰ ਇਸ ਦਾ ਪ੍ਰਤੱਖ ਰੂਪ ਉਨ੍ਹਾਂ ਲਈ ਹੈ ਜੋ ਵਿਸ਼ਵ ਬਾਜ਼ਾਰ ਦੇ ਅੰਗ ਹਨ। ਅੱਜ ਸਭਿਆਚਾਰ ’ਚੋਂ ਸਮਾਜ ਗ਼ੈਰਹਾਜ਼ਰ ਹੋ ਰਿਹਾ ਹੈ ਅਤੇ ਮਨੁੱਖ ਹੋਰ ਇਕੱਲਾ ਹੁੰਦਾ ਜਾ ਰਿਹਾ ਹੈ। ਵਿਕਾਸਸ਼ੀਲ ਤੇ ਤੀਜੀ ਦੁਨੀਆਂ ਦੇ ਦੇਸ਼ਾਂ ’ਚ ਸਰਕਾਰਾਂ, ਕੰਪਨੀਆਂ, ਸੰਸਥਾਵਾਂ ਤੇ ਮਾਫ਼ੀਏ ਹੀ ਬਚੇ ਹਨ, ਆਮ ਆਦਮੀ ਤਾਂ ਹਾਸ਼ੀਏ ’ਤੇ ਚਲਾ ਗਿਆ ਹੈ। ਆਦਮੀ ਦੇ ਨਾਲ ਨਾਲ ਭਾਸ਼ਾ ਸਭ ਤੋਂ ਵੱਧ ਅਣਗੌਲੀ ਹੋਂਦ ਹੈ।
ਭਾਸ਼ਾ ਦੀ ਮਾੜੀ ਸਥਿਤੀ ਮੰਡੀ ’ਚ ਹੀ ਨਹੀਂ, ਰਾਜਨੀਤੀ ’ਚ ਵੀ ਹੈ ਕਿਉਂਕਿ ਰਾਜਨੀਤੀ ਵੀ ਹੁਣ ਮੰਡੀ ਦੀ ਚੀਜ਼ ਹੈ ਤੇ ਮੰਡੀ ਦੀ ਆਪਣੀ ਰਾਜਨੀਤੀ ਹੁੰਦੀ ਹੈ। ਉਂਜ, ਅਕਸਰ ਇਹ ਸੁਣਨ ਨੂੰ ਮਿਲਦਾ ਹੈ ਕਿ ਲੋਕਤੰਤਰ ’ਚ ਭਾਸ਼ਾ ਦਾ ਅਨੁਸ਼ਾਸਨ ਜ਼ਰੂਰੀ ਹੈ, ਪਰ ਇਸ ਅਨੁਸ਼ਾਸਨ ਦੀਆਂ ਧੱਜੀਆਂ ਭਾਸ਼ਾ ਦੇ ਦੁਰਉਪਯੋਗ ਨਾਲ ਇੰਜ ਉੱਡ ਰਹੀਆਂ ਨੇ ਕਿ ਭਾਸ਼ਾ ਦੀ ਰਾਜਨੀਤੀ ਤੇ ਰਾਜਨੀਤੀ ਦੀ ਭਾਸ਼ਾ ਰਲਗੱਡ ਹੋ ਗਈਆਂ ਹਨ। ਅੱਜ ਦੀ ਰਾਜਨੀਤਕ ਸੱਤਾ ਨੂੰ ਸੋਚਣਾ ਪੈਣਾ ਹੈ ਕਿ ਲੋਕਤੰਤਰ ਤੇ ਭਾਸ਼ਾ ਦੀ ਮਰਿਆਦਾ ਦਾ ਪਾਲਣ ਕਿਵੇਂ ਹੋਵੇ।
ਸਮਾਜ ਤੇ ਸਭਿਆਚਾਰ ਦਾ ਭਾਸ਼ਾ ਦੇ ਨਾਲ ਨਾਲ ਭਾਸ਼ਾ ਦੀ ਸੰਸਕ੍ਰਿਤੀ ਨਾਲ ਗਹਿਰਾ ਸਬੰਧ ਹੈ। ਭਾਸ਼ਾ ਨੂੰ ਕਿਸ ਦ੍ਰਿਸ਼ਟੀ ਨਾਲ ਦੇਖਿਆ ਜਾਂਦਾ ਹੈ ਤੇ ਇਸ ਦਾ ੳਪੁਯੋਗ ਕਿਵੇਂ ਕਰਨਾ ਹੈ, ਇਸ ਦਾ ਬਹੁਤਾ ਸਬੰਧ ਭਾਸ਼ਾ ਨਾਲ ਜੁੜੀ ਸੋਚ ਨਾਲ ਹੈ ਅਤੇ ਸਮਾਜ ਤੇ ਸਭਿਆਚਾਰ ਨਾਲ ਸਾਡੀ ਦ੍ਰਿਸ਼ਟੀ ਤੇ ਭੂਮਿਕਾ ਦਾ ਸੱਚ ਕੀ ਹੈ।
ਯੂਨਾਨ ਦੇ ਮਹਾਨ ਦਾਰਸ਼ਨਿਕ ਪਲੈਟੋ ਦਾ ਮੰਨਣਾ ਸੀ ਕਿ ਸੱਚ ਸਿਰਫ਼ ਇਕ ਹੈ ਤੇ ਉਹ ਸਵਰਗ ’ਚ ਹੈ। ਜੋ ਭੌਤਿਕ ਸੰਸਾਰ ’ਚ ਹੈ ਉਹ ਉਸ ਮੂਲ ਸੱਚ ਦੀ ਨਕਲ ਹੈ ਭਾਵੇਂ ਉਹ ਮਨੁੱਖ ਹੋਵੇ ਜਾਂ ਨਦੀਆਂ, ਪਹਾੜ, ਨਾਲੇ, ਮੇਜ਼ ਕੁਰਸੀ ਆਦਿ। ਇਨ੍ਹਾਂ ਦਾ ਮੂਲ ਸਵਰਗ ’ਚ ਹੈ। ਪਲੈਟੋ ਦਾ ਕਹਿਣਾ ਹੈ ਕਿ ਕਲਾਕਾਰ ਜੋ ਕੁਝ ਆਲੇ-ਦੁਆਲੇ ਦੇਖਦੇ ਹਨ ਓਸੇ ਦਾ ਚਿਤਰਣ ਜਾਂ ਵਰਨਣ ਹੈ। ਇਸ ਲਈ ਕਲਾਕਾਰਾਂ ਦੁਆਰਾ ਦਰਸਾਏ ਸਾਰੇ ਸੱਚ ਮੂਲ ਦੇ ਨਕਲ ਦੀ ਨਕਲ ਹੈ। ਸਿਰਫ਼ ਕਲਾਕਾਰ ਜਾਂ ਚਿੱਤਰਕਾਰ ਹੀ ਨਹੀਂ, ਅਸੀਂ ਸਾਰੇ ਮੂਲ ਸੱਚ ਦੀ ਛਾਇਆ ਨੂੰ ਹੀ ਆਪਣੇ ਆਸ-ਪਾਸ ਦੇਖਦੇ ਹਾਂ ਅਤੇ ਇਸ ਨੂੰ ਦੇਖਣਾ ਸਾਡੇ ਦ੍ਰਿਸ਼ਟੀਕੋਣ ’ਤੇ ਨਿਰਭਰ ਕਰਦਾ ਹੈ। ਕੋਈ ਵੀ ਵਸਤੂ ਸਾਰੇ ਇਕ ਹੀ ਨਜ਼ਰੀਏ ਨਾਲ ਨਹੀਂ ਦੇਖੀ ਜਾਂਦੀ ਤਾਂ ਹੀ ਇਕ ਸੱਚ ਦੂਸਰੇ ਸੱਚ ਤੋਂ ਭਿੰਨ ਹੁੰਦਾ ਹੈ। ਮੂਲ ਸੱਚ ਅਤੇ ਉਹ ਸੱਚ ਜੋ ਆਪਣੇ ਦ੍ਰਿਸ਼ਟੀਕੋਣ ਨਾਲ ਪੂਰੇ ਮਨ ਨਾਲ ਦੇਖਿਆ ਜਾ ਰਿਹਾ ਹੈ, ਉਸ ਨੂੰ ਸੱਚ ਜਾਂ ਸੱਚ ਦੀ ਸਮਝ ਕਹਿੰਦੇ ਹਨ। ਸਥਾਈ ਸੱਚ ਦੇ ਪਰਿਪੇਖ ’ਚ ਉਸ ਦੀ ਛਾਇਆ ਨੂੰ ਦਿਸ ਰਹੀ ਭੌਤਿਕਤਾ ਨੂੰ ਆਪਣੇ ਢੰਗ ਨਾਲ ਦੇਖ ਕੇ ਪ੍ਰਗਟ ਕਰਨਾ ਹੀ ਭਾਸ਼ਾ ਦਾ ਮੂਲ ਧੇਅ ਹੈ ਤੇ ਇਹ ਭਾਸ਼ਾ ਭਾਵੇਂ ਕਵਿਤਾ ਦੀ ਹੋਵੇ ਜਾਂ ਰੰਗਾਂ ਦੀ। ਇਸੇ ਲਈ ਹਰ ਕਵਿਤਾ ਜਾਂ ਚਿੱਤਰ ਦੀ ਭਾਸ਼ਾ ਇਕ ਦੂਜੇ ਤੋਂ ਭਿੰਨ ਹੁੰਦੀ ਹੈ। ਭਾਸ਼ਾ ਦਾ ਇਹ ਬੋਧ ਜਾਂ ਸੰਤੋਖ ਪ੍ਰਗਟਾਵੇ ਨੂੰ ਵੱਖੋ ਵੱਖਰੇ ਸੱਚਾਂ ’ਚ ਪੇਸ਼ ਕਰਦਾ ਹੈ। ਸੋ ਸੱਚ ਦਾ ਮੂਲ ਤੇ ਸੱਚ ਦਾ ਯਥਾਰਥ ਭਿੰਨ ਹੁੰਦਾ ਹੈ। ਇਸ ਲਈ ‘ਇਹ ਸੱਚ ਹੈ’ ਦੀ ਬਜਾਏ ‘ਇਹ ਵੀ ਸੱਚ ਹੈ’ ਕਹਿਣਾ ਹੀ ਸਹੀ ਤੇ ਵਿਵੇਕਪੂਰਨ ਹੈ।
ਕੋਈ ਬੱਚਾ ਜਦ ਪਹਿਲੀ ਵਾਰ ਆਪਣੀ ਤੋਤਲੀ ਜ਼ੁਬਾਨ ’ਚ ‘ਮਾਂ’ ਸ਼ਬਦ ਉਚਾਰਦਾ ਹੈ ਤਾਂ ਇਸ ਦਾ ਅਨੁਭਵ ਸੁਣਨ ਵਾਲੇ ਦੇ ਦਿਲ ਦੀਆਂ ਡੂੰਘਾਈਆਂ ਨੂੰ ਛੂਹ ਜਾਂਦਾ ਹੈ। ਇਸ ਅਹਿਸਾਸ ਨਾਲ ਇਸਤਰੀ ਦੇ ਮਾਂ ਹੋਣ ਦੀ ਸਾਰਥਕਤਾ ਸਾਕਾਰ ਹੋ ਜਾਂਦੀ ਹੈ। ਇਸ ਦਾ ਭਾਵ ਭਾਸ਼ਾ ਸਿਰਫ਼ ਸੰਚਾਰ ਤੇ ਸੰਵਾਦ ਦਾ ਮਾਧਿਅਮ ਨਹੀਂ ਸਗੋਂ ਬੇਸ਼ੁਮਾਰ ਮਾਨਵੀ ਗੁਣਾਂ ਅਤੇ ਨਿੱਜੀ ਪਹਿਲੂਆਂ ਨੂੰ ਆਪਣੇ ਅੰਦਰ ਅਦਭੁੱਤ ਰੂਪਾਂ ’ਚ ਛੁਪਾਈ ਬੈਠੀ ਹੁੰਦੀ ਹੈ। ਇਸੇ ਕਾਰਨ ਭਾਸ਼ਾ ਸੰਸਾਰ ’ਚ ਮਾਤ ਭਾਸ਼ਾ ਦਾ ਬਹੁਤ ਮਹੱਤਵ ਹੈ। ਮਾਤ ਭਾਸ਼ਾ ’ਚ ਗਾਏ ਜਾਂਦੇ ਲੋਕ ਗੀਤਾਂ, ਪ੍ਰਗਟਾਈਆਂ ਜਾਂਦੀਆਂ ਪਰੰਪਰਾਵਾਂ, ਸਭਿਆਚਾਰ ਤੇ ਜੀਵਨ ਸ਼ੈਲੀ ਦਾ ਮਨੁੱਖੀ ਮਨ, ਭਾਵਾਂ ਤੇ ਵਿਚਾਰਾਂ ’ਤੇ ਪ੍ਰਭਾਵ ਹੋਰ ਕਿਸੇ ਵੀ ਭਾਸ਼ਾ ਤੋਂ ਵੱਧ ਹੁੰਦਾ ਹੈ। ਪਰ ਆਧੁਨਿਕਤਾ ਤੇ ਉਤਰ-ਆਧੁਨਿਕਤਾ ਦੇ ਵਰਤਮਾਨ ਦੌਰ ’ਚ ਸੂਚਨਾ ਕ੍ਰਾਂਤੀ ਨੇ ਜੀਵਨ ਦੇ ਸੰਸਕਾਰਾਂ ’ਚ ਵੱਡੇ ਬਦਲਾਓ ਲਿਆਂਦੇ ਹਨ ਅਤੇ ਸੰਚਾਰ, ਸੰਵਾਦ ਤੇ ਸੰਦੇਸ਼ ਦੇ ਢੰਗਾਂ ’ਚ ਵੱਡੇ ਪਰਿਵਰਤਨ ਵਾਪਰੇ ਹਨ ਜਿਨ੍ਹਾਂ ਨਾਲ ਮਾਤ ਭਾਸ਼ਾ ਨੂੰ ਦਰਪੇਸ਼ ਸੰਕਟਾਂ ਦੇ ਕਈ ਪ੍ਰਸ਼ਨ ਅੱਜ ਦੇ ਮਨੁੱਖ ਤੋਂ ਸਵੈ-ਮੰਥਨ ਦੀ ਮੰਗ ਕਰਦੇ ਹਨ।
ਬਸਤੀਵਾਦ ਨਾਲ ਪੈਦਾ ਹੋਏ ਭਾਸ਼ਾ ਸੰਕਟਾਂ ਨੂੰ ਸਮਝਦੀ ਕੀਨੀਆ ਦੇ ਲੇਖਕ ਗੁਗੀ ਵਾ ਥਿਓਂਗ ਦੀ ਬੜੀ ਮਹੱਤਵਪੂਰਨ ਕਿਤਾਬ ਹੈ ‘ਡੀਕੋਲੋਨਾਈਜ਼ਿੰਗ ਦਿ ਮਾਈਂਡਜ਼: ਦਿ ਪੋਲਿਟਿਕਸ ਆਫ ਲੈਂਗੂਏਜਜ਼ ਇਨ ਅਫਰੀਕਨ ਲਿਟਰੇਚਰ’। ਇਸ ਵਿਚ ਮਾਤ ਭਾਸ਼ਾ ਦੇ ਵਿਕਾਸ ਤੇ ਉਸ ਨਾਲ ਜੁੜੀਆਂ ਸਮੱਸਿਆਵਾਂ ’ਤੇ ਚਰਚਾ ਮਿਲਦੀ ਹੈ। ਇਸ ਵਿਚ ਭਾਰਤ ਵਰਗੀ ਹੀ ਕੀਨੀਆ ਦੇ ਭਾਸ਼ਾ ਸੰਕਟ ਬਾਰੇ ਵਿਚਾਰ ਪੇਸ਼ ਹੈ ਕਿ ਸਵਾਹਿਲੀ ਨੂੰ ਕੀਨੀਆ ਦੀ ਸਰਕਾਰੀ ਤੇ ਕੌਮੀ ਭਾਸ਼ਾ, ਹਰ ਖੇਤਰ ਦੀ ਮਾਤ ਭਾਸ਼ਾ ਅਤੇ ਅੰਗਰੇਜ਼ੀ ਨੂੰ ਕੌਮਾਂਤਰੀ ਸੰਵਾਦ ਦੀ ਭਾਸ਼ਾ ਬਣਾਉਣ ਦੇ ਤਿੰਨ ਸੂਤਰੀ ਫਾਰਮੂਲੇ ਦੀ ਗੱਲ ਕੀਤੀ ਗਈ ਹੈ।
ਕਿਸੇ ਸਮੇਂ ਭਾਰਤ ਵਿਚ ਵੀ ਤਿੰਨ ਸੂਤਰੀ ਭਾਸ਼ਾਈ ਫਾਰਮੂਲਾ ਲਾਗੂ ਕਰਨ ਦੀ ਗੱਲ ਹੋਈ ਸੀ, ਪਰ ਇਹ ਫਾਰਮੂਲਾ ਨਾਕਾਮ ਰਿਹਾ। ਇਹ ਨਾਕਾਮੀ ਸਿਰਫ਼ ਇੱਥੇ ਹੀ ਨਹੀਂ। ਇਸ ਪ੍ਰਸੰਗ ’ਚ ਸਰਕਾਰੀ ਦਫ਼ਤਰਾਂ ਤੇ ਉੱਚ ਤੇ ਸਰਵਉੱਚ ਅਦਾਲਤਾਂ ਦੇ ਅੰਗਰੇਜ਼ੀ ’ਚ ਕੰਮਕਾਜ ਬਾਰੇ ਵੀ ਇਹੀ ਹਾਲਾਤ ਹਨ। ਸਾਡੇ ਦੇਸ਼ ਵਿਚ ਹੇਠਲੀਆਂ ਅਦਾਲਤਾਂ ’ਚ ਖੇਤਰੀ ਭਾਸ਼ਾ ਵਿਚ ਕੰਮ ਹੁੰਦਾ ਹੈ, ਪਰ ਉੱਚ ਤੇ ਸਰਵਉੱਚ ਅਦਾਲਤਾਂ ’ਚ ਹਾਲੇ ਵੀ ਅੰਗੇਰਜ਼ੀ ਵਿਚ ਹੀ ਸਾਰੀ ਕਾਰਵਾਈ ਹੁੰਦੀ ਹੈ। ਇਹ ਵੀ ਇਕ ਤਰ੍ਹਾਂ ਨਾਲ ਬਸਤੀਵਾਦੀ ਗ਼ਲਬੇ ਕਾਰਨ ਹੀ ਵਾਪਰ ਰਿਹਾ ਹੈ। ਦਰਅਸਲ, ਇਸ ਦਾ ਕਾਰਨ ਭਾਸ਼ਾ ਦਾ ਦੂਹਰਾ ਚਰਿੱਤਰ ਹੈ। ਭਾਸ਼ਾ ਸਿਰਫ਼ ਸੰਚਾਰ ਦਾ ਮਾਧਿਅਮ ਹੀ ਨਹੀਂ ਹੁੰਦੀ ਸਗੋਂ ਸਭਿਆਚਾਰ ਨੂੰ ਪੇਸ਼ ਕਰਨ ਦਾ ਜ਼ਰੀਆ ਵੀ ਹੈ। ਬਸਤੀਵਾਦ ਦਾ ਅਸਲ ਨਿਸ਼ਾਨਾ ਤਾਂ ਗੁਲਾਮ ਮੁਲਕਾਂ ’ਤੇ ਕਬਜ਼ਾ ਕਰਕੇ ਉੱਥੋਂ ਦੀ ਲੁੱਟ ਕਰਨਾ ਹੀ ਨਹੀਂ ਹੁੰਦਾ ਸਗੋਂ ਹਾਕਮ ਜਮਾਤ ਉੱਥੋਂ ਦੇ ਸਭਿਆਚਾਰ, ਕਲਾ, ਨਾਚ, ਇਤਿਹਾਸ, ਸਿੱਖਿਆ, ਸਾਹਿਤ ਤੇ ਭਾਸ਼ਾ ਨੂੰ ਤਬਾਹ ਕਰਕੇ ਅਤੇ ਬਸਤੀਵਾਦੀ ਭਾਸ਼ਾ ਥੋਪ ਕੇ ਬਸਤੀਆਂ ਦੀ ਲੋਕਾਈ ਦੇ ਦਿਲੋ-ਦਿਮਾਗ਼ ਦਾ ਵੀ ਬਸਤੀਕਰਨ ਕਰਦੇ ਹਨ। ਉੱਚ ਤੇ ਸਰਵਉੱਚ ਅਦਾਲਤਾਂ ’ਚ ਅੰਗਰੇਜ਼ੀ ਦਾ ਗ਼ਲਬਾ ਇਸੇ ਪਰੰਪਰਾ ਦੇ ਹੀ ਅਵਸ਼ੇਸ਼ ਹਨ। ਪਰ ਪਿੱਛੇ ਜਿਹੇ ਆਬੂਧਾਬੀ ਸਰਕਾਰ ਨੇ ਅਰਬੀ ਅਤੇ ਅੰਗਰੇਜ਼ੀ ਦੇ ਨਾਲ ਨਾਲ ਹਿੰਦੀ ਨੂੰ ਵੀ ਤੀਜੀ ਅਧਿਕਾਰਕ ਭਾਸ਼ਾ ਵਜੋਂ ਮਾਨਤਾ ਦਿੱਤੀ ਹੈ ਕਿਉਂਕਿ ਉੱਥੋਂ ਦੀ ਤੀਹ ਫ਼ੀਸਦੀ ਵੱਸੋਂ ਭਾਰਤੀ ਹੈ। ਆਬੂਧਾਬੀ ਦੀ ਮਿਸਾਲ ਤੋਂ ਸਬਕ ਲੈ ਕੇ ਇੱਥੇ ਵੀ ਆਮ ਆਦਮੀ ਦੀ ਭਾਸ਼ਾ ਨੂੰ ਅਦਾਲਤ ਦੀ ਭਾਸ਼ਾ ਬਣਾਉਣ ਦਾ ਯਤਨ ਹੋਣਾ ਚਾਹੀਦਾ ਹੈ।
ਵਰਤਮਾਨ ’ਚ ਪੂਰੇ ਵਿਸ਼ਵ ਵਿਚ ਅੱਠ ਲੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਅਤੇ ਦੁਨੀਆਂ ਦੀ ਆਬਾਦੀ ਲਗਪਗ ਅੱਠ ਖਰਬ ਹੈ। ਮੋਟੇ ਰੂਪ ਵਿਚ ਦੇਖੀਏ ਤਾਂ ਹਰ ਦੂਜੇ ਬੰਦੇ ਦੀ ਆਪਣੀ ਅਲੱਗ ਭਾਸ਼ਾ ਹੈ ਜਿਸ ਰਾਹੀਂ ਉਹ ਆਪਣੇ ਵਿਚਾਰਾਂ ਤੇ ਭਾਵਾਂ ਨੂੰ ਪ੍ਰਗਟਾਉਂਦਾ ਹੈ। ਚਿੰਤਾ ਦੀ ਗੱਲ ਇਹ ਹੈ ਕਿ ਇਨ੍ਹਾਂ ’ਚੋਂ ਕਈ ਭਾਸ਼ਾਵਾਂ ਮਰ ਚੁੱਕੀਆਂ ਨੇ ਅਤੇ ਕਈ ਮਰਨ ਕਿਨਾਰੇ ਨੇ। ਮਸ਼ਹੂਰ ਬਰਤਾਨਵੀ ਸਾਹਿਤਕਾਰ ਸੈਮੂਅਲ ਜੌਨਸਨ ਨੇ ਇਕ ਵਾਰ ਕਿਹਾ ਸੀ ਕਿ ਜਦੋਂ ਵੀ ਮੈਂ ਕਿਸੇ ਭਾਸ਼ਾ ਨੂੰ ਮਰਦਿਆਂ ਦੇਖਦਾ ਹਾਂ ਤਾਂ ਅੰਦਰ ਤਕ ਟੁੱਟ ਜਾਂਦਾ ਹਾਂ, ਭਾਸ਼ਾਵਾਂ ਤਾਂ ਦੇਸ਼ ਕੌਮ ਦੀ ਬੰਸਾਵਲੀ ਹੁੰਦੀਆਂ ਨੇ। ਦਰਅਸਲ, ਭਾਸ਼ਾ ਦੀ ਭੂਮਿਕਾ ਸਿਰਫ਼ ਸੰਚਾਰ ਦੇ ਵਾਹਕ ਵਜੋਂ ਹੀ ਨਹੀਂ ਹੁੰਦੀ ਸਗੋਂ ਦੇਸ਼ ਕੌਮ ਦੀ ਇੱਜ਼ਤ ਵੀ ਭਾਸ਼ਾ ਨਾਲ ਜੁੜੀ ਹੁੰਦੀ ਹੈ। ਕਿਸੇ ਵੀ ਬੱਚੇ ਦਾ ਮਾਤ ਭਾਸ਼ਾ ਨਾਲ ਸਬੰਧ ਉਵੇਂ ਹੀ ਹੈ ਜਿਸ ਤਰ੍ਹਾਂ ਦਾ ਉਸ ਦਾ ਆਪਣੀ ਮਾਂ ਨਾਲ ਹੈ। ਦੁਨੀਆਂ ਦਾ ਇਤਿਹਾਸ ਗਵਾਹ ਹੈ ਕਿ ਜਦੋਂ ਜਦੋਂ ਕਿਸੇ ਦੇਸ਼ ਕੌਮ ’ਤੇ ਕੋਈ ਸੰਕਟ ਆਇਆ ਹੈ ਜਾਂ ਇਨ੍ਹਾਂ ਦਾ ਅੰਤ ਹੋਇਆ ਹੈ ਤਾਂ ਮਾਤ-ਭਾਸ਼ਾ ਤੇ ਮਾਤ-ਭੂਮੀ ਦੀ ਬੇਕਦਰੀ ਤੇ ਅਪਮਾਨ ਸਭ ਤੋਂ ਵੱਡੇ ਕਾਰਨਾਂ ’ਚ ਸ਼ੁਮਾਰ ਰਹੇ ਹਨ। ਦਰਅਸਲ, ਕਿਸੇ ਦੇਸ਼ ਕੌਮ ਦੇ ਪਤਨ ਲਈ ਆਰਥਿਕ ਤੇ ਰਾਜਨੀਤਕ ਗ਼ੁਲਾਮੀ ਅਹਿਮ ਕਾਰਨ ਹੁੰਦੇ ਨੇ, ਪਰ ਭਾਸ਼ਾਈ ਦਾਸਤਾ ਨੂੰ ਵੀ ਪਤਨ ਦੇ ਵੱਡੇ ਕਾਰਨਾਂ ’ਚੋਂ ਇਕ ਸਮਝਿਆ ਗਿਆ ਹੈ।
ਉਨ੍ਹੀਵੀਂ ਸਦੀ ਦੌਰਾਨ ਯੂਰੋਪ ’ਚ ਅਥਾਹ ਪੂੰਜੀ ਤੇ ਸੰਪੱਤੀ ਜਮ੍ਹਾਂ ਹੋਈ ਜਦੋਂਕਿ ਏਸ਼ਿਆਈ ਤੇ ਅਫਰੀਕੀ ਸਮਾਜਾਂ ਨੇ ਅਕਹਿ ਭੁੱਖਮਰੀ ਤੇ ਕਾਲਾਂ ਦੀ ਮਾਰ ਵਾਰ ਵਾਰ ਸਹੀ। ਇਨ੍ਹਾਂ ਹਾਲਾਤ ’ਚ ਇਨ੍ਹਾਂ ਖਿੱਤਿਆਂ ਦੇ ਮੁਲਕਾਂ ’ਚ ਆਮ ਸਾਧਾਰਨ ਮਨੁੱਖ ਬੇਗਾਨਗੀ ਦਾ ਸ਼ਿਕਾਰ ਹੋਇਆ। ਇੱਥੋਂ ਦਾ ਉੱਚ ਵਰਗ ਬੜੀ ਤੇਜ਼ੀ ਨਾਲ ਯੂਰੋਪੀਅਨ ਸਭਿਆਚਾਰ ਦੇ ਪ੍ਰਭਾਵਾਂ ’ਚ ਢਲਣ ਲੱਗਾ। ਅੱਜ ਵੀ ਜਦੋਂ ਏਸ਼ਿਆਈ ਤੇ ਅਫਰੀਕੀ ਮੁਲਕਾਂ ਦੇ ਆਮ ਬੰਦੇ ਦੀ ਗੱਲ ਹੁੰਦੀ ਹੈ ਤਾਂ ਇਹ ਭੁੱਲਣਾ ਨਹੀਂ ਚਾਹੀਦਾ ਕਿ ਇਸ ਵਰਗ ਦੇ ਲੋਕਾਂ ਨੇ ਗ਼ਲਬੇ ਤੇ ਧੌਂਸ ਦੇ ਸਭਿਆਚਾਰ ਨੂੰ ਯੂਰੋਪੀਅਨ ਸਭਿਆਚਾਰ ਦੇ ਰੂਪ ’ਚ ਪਛਾਣਿਆ। ਉਨ੍ਹਾਂ ਨੇ ਸ਼ਾਸਕ ਵਰਗ ਨੂੰ ਯੂਰੋਪ ਮੰਨ ਲਿਆ। ਇਹ ਚੇਤਨਾ ਅੱਜ ਵੀ ਇਨ੍ਹਾਂ ਮੁਲਕਾਂ ਵਿਚ ਕਿਸੇ ਨਾ ਕਿਸੇ ਰੂਪ ’ਚ ਕਾਇਮ ਹੈ। ਸਾਮਰਾਜਵਾਦ ਦਾ ਬਾਹਰੀ ਰੂਪ ਭਾਵੇਂ ਵਰਤਮਾਨ ’ਚ ਦਿਖਾਈ ਨਾ ਦੇਵੇ, ਪਰ ਇਨ੍ਹਾਂ ਸਮਾਜਾਂ ਦੇ ਸ਼ਾਸਕ ਵਰਗ ਦੀ ਚੇਤਨਾ ਅਜੇ ਵੀ ਸਾਮਰਾਜਵਾਦੀ ਹੈ ਅਤੇ ਸਮਾਜ ਦੇ ਹਰ ਹਿੱਸੇ ’ਚ ਮੌਜੂਦ ਹੈ। ਅੱਜ ਵੀ ਕਿਸੇ ਨੇ ਕਿਸੇ ਆਮ ਬੰਦੇ ’ਤੇ ਰੋਅਬ ਪਾਉਣਾ ਹੋਵੇ ਤਾਂ ਉਹ ਇਕਦਮ ਆਪਣੀ ਪੰਜਾਬੀ ਤੋਂ ਟੁੱਟੀ-ਫੁੱਟੀ ਅੰਗਰੇਜ਼ੀ ਬੋਲਣ ਲੱਗ ਪੈਂਦਾ ਹੈ। ਇਨ੍ਹਾਂ ਦੇਸ਼ਾਂ ਦੇ ਆਮ ਬੰਦੇ ਲਈ ਅੱਜ ਵੀ ਬਸਤੀਵਾਦੀ ਸਭਿਆਚਾਰ ਨਾਲ ਫੈਸਲਾਕੁੰਨ ਸੰਘਰਸ਼ ਕਰਨਾ ਬਾਕੀ ਹੈ।

ਸੰਪਰਕ: 82839-48811


Comments Off on ਭਾਸ਼ਾ ਦੇ ਬਦਲਦੇ ਸੱਚ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.