ਆਪਣੇ ਹਮਜ਼ਾਦ ਦੀ ਨਜ਼ਰ ਵਿਚ ਮੰਟੋ !    ਥਿਓਡਰ ਅਡੋਰਨੋ : ਪ੍ਰਬੁੱਧਤਾ ਦੀ ਡਾਇਲੈਕਟਿਕਸ !    ਨਵੀਆਂ ਰਾਣੀਆਂ !    ਸਾਡੇ ਵਿਆਹ - ਅਤੀਤ ਅਤੇ ਵਰਤਮਾਨ ਦੇ ਝਰੋਖਿਆਂ ਵਿੱਚੋਂ !    ਹਿਟਲਰ ਖ਼ਿਲਾਫ਼ ਜੰਗ ਛੇੜਣ ਵਾਲਾ ‘ਵ੍ਹਾਈਟ ਰੋਜ਼’ !    ਖ਼ੁਸ਼ ਲੋਕਾਂ ਦੀ ਧਰਤੀ ਭੂਟਾਨ !    ਅਸਹਿਮਤੀ ਦਾ ਪ੍ਰਵਚਨ !    ਲੋਕਾਂ ਨੂੰ ਲੋਕਾਂ ਨਾਲ ਜੋੜਦੀ ਸ਼ਾਇਰੀ !    ਆਜ਼ਾਦੀਆਂ !    ਚਪੇੜਾਂ ਖਾਣ ਵਾਲੇ ਨੇਤਾ ਜੀ !    

ਬ੍ਰਾਜ਼ੀਲ ਬਣਿਆ 46ਵੇਂ ਕੋਪਾ ਅਮਰੀਕਾ ਫੁਟਬਾਲ ਕੱਪ ਦਾ ਚੈਂਪੀਅਨ

Posted On July - 13 - 2019

ਪਰਮਜੀਤ ਸਿੰਘ ਬਾਗੜੀਆ
ਸਾਊਥ ਅਮਰੀਕਾ ਮਹਾਂਦੀਪ ਦਾ ਸਭ ਤੋਂ ਪੁਰਾਣਾ ਤੇ ਵੱਕਾਰੀ ‘ਕੋਪਾ ਅਮਰੀਕਾ ਫੁਟਬਾਲ ਕੱਪ’ ਮੇਜ਼ਬਾਨ ਬ੍ਰਾਜ਼ੀਲ ਨੇ ਪੇਰੂ ਨੂੰ 3-1 ਗੋਲਾਂ ਨਾਲ ਹਰਾ ਕੇ ਜਿੱਤ ਲਿਆ। ਪਰ ਰਨਰਅੱਪ ਰਹੀ ਪੇਰੂ ਦੀ ਟੀਮ ਨੇ ਫਾਈਨਲ ਵਿਚ ਇਕੋ-ਇਕ ਗੋਲ ਕਰ ਕੇ ਬ੍ਰਾਜ਼ੀਲ ਦੀ ਬਿਨਾ ਕੋਈ ਗੋਲ ਖਾਧਿਆਂ ਕੱਪ ਜਿੱਤਣ ਦੀ ਰੀਝ ਪੂਰੀ ਨਹੀਂ ਹੋਣ ਦਿੱਤੀ। ਬ੍ਰਾਜ਼ੀਲ ਨੇ 12 ਸਾਲਾਂ ਬਾਅਦ ਇਹ ਖਿਤਾਬ ਜਿੱਤ ਕੇ ਹੁਣ ਤੱਕ ਜਿੱਤੇ ਕੱਪਾਂ ਦੀ ਗਿਣਤੀ ਨੌਂ ਕਰਨ ਦੇ ਨਾਲ ਨਾਲ 2016 ਦੀਆਂ ਓਲਪਿੰਕ ਖੇਡਾਂ ਦੇ ਸੋਨ ਤਮਗੇ ਤੋਂ ਬਾਅਦ ਪਹਿਲੀ ਸੁਨਹਿਰੀ ਜਿੱਤ ਦਰਜ ਕੀਤੀ ਹੈ। ਕੋਪਾ ਕੱਪ ਵਿਚ ਹੋਏ 25 ਮੈਚਾਂ ਵਿਚ ਕੁਲ 82 ਗੋਲ ਹੋਏ। ਇਸ ਵਿਚ ਸਭ ਤੋਂ ਵੱਧ 17 ਗੋਲ ਵੀ ਬ੍ਰਾਜ਼ੀਲ ਦੀ ਟੀਮ ਨੇ ਹੀ ਕੀਤੇ। ਬ੍ਰਾਜ਼ੀਲ ਦੇ ਸਟਾਰ ਖਿਡਾਰੀ ਨੇਮਰ ਦੀ ਥਾਂ ਪਾਏ ਬਦਲਵੇਂ ਖਿਡਾਰੀ ਏਵਰਟਨ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਟੀਮ ਨੂੰ ਜਿੱਤ ਦੀਆਂ ਬਰੂਹਾਂ ‘ਤੇ ਪਹੁੰਚਾਇਆ। ਏਵਰਟਨ ਨੇ ਫਾਈਨਲ ਵਿਚ ਪੇਰੂ ਵਿਰੁੱਧ ਇਕ ਗੋਲ ਦਾਗਿਆ ਅਤੇ ਦੂਜੇ ਗੋਲ ਲਈ ਸਹਾਇਕ ਬਣਿਆ। ਏਵਰਟਨ ਜਿਸ ਨੇ ਕੱਪ ਵਿਚ ਸਭ ਤੋਂ ਵੱਧ ਤਿੰਨ ਗੋਲ ਕੀਤੇ, ਫਾਈਨਲ ਮੈਚ ਦਾ ਮੈਨ ਆਫ ਦੀ ਮੈਚ ਵੀ ਬਣਿਆ। ਬ੍ਰਾਜ਼ੀਲ ਦੇ ਦੂਜੇ ਸਟਰਾਈਕਰ ਰਿਚਰਲਿਸਨ ਵੱਲੋਂ ਦਾਗਿਆ ਗੋਲ ਵੀ ਅਹਿਮ ਰਿਹਾ। ਇਕ ਗੋਲ ਗੈਬਰੀਅਲ ਜੀਸਸ ਦਾ ਰਿਹਾ। ਪੇਰੂ ਲਈ ਵੀ 1975 ਤੋਂ ਲੈ ਕੇ ਹੁਣ ਤੱਕ ਕੋਪਾ ਕੱਪ ਜਿੱਤਣਾ ਸੁਫਨਾ ਹੀ ਬਣ ਕੇ ਰਹਿ ਗਿਆ। ਕੋਪਾ ਕੱਪ ਟੀਮਾਂ ਅਤੇ ਖਿਡਾਰੀਆਂ ਲਈ ਕੌੜੇ-ਮਿੱਠੇ ਅਨੁਭਵਾਂ ਨਾਲ ਭਰਭੂਰ ਰਿਹਾ ਇਸ ਦੌਰਾਨ ਕੁਝ ਉਲਟਫੇਰ ਵੀ ਹੋਏ।
ਅਮਰੀਕਾ ਮਹਾਦੀਪ ਦੀਆਂ ਤਿੰਨ ਤਕੜੀਆਂ ਟੀਮਾਂ ਉਰੂਗਏ, ਅਰਜਨਟੀਨਾ ਤੇ ਬ੍ਰਾਜ਼ੀਲ ਨੂੰ ਅਲੱਗ ਅਲੱਗ ਪੂਲਾਂ ਵਿਚ ਰੱਖਿਆ ਗਿਆ ਸੀ। ਪਿਛਲੇ ਦੋ ਕੱਪਾਂ ਦੀ ਲਗਾਤਾਰ ਜੇਤੂ ਚਿਲੀ ਦੀ ਟੀਮ ਦਾ ਜੇਤੂ ਹੈਟ੍ਰਿਕ ਲਾਉਣ ਦਾ ਸੁਫਨਾ ਸੈਮੀਫਾਈਨਲ ਵਿਚ ਪੇਰੂ ਨੇ 3-0 ਨਾਲ ਹਰਾ ਕੇ ਤੋੜ ਦਿੱਤਾ। ਇਸੇ ਤਰ੍ਹਾਂ ਹੀ ਹੁਣ ਤੱਕ ਸਭ ਤੋਂ ਵੱਧ 15 ਕੋਪਾ ਕੱਪ ਜਿੱਤਣ ਵਾਲੀ ਟੀਮ ਉਰੂਗੁਏ ਵੀ ਕੁਆਰਟਰ ਫਾਈਨਲ ਵਿਚ ਪੇਰੂ ਹੱਥੋਂ ਹਾਰ ਗਈ। ਕੱਪ ਦੌਰਾਨ ਮਹਿਮਾਨ ਤੌਰ ’ਤੇ ਸ਼ਾਮਲ ਕੀਤੀਆਂ ਏਸ਼ੀਆਂ ਦੀਆਂ ਦੋ ਚੋਟੀ ਦੀਆਂ ਫੁਟਬਾਲ ਟੀਮਾਂ ਜਾਪਾਨ ਅਤੇ ਕਤਰ ਆਪਣੀ ਖੇਡ ਦਾ ਕੋਈ ਰੰਗ ਨਹੀਂ ਜਮ੍ਹਾ ਸਕੀਆਂ ਦੋਵੇਂ ਟੀਮਾਂ ਪਹਿਲਾ ਗੇੜ ਪਾਰ ਨਾ ਕਰ ਸਕੀਆ। ਜਾਪਾਨ ਨੇ ਗਰੁੱਪ ‘ਸੀ’ ਵਿਚ ਆਪਣੇ ਵਿਰੋਧੀ ਏਕੂਆਡੋਰ ਨਾਲ 1-1 ਅਤੇ ਉਰੂਗੁਏ ਨਾਲ 2-2 ਗੋਲਾਂ ਨਾਲ ਬਰਾਬਰ ਰਹਿਣ ਉਪਰੰਤ ਚਿਲੀ ਹੱਥੋਂ 4-0 ਨਾਲ ਮਾਤ ਖਾਧੀ। ਇਸੇ ਤਰ੍ਹਾਂ ਕਤਰ ਨੇ ਗਰੁੱਪ ‘ਬੀ’ ਵਿਚ ਅਰਜਨਟੀਨਾ ਤੋਂ 2-0 ਅਤੇ ਕੋਲੰਬੀਆ ਤੋਂ 1-0 ਨਾਲ ਹਾਰਨ ਉਪਰੰਤ ਪਰਾਗੁਏ ਨਾਲ 2-2 ਗੋਲਾਂ ਦੀ ਬਰਾਬਰੀ ਕੀਤੀ ਪਰ ਜਾਪਾਨ ਵਾਂਗ ਕਤਰ ਦੀ ਟੀਮ ਵੀ ਕੋਈ ਜਿੱਤ ਨਾ ਦਰਜ ਕਰ ਸਕੀ।
ਗਰੁੱਪ ‘ਏ’ ਵਿਚ ਪੇਰੂ ਨੇ ਬ੍ਰਾਜ਼ੀਲ ਤੋਂ 5-0 ਨਾਲ ਕਰਾਰੀ ਹਾਰ ਤੋਂ ਬਾਅਦ ਬੋਲੀਵੀਆ ਨੂੰ 3-1 ਨਾਲ ਹਰਾਉਣ ਤੋਂ ਬਾਅਦ ਵੈਂਜੂਏਲਾ ਨਾਲ ਗੋਲ ਰਹਿਤ ਬਰਾਬਰੀ ਕਰ ਕੇ ਆਖ਼ਰੀ ਅੱਠਾਂ ਵਿਚ ਥਾਂ ਬਣਾਈ ਇਸੇ ਪੂਲ ਵਿਚ ਬ੍ਰਾਜ਼ੀਲ ਨੇ ਪੇਰੂ ਨੂੰ 5-0 ਅਤੇ ਬੋਲੀਵੀਆ ਨੁੰ 3-0 ਨਾਲ ਹਰਾਉਣ ਉਪਰੰਤ ਵੈਂਜੁਏਲਾ ਨਾਲ ਗੋਲ ਰਹਿਤ ਬਰਾਬਰੀ ਸਦਕਾ ਕੁਆਰਟਰਫਾਈਨਲ ਵਿਚ ਪ੍ਰਵੇਸ਼ ਕੀਤਾ। ਤੀਜੀ ਟੀਮ ਵੈਂਜੁਏਲਾ ਨੇ ਦੋ ਤਕੜੀਆਂ ਟੀਮਾਂ ਬ੍ਰਾਜ਼ੀਲ ਅਤੇ ਪੇਰੂ ਨਾਲ ਗੋਲ ਰਹਿਤ ਬਰਾਬਰੀ ਕਰਕੇ ਅਤੇ ਬੋਲੀਵੀਆ ਨੂੰ 3-1 ਨਾਲ ਮਾਤ ਦੇ ਕੇ ਅਗਲੇ ਦੌਰ ਲਈ ਥਾਂ ਬਣਾਈ। ਗਰੁੱਪ ‘ਬੀ’ ਵਿਚੋਂ ਅਰਜਨਟੀਨਾ, ਕੋਲੰਬੀਆ ਤੇ ਪਰਾਗੁਏ ਆਖ਼ਰੀ ਅੱਠਾਂ ਵਿਚ ਪੁੱਜੀਆਂ। ਅਰਜਨਟੀਨਾ ਨੇ ਕਤਰ ਅਤੇ ਕੋਲੰਬੀਆ ਦੋਵਾਂ ਨੂੰ 2-0, 2-0 ਨਾਲ ਹਰਾ ਕੇ ਪਰਾਗੁਏ ਨਾਲ 1-1 ਦੀ ਬਰਾਬਰੀ ਕੀਤੀ। ਕੋਲੰਬੀਆ ਨੇ ਅਰਜਨਟੀਨਾ ਤੋਂ 2-0 ਨਾਲ ਮਾਤ ਖਾਧੀ ਪਰ ਉਸ ਨੇ ਪਰਾਗੁਏ ਤੇ ਕਤਰ ਦੌਵਾਂ ਨੂੰ 1-0, 1-0 ਸਕੋਰ ਨਾਲ ਹਰਾਇਆ। ਗਰੁੱਪ ‘ਸੀ’ ਵਿਚ ਚਿੱਲੀ ਤੇ ਉਰੂਗੁਏ ਦੋ ਟੀਮਾਂ ਕੁਆਰਟਰ ਫਾਈਨਲ ਵਿਚ ਪੁੱਜੀਆਂ। ਚਿਲੀ ਨੇ ਉਰੂਗੁਏ ਤੋਂ 1-0 ਨਾਲ ਹਾਰਨ ਉਪਰੰਤ ਏਕੁਆਡੋਰ ਨੂੰ 2-1 ਨਾਲ ਅਤੇ ਜਾਪਾਨ ਨੂੰ 4-0 ਨਾਲ ਹਰਾਇਆ। ਉਰੂਗੁਏ ਨੇ ਚਿਲੀ ਨੂੰ 1-0 ਨਾਲ ਹਰਾਉਣ ਤੋਂ ਬਾਅਦ ਜਾਪਾਨ ਨੂੰ 2-2 ਦੀ ਬਰਾਬਰੀ ’ਤੇ ਰੋਕਦਿਆਂ ਏਕੁਅਡੋਰ ਨੂੰ 4-0 ਦੇ ਵੱਡੇ ਅੰਤਰ ਨਾਲ ਹਰਾਇਆ।
ਆਖ਼ਰੀ ਅੱਠਾਂ ਵਿਚ ਬ੍ਰਾਜ਼ੀਲ ਨੇ ਪਰਾਗੁਏ ਨੂੰ 4-3, ਅਰਜਨਟੀਨਾ ਨੇ ਵੈਂਜੁੂਏਲਾ ਨੂੰ 2-0 ਨਾਲ, ਚਿਲੀ ਨੇ ਕੋਲੰਬੀਆ ਨੂੰ 5-4 ਨਾਲ ਅਤੇ ਪੇਰੂ ਨੇ ਵੀ ਉਰੂਗੁਏ ਨੂੰ 5-4 ਗੋਲਾਂ ਨਾਲ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਸੈਮੀਫਾਈਨਲ ਵਿਚ ਬ੍ਰਾਜ਼ੀਲ ਨੇ ਅਰਜਨਟੀਨਾ ਨੂੰ 2-0 ਨਾਲ ਅਤੇ ਪੇਰੂ ਨੇ ਚਿੱਲੀ ਨੂੰ 3-0 ਗੋਲਾਂ ਨਾਲ ਹਰਾਇਆ। ਅਰਜਨਟੀਨਾ ਦੇ ਸਟਾਰ ਖਿਡਾਰੀ ਮੈਸੀ ਦਾ ਜਾਦੂ ਕੋਪਾ ਕੱਪ ਵਿਚ ਨਹੀਂਂ ਚੱਲਿਆ, ਨਾਲ ਹੀ ਦੂਜੇ ਪਾਸੇ ਹੁਣ ਤਕ ਸਿਰਫ਼ 2015 ਅਤੇ 2016 ਦੇ ਕੋਪਾ ਕੱਪ ਫਾਈਨਲ ਵਿਚ ਅਰਜਨਟੀਨਾ ਨੂੰ ਲਗਾਤਾਰ 2 ਵਾਰ ਹਰਾਉਣ ਵਾਲੀ ਚਿਲੀ ਦੀ ਟੀਮ ਬੁਰੀ ਤਰ੍ਹਾਂ ਲੁੜਕ ਗਈ। ਕੱਪ ਵਿਚ ਹੋਏ ਕੁੱਲ 25 ਮੈਚਾਂ ਵਿਚੋਂ ਛੇ ਮੈਚ ਬਰਾਬਰੀ ’ਤੇ ਰਹੇ ਜਿਨ੍ਹਾਂ ਵਿਚੋਂ ਦੋ ਮੈਚ 0-0, ਦੋ ਮੈਚ 1-1 ਅਤੇ ਦੋ ਮੈਚ 2-2 ਦੇ ਸਕੋਰ ਦੀ ਬਰਾਬਰੀ ’ਤੇ ਰਹੇ। ਬਾਕੀ ਬਚੇ 19 ਮੈਚਾਂ ਵਿਚੋਂ 11 ਮੈਚਾਂ ਵਿਚ ਹਾਰਨ ਵਾਲੀਆਂ ਟੀਮਾਂ ਵਿਰੋਧੀ ਟੀਮ ਖ਼ਿਲਾਫ਼ ਕੋਈ ਗੋਲ ਨਾ ਕਰ ਸਕੀਆਂ। ਬ੍ਰਾਜ਼ੀਲ ਨੇ ਜਦੋਂ ਵੀ ਕੱਪ ਦੀ ਮੇਜ਼ਬਾਨੀ ਕੀਤੀ, ਉਦੋਂ ਹੀ ਉਹ ਕੋਪਾ ਕੱਪ ਦਾ ਚੈਂਪੀਅਨ ਬਣਿਆ ਇਹ ਬ੍ਰਾਜ਼ੀਲ ਦੀ 5ਵੀਂ ਮੇਜ਼ਬਾਨੀ ਜਿੱਤ ਸੀ।
ਸੰਪਕਰ: 98147-65705


Comments Off on ਬ੍ਰਾਜ਼ੀਲ ਬਣਿਆ 46ਵੇਂ ਕੋਪਾ ਅਮਰੀਕਾ ਫੁਟਬਾਲ ਕੱਪ ਦਾ ਚੈਂਪੀਅਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.