ਆਪਣੇ ਹਮਜ਼ਾਦ ਦੀ ਨਜ਼ਰ ਵਿਚ ਮੰਟੋ !    ਥਿਓਡਰ ਅਡੋਰਨੋ : ਪ੍ਰਬੁੱਧਤਾ ਦੀ ਡਾਇਲੈਕਟਿਕਸ !    ਨਵੀਆਂ ਰਾਣੀਆਂ !    ਸਾਡੇ ਵਿਆਹ - ਅਤੀਤ ਅਤੇ ਵਰਤਮਾਨ ਦੇ ਝਰੋਖਿਆਂ ਵਿੱਚੋਂ !    ਹਿਟਲਰ ਖ਼ਿਲਾਫ਼ ਜੰਗ ਛੇੜਣ ਵਾਲਾ ‘ਵ੍ਹਾਈਟ ਰੋਜ਼’ !    ਖ਼ੁਸ਼ ਲੋਕਾਂ ਦੀ ਧਰਤੀ ਭੂਟਾਨ !    ਅਸਹਿਮਤੀ ਦਾ ਪ੍ਰਵਚਨ !    ਲੋਕਾਂ ਨੂੰ ਲੋਕਾਂ ਨਾਲ ਜੋੜਦੀ ਸ਼ਾਇਰੀ !    ਆਜ਼ਾਦੀਆਂ !    ਚਪੇੜਾਂ ਖਾਣ ਵਾਲੇ ਨੇਤਾ ਜੀ !    

ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੇ ਪੜ੍ਹੇ-ਲਿਖੇ ਪੰਜਾਬੀ ਨੌਜਵਾਨ

Posted On July - 25 - 2019

ਸੁਖਪਾਲ ਸਿੰਘ ਢਿੱਲੋਂ

ਸਾਡੇ ਪੰਜਾਬ ਵਿੱਚ ਜਿਥੇ ਨਸ਼ਿਆਂ ਦਾ ਮਾਮਲਾ ਗੰਭੀਰ ਹੈ ਤੇ ਕਿਸਾਨਾਂ ਵੱਲੋਂ ਖ਼ੁਦਕੁਸ਼ੀਆਂ ਦਾ ਸਿਲਸਿਲਾ ਜਾਰੀ ਹੈ, ਉੱਥੇ ਤੀਜਾ ਵੱਡਾ ਮੁੱਦਾ ਬੇਰੁਜ਼ਗਾਰੀ ਦਾ ਹੈ। ਪੰਜਾਬ ਵਿੱਚ ਲੱਖਾਂ ਪੜ੍ਹੇ-ਲਿਖੇ ਨੌਜਵਾਨ ਮੁੰਡੇ-ਕੁੜੀਆਂ ਬੇਰੁਜ਼ਗਾਰੀ ਦਾ ਸੰਤਾਪ ਆਪਣੇ ਪਿੰਡੇ ’ਤੇ ਹੰਢਾਅ ਰਹੇ ਹਨ। ਜੇ ਨੌਜਵਾਨ ਪੀੜ੍ਹੀ ਨੂੰ ਨੌਕਰੀਆਂ ਮਿਲਣਗੀਆਂ ਤਾਂ ਹੀ ਸਾਡੇ ਸਮਾਜ ਦੇ ਲੋਕ ਤੇ ਸੂਬਾ ਖੁਸ਼ਹਾਲ ਹੋਵੇਗਾ। ਭਾਵੇਂ ਵੱਖ-ਵੱਖ ਸਿਆਸੀ ਪਾਰਟੀਆਂ ਚੋਣਾਂ ਵੇਲੇ ਜਨਤਾ ਨਾਲ ਸੱਤਾ ਵਿਚ ਆਉਣ ਤੋਂ ਬਾਅਦ ਰੁਜ਼ਗਾਰ ਦੇ ਵਸੀਲੇ ਪੈਦਾ ਕਰਨ ਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਦਾਅਵੇ ਕਰਦੀਆ ਹਨ, ਪਰ ਸੱਚਾਈ ਇਹ ਹੈ ਕਿ ਸਮੇਂ ਦੀਆਂ ਸਰਕਾਰਾਂ ਨੇ ਬੇਰੁਜ਼ਗਾਰੀ ਦੇ ਇਸ ਅਹਿਮ ਮੁੱਦੇ ਨੂੰ ਕਦੇ ਵੀ ਗੰਭੀਰਤਾ ਨਾਲ ਨਹੀਂ ਲਿਆ। ਇਸ ਕਰ ਕੇ ਬੇਰੁਜ਼ਗਾਰੀ ਪਹਿਲਾਂ ਨਾਲੋਂ ਵੀ ਵਧਦੀ ਗਈ, ਜਦੋਂਕਿ ਨੌਜਵਾਨਾਂ ਨੂੰ ਨੌਕਰੀਆਂ ਅਤੇ ਰੁਜ਼ਗਾਰ ਦੀ ਬਹੁਤ ਲੋੜ ਹੈ। ਸੂਬੇ ਦੇ ਜੋ ਹਾਲਾਤ ਹਨ ਤੇ ਜੋ ਅੰਕੜੇ ਮਿਲ ਰਹੇ ਹਨ, ਉਨ੍ਹਾਂ ਅਨੁਸਾਰ ਇਸ ਵੇਲੇ ਸੂਬੇ ਵਿਚ ਪੜ੍ਹਿਆਂ-ਲਿਖਿਆਂ ਦੀ ਬਹੁਤ ਵੱਡੀ ਫ਼ੌਜ ਬਣ ਚੁੱਕੀ ਹੈ। ਲਗਭਗ 80 ਤੋਂ 90 ਲੱਖ ਮੁੰਡੇ-ਕੁੜੀਆਂ ਨੂੰ ਰੁਜ਼ਗਾਰ ਦੀ ਤਲਾਸ਼ ਹੈ, ਤੇ ਇਹ ਗਿਣਤੀ ਲਗਾਤਾਰ ਵਧ ਰਹੀ ਹੈ।
ਬੜੀ ਤ੍ਰਾਸਦੀ ਹੈ ਕਿ ਪੜ੍ਹੇ-ਲਿਖੇ ਬੇਰੁਜ਼ਗਾਰਾਂ ਨੂੰ ਸਰਕਾਰ ਕੋਲੋਂ ਨੌਕਰੀਆਂ ਲੈਣ ਲਈ ਸੜਕਾਂ ’ਤੇ ਰੋਸ ਧਰਨੇ ਅਤੇ ਮੁਜ਼ਾਹਰੇ ਕਰਨੇ ਪੈ ਰਹੇ ਹਨ ਅਤੇ ਉਹ ਬੁਰੀ ਤਰ੍ਹਾਂ ਰੁਲ਼ ਰਹੇ ਹਨ। ਸਰਕਾਰਾਂ ਵੱਲੋਂ ਉਲਟਾ ਨੌਕਰੀਆਂ ਅਤੇ ਰੁਜ਼ਗਾਰ ਮੰਗਣ ਵਾਲਿਆਂ ’ਤੇ ਪੁਲੀਸ ਰਾਹੀਂ ਡਾਂਗਾਂ ਵਰ੍ਹਾਈਆਂ ਜਾਂਦੀਆਂ ਹਨ ਅਤੇ ਕਈ ਵਾਰ ਕੇਸ ਵੀ ਦਰਜ ਕਰ ਲਏ ਜਾਂਦੇ ਹਨ। ਪਾਣੀ ਦੀਆਂ ਬੁਛਾੜਾਂ ਬੇਰੁਜ਼ਗਾਰਾਂ ’ਤੇ ਵੱਜਦੀਆਂ ਹਨ। ਇਥੋਂ ਤੱਕ ਕਿ ਮੁਟਿਆਰਾਂ ਨੂੰ ਵੀ ਧੂਹਿਆ-ਘੜੀਸਿਆ ਜਾਂਦਾ ਹੈ। ਉਨ੍ਹਾਂ ਦੇ ਕੱਪੜੇ ਫਟ ਜਾਂਦੇ ਹਨ ਅਤੇ ਜ਼ਖ਼ਮੀ ਤੱਕ ਹੋ ਜਾਂਦੀਆਂ ਹਨ। ਨੌਕਰੀਆਂ ਲੈਣ ਲਈ ਕਈ ਥਾਵਾਂ ’ਤੇ ਬੇਰੁਜ਼ਗਾਰ ਪਾਣੀ ਵਾਲੀਆਂ ਟੈਕੀਆਂ ’ਤੇ ਚੜ੍ਹੇ ਹਨ ਤੇ ਆਪਣੇ ਆਪ ਨੂੰ ਅੱਗ ਲਾਉਣ ਤੱਕ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਮਾੜੀ ਗੱਲ ਕਿਸੇ ਸੂਬੇ ਲਈ ਹੋਰ ਕੋਈ ਨਹੀਂ ਹੋ ਸਕਦੀ, ਜਿੱਥੇ ਨੌਕਰੀਆਂ ਨਾ ਮਿਲਣ ਕਰਕੇ ਨੌਜਵਾਨਾਂ ਨੂੰ ਖ਼ੁਦਕੁਸ਼ੀਆਂ ਲਈ ਮਜਬੂਰ ਹੋਣਾ ਪਵੇ।
ਬਹੁਤ ਸਾਰੇ ਮਾਪਿਆਂ ਨੇ ਆਪਣੇ ਧੀਆਂ-ਪੁੱਤਾਂ ਦੀਆਂ ਪੜ੍ਹਾਈਆਂ ’ਤੇ ਲੱਖਾਂ ਰੁਪਏ ਇਸੇ ਕਰ ਕੇ ਖਰਚੇ ਹਨ ਕਿ ਉਹ ਪੜ੍ਹ-ਲਿਖ ਕੇ ਨੌਕਰੀਆਂ ’ਤੇ ਲੱਗ ਜਾਣਗੇ। ਪਰ ਡਿਗਰੀਆਂ ਤੇ ਡਿਪਲੋਮੇ ਕਰ ਕੇ ਵੀ ਮੁੰਡੇ-ਕੁੜੀਆਂ ਨੌਕਰੀਆਂ ਦੀ ਭਾਲ ਵਿਚ ਸੜਕਾਂ ’ਤੇ ਭਟਕ ਰਹੇ ਹਨ, ਪਰ ਨੌਕਰੀ ਕਿਧਰੇ ਨਹੀਂ ਮਿਲਦੀ।
ਗ਼ੌਰਤਲਬ ਹੈ ਕਿ ਪੰਜਾਬ ਦੇ 22 ਜ਼ਿਲ੍ਹਿਆਂ ਅੰਦਰ ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਲੱਖਾਂ ਅਸਾਮੀਆਂ ਖਾਲੀ ਪਈਆਂ ਹਨ। ਅਜਿਹਾ ਸਰਕਾਰਾਂ ਵੱਲੋਂ ਜਾਣਬੁੱਝ ਕੇ ਕਰਿਆ ਗਿਆ ਹੈ। ਪਾਵਰਕੌਮ ਮਹਿਕਮਾ, ਸਿੱਖਿਆ ਵਿਭਾਗ, ਪੁਲੀਸ ਮਹਿਕਮਾ, ਸਿਹਤ ਵਿਭਾਗ, ਜੰਗਲਾਤ, ਸਮਾਜਿਕ ਸੁਰੱਖਿਆ ਵਿਭਾਗ ਅਤੇ ਹੋਰ ਬਹੁਤ ਸਾਰੇ ਸਰਕਾਰੀ ਮਹਿਕਮੇ ਹਨ, ਜਿੱਥੇ ਮੁਲਾਜ਼ਮਾਂ ਦੀ ਵੱਡੀ ਘਾਟ ਰੜਕ ਰਹੀ ਹੈ ਤੇ ਅਸਾਮੀਆਂ ਖਾਲੀ ਹਨ। ਇਨ੍ਹਾਂ ਖਾਲੀ ਅਸਾਮੀਆਂ ਨੂੰ ਨਾ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਦਸ ਸਾਲਾ ਰਾਜ ਭਾਗ ਸਮੇਂ ਭਰਿਆ ਤੇ ਨਾ ਹੀ ਘਰ-ਘਰ ਨੌਕਰੀਆਂ ਦੇਣ ਦੀਆਂ ਗੱਲਾਂ ਕਰਨ ਵਾਲੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਨੇ ਇਸ ਪਾਸੇ ਧਿਆਨ ਦਿੱਤਾ ਹੈ। ਜਦਕਿ ਇਨ੍ਹਾਂ ਖਾਲੀ ਪਈਆਂ ਪੋਸਟਾਂ ਕਰਕੇ ਜਿਥੇ ਬਾਕੀ ਮੁਲਾਜ਼ਮਾਂ ’ਤੇ ਕੰਮ ਦਾ ਜ਼ਿਆਦਾ ਬੋਝ ਪੈਂਦਾ, ਉਥੇ ਦਫ਼ਤਰਾਂ ਵਿਚ ਕੰਮ ਕਰਵਾਉਣ ਆਏ ਲੋਕ ਵੀ ਤੰਗ ਪ੍ਰੇਸ਼ਾਨ ਤੇ ਖੱਜਲ-ਖੁਆਰ ਹੁੰਦੇ ਹਨ ਕਿਉਂਕਿ ਉਨ੍ਹਾਂ ਦਾ ਕੰਮ ਸਮੇਂ ਸਿਰ ਨਹੀਂ ਹੁੰਦਾ।

ਸੁਖਪਾਲ ਸਿੰਘ ਢਿੱਲੋਂ

ਕਦੇ ਖੁਸ਼ਹਾਲ ਅਤੇ ਅਮੀਰ ਸੂਬਿਆਂ ਵਿਚ ਗਿਣੇ ਜਾਂਦੇ ਪੰਜਾਬ ਦਾ ਹਾਲ ਅੱਜ ਬਹੁਤ ਮਾੜਾ ਹੈ। ਬੇਰੁਜ਼ਗਾਰੀ ਕਰਕੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੇ ਆਪਣਾ ਰੁਖ਼ ਬਿਗਾਨੇ ਮੁਲਕਾਂ ਵੱਲ ਕਰ ਲਿਆ ਤੇ ਇੱਥੇ ਕੋਈ ਰਹਿਣਾ ਹੀ ਨਹੀਂ ਚਾਹੁੰਦਾ। ਪੰਜਾਬ ਦੇ ਅੱਧੋਂ ਵੱਧ ਨੌਜਵਾਨ ਮੁੰਡੇ- ਕੁੜੀਆਂ ਕੇਨੈਡਾ, ਅਮਰੀਕਾ, ਆਸਟਰੇਲੀਆ ਤੇ ਹੋਰਨਾਂ ਦੇਸ਼ਾਂ ਵਿਚ ਜਾ ਚੁੱਕੇ ਹਨ ਕਿਉਂਕਿ ਪੰਜਾਬ ਵਿਚ ਉਨ੍ਹਾਂ ਨੂੰ ਆਪਣਾ ਭਵਿੱਖ ਖਤਰੇ ਵਿਚ ਦਿਖਾਈ ਦੇ ਰਿਹਾ ਸੀ। ਇੰਨਾ ਹੀ ਨਹੀਂ ਹਾਲੇ ਵੀ ਨਿੱਤ ਜਹਾਜ਼ ਚੜ੍ਹ ਕੇ ਬਿਗਾਨੀ ਧਰਤੀ ’ਤੇ ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿਨ੍ਹਾਂ ਅੰਗਰੇਜ਼ਾਂ ਨੂੰ ਅਜ਼ਾਦੀ ਲੈਣ ਲਈ ਇੱਥੋਂ ਕੱਢਿਆ ਸੀ ਤੇ ਸ਼ਹੀਦ ਭਗਤ ਸਿੰਘ ਅਤੇ ਹੋਰਨਾਂ ਸੂਰਬੀਰਾਂ ਨੇ ਆਪਣੀਆਂ ਜਾਨਾਂ ਵਾਰੀਆਂ, ਅੱਜ ਉਨ੍ਹਾਂ ਗੋਰਿਆਂ ਦੇ ਦੇਸ਼ ਵਿਚ ਜਾ ਕੇ ਸਾਡੀ ਨੌਜਵਾਨ ਪੀੜ੍ਹੀ ਖੁਦ ਗੁਲਾਮ ਹੋਣ ਲਈ ਮਜਬੂਰ ਹੈ। ਅਜਿਹਾ ਸਾਡੀਆਂ ਮਾੜੀਆਂ ਸਰਕਾਰਾਂ ਤੇ ਮਾੜੀਆਂ ਸਰਕਾਰੀ ਨੀਤੀਆਂ ਕਰਕੇ ਹੋਇਆ ਹੈ ਤੇ ਪੰਜਾਬ ਦੇ ਇਹ ਹਾਲਾਤ ਪੈਦਾ ਕਰਨ ਲਈ ਸਿਆਸੀ ਪਾਰਟੀਆਂ ਦੇ ਨੇਤਾ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ। ਨੌਜਵਾਨਾਂ ਨੂੰ ਜੇ ਸੂਬੇ ਵਿਚ ਨੌਕਰੀਆਂ ਮਿਲਣ, ਰੁਜ਼ਗਾਰ ਮਿਲੇ ਤਾਂ ਉਹ ਲੱਖਾਂ ਰੁਪਏ ਖਰਚ ਕੇ ਬਾਹਰਲੇ ਦੇਸ਼ਾਂ ਵਿਚ ਕਿਉਂ ਧੱਕੇ ਖਾਣ। ਸਿਆਸੀ ਨੇਤਾਵਾਂ ਨੂੰ ਇਕ-ਦੂਜੇ ‘ਤੇ ਚਿੱਕੜ ਸੁੱਟਣ ਨਾਲੋਂ ਇਸ ਅਤਿ ਗੰਭੀਰ ਮਸਲੇ ਵੱਲ ਧਿਆਨ ਦੇਣਾ ਚਾਹੀਦਾ ਹੈ।
ਪਿਛਲੇ ਦੋ ਸਾਲਾਂ ਦੌਰਾਨ ਸੂਬਾ ਸਰਕਾਰ ਨੇ ਚੰਡੀਗੜ੍ਹ, ਮੁਹਾਲੀ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ ਅਤੇ ਬਠਿੰਡਾ ਆਦਿ ਵਿਖੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਜੋ ਰੁਜ਼ਗਾਰ ਮੇਲੇ ਲਗਵਾਏ, ਉਹ ਡਰਾਮੇਬਾਜ਼ੀ ਤੋਂ ਵੱਧ ਕੁਝ ਵੀ ਨਹੀਂ ਸੀ। ਇਨ੍ਹਾਂ ਮੇਲਿਆਂ ਵਿਚ ਸਿਰਫ਼ ਪ੍ਰਾਈਵੇਟ ਕੰਪਨੀਆਂ ਵਾਲਿਆਂ ਨੂੰ ਬੁਲਾ ਲਿਆ ਜਾਂਦਾ ਸੀ ਤੇ ਕਾਲਜਾਂ ਵਿਚ ਪੜ੍ਹਨ ਵਾਲੇ ਮੁੰਡੇ-ਕੁੜੀਆਂ ਨੂੰ ਬੁਲਾ ਕੇ ਇੰਟਰਵਿਊ ਲਈ ਜਾਂਦੀ ਸੀ। ਸਾਫ਼ ਹੈ ਕਿ ਬਸ ਗੱਲਬਾਤਾਂ ਨਾਲ ਹੀ ਸਾਰਿਆ ਗਿਆ। ਸਰਕਾਰ ਲਿਸਟ ਜਾਰੀ ਕਰੇ ਕਿ ਕਿੰਨੇ ਮੁੰਡੇ-ਕੁੜੀਆਂ ਨੂੰ ਨੌਕਰੀਆਂ ਦਿੱਤੀਆਂ ਗਈਆਂ।
ਲਗਭਗ ਸਾਰੇ ਹੀ ਪਿੰਡਾਂ ਵਿਚ ਪੜ੍ਹੇ-ਲਿਖੇ ਬੇਰੁਜ਼ਗਾਰਾਂ ਦੀ ਭਰਮਾਰ ਹੈ, ਪਰ ਹੈਰਾਨੀ ਵਾਲੀ ਗੱਲ ਹੈ ਕਿ ਜਦ ਵੀ ਕੋਈ ਸਿਆਸੀ ਆਗੂ ਪਿੰਡ ਵਿਚ ਆਉਂਦਾ ਹੈ ਤਾਂ ਕਦੇ ਕਿਸੇ ਨੇ ਨਹੀਂ ਪੁੱਛਿਆ ਕਿ ਤੁਹਾਡੇ ਪਿੰਡ ਕਿੰਨੇ ਮੁੰਡੇ-ਕੁੜੀਆਂ ਬੇਰੁਜ਼ਗਾਰ ਹਨ। ਉਨ੍ਹਾਂ ਲਈ ਰੁਜ਼ਗਾਰ ਦਾ ਪ੍ਰਬੰਧ ਕਰਨਾ ਤਾਂ ਦੂਰ ਦੀ ਗੱਲ ਹੈ। ਲੀਡਰ ਤਾਂ ਪਿੰਡਾਂ ਵਾਲਿਆਂ ਨੂੰ ਇਸੇ ਗੱਲ ’ਤੇ ਖੁਸ਼ ਕਰੀ ਰੱਖਦੇ ਹਨ ਕਿ ਚੱਕੋ ਗਲੀਆਂ-ਨਾਲੀਆਂ ਬਣਾਉਣ ਲਈ ਗਰਾਂਟ, ਸਮਸ਼ਾਨਘਾਟ ਦੀ ਚਾਰ ਦੀਵਾਰੀ, ਛੱਪੜ ਦੀ ਚਾਰ ਦੀਵਾਰੀ ਤੇ ਧਰਮਸ਼ਾਲਾ ਲਈ ਗਰਾਂਟ। ਜਦੋਂਕਿ ਸੂਬੇ ਦੀ ਸਭ ਤੋਂ ਵੱਡੀ ਲੋੜ ਰੁਜ਼ਗਾਰ ਦੀ ਹੈ। ਪਹਿਲਾਂ ਤਾਂ ਸਰਕਾਰਾਂ ਨੌਕਰੀਆਂ ਕੱਢਦੀਆਂ ਹੀ ਬਹੁਤ ਘੱਟ ਹਨ। ਜੇ ਥੋੜ੍ਹੀਆਂ-ਬਹੁਤੀਆਂ ਕੱਢੀਆਂ ਵੀ ਜਾਂਦੀਆਂ ਹਨ, ਤਾਂ ਵੀ ਆਮ ਲੋਕਾਂ ਨੂੰ ਨੌਕਰੀ ਨਹੀਂ ਮਿਲਦੀ, ਕਿਉਂਕਿ ਹਰ ਥਾਂ ਪੈਸੇ ਤੇ ਰਿਸ਼ਵਤਖੋਰੀ ਦਾ ਬੋਲਬਾਲਾ ਹੈ। ਜੀਹਦੇ ਕੋਲ ਪੈਸਾ ਨਹੀਂ, ਉਹ ਤਾਂ ਇਸ ਦੌੜ ਵਿਚੋਂ ਉਂਝ ਹੀ ਪਿੱਛੇ ਰਹਿ ਜਾਂਦਾ ਹੈ।
ਬੇਰੁਜ਼ਗਾਰੀ ਦੀ ਸਮੱਸਿਆ ਕਰਕੇ ਹੀ ਪੰਜਾਬ ਦੀ ਜਵਾਨੀ ਗਲਤ ਰਾਹਾਂ ’ਤੇ ਤੁਰੀ ਹੈ। ਲੁੱਟਾਂ, ਖੋਹਾਂ, ਡਕੈਤੀਆਂ, ਫਿਰੌਤੀਆਂ ਤੇ ਕਤਲ ਆਦਿ ਇਸੇ ਕਰਕੇ ਹੋ ਰਹੇ ਹਨ। ਪੈਸਿਆਂ ਦੀ ਪੂਰਤੀ ਲਈ ਨੌਜਵਾਨ ਪੀੜ੍ਹੀ ਜੋ ਗੁੰਮਰਾਹ ਹੋ ਚੁੱਕੀ ਹੈ, ਹਰ ਗਲਤ ਤੋਂ ਗਲਤ ਕੰਮ ਕਰਨ ਲਈ ਵੀ ਤਿਆਰ ਹੋ ਜਾਂਦੀ ਹੈ। ਗੈਂਗਸਟਰ ਵੀ ਬੇਰੁਜ਼ਗਾਰੀ ਵਿਚੋਂ ਪੈਦਾ ਹੋਏ ਹਨ। ਨਸ਼ਿਆਂ ਦਾ ਵਧ ਰਿਹਾ ਰੁਝਾਨ ਵੀ ਬੇਰੁਜ਼ਗਾਰੀ ਕਾਰਨ ਹੈ, ਕਿਉਂਕਿ ਜਦ ਕੋਈ ਕੰਮ-ਧੰਦਾ ਨਹੀਂ ਮਿਲਦਾ ਤਾਂ ਨਿਰਾਸ਼ ਹੋਈ ਨੌਜਵਾਨ ਪੀੜ੍ਹੀ ਨਸ਼ਿਆਂ ਦਾ ਸਹਾਰਾ ਲੈਣ ਲੱਗ ਪੈਂਦੀ ਹੈ।
ਬੇਰੁਜ਼ਗਾਰੀ ਐਨੀ ਵਧ ਚੁੱਕੀ ਹੈ ਕਿ ਪ੍ਰਾਈਵੇਟ ਅਦਾਰਿਆਂ ਅਤੇ ਕੰਪਨੀਆਂ ਵਾਲੇ ਵੀ ਬੇਰੁਜ਼ਗਾਰਾਂ ਦਾ ਸ਼ੋਸ਼ਣ ਕਰਦੇ ਹਨ। ਉਨ੍ਹਾਂ ਨੂੰ ਬਹੁਤ ਘੱਟ ਤਨਖਾਹਾਂ ਦਿੱਤੀਆਂ ਜਾਂਦੀਆਂ ਹਨ ਤੇ ਕੰਮ ਵੱਧ ਲਿਆ ਜਾਂਦਾ ਹੈ। ਛੁੱਟੀ ਵਾਲੇ ਦਿਨ ਦੀ ਤਨਖਾਹ ਕੱਟੀ ਜਾਂਦੀ ਹੈ। ਜਦ ਦਿਲ ਕਰਦਾ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ। ਸਰਕਾਰਾਂ ਆਪਣਾ ਫਰਜ਼ ਸਮਝਣ ਅਤੇ ਜਿਹੜੇ ਨੌਜਵਾਨ ਪੜ੍ਹਾਈਆਂ ’ਤੇ ਲੱਖਾਂ ਰੁਪਏ ਖਰਚਾ ਕਰਕੇ ਵਿਹਲੇ ਤੁਰੇ ਫਿਰਦੇ ਹਨ, ਉਨ੍ਹਾਂ ਨੂੰ ਨੌਕਰੀਆਂ ਦੇਣ ਤੇ ਜਿੰਨਾ ਚਿਰ ਸਰਕਾਰ ਨੌਕਰੀਆਂ ਨਹੀਂ ਦੇ ਸਕਦੀ, ਉਂਨਾ ਚਿਰ ਬੇਰੁਜ਼ਗਾਰਾਂ ਨੂੰ ਘੱਟੋ-ਘੱਟ 20 ਹਜ਼ਾਰ ਰੁਪਏ ਮਹੀਨਾ ਗੁਜ਼ਾਰਾ ਭੱਤਾ ਦਿੱਤਾ ਜਾਵੇ।

-ਪਿੰਡ ਤੇ ਡਾਕਖ਼ਾਨਾ ਭਾਗਸਰ,
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
ਸੰਪਰਕ: 98152-88208


Comments Off on ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੇ ਪੜ੍ਹੇ-ਲਿਖੇ ਪੰਜਾਬੀ ਨੌਜਵਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.