ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ !    ਵਿਆਹ ਦੀ ਪਹਿਲੀ ਵਰ੍ਹੇਗੰਢ !    ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ !    ਆ ਆਪਾਂ ਘਰ ਬਣਾਈਏ !    ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ !    ਮਿੰਨੀ ਕਹਾਣੀ !    ਬਹੁਪੱਖੀ ਜਾਣਕਾਰੀ ਵਾਲਾ ਸਫ਼ਰਨਾਮਾ !    ਲੋਕ ਸਰੋਕਾਰਾਂ ਦੀ ਗੱਲ !    ਬੌਲੀਵੁੱਡ ’ਚ ਭੈਣ-ਭਰਾਵਾਂ ਦਾ ਜਲਵਾ !    ‘ਸਾਂਢ ਕੀ ਆਂਖ’ ਮਹਿਲਾ ਸਸ਼ਕਤੀਕਰਨ ਦੀ ਦਾਸਤਾਨ !    

ਬੇਬੇ ਨਹੀਂ ਭੁੱਲਦੀ…

Posted On July - 12 - 2019

ਕਮਲਜੀਤ ਸਿੰਘ ਬਨਵੈਤ
ਬੇਬੇ ਨੂੰ ਗਿਆਂ ਚਾਰ ਸਾਲ ਹੋ ਗਏ ਨੇ। ਬੇਬੇ ਨਹੀਂ ਰਹੀ ਪਰ ਉਹਦੀਆਂ ਦੁੱਖ-ਸੁੱਖ ਅਤੇ ਖ਼ੁਸ਼ੀ-ਗ਼ਮੀ ਵੇਲੇ ਦੀਆਂ ਗੱਲਾਂ ਚੇਤੇ ਚੋਂ ਵਿਸਰਨੀਆਂ ਤਾਂ ਕੀ ਸਗੋਂ ਸਮਾਂ ਪੈਣ ਨਾਲ ਹੋਰ ਗੂੜ੍ਹੀਆਂ ਹੋ ਗਈਆਂ ਹਨ। ਉਹਦੀ ਇਕ ਗੱਲ ਅੱਜਕੱਲ੍ਹ ਕੁੱਝ ਵਧੇਰੇ ਹੀ ਯਾਦ ਆ ਰਹੀ ਹੈ। ਉਹ ਅਕਸਰ ਕਹਿ ਦਿੰਦੀ ਹੁੰਦੀ ਸੀ, “ਚੰਗਾ ਹੋਇਆ ਬੀਬੀ ਨੇ ਆਪਣੇ ਬੱਚੇ ਨਹੀਂ ਪੜ੍ਹਾਏ, ਸਾਰੇ ਕੋਲ ਤਾਂ ਰਹਿੰਦੇ ਆ। ਘਰੇ ਦਿਨ ਰਾਤ ਰੌਣਕਾਂ ਲੱਗੀਆਂ ਰਹਿੰਦੀਆਂ। ਬਹੂਆਂ, ਪੋਤਿਆਂ, ਦੋਹਤਿਆਂ ਵਿਚ ਹਰ ਵੇਲੇ ਖੇਡਦੀ ਰਹਿੰਦੀ ਆ।”
ਬੇਬੇ ਆਪਣੀ ਵੱਡੀ ਭੈਣ ਨੂੰ ਬੀਬੀ ਕਹਿੰਦੀ ਸੀ। ਦੋਵੇਂ ਇਕੋ ਘਰ ਵਿਆਹੀਆਂ ਹੋਈਆਂ ਸਨ। ਪੇਕਿਆਂ ਤੋਂ ਭੈਣਾਂ ਅਤੇ ਸਹੁਰੇ ਘਰ ਦਰਾਣੀ ਜਠਾਣੀ। ਬੀਬੀ ਦੇ ਘਰ ਦੀ ਰੌਣਕ ਦੇਖ ਕੇ ਉਹਦੇ ਦਿਲ ਨੂੰ ਅੰਦਰੋਂ ਡੋਬੂ ਪੈਂਦਾ, ਤੇ ਉਹ ਕਹਿ ਉੱਠਦੀ, “ਮੈਂ ਤਾਂ ਬੱਚਿਆਂ ਨੂੰ ਪੜ੍ਹਾ ਕੇ ਪਛਤਾ ਰਹੀ ਆਂ। ਸਾਡੇ ਕੋਲ ਆਉਣ ਦਾ ਸਮਾਂ ਹੀ ਨਹੀਂ ਕਿਸੇ ਕੋਲ। ਹਫ਼ਤੇ ਵਿਚ ਛੇ ਦਿਨ ਚੱਲ ਸੋ ਚੱਲ; ਇਕ ਛੁੱਟੀ ਆਉਂਦੀ ਹੈ ਤਾਂ ਬੁੱਢੇ ਮਾਂ ਬਾਪ ਨੂੰ ਦੇਖਣ ਲਈ ਭੱਜੇ ਆਉਂਦੇ ਆ, ਉਹ ਵੀ ਥੈਲਿਆਂ ਨਾਲ ਲੱਦੇ … ਕਦੇ ਫਲ਼-ਫਰੂਟ, ਕਦੇ ਕੱਪੜਾ-ਲੀੜਾ। ਸ਼ਹਿਰ ਜਾ ਕੇ ਮੁੱਲ ਲਏ ਫਲੈਟ ਦੀਆਂ ਕਿਸ਼ਤਾਂ ਅਤੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਅੱਡ। ਉਪਰੋਂ ਸ਼ਹਿਰਨ ਵਹੁਟੀਆਂ ਦੇ ਨਖਰੇ।”
ਉਂਜ ਬੇਬੇ ਖੁਸ਼ ਸੀ ਕਿ ਬੱਚੇ ਆਪੋ-ਆਪਣੇ ਘਰੀਂ ਵੱਸਦੇ-ਰਸਦੇ ਹਨ ਪਰ ਘਰ ਦੇ ਦਲਾਨ ਵਿਚ ਸੰਨਾਟਾ ਬੇਬੇ ਦਾ ਅੰਦਰ ਵੱਢਣੋਂ ਨਾ ਹਟਦਾ। ਉਦੋਂ ਤਾਂ ਉਹਦੇ ਕਾਲਜੇ ਵਿਚ ਅੰਦਰੋਂ ਧੂਹ ਪੈਂਦੀ ਜਦ ਲੌਢੇ ਵੇਲੇ ਘਰ ਦੇ ਫਾਟਕ ਅੱਗਿਓਂ ਲੰਘਦੀਆਂ ਪਿੰਡ ਦੀਆਂ ਨੂੰਹਾਂ, ਧੀਆਂ ਤੇ ਬੱਚਿਆਂ ਦੇ ਪੈਰਾਂ ਦੀ ਬਿੜਕ ਕੰਨੀ ਪੈਂਦੀ। ਬੇਬੇ ਤੇ ਭਾਈਆ ਜੀ ਨੂੰ ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਅਫ਼ਸਰ ਬਣਾਉਣ ਦਾ ਚਾਅ ਸੀ। ਭਾਈਆ ਜੀ ਸੋਚਦੇ … ਚਾਰ ਸਿਆੜਾਂ ਵਿਚ ਹਾੜ੍ਹ ਦੀ ਧੁੱਪ ਵਿਚ ਮਿੱਟੀ ਨਾਲ ਮਿੱਟੀ ਹੁੰਦੇ ਰਿਹਾ ਕਰਨਗੇ।
… ਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਸੀਂ ਛੇ ਦੇ ਛੇ ਭਰਾ ਸ਼ਹਿਰਾਂ ਵਿਚ ਖਿੰਡਰ ਗਏ। ਵਧੀਆ ਨੌਕਰੀ ਲੱਗ ਗਏ। ਬੇਬੇ-ਭਾਈਆ, ਦੋਵੇਂ ਅੰਦਰੋਂ ਖੁਸ਼ ਪਰ ਪੁੱਤਾਂ ਤੋਂ ਦੂਰ ਰਹਿਣ ਦਾ ਹੇਰਵਾ ਢਲਦੀ ਉਮਰੇ ਹੋਰ ਵਧ ਗਿਆ। ਬੱਚੇ ਨੌਕਰੀ ਛੱਡ ਕੇ ਪਿੰਡ ਨਹੀਂ ਸੀ ਵਸ ਸਕਦੇ ਤੇ ਬਜ਼ੁਰਗਾਂ ਨੂੰ ਸ਼ਹਿਰ ਦੀਆਂ ਕੋਠੀਆਂ ਦੇ ਬੰਦ ਬੂਹੇ ਵੱਢ ਵੱਢ ਖਾਂਦੇ। ਬੇਬੇ ਨੂੰ ਹੌਸਲਾ ਸੀ ਕਿ ਮੁੰਡੇ ਹਫ਼ਤੇ ਤੋਂ ਵੱਧ ਦਾ ਨਾਗਾ ਨਾ ਪੈਣ ਦਿੰਦੇ ਤੇ ਆਏ ਗੇੜੇ ਹੱਥ ਉੱਤੇ ਨੋਟ ਵੀ ਧਰ ਜਾਂਦੇ। ਬੱਚਿਆਂ ਨੇ ਸ਼ਹਿਰ ਪੁੱਜ ਕੇ ਚੰਗੀਆਂ ਬਰਕਤਾਂ ਪਾਈਆਂ ਅਤੇ ਹੁਣ ਅਗਲੀ ਪੀੜ੍ਹੀ ਵੀ ਚੰਗੇ ਥਾਂ ਟਿਕਾਣਿਆਂ ਤੇ ਪੁੱਜ ਗਈ ਹੈ।
ਮੈਂ ਪਿੱਛੇ ਜਿਹੇ ਹੀ ਨੌਕਰੀ ਤੋਂ ਸੇਵਾਮੁਕਤ ਹੋਇਆ ਹਾਂ ਪਰ ਪੈਨਸ਼ਨ ਨਹੀਂ ਲੱਗੀ। ਹੁਣ ਮੈਂ ਵਿਹਲਾ ਹਾਂ। ਬੀਵੀ ਸਰਕਾਰੀ ਵਿਭਾਗ ਵਿਚ ਗਜ਼ਟਿਡ ਅਫ਼ਸਰ ਹੈ ਪਰ ਜਿਸ ਤਰੀਕੇ ਦਾ ਰਹਿਣ ਸਹਿਣ ਸਾਰੀ ਉਮਰ ਰੱਖਿਆ ਹੈ, ਉਹ ਇਕ ਤਨਖਾਹ ਨਾਲ ਪੂਰਾ ਨਹੀਂ ਹੁੰਦਾ। ਮੇਰੇ ਰਿਟਾਇਰ ਹੋਣ ਤੋਂ ਪਹਿਲਾਂ ਪੁੱਤਰ ਨੂੰ ਨੌਕਰੀ ਮਿਲ ਗਈ ਸੀ। ਉਹ ਖੁਸ਼ ਹੈ। ਵਧੀਆ ਖਾਂਦਾ ਕਮਾਉਂਦਾ ਹੈ ਤੇ ਪਹਿਨਦਾ ਪੱਚਰਦਾ ਹੈ। ਮਹੀਨੇ ਪਿੱਛੋਂ ਘਰ ਚੱਕਰ ਮਾਰ ਲੈਂਦਾ ਹੈ। ਚਾਰ ਪੰਜ ਛੁੱਟੀਆਂ ਰਲ ਜਾਣ ਤਾਂ ਪਹਾੜਾਂ ਨੂੰ ਨਿਕਲਣ ਦਾ ਪ੍ਰੋਗਰਾਮ ਹੁੰਦਾ ਹੈ। ਗਰਮੀ ਦੀਆਂ ਛੁੱਟੀਆਂ ਵਿਚ ਉਸ ਨੇ ਨੇਪਾਲ ਦਾ ਲੰਮਾ ਟੂਰ ਬਣਾ ਲਿਆ ਸੀ।
ਉਂਜ ਵੀ ਸਾਡੇ ਕੋਲ ਚੰਡੀਗੜ੍ਹ ਆਏ ਨੂੰ ਸਕੂਲ ਕਾਲਜ ਦੇ ਬੇਲੀਆਂ ਨਾਲ ਪ੍ਰੋਗਰਾਮ ਹੀ ਨਹੀਂ ਮੁੱਕਦੇ। ਨੌਕਰੀ ਉਹ ਦਿੱਲੀ ਕਰਦਾ ਹੈ ਪਰ ਅੱਜਕੱਲ੍ਹ ਸਾਡੇ ਕੋਲ ਹੈ। ਮੈਂ ਉਸ ਨਾਲ ਗੱਲ ਛੇੜਦਾ ਹਾਂ ਕਿ ਸੇਵਾ ਮੁਕਤੀ ਪਿੱਛੋਂ ਤੇਰੀ ਮਾਂ ਦੀ ਤਨਖ਼ਾਹ ਨਾਲ ਘਰ ਦਾ ਗੁਜ਼ਾਰਾ ਮਸਾਂ ਤੁਰ ਰਿਹਾ ਹੈ, ਇਸ ਵਾਰ ਆਪਾਂ ਨੂੰ ਖ਼ਰਚਿਆਂ ਤੇ ਕੱਟ ਲਾਉਣਾ ਪੈਣਾ। ਕੋਲ ਬੈਠੀ ਉਹਦੀ ਮਾਂ ਕਹਿੰਦੀ ਹੈ, “ਪੁੱਤ ਆਪਣੀ ਤਨਖਾਹ ਵਿਚੋਂ ਪਾਪਾ ਦੇ ਹੱਥ ਤੇ ਪੰਦਰਾਂ-ਵੀਹ ਹਜ਼ਾਰ ਰੱਖ ਦਿਆ ਕਰ। ਮੈਨੂੰ ਵੀ ਪੈਨਸ਼ਨ ਨਹੀਂ ਲੱਗਣੀ। ਅਸੀਂ ਤਾਂ ਹੁਣ ਤੋਂ ਜਮ੍ਹਾਂ ਪੂੰਜੀ ਖਾਣ ਨੂੰ ਆ ਗਏ ਹਾਂ। ਤੇਰੇ ਵਿਆਹ ਦਾ ਖਰਚਾ ਅਜੇ ਵੱਖਰਾ ਕਰਨ ਨੂੰ ਪਿਆ। ਨਾਲੇ ਸਾਡੇ ਲਈ ਵੀ ਸਮਾਂ ਰੱਖ ਲਿਆ ਕਰ।”
ਫੁੱਤਰ ਜਿਵੇਂ ਫਿੱਸ ਹੀ ਪਿਆ, “ਜੇ ਪੈਸੇ ਦੀ ਇੰਨੀ ਲੋੜ ਸੀ ਤਾਂ ਨਾ ਪੜ੍ਹਾਉਂਦੇ, ਨਹੀਂ ਭੇਜਣਾ ਸੀ ਦਿੱਲੀ … ਛੋਟਾ ਮੋਟਾ ਕੰਮ ਸਿਖਾ ਕੇ ਰੱਖ ਲੈਂਦੇ ਕੋਲ … ਨਾਲੇ ਮੈਂ ਕਦ ਮਨ੍ਹਾ ਕੀਤਾ? ਪੈਸੇ ਦੀ ਲੋੜ ਹੁੰਦੀ ਐ ਤਾਂ ਮੰਗ ਲਿਆ ਕਰੋ।” ਪਰ੍ਹੇ ਬੈਠੇ ਨੂੰ ਮੈਨੂੰ ਆਪਣਾ ਆਪ ਸੁੰਨ ਹੁੰਦਾ ਲੱਗਿਆ। ਮੇਰੇ ਬੁੱਲ੍ਹਾਂ ਤੇ ਇਕਦਮ ਬੇਬੇ ਦਾ ਹੇਰਵਾ ਆ ਗਿਆ- ‘ਮੈਂ ਤਾਂ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਪਛਤਾਈ’। ਮੈਂ ਸੋਚ ਰਿਹਾ ਸੀ- ਇਨ੍ਹਾਂ ਨੇ ਬੁਢੇਪੇ ਦੀ ਢੋਈ ਤਾਂ ਕੀ ਬਣਨਾ, ਇਹ ਤਾਂ ਦੁੱਖ-ਸੁੱਖ ਦੇ ਸਾਥੀ ਵੀ ਨਹੀਂ ਨਿਕਲਣੇ।
ਸੰਪਰਕ: 98147-34035


Comments Off on ਬੇਬੇ ਨਹੀਂ ਭੁੱਲਦੀ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.