ਰਸੋਈ ਗੈਸ ਸਿਲੰਡਰ 11.5 ਰੁਪਏ ਹੋਇਆ ਮਹਿੰਗਾ !    ਸੰਜੇ ਗਾਂਧੀ ਪੀਜੀਆਈ ਨੇ ਕਰੋਨਾ ਜਾਂਚ ਲਈ ਵਿਸ਼ੇਸ਼ ਤਕਨੀਕ ਬਣਾਈ !    ਪੁਲੀਸ ਨੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਹਿਰਾਸਤ ਵਿੱਚ ਲਿਆ !    ਕੰਡਿਆਲੀ ਤਾਰ ਨੇੜਿਉਂ ਸ਼ੱਕੀ ਕਾਬੂ !    ਰਾਜਸਥਾਨ ਵਿੱਚ ਕਾਰ ਤੇ ਟਰਾਲੇ ਵਿਚਾਲੇ ਟੱਕਰ; ਪੰਜ ਹਲਾਕ !    ਸੀਏਪੀਐਫ ਕੰਟੀਨਾਂ ਵਿੱਚੋਂ ਬਾਹਰ ਹੋਏ ਇਕ ਹਜ਼ਾਰ ਤੋਂ ਵੱਧ ‘ਗੈਰ ਸਵਦੇਸ਼ੀ ਉਤਪਾਦ’ !    ਭਾਰਤ ਨਾਲ ਲੱਗਦੀ ਸਰਹੱਦ ’ਤੇ ਸਥਿਤੀ ਸਥਿਰ ਅਤੇ ਕਾਬੂ ਹੇਠ: ਚੀਨ !    ਚੰਡੀਗੜ੍ਹ ਵਿੱਚ ਗਰਭਵਤੀ ਔਰਤ ਨੂੰ ਹੋਇਆ ਕਰੋਨਾ !    ਕੇਰਲ ਪੁੱਜਿਆ ਮੌਨਸੂਨ !    ਪ੍ਰਦਰਸ਼ਨਕਾਰੀਆਂ ਨੇ ਵਾੲ੍ਹੀਟ ਹਾਊਸ ਨੇੜੇ ਅੱਗ ਲਾਈ !    

ਬੱਚਿਆਂ ਬਾਰੇ ਚਿੰਤਾ ਤੇ ਚਿੰਤਨ

Posted On July - 7 - 2019

ਡਾ. ਲਾਭ ਸਿੰਘ ਖੀਵਾ
ਪੁਸਤਕ ਪੜਚੋਲ

ਪੰਜਾਬ ਸਾਹਿਤ ਅਕਾਦਮੀ ਅਤੇ ਪੰਜਾਬ ਦੇ ਸਭਿਆਚਾਰਕ ਮਾਮਲੇ ਵਿਭਾਗ ਨੇ ਮਿਲ ਕੇ 1991 ਵਿਚ ਚੰਡੀਗੜ੍ਹ ਵਿਚ ਤਿੰਨ-ਰੋਜ਼ਾ ਕੌਮੀ ਸੈਮੀਨਾਰ ਰੱਖਿਆ ਸੀ। ਇਹ ਸੈਮੀਨਾਰ ‘ਬਾਲ ਸਾਹਿਤ ਅਤੇ ਸਭਿਆਚਾਰ’ ਸਿਰਲੇਖ ਤਹਿਤ ਬੱਚਿਆਂ ਦੀਆਂ ਸਮੱਸਿਆਵਾਂ ਬਾਰੇ ਖੁੱਲ੍ਹ ਕੇ ਵਿਚਾਰ-ਚਰਚਾ ਕਰਨ ਲਈ ਸੀ। ਇਸ ਵਿਚ ਪੜ੍ਹੇ ਗਏ ਪਰਚੇ ’ਤੇ ਹੋਈ ਬਹਿਸ ਨੂੰ ‘ਬਾਲ ਸਾਹਿਤ ਅਤੇ ਸਭਿਆਚਾਰ’ ਦੇ ਹੀ ਅਨੁਵਾਨ ਹੇਠ ਕਿਤਾਬੀ ਰੂਪ ਦਿੱਤਾ ਗਿਆ ਹੈ। ਪੰਜਾਬੀ ਬੋਲੀ ਦੇ ਨਾਮਵਰ ਲੇਖਕ ਗੁਰਬਚਨ ਸਿੰਘ ਭੁੱਲਰ ਨੇ 264 ਸਫ਼ਿਆਂ ਦੇ ਹਥਲੀ ਪੁਸਤਕ ‘ਬਾਲ ਸਾਹਿਤ ਅਤੇ ਸਭਿਆਚਾਰ (ਛਾਪ 2019) ਨੂੰ ਸੰਪਾਦਿਤ ਕੀਤਾ ਹੈ। ਬੱਚਿਆਂ ਬਾਰੇ ਚਿੰਤਾ ਤੇ ਚਿੰਤਨ ਨੂੰ ਉਜਾਗਰ ਕਰਦੀ ਇਹ ਦਸਤਾਵੇਜ਼ੀ ਪੋਥੀ ਮਹਿਜ਼ ਸੈਮੀਨਾਰ ’ਚ ਪੜ੍ਹੇ ਪਰਚਿਆਂ ਦਾ ਸੰਗ੍ਰਹਿ ਹੀ ਨਹੀਂ ਸਗੋਂ ਵੱਖੋ-ਵੱਖ ਸੈਸ਼ਨਾਂ ਵਿਚ ਦਿੱਤੇ ਪ੍ਰਧਾਨਗੀ ਭਾਸ਼ਣਾਂ ਅਤੇ ਹੋਈ ਬਹਿਸ ਦਾ ਵੀ ਸੰਚਣ ਹੈ। ਇਸ ਦੀ ਸੰਪਾਦਨਾ ਵਿਚ ਗੁਰਬਚਨ ਸਿੰਘ ਭੁੱਲਰ ਦਾ ਇਹ ਵੱਡਾ ਯੋਗਦਾਨ ਹੈ ਕਿ ਅਕਾਦਮੀ ਜਾਂ ਵਿਭਾਗ ਦਾ ਕੋਈ ਅਹੁਦੇਦਾਰ ਨਾ ਹੋਣ ਦੇ ਬਾਵਜੂਦ ਉਨ੍ਹਾਂ ਨੇ ਗ਼ੈਰ-ਪੰਜਾਬੀ ਪਰਚਾ ਲੇਖਕਾਂ ਦੇ ਵਿਚਾਰਾਂ ਦਾ ਅਨੁਵਾਦ ਤੇ ਟਾਈਪ ਦੀਆਂ ਖ਼ਾਮੀਆਂ ਦੂਰ ਕਰਕੇ ਸੈਮੀਨਾਰ ਦੀ ਸਮੁੱਚੀ ਕਾਰਵਾਈ ਨੂੰ ਕਿਤਾਬੀ ਰੂਪ ਦੇਣ ਦੀ ਜ਼ਿੰਮੇਵਾਰੀ ਓਟੀ ਤੇ ਨਿਭਾਈ ਹੈ।
ਇਸ ਪੁਸਤਕ ਵਿਚ ਪੰਜਾਬ ਕਲਾ ਪ੍ਰੀਸ਼ਦ ਦੀ ਤਤਕਾਲੀ ਪ੍ਰਧਾਨ ਦਲੀਪ ਕੌਰ ਟਿਵਾਣਾ, ਸਭਿਆਚਾਰ ਵਿਭਾਗ ਦੇ ਸੰਚਾਲਕ ਐਸ.ਕੇ. ਆਹਲੂਵਾਲੀਆ (ਮਰਹੂਮ), ਸਕੱਤਰ ਐੱਨ.ਐੱਸ ਰਤਨ ਅਤੇ ਅਕਾਦਮੀ ਦੀ ਸਕੱਤਰ ਡਾ. ਰਮਾ ਰਤਨ ਦੇ ਰਸਮੀ ਬਚਨ-ਬਿਲਾਸ ਹਨ, ਪਰ ਇਹ ਬੜੇ ਥੀਮਮੂਲਕ, ਮਹੱਤਵਪੂਰਨ ਤੇ ਗਿਆਨਵਰਧਕ ਹਨ। ਪ੍ਰੋ. ਪ੍ਰੀਤਮ ਸਿੰਘ (ਮਰਹੂਮ) ਦਾ ਕੁੰਜੀਵਤ ਭਾਸ਼ਨ ਇਤਿਹਾਸਕ ਪ੍ਰਵਚਨ ਹੈ। ਇੰਜ ਹੀ ਜਸਵੰਤ ਸਿੰਘ ਕੰਵਲ, ਐਮ.ਜੀ. ਗੌਤਮ (ਡੀ.ਡੀ. ਜਲੰਧਰ ਦੇ ਡਾਇਰੈਕਟਰ), ਪ੍ਰੋ. ਜਗਦੀਸ਼ ਸਿੰਘ, ਡਾ. ਜਸਵੰਤ ਸਿੰਘ ਨੇਕੀ, ਆਈ.ਐੱਸ. ਰੱਤੜਾ ਤੇ ਆਨੰਦ ਸਰੂਪ (ਐੱਨ.ਬੀ.ਟੀ.) ਦੇ ਪ੍ਰਧਾਨਗੀ ਭਾਸ਼ਨ ਇਸ ਪੁਸਤਕ ਵਿਚ ਦਰਜ ਹਨ। ਕੌਮੀ ਪੱਧਰ ਦਾ ਸੈਮੀਨਾਰ ਹੋਣ ਕਰਕੇ ਇਸ ਪੁਸਤਕ ਵਿਚ ਪੰਜਾਬੀ ਵਿਦਵਾਨਾਂ ਦੇ ਲੇਖ ਵੀ ਹਨ ਤੇ ਦਿੱਲੀ, ਉੜੀਸਾ, ਕਰਨਾਟਕ, ਉੱਤਰ ਪ੍ਰਦੇਸ਼ ਆਦਿ ਸੂਬਿਆਂ ਦੇ ਬਾਲ-ਮਨ ਦੀਆਂ ਬਾਤਾਂ ਪਾਉਂਦੇ ਖੋਜ ਪੱਤਰ ਵੀ। ਪੰਜਾਬ ਦੇ ਵਿਦਵਾਨਾਂ ਵਿਚ ਡਾ. ਰਮਾ ਰਤਨ ਆਪਣੇ ਲੇਖ ‘ਸਭਿਆਚਾਰ, ਸਾਹਿਤ ਅਤੇ ਬੱਚੇ’ ਵਿਚ ਬੜੀ ਹੈਰਾਨ ਅਤੇ ਪ੍ਰੇਸ਼ਾਨ ਹੁੰਦੀ ਹੈ ਕਿ ਰਾਜੇ ਦੀ ਥਾਂ ਜੌਨੀ ਅਤੇ ਚਿੜੀ ਦੀ ਥਾਂ ਸ਼ੀਪ ਉਸ ਨੂੰ ਉਸ ਦੀ ਪਛਾਣ ਆਪਣੇ ਆਲੇ-ਦੁਆਲੇ ਵਿਚੋਂ ਨਾ ਕਰਵਾ ਕੇ ਬਿਗਾਨੀ ਬੋਲੀ ਰਾਹੀਂ ਕਰਵਾਉਣ ਲੱਗ ਜਾਂਦੇ ਹਨ। ਗੁਰਚਰਨ ਸਿੰਘ ਚੰਨੀ ਬਾਲ-ਬੋਧ ਨੂੰ ਟੈਲੀਵਿਜ਼ਨ ਦੇ ਪ੍ਰਭਾਵਾਂ ਦੀ ਸੰਦਰਭਗਤ ਬਹਿਸ ਰਾਹੀਂ ਸਮਝਦਾ/ਸਮਝਾਉਂਦਾ ਹੈ। ਨਾਵਲਕਾਰ ਗੁਰਦਿਆਲ ਸਿੰਘ ਦੀ ਧਾਰਨਾ ਹੈ ਕਿ ਬਾਲ-ਖੇਡਾਂ ਬੱਚਿਆਂ ਦੀ ਸਰੀਰਕ ਉਸਾਰੀ ਲਈ ਜ਼ਰੂਰੀ ਹਨ ਅਤੇ ਬਾਲ-ਖਿਡੌਣੇ ਉਸ ਦੀ ਮਾਨਸਿਕ ਬਣਤਰ ਵਿਚ ਯੋਗਦਾਨ ਪਾਉਂਦੇ ਹਨ। ਡਾ. ਸਤੀਸ਼ ਕੁਮਾਰ ਵਰਮਾ ‘ਲਹਿਰ ਸਿਰਜ ਕੇ ਕੰਮ ਕਰਨ ਦੀ ਲੋੜ’ ਲੇਖ ਵਿਚ ਬਾਲ ਸਾਹਿਤ ਅਤੇ ਸਭਿਆਚਾਰ ਦੇ ਖੇਤਰ ਵਿਚ ਲਹਿਰ ਬਣਾ ਕੇ ਕਾਰਜਸ਼ੀਲ ਹੋਣ ’ਤੇ ਜ਼ੋਰ ਦਿੰਦਾ ਹੈ ਅਤੇ ਇਸ ਦੇ ਨਾਲ ਹੀ ਇਸ ਖੇਤਰ ਦੇ ਨਾਂ ਦੀ ਇਕ ਅਕਾਦਮੀ ਬਣਾਉਣ ਦਾ ਸੁਝਾਅ ਵੀ ਰੱਖਦਾ ਹੈ। ਇਸ ਪੁਸਤਕ ਦੀ ਅੰਤਿਕਾ ਵਿਚ ਗੁਰਬਚਨ ਸਿੰਘ ਭੁੱਲਰ ਅਤੇ ਮਰਹੂਮ ਟੋਨੀ ਬਾਤਿਸ਼ ਕ੍ਰਮਵਾਰ ਬਾਲ-ਕਹਾਣੀ ਅਤੇ ਬਾਲ-ਰੰਗਮੰਚ ਦੀਆਂ ਸਮੱਸਿਆਵਾਂ ਅਤੇ ਸੰਭਾਵਨਾਵਾਂ ਦੇ ਲੇਖਾਂ ਵਿਚ ਆਪਣੇ ਵਡਮੁੱਲੇ ਵਿਚਾਰ ਪੇਸ਼ ਕਰਦੇ ਹਨ।
ਬਾਲ-ਅਵਚੇਤਨ ਦੀ ਥਾਹ ਪਾਉਣ ਲਈ ਗ਼ੈਰ-ਪੰਜਾਬੀ ਚਿੰਤਕਾਂ ਨੇ ਵੀ ਆਪੋ-ਆਪਣੇ ਸਾਹਿਤ ਅਤੇ ਸਭਿਆਚਾਰ ਦੇ ਪ੍ਰਸੰਗਾਂ ਵਿਚ ਪਰਚੇ ਲਿਖੇ। ਦਿੱਲੀ ਤੋਂ ਮਨੋਰਮਾ ਜਫ਼ਾ, ਮਸਤ ਰਾਮ ਕਪੂਰ, ਸੁਰੇਖਾ ਪਾਨੰਦੀਕਰ, ਸਵਪਨਾ ਦੱਤਾ ਤੇ ਐਸ.ਜੀ. ਹੈਦਰ ਨੇ ਜਿੱਥੇ ਸਾਹਿਤ ਅਤੇ ਸਭਿਆਚਾਰ ਨੂੰ ਆਪਣੇ ਵਿਚਾਰਾਂ ਦਾ ਮਾਧਿਅਮ ਬਣਾਇਆ, ਉੱਥੇ ਮਰਾਠੀ, ਬੰਗਾਲੀ ਤੇ ਉਰਦੂ ਭਾਸ਼ਣਾਂ ਵਿਚ ਵੀ ਇਸ ਮਾਧਿਅਮ ਨੂੰ ਰੇਖਾਂਕਿਤ ਕੀਤਾ ਹੈ। ਉੜੀਸਾ ਦੇ ਪ੍ਰੋ. ਮੋਹੰਤੀ ਨੇ ਬਾਲਾਂ ਲਈ ਗਿਆਨ-ਕੋਸ਼ ਦੀ ਮਹੱਤਤਾ ਤੇ ਲੋੜ ਨੂੰ ਉਭਾਰਿਆ ਹੈ। ਡਾ. ਸੁਨੀਤਾ ਸੋਢੀ, ਸਰਜਨ ਡਾ. ਕਾਵੇਰੀ ਭੱਟ, ਸ਼ਾਂਤੀ ਨਿਕੇਤਨ ਦੀ ਡਾਕਟਰੇਟ ਮਧੂਮਾਲਤੀ ਰਾਓ, ਅੰਗਰੇਜ਼ੀ ਦੀ ਬਾਲ-ਮਨੋਵਿਗਿਆਨ ਵਿਸ਼ੇਸ਼ਗ ਡਾ. ਈਰਾ ਸਕਸੈਨਾ, ਕਾਨੂੰਨ ਅਧਿਆਪਕ ਵਿਜੈ ਨਾਗਪਾਲ ਅਤੇ ਹਿੰਦੀ ਵਿਦਵਾਨ ਡਾ. ਦੇਵਸਰੇ ਨੇ ਕ੍ਰਮਵਾਰ ਸਿੱਖਿਆ, ਸਰੀਰਕ ਤੇ ਮਾਨਸਿਕ ਬਣਤਰ, ਅਪਾਹਜ ਬਚਪਨ, ਬਾਲ ਪੋਥੀਆਂ, ਬਾਲ-ਕਾਨੂੰਨੀ ਹੱਕ ਅਤੇ ਸਮਾਜ ਤੇ ਸਟੇਟ ਨੂੰ ਆਪਣੇ ਖੋਜ ਪਰਚਿਆਂ ਵਿਚ ਕੇਂਦਰ ਬਿੰਦੂ ਬਣਾਇਆ ਹੈ। ਬਾਲ ਮਾਨਸਿਕਤਾ ਦੇ ਅਧਿਐਨ ਲਈ ਇਹ ਇਕ ਅਜਿਹੀ ਪੁਸਤਕ ਹੈ ਜਿਸ ਵਿਚ ਦੇਸ਼ ਭਰ ਦੇ ਵਿਚਾਰਵਾਨਾਂ ਦੇ ਕਸ਼ੀਦੇ ਗਿਆਨ ਤੇ ਅਨੁਭਵ ਦਾ ਜ਼ਖੀਰਾ ਹੈ।
‘ਸਪਾਪਤੀ ਸਮਾਰੋਹ’ ਦੇ ਸਿਰਲੇਖ ਵਿਚ ਪਰਚਿਆਂ ਬਾਰੇ ਹੋਈ ਬਹਿਸ ਦੇ ਕੁਝ ਅੰਸ਼ ਵੀ ਇਸ ਪੁਸਤਕ ਸ਼ਾਮਲ ਹਨ। ਦਰਸ਼ਨ ਸਿੰਘ ਆਸ਼ਟ, ਫਕੀਰ ਚੰਦ ਸ਼ੁਕਲਾ, ਗੁਰਬਚਨ ਸਿੰਘ ਭੁੱਲਰ, ਡਾ. ਆਤਮਜੀਤ, ਡਾ. ਸ਼ਹਰਯਾਰ, ਗੁਰਸ਼ਰਨ ਸਿੰਘ, ਗੁਰਚਰਨ ਸਿੰਘ ਬੋਪਾਰਾਏ, ਹਰਮੀਤ ਵਿਦਿਆਰਥੀ, ਜਗਦੀਸ਼ ਪ੍ਰਸਾਦ ਕੌਸ਼ਿਕ, ਡਾ. ਆਤਮਜੀਤ, ਡਾ. ਧਰਮਪਾਲ ਸੈਨੀ, ਮਨਮੋਹਨ ਸਿੰਘ ਦਾਊਂ, ਜਸਬੀਰ ਜੱਸ, ਗੁਰਪਾਲ ਲਿੱਟ ਆਦਿ ਨੇ ਸਿਰਫ਼ ਬਹਿਸ ਵਿਚ ਹਿੱਸਾ ਹੀ ਨਹੀਂ ਲਿਆ ਸਗੋਂ ਨਵੇਂ ਵਿਚਾਰਾਂ/ਸੁਝਾਵਾਂ ਸਹਿਤ ਯੋਗਦਾਨ ਵੀ ਪਾਇਆ। ਇਸ ਪੁਸਤਕ ਵਿਚ ਪ੍ਰਤੀਨਿਧ ਬਹਿਸਕਾਰ ਵੀ ਸ਼ੁਮਾਰ ਕੀਤੇ ਗਏ ਹਨ। ਨਸੀਬ ਚੰਦ, ਪ੍ਰੀਤਮ ਸਿੰਘ ਕਲਸੀ, ਸ਼ਾਮ ਸਿੰਘ, ਡਾ. ਹਰਚਰਨ ਸਿੰਘ, ਹਰਲੀਨ ਕੌਰ, ਪਿਆਰਾ ਸਿੰਘ ਦਾਤਾ ਆਦਿ ਕ੍ਰਮਵਾਰ ਲਾਇਬਰੇਰੀਅਨ, ਪ੍ਰਕਾਸ਼ਕ, ਪੱਤਰਕਾਰ, ਚੰਡੀਗੜ੍ਹ ਦੇ ਲੇਖਕ, ਆਮ ਸਰੋਤਿਆਂ ਤੇ ਬਜ਼ੁਰਗਾਂ ਵਜੋਂ ਕੀਤੀਆਂ ਟਿੱਪਣੀਆਂ ਦੀ ਸ਼ਮੂਲੀਅਤ ਇਸ ਕਿਤਾਬ ਨੂੰ ਪੜ੍ਹਨਯੋਗ ਬਣਾਉਂਦੀ ਹੈ।
‘ਬਾਲ ਸਾਹਿਤ ਅਤੇ ਸਭਿਆਚਾਰ’ ਕਿਤਾਬ ਦਾ ਵਿਸ਼ਾ ਵਸਤੂ ਬੜਾ ਮਹੱਤਵਪੂਰਨ ਤੇ ਸਾਰਥਿਕ ਹੈ। ਪੰਜਾਬੀ ਵਿਚ ਇਸ ਮਜ਼ਮੂਨ ਉੱਤੇ ਜਿਹੜਾ ਵੀ ਸਿਰਜਨਾਤਮਕ ਤੇ ਆਲੋਚਨਾਤਮਕ ਕਾਰਜ ਹੋਇਆ ਹੈ, ਉਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ। ਬਾਲਾਂ ਲਈ ਹਸਪਤਾਲ ਹਨ, ਇਨ੍ਹਾਂ ਵਿਚ ਬੱਚਾ ਵਿਭਾਗ ਹਨ। ਉਪਨਿਸ਼ਦਾਂ ਦੀ ਸਿੱਖਿਆ ਮੁਤਾਬਿਕ ਬਾਲਾਂ ਦੀ ਸੁਰੱਖਿਆ ਕਰਕੇ ਮਨੁੱਖ ਆਪਣੇ ਭਵਿੱਖ ਦੀ ਚਿੰਤਾ ਦੂਰ ਕਰ ਰਿਹਾ ਹੈ। ਇਸ ਲਈ ਅੱਜ ਬਾਲ-ਯੂਨੀਵਰਸਿਟੀ ਦੇ ਖ਼ੁਆਬ ਦੀ ਤਾਬੀਰ ਵੀ ਹੋ ਸਕਦੀ ਹੈ।
ਸੰਪਰਕ: 94171-78487


Comments Off on ਬੱਚਿਆਂ ਬਾਰੇ ਚਿੰਤਾ ਤੇ ਚਿੰਤਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.