ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਭਾਰਤ ਦਾ ਸੁਫ਼ਨਾ ਟੁੱਟਿਆ; ਨਿਊਜ਼ੀਲੈਂਡ ਵਿਸ਼ਵ ਕੱਪ ਦੇ ਫਾਈਨਲ ’ਚ

Posted On July - 11 - 2019

ਭਾਰਤ ਨੂੰ 18 ਦੌੜਾਂ ਨਾਲ ਹਰਾ ਕੇ ਲਾਰਡਜ਼ ਦਾ ਟਿਕਟ ਕਟਾਇਆ;
ਮੈਟ ਹੈਨਰੀ ਬਣਿਆ ‘ਮੈਨ ਆਫ ਦਿ ਮੈਚ’; ਜਡੇਜਾ ਨੇ ਬਣਾਈਆਂ 77 ਦੌੜਾਂ

ਭਾਰਤੀ ਕਪਤਾਨ ਵਿਰਾਟ ਕੋਹਲੀ ਆਊਟ ਹੋਣ ਮਗਰੋਂ ਗੁੱਸੇ ਵਿੱਚ ਬੱਲਾ ਉਛਾਲਦਾ ਹੋਇਆ। -ਫੋਟੋ: ਏਐਫਪੀ

ਮਾਨਚੈਸਟਰ, 10 ਜੁਲਾਈ
ਮਜ਼ਬੂਤ ਦਾਅਵੇਦਾਰ ਮੰਨੀ ਜਾਂਦੀ ਭਾਰਤੀ ਟੀਮ ਦਾ ਵਿਸ਼ਵ ਖ਼ਿਤਾਬ ਜਿੱਤਣ ਦਾ ਸੁਪਨਾ ਟੁੱਟ ਗਿਆ ਅਤੇ ਉਸ ਦਾ ਸਫ਼ਰ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਦੇ ਅੱਜ ਇੱਥੇ ਖੇਡੇ ਗਏ ਪਹਿਲੇ ਸੈਮੀ-ਫਾਈਨਲ ਵਿੱਚ ਹੀ ਖ਼ਤਮ ਹੋ ਗਿਆ।
ਰਵਿੰਦਰ ਜਡੇਜਾ ਦੀ ਦਿਲਕਸ਼ ਪਾਰੀ ਦੇ ਬਾਵਜੂਦ ਉਹ ਨਿਊਜ਼ੀਲੈਂਡ ਤੋਂ 18 ਦੌੜਾਂ ਨਾਲ ਹਾਰ ਗਈ। ਕਿਵੀ ਟੀਮ ਨੇ ਇਸ ਜਿੱਤ ਦੇ ਨਾਲ ਹੀ ਫਾਈਨਲ ਵਿੱਚ ਥਾਂ ਬਣਾਈ ਲਈ ਹੈ। ਹੁਣ ਉਸ ਦਾ ਸਾਹਮਣਾ ਆਸਟਰੇਲੀਆ ਅਤੇ ਮੇਜ਼ਬਾਨ ਇੰਗਲੈਂਡ ਵਿਚਾਲੇ ਖੇਡੇ ਜਾਣ ਵਾਲੇ ਦੂਜੇ ਸੈਮੀ-ਫਾਈਨਲ ਦੀ ਜੇਤੂ ਟੀਮ ਨਾਲ ਐਤਵਾਰ (14 ਜੁਲਾਈ) ਨੂੰ ਹੋਵੇਗਾ। ਨਿਊਜ਼ੀਲੈਂਡ ਨੇ 240 ਦੌੜਾਂ ਦਾ ਟੀਚਾ ਰੱਖਿਆ ਸੀ, ਪਰ ਭਾਰਤ ਦਾ ਸੀਨੀਅਰ ਕ੍ਰਮ ਬੁਰੀ ਤਰ੍ਹਾਂ ਫੇਲ੍ਹ ਰਿਹਾ। ਰਵਿੰਦਰ ਜਡੇਜਾ (59 ਗੇਂਦਾਂ ’ਤੇ 77 ਦੌੜਾਂ) ਅਤੇ ਮਹਿੰਦਰ ਸਿੰਘ ਧੋਨੀ (72 ਗੇਂਦਾਂ ’ਤੇ 50 ਦੌੜਾਂ) ਨੇ ਸੱਤਵੀਂ ਵਿਕਟ ਲਈ 116 ਦੌੜਾਂ ਬਣਾ ਕੇ ਮੈਚ ਦੇ ਅਖ਼ੀਰ ਤੱਕ ਭਾਰਤ ਦੀਆਂ ਉਮੀਦਾਂ ਨੂੰ ਬਣਾਈ ਰੱਖਿਆ।
ਭਾਰਤ ਨੇ ਹਾਲਾਂਕਿ ਦਬਾਅ ਵਿੱਚ ਆਖ਼ਰੀ ਚਾਰ ਵਿਕਟਾਂ 13 ਦੌੜਾਂ ਦੇ ਅੰਦਰ ਗੁਆ ਲਈਆਂ ਅਤੇ ਭਾਰਤ 49.3 ਓਵਰਾਂ ਵਿੱਚ 221 ਦੌੜਾਂ ’ਤੇ ਢੇਰ ਹੋ ਗਿਆ। ਇਸ ਤਰ੍ਹਾਂ ਨਿਊਜ਼ੀਲੈਂਡ ਲਗਾਤਾਰ ਦੂਜੀ ਵਾਰ ਫਾਈਨਲ ਵਿੱਚ ਥਾਂ ਬਣਾਉਣ ਵਿੱਚ ਸਫਲ ਰਿਹਾ। ਕਿਵੀ ਟੀਮ ਇਸ ਤੋਂ ਪਹਿਲਾਂ 2015 ਵਿੱਚ ਖ਼ਿਤਾਬੀ ਮੁਕਾਬਲੇ ਵਿੱਚ ਪਹੁੰਚੀ ਸੀ, ਪਰ ਉਸ ਨੂੰ ਆਸਟਰੇਲੀਆ ਤੋਂ ਹਾਰ ਝੱਲਣੀ ਪਈ ਸੀ।

ਭਾਰਤ ਦੇ ਸਲਾਮੀ ਬੱਲੇਬਾਜ਼ ਕੇਐਲ ਰਾਹੁਲ ਨੂੰ ਆਊਟ ਕਰਨ ’ਤੇ ਗੇਂਦਬਾਜ਼ ਮੈਟ ਹੈਨਰੀ ਨੂੰ ਵਧਾਈਆਂ ਦਿੰਦੇ ਹੋਏ ਕਿਵੀ ਖਿਡਾਰੀ। -ਫੋਟੋ: ਪੀਟੀਆਈ

ਨਿਊਜ਼ੀਲੈਂਡ ਦੀ ਜਿੱਤ ਦਾ ਹੀਰੋ ਮੈਟ ਹੈਨਰੀ ਰਿਹਾ, ਜਿਸ ਨੇ 37 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਸ਼ਾਨਦਾਰ ਪ੍ਰਦਰਸ਼ਨ ਕਾਰਨ ਉਹ ‘ਮੈਨ ਆਫ ਦਿ ਮੈਚ’ ਬਣਿਆ। ਟ੍ਰੈਂਟ ਬੋਲਟ ਨੇ 42 ਦੌੜਾਂ ਅਤੇ ਮਿਸ਼ੇਲ ਸੇਂਟਨਰ ਨੇ 34 ਦੌੜਾਂ ਦੇ ਕੇ ਦੋ-ਦੋ ਵਿਕਟਾਂ ਲਈਆਂ। ਭਾਰਤ ਨੇ ਪਹਿਲੇ ਚਾਰ ਓਵਰਾਂ ਵਿੱਚ ਹੀ ਬਿਹਤਰੀਨ ਲੈਅ ਵਿੱਚ ਚੱਲ ਰਹੇ ਰੋਹਿਤ ਸ਼ਰਮਾ, ਕਪਤਾਨ ਵਿਰਾਟ ਕੋਹਲੀ ਅਤੇ ਕੇਐਲ ਰਾਹੁਲ ਦੀਆਂ ਵਿਕਟਾਂ ਗੁਆ ਲਈਆਂ। ਇਸ ਤਰ੍ਹਾਂ ਸਕੋਰ ਤਿੰਨ ਵਿਕਟਾਂ ’ਤੇ ਪੰਜ ਦੌੜਾਂ ਹੋ ਗਿਆ। ਦਿਨੇਸ਼ ਕਾਰਤਿਕ (ਛੇ ਦੌੜਾਂ) ’ਤੇ ਵੱਡੀ ਜ਼ਿੰਮੇਵਾਰੀ ਸੀ, ਪਰ ਉਸ ਨੇ ਨਾਇਕ ਬਣਨ ਦਾ ਬਿਹਤਰੀਨ ਮੌਕਾ ਗੁਆ ਲਿਆ। ਕਾਰਤਿਕ ਦੇ ਆਊਟ ਹੁੰਦੇ ਹੀ ਸਕੋਰ ਦਸ ਓਵਰਾਂ ਵਿੱਚ ਚਾਰ ਵਿਕਟਾਂ ’ਤੇ 24 ਦੌੜਾਂ ਹੋ ਗਿਆ। ਇਹ ਮੌਜੂਦਾ ਵਿਸ਼ਵ ਕੱਪ ਵਿੱਚ ਪਹਿਲੇ ਪਾਵਰ-ਪਲੇਅ ਵਿੱਚ ਕਿਸੇ ਵੀ ਟੀਮ ਦਾ ਘੱਟ ਤੋਂ ਘੱਟ ਸਕੋਰ ਹੈ। ਨਿਊਜ਼ੀਲੈਂਡ ਨੇ ਇਸ ਮੈਚ ਵਿੱਚ ਇੱਕ ਵਿਕਟ ’ਤੇ 27 ਦੌੜਾਂ ਬਣਾਈਆਂ ਸਨ।
ਗੇਂਦਬਾਜ਼ਾਂ ਨੇ ਸ਼ੁਰੂ ਵਿੱਚ ਸੀਮ ਅਤੇ ਸਵਿੰਗ ਦੀ ਬਿਹਤਰੀਨ ਵਰਤੋਂ ਕਰਦਿਆਂ ਭਾਰਤੀ ਬੱਲੇਬਾਜ਼ਾਂ ਨੂੰ ਫ਼ਿਕਰ ਛੇੜ ਦਿੱਤਾ। ਹੈਨਰੀ ਦੀ ਬਾਹਰ ਨੂੰ ਸਵਿੰਗ ਹੋ ਰਹੀ ਗੇਂਦ ਨੂੰ ਰੋਹਿਤ ਦੇ ਬੱਲੇ ਦਾ ਕਿਨਾਰਾ ਲੱਗਿਆ ਅਤੇ ਉਹ ਵਿਕਟਕੀਪਰ ਟਾਮ ਲੈਥਮ ਹੱਥੋਂ ਕੈਚ ਹੋਇਆ। ਬੋਲਟ ਨੇ ਕੋਹਲੀ ਨੂੰ ਐਲਬੀਡਬਲਯੂ ਆਊਟ ਕੀਤਾ ਅਤੇ ਡੀਆਰਐਸ ਵੀ ਭਾਰਤੀ ਕਪਤਾਨ ਦੇ ਪੱਖ ਵਿੱਚ ਨਹੀਂ ਰਿਹਾ। ਹੈਨਰੀ ਨੇ ਅਗਲਾ ਸ਼ਿਕਾਰ ਰਾਹੁਲ ਨੂੰ ਬਣਾਇਆ ਅਤੇ ਉਸ ਦਾ ਕੈਚ ਵੀ ਲੈਥਮ ਨੇ ਲਿਆ। ਇਸ ਮਗਰੋਂ ਹੈਨਰੀ ਨੇ ਕਾਰਤਿਕ ਨੂੰ ਬਾਹਰ ਦਾ ਰਸਤਾ ਵਿਖਾਇਆ, ਜਿਸ ਦਾ ਕੈਚ ਜੇਮਜ਼ ਨੀਸ਼ਾਮ ਨੇ ਲਿਆ। ਇਸ ਮਗਰੋਂ ਰਿਸ਼ਭ ਪੰਤ ’ਤੇ ਜ਼ਿੰਮੇਵਾਰੀ ਸੀ, ਪਰ ਉਸ ਨੇ ਬਹੁਤ ਖ਼ਰਾਬ ਸ਼ਾਟ ਖੇਡਿਆ ਅਤੇ ਉਸ ਨੇ ਆਪਣਾ ਕੈਚ ਕੋਲਿਨ ਡੀ ਗ੍ਰੈਂਡਹੋਮ ਨੂੰ ਦਿੱਤਾ। ਕੋਹਲੀ ਵੀ ਪੰਤ ਦੇ ਖ਼ਰਾਬ ਸ਼ਾਟ ਕਾਰਨ ਨਾਰਾਜ਼ ਲੱਗ ਰਿਹਾ ਸੀ। ਧੋਨੀ ਤੋਂ ਪਹਿਲਾਂ ਉਤਾਰੇ ਗਏ ਹਾਰਦਿਕ ਪਾਂਡਿਆ ਨੇ ਵੀ ਪੰਤ ਵਾਲੀ ਗ਼ਲਤੀ ਦੁਹਰਾਈ। ਉਸ ਨੇ ਸੇਂਟਨਰ ਦੀ ਗੇਂਦ ’ਤੇ ਸ਼ਾਟ ਮਾਰਿਆ, ਜਿਸ ਨੂੰ ਕੇਨ ਵਿਲੀਅਮਸਨ ਨੇ ਕੈਚ ਕਰ ਲਿਆ। ਇਸ ਮਗਰੋਂ ਰਵਿੰਦਰ ਜਡੇਜਾ ਨੇ ਧੋਨੀ ਨਾਲ ਮਿਲ ਕੇ ਜ਼ਿੰਮੇਵਾਰੀ ਸੰਭਾਲੀ ਅਤੇ ਟੀਮ ਦੇ ਸਕੋਰ ਨੂੰ ਤੀਹਰੇ ਅੰਕ ਤੱਕ ਪਹੁੰਚਾਇਆ। ਜਡੇਜਾ ਦੀ ਹਮਲਾਵਰ ਬੱਲੇਬਾਜ਼ੀ ਨੇ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਦੀ ਲੈਅ ਵਿਗਾੜ ਦਿੱਤੀ। ਉਸ ਨੇ 39 ਗੇਂਦਾਂ ਵਿੱਚ ਆਪਣਾ ਨੀਮ ਸੈਂਕੜਾ ਪੂਰਾ ਕੀਤਾ। ਇਹ ਵਿਸ਼ਵ ਕੱਪ ਨਾਕਆਊਟ ਮੈਚ ਵਿੱਚ ਭਾਰਤ ਦੇ ਅੱਠਵੇਂ ਨੰਬਰ ਦੇ ਬੱਲੇਬਾਜ਼ ਦਾ ਪਹਿਲਾ ਅਰਧ ਸੈਂਕੜਾ ਹੈ। ਜਡੇਜਾ ਨੇ 48ਵੇਂ ਓਵਰ ਵਿੱਚ ਬੋਲਟ ਦੀ ਗੇਂਦ ’ਤੇ ਲੰਮਾ ਸ਼ਾਟ ਮਾਰਨ ਦੇ ਚੱਕਰ ਵਿੱਚ ਕੈਚ ਦੇ ਦਿੱਤਾ। ਭਾਰਤ ਨੂੰ ਆਖ਼ਰੀ ਦੋ ਓਵਰਾਂ ਵਿੱਚ 31 ਦੌੜਾਂ ਚਾਹੀਦੀਆਂ ਸਨ, ਪਰ ਧੋਨੀ ਮਾਰਟਿਨ ਗੁਪਟਿਲ ਦੇ ਸਿੱਧੇ ਥਰੋਅ ’ਤੇ ਰਨ ਆਊਟ ਹੋ ਗਿਆ। ਵਿਕਟਾਂ ਦੇ ਵਿਚਕਾਰ ਸਭ ਤੋਂ ਬਿਹਤਰੀਨ ਦੌੜ ਲਈ ਮਸ਼ਹੂਰ ਧੋਨੀ ਆਪਣੇ ਕਰੀਅਰ ਦੇ ਸ਼ੁਰੂ ਵਿੱਚ ਵੀ ਰਨ-ਆਊਟ ਹੋਇਆ ਸੀ। ਇਸ ਮਗਰੋਂ ਭਾਰਤੀ ਪਾਰੀ ਡਿੱਗਣ ਵਿੱਚ ਸਮਾਂ ਨਹੀਂ ਲੱਗਿਆ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਕੱਲ੍ਹ ਦੇ ਸਕੋਰ ਪੰਜ ਵਿਕਟਾਂ ’ਤੇ 211 ਦੌੜਾਂ ਤੋਂ ਆਪਣੀ ਪਾਰੀ ਅੱਗੇ ਵਧਾਈ, ਪਰ ਉਹ ਬਾਕੀ ਬਚੀਆਂ 23 ਗੇਂਦਾਂ ’ਤੇ ਸਿਰਫ਼ 28 ਦੌੜਾਂ ਹੀ ਬਣਾ ਸਕਿਆ ਅਤੇ ਆਪਣੀਆਂ ਤਿੰਨ ਵਿਕਟਾਂ ਗੁਆ ਲਈਆਂ।
-ਪੀਟੀਆਈ

ਭਾਰਤ ਹਮੇਸ਼ਾ ਰੋਹਿਤ ਤੇ ਨਿਰਭਰ ਨਹੀਂ ਰਹਿ ਸਕਦਾ: ਤੇਂਦੁਲਕਰ

ਮੁੰਬਈ: ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੇ ਲਗਾਤਾਰ ਚੰਗੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਟੀਮ ਇੰਡੀਆ ਹਮੇਸ਼ਾ ਇਸ ਸਲਾਮੀ ਬੱਲੇਬਾਜ਼ ’ਤੇ ਨਿਰਭਰ ਨਹੀਂ ਰਹਿ ਸਕਦੀ, ਹੋਰ ਖਿਡਾਰੀਆਂ ਨੂੰ ਵੀ ਜ਼ਿੰਮੇਵਾਰੀ ਲੈਣੀ ਹੋਵੇਗੀ। ਰੋਹਿਤ ਸ਼ਰਮਾ ਮੌਜੂਦਾ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਪੰਜ ਸੈਂਕੜੇ ਮਾਰ ਚੁੱਕਿਆ ਹੈ। ਕਿਸੇ ਇੱਕ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਸੈਂਕੜੇ ਦਾ ਰਿਕਾਰਡ ਆਪਣੇ ਨਾਮ ਕਰਨ ਵਾਲੇ ਮੁੰਬਈ ਦੇ ਰੋਹਿਤ ਨੇ ਦੱਖਣੀ ਅਫਰੀਕਾ, ਪਾਕਿਸਤਾਨ, ਬੰਗਲਾਦੇਸ਼, ਇੰਗਲੈਂਡ ਅਤੇ ਸ੍ਰੀਲੰਕਾ ਖ਼ਿਲਾਫ਼ ਇਹ ਪਾਰੀਆਂ ਖੇਡੀਆਂ। ਉਹ ਟੂਰਨਾਮੈਂਟ ਵਿੱਚ ਇਸ ਸਮੇਂ ਚੋਟੀ ਦਾ ਸਕੋਰਰ ਹੈ। ਤੇਂਦੁਲਕਰ ਨੇ ਸਟਾਰ ਸਪੋਰਟਸ ਦੇ ਸ਼ੋਅ ਕ੍ਰਿਕਟ ਲਾਈਵ ’ਤੇ ਕਿਹਾ, ‘‘ਵਾਰ-ਵਾਰ ਮੈਨੂੰ ਪੁੱਛਿਆ ਜਾਂਦਾ ਹੈ ਕਿ ਰੋਹਿਤ ਸ਼ਰਮਾ ਵਿੱਚ ਕੀ ਖ਼ਾਸ ਹੈ ਅਤੇ ਮੈਨੂੰ ਲਗਦਾ ਹੈ ਕਿ ਇਹ ਉਸ ਦੀ ਬੈਟ ਸਵਿੰਗ ਹੈ, ਜੋ ਕਾਫ਼ੀ ਖਿਡਾਰੀਆਂ ਕੋਲ ਨਹੀਂ ਹੈ।’’ ਰੋਹਿਤ ਨੇ ਇੱਕ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਸੈਂਕੜੇ ਦਾ ਸ੍ਰੀਲੰਕਾ ਦੇ ਸਾਬਕਾ ਬੱਲੇਬਾਜ਼ ਕੁਮਾਰ ਸੰਗਾਕਾਰਾ ਦਾ ਰਿਕਾਰਡ ਤੋੜਿਆ।
-ਪੀਟੀਆਈ

ਸਾਬਕਾ ਕ੍ਰਿਕਟਰਾਂ ਨੇ ‘ਧੀਮੀ’ ਪਿੱਚ ਦੀ ਆਲੋਚਨਾ ਕੀਤੀ

ਮਾਨਚੈਸਟਰ: ਸਾਬਕਾ ਕ੍ਰਿਕਟਰਾਂ ਨੇ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਿਸ਼ਵ ਕੱਪ ਸੈਮੀ-ਫਾਈਨਲ ਲਈ ਵਰਤੀ ਗਈ ਪਿੱਚ ਦੀ ਆਲੋਚਨਾ ਕੀਤੀ ਹੈ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ, ਪਰ ਧੀਮੀ ਪਿੱਚ ’ਤੇ ਦੌੜਾਂ ਬਣਾਉਣਾ ਸੌਖਾ ਨਹੀਂ ਸੀ। ਆਸਟਰੇਲੀਆ ਦੇ ਸਾਬਕਾ ਬੱਲੇਬਾਜ਼ ਮਾਰਕ ਵਾਅ ਨੇ ਟਵਿੱਟਰ ’ਤੇ ਪਿੱਚ ਦੀ ਆਲੋਚਨਾ ਕੀਤੀ। ਵਾਅ ਨੇ ਕਿਹਾ ‘‘ਓਲਡ ਟਰੈਫਰਡ ਦੀ ਪਿੱਚ ਚੰਗੀ ਨਹੀਂ ਸੀ। ਕਾਫ਼ੀ ਧੀਮੀ ਸੀ।’’ ਇੰਗਲੈਂਡ ਦੇ ਸਾਬਕਾ ਟੈਸਟ ਕ੍ਰਿਕਟਰ ਮਾਰਕ ਬੁਚਰ ਨੇ ਕਿਹਾ, ‘‘ਇਸ ਵਿਸ਼ਵ ਕੱਪ ਵਿੱਚ ਪਿੱਚਾਂ ਕਬਾੜ ਦੀ ਤਰ੍ਹਾਂ ਰਹੀਆਂ।’’ ਇੰਗਲੈਂਡ ਦੇ ਸਾਬਕਾ ਕ੍ਰਿਕਟਰ ਗਰੀਮ ਫੋਵਲਰ ਨੇ ਕਿਹਾ, ‘‘ਵਿਸ਼ਵ ਕੱਪ ਸੈਮੀ-ਫਾਈਨਲ ਦੀ ਵਿਕਟ ਕਿੰਨੀ ਬੇਕਾਰ ਸੀ।’’ ਆਈਸੀਸੀ ਨੇ ਹਾਲਾਂਕਿ ਇਸ ਗੱਲ ਤੋਂ ਇਨਕਾਰ ਕੀਤਾ ਕਿ ਮੈਦਾਨ ਦੇ ਮੁਲਾਜ਼ਮਾਂ ਨੂੰ ਧੀਮੀਆਂ ਪਿੱਚਾਂ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਆਈਸੀਸੀ ਨੇ ਬਿਆਨ ਵਿੱਚ ਕਿਹਾ, ‘‘ਅਸੀਂ ਆਈਸੀਸੀ ਟੂਰਨਾਮੈਂਟ ਲਈ ਸਰਵੋਤਮ ਪਿੱਚਾਂ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਇਹ ਇੱਕ ਰੋਜ਼ਾ ਕ੍ਰਿਕਟ ਲਈ ਇੰਗਲੈਂਡ ਦੇ ਹਾਲਾਤ ਮੁਤਾਬਕ ਸਰਵੋਤਮ ਪਿੱਚ ਸੀ।’’
-ਪੀਟੀਆਈ


Comments Off on ਭਾਰਤ ਦਾ ਸੁਫ਼ਨਾ ਟੁੱਟਿਆ; ਨਿਊਜ਼ੀਲੈਂਡ ਵਿਸ਼ਵ ਕੱਪ ਦੇ ਫਾਈਨਲ ’ਚ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.