ਅੰਡੇਮਾਨ ਨਿਕੋਬਾਰ ਤੋਂ ਸ਼ੁਰੂ ਹੋਇਆ ਸੰਘਰਸ਼ !    ਕੀ ਅਸੀਂ ਕਦੇ ਜਾਗਾਂਗੇ ? !    ਨਿਵਾਣਾਂ ਵੱਲ ਜਾਂਦੀ ਰਾਜਨੀਤੀ !    ਜਪਾਨ ਤੋਂ ਸਬਕ ਸਿੱਖੇ ਪੰਜਾਬ !    ਤੁਸ਼ਾਮ ਦੀ ਬਾਰਾਂਦਰੀ !    ਠੰਢਾ ਲੋਹਾ !    ਇੱਛਾਵਾਂ ਦੇ ਦਮਨ ਦਾ ਦੁਖਾਂਤ !    ਪੰਜਾਬੀ ਸਿਨੇਮਾ ਦਾ ਇਤਿਹਾਸ !    ਮੱਧਕਾਲੀ ਪੰਜਾਬ ਦੀਆਂ ਪੰਜ ਸਦੀਆਂ ਦਾ ਪ੍ਰਮਾਣਿਕ ਇਤਿਹਾਸ !    ਗ਼ਜ਼ਲ !    

ਬਾਬਾ ਨਾਨਕ ਤੇ ਭਾਈ ਮਰਦਾਨੇ ਦੀ ਵਿਰਾਸਤ ਸਾਂਭੀ ਬੈਠਾ ਪਿੰਡ ਹਯਾਤ ਨਗਰ

Posted On July - 24 - 2019

ਨਿੰਦਰ ਘੁਗਿਆਣਵੀ

ਦੇਸ਼-ਵਿਦੇਸ਼ ਵਿਚ ਗੁਰੂ ਨਾਨਕ ਦੇਵ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਵੱਖ ਵੱਖ ਥਾਈਂ ਸਮਾਗਮ ਹੋ ਰਹੇ ਨੇ। ਇਸੇ ਤਹਿਤ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਨੇ ਵੀ ਇਸ ਵਿਚ ਆਪਣਾ ਹਿੱਸਾ ਪਾਉਣ ਲਈ ਕੁਝ ਸਮਾਗਮ ਰੱਖੇ। ਇਨ੍ਹਾਂ ’ਚੋਂ ਦੋ ਸਮਾਗਮ ‘ਰਬਾਬ ਉਤਸਵ’ ਦੇ ਨਾਂ ’ਤੇ ਰੱਖੇ ਗਏ। ਇਨ੍ਹਾਂ ਵਿਚੋਂ ਇਕ ਸਮਾਗਮ ਲਈ ਅਸੀਂ 26 ਮਾਰਚ ਨੂੰ ਗੁਰਦਾਸਪੁਰ ਨੇੜਲੇ ਛੋਟੇ ਜਿਹੇ ਪਿੰਡ ਹਯਾਤ ਨਗਰ ਵੱਲ ਚਾਲੇ ਪਾ ਦਿੱਤੇ।
ਪਿੰਡ ਦੇ ਗੁਰੂ ਘਰ ਦੇ ਨਾਲ ਖਾਲੀ ਪਈ ਥਾਂ ਵਿਚ ਚਾਨਣੀ-ਕਨਾਤ ਲੱਗੀ ਹੋਈ ਸੀ ਤੇ ਮੇਜ ਜੋੜ ਕੇ ਮੰਚ ਬਣਾਇਆ ਹੋਇਆ ਸੀ। ਇਥੇ ਕੁਝ ਬਜ਼ੁਰਗ ਆਪਣੇ ਸਾਥੀਆਂ ਦਾ ਇੰਤਜ਼ਾਰ ਕਰ ਰਹੇ ਸਨ। ਜਦੋਂ ਸਪੀਕਰ ’ਚੋਂ ਰਬਾਬ ਗੂੰਜੀ ਤਾਂ ਘਰ ਬੈਠੇ ਲੋਕ ਵੀ ਉੱਠ ਕੇ ਆ ਗਏ। ਪਰਿਸ਼ਦ ਦੇ ਜਨਰਲ ਸਕੱਤਰ ਲਖਵਿੰਦਰ ਜੌਹਲ ਨੇ ਪਿੰਡ ਦੇ ਲੋਕਾਂ ਨੂੰ ਪਰਿਸ਼ਦ ਦੇ ਸਭਿਆਚਾਰਕ ਤੇ ਸਾਹਿਤਕ ਮਨਸ਼ਿਆਂ ਤੋਂ ਜਾਣੂ ਕਰਵਾਉਣਾ ਸ਼ੁਰੂ ਕੀਤਾ ਤਾਂ ਸਟੇਜ ਦੇ ਸੱਜੇ ਹੱਥ ਬੈਠੀ ਇਕ ਅਧਖੜ ਬੀਬੀ ਦਾ ਫੋਨ ਵੱਜ ਪਿਆ। ਬੀਬੀ ਉੱਚੀ ਆਵਾਜ਼ ਵਿਚ ਨਿਰਸੰਕੋਚ ਬੋਲ ਰਹੀ ਸੀ, ‘‘ਮੈਂ ਗੁਰਦੁਆਰੇ ਆਈ ਆਂ, ਚੰਡੀਗੜ੍ਹੋਂ ਭਾਈ ਆਏ ਨੇ…ਸੱਭਿਆਚਾਰ ਦੀਆਂ ਗੱਲਾਂ ਦੱਸੀ ਜਾਂਦੇ ਨੇ, ਮੈਂ ਸੁਣ ਕੇ ਆਉਨੀ ਆਂ ਘਰ ਨੂੰ।’’ ਬੇਬੇ ਨੂੰ ਫੋਨ ’ਤੇ ਗੱਲਾਂ ਕਰਦੀ ਸੁਣ ਕੇ ਕੁਝ ਕੁ ਜਣੇ ਹੱਸੇ।
ਰਬਾਬੀ ਭਰਾ ਰਣਜੋਧ ਸਿੰਘ ਨੇ ਲਵਜੋਤ ਸਿੰਘ ਪੂਰੇ ਪ੍ਰਸੰਨ ਸਨ ਕਿਉਂਕਿ ਰਬਾਬੀਆਂ ਦੇ ਪਿੰਡ ’ਚ ਅੱਜ ਰਬਾਬ ਦੀਆਂ ਗੱਲਾਂ ਹੋਣ ਲੱਗੀਆਂ ਸਨ। ਭਾਈ ਰਣਜੋਧ ਸਿੰਘ ਨੇ ਹੱਥ ਵਿਚ ਰਬਾਬ ਸਜਾਈ ਹੋਈ ਸੀ। ਇਸ ਮਗਰੋਂ ਉਸ ਦੇ ਵਿਦਿਆਰਥੀ ਮੁੰਡੇ-ਕੁੜੀਆਂ ਵੀ ਰਬਾਬਾਂ ਹੱਥਾਂ ’ਚ ਲੈ ਕੇ ਉਸ ਦੇ ਆਲੇ-ਦੁਆਲੇ ਬੈਠ ਗਏ। ਸੁਰਾਂ ਛਿੜੀਆਂ, ਅਲੌਕਿਕ ਸੰਗੀਤਕ ਨਜ਼ਾਰਾ ਬੱਝ ਗਿਆ। ਉਨ੍ਹਾਂ ਸ਼ਬਦ ‘‘ਇਕ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ।’’ ਗਾਇਆ। ਸੰਗੀਤਕ ਮਿਹਨਤ ਸਾਫ ਝਲਕ ਰਹੀ ਸੀ।
ਇਸ ਦੌਰਾਨ ਭਾਈ ਰਣਜੋਧ ਸਿੰਘ ਨੇ ਦੱਸਿਆ ‘ਏਸ ਪਿੰਡ ਦੇ ਅੱਧਿਓਂ ਵੱਧ ਘਰਾਂ ’ਚ ਰਬਾਬ ਏ, ਨਿਆਣੇ ਲਗਨ ਨਾਲ ਸਿੱਖ ਰਹੇ ਨੇ, ਮੈਂ ਚਾਹੁੰਨਾਂ ਕਿ ਸਾਰੇ ਪਿੰਡ ਦੇ ਹਰ ਘਰ ’ਚ ਰਬਾਬ ਹੋਵੇ.. ਏਸ ਪਿੰਡ ਦੀਆਂ ਧੀਆਂ ਦਾਜ ’ਚ ਰਬਾਬ ਲੈ ਕੇ ਜਾਣ। ਏਸ ਰਬਾਬ ਦੀ ਮਾਨਤਾ ਤੇ ਮਹੱਤਤਾ ਦਾ ਸਾਨੂੰ ਪਤਾ ਹੋਣਾ ਚਾਹੀਦੈ ਤੇ ਅਸੀਂ ਪਤਾ ਲਵਾ ਕੇ ਛੱਡਣੈ।’’ ਬਾਅਦ ਵਿਚ ਪਰਿਸ਼ਦ ਦੇ ਚੇਅਰਮੈਨ ਸੁਰਜੀਤ ਪਾਤਰ ਨੇ ਸੰਬੋਧਨ ਕੀਤਾ। ਉਨ੍ਹਾਂ ਦੀ ਫ਼ਿਕਰਮੰਦੀ ਪਿੰਡ ਵਾਸੀ ਗਹੁ ਨਾਲ ਸੁਣ ਰਹੇ ਸਨ, ‘‘ਸਾਡੀ ਤ੍ਰਾਸਦੀ ਹੈ ਕਿ ਸਾਡੇ ਕੋਲ ਰਬਾਬੀ ਨਹੀਂ ਹਨ.. ਜਦ ਵੀ ਲੋੜ ਪੈਂਦੀ ਹੈ ਤਾਂ ਪੰਜਾਬ ਤੋਂ ਬਾਹਰੋਂ…ਸ੍ਰੀ ਨਗਰੋਂ ਮੰਗਵਾਉਣੇ ਪੈਂਦੇ ਨੇ, ਸਾਡੇ ਰਾਗੀਆਂ ਰਬਾਬ ਕਿਉਂ ਵਿਸਾਰ ਦਿੱਤੀ… ਸਮਝ ਨਹੀਂ ਪੈਂਦੀ ਤੇ ਅਸ਼ਕੇ ਜਾਈਏ ਰਣਜੋਧ ਹੁਰਾਂ ਦੇ, ਜਿਨ੍ਹਾਂ ਬਾਬੇ ਦੀ ਰਬਾਬ ਗਲੇ ਲਗਾਈ।
ਸਮਾਗਮ ਦੀ ਸਮਾਪਤੀ ’ਤੇ ਰਬਾਬੀ ਭਰਾ ਸਾਨੂੰ ਆਪਣੇ ਘਰ ਲਿਜਾਂਦੇ ਨੇ। ਸਾਦ-ਮੁਰਾਦਾ, ਪਿਆਰਾ ਜਿਹਾ, ਮਝੈਲੀਆਂ ਦਾ ਆਮ ਪੇਂਡੂ ਘਰ। ਵਿਹੜੇ ਵੜੇ, ਵਿਹੜੇ ’ਚ ਕੜਾਹੀ ਚੜ੍ਹੀ ਹੋਈ… ਗੁਲਗੁਲੇ ਪੱਕ ਰਹੇ। ਰਣਜੋਧ ਸਿੰਘ ਦੱਸਦੈ, ‘‘ਮੇਰਾ ਵਿਆਹ ਏ, ਅੱਜ ਕੜਾਹੀ ਚੜ੍ਹੀ ਏ…।’’ ਸਾਰੇ ਖੁਸ਼ ਹੁੰਦੇ ਨੇ ਕਿ ਕਿੰੰਨਾ ਸੁਭਾਗਾ ਸਮਾਂ ਹੈ, ਰਬਾਬੀ ਵੀਰ ਦੇ ਵਿਆਹ ਦੀ ਕੜਾਹੀ ਚੜ੍ਹਨ ਦੇ ਦਿਨ ਹੀ ਪਿੰਡ ਵਿਚ ਰਬਾਬ ਉਤਸਵ ਹੋ ਕੇ ਹਟਿਐ। ਟੱਬਰ ਦੇ ਸਾਰੇ ਜੀਅ ਉੱਡ-ਉੱਡ ਮਿਲੇ।

ਨਿੰਦਰ ਘੁਗਿਆਣਵੀ

ਰਣਜੋਧ ਹੁਰਾਂ ਦੱਸਿਆ ਹੋਇਆ ਸੀ ਕਿ ਉਹ ’ਕੱਲੀ ਰਬਾਬ ਸਿਖਾਉਂਦੇ ਹੀ ਨਹੀਂ, ਸਗੋਂ ਬਣਾਉਂਦੇ ਵੀ ਨੇ। ਸਾਡੀ ਸਭਨਾਂ ਦੀ ਚਾਹਤ ਸੀ ਕਿ ਉਹ ਰਬਾਬ ਬਣਾਉਣ ਦੀ ਪ੍ਰਕਿਰਿਆ ਬਾਬਤ ਕੁਝ ਚਾਨਣਾ ਪਾਉਣ। ਵਿਹੜੇ ’ਚ ਖੜ੍ਹਿਆਂ ਰਣਜੋਧ ਸਿੰਘ ਨੇ ਦੱਸਿਆ, ‘‘ਆਹ ਰੁੱਖ ਪਤੈ ਕਿਹੜਾ ਏ? ਏਹ ‘ਤੁਣ’ ਨਾਂ ਦਾ ਰੁੱਖ ਏ…।’’ ਅਸੀਂ ਸਭ ਨੇ ‘ਤੁਣ’ ਰੁੱਖ ਦਾ ਨਾਂ ਵੀ ਪਹਿਲੀ ਵਾਰ ਸੁਣਿਆ ਸੀ ਤੇ ਵੇਖਿਆ ਵੀ ਪਹਿਲੀ ਵਰ ਹੀ ਸੀ। ਇਸ ਦੇ ਨਿੰਮ ਦੇ ਪੱਤਿਆਂ ਜਿਹੇ ਪੱਤੇ ਸਨ।
ਰਣਜੋਧ ਸਿੰਘ ਦੀ ਸਾਜ਼ਾਂ ਪ੍ਰਤੀ ਲਗਨ ਤੇ ਮੋਹ ਵੇਖ ਕੇ ਮੈਂ ਕਈ ਕੁਝ ਸੋਚੀ ਗਿਆ। ਉਹਨੇ ਹੋਰ ਅੱਗੇ ਦੱਸਿਆ ਕਿ ਉਸ ਦੀ ਰੀਝ ਹੈ ਕਿ ਉਸ ਦੇ ਸਾਰੇ ਪਿੰਡ ’ਚ ਸਾਜ਼ ਹੀ ਸਾਜ਼ ਹੋਣ। ਮੇਰੀ ਸੂਈ ‘ਤੁਣ’ ਉੱਤੇ ਅੜ ਗਈ ਸੀ, ਪੁੱਛਦਾ ਹਾਂ, ‘‘ਹੋਰ ਕਿਹੜੇ-ਕਿਹੜੇ ਸਾਜ਼ ਬਣਦੇ ਨੇ ਏਸ ਤੁਣ ਤੋਂ? ਉਹ ਦੱਸਦਾ ਹੈ, ‘‘ਸਾਰੰਗੀ, ਸਾਰੰਦਾ, ਦਿਲਰੁਬਾ ਤੇ ਤਾਊਸ ਵੀ…। ਅਸੀਂ ਘਰ ਵਿਚ ਦਿਲਰੁਬਾ ਤੇ ਸਾਰੰਦਾ ਬਣਾਉਂਦੇ ਆਂ, ਹੁਣ ਤਿੰਨ ਮਹੀਨੇ ਹੋ ਚੱਲੇ ਆ… ਸ਼ਹਿਤੂਤ ਦੀ ਲੱਕੜ ਛੱਪੜ ’ਚ ਸੁੱਟੀ ਹੋਈ ਆ… ਉਹਦੇ ਤੋਂ ਰਬਾਬ ਬਣਾਵਾਂਗੇ… ਹੁਣ ਤੱਕ ਤੀਹ ਦੇ ਲਗਭਗ ਸਾਜ਼ ਹੱਥੀਂ ਬਣਾਏ ਨੇ…  ਸ਼ਹਿਰੋਂ ਆਰੇ ’ਤੇ ਜਾ ਕੇ ਲੋੜ ਮੁਤਾਬਕ ਲੱਕੜ ਵੱਢ ਕੇ ਫਿਰ ਉਸ ਨੂੰ ਘੜਦੇ ਰਹੀਦੈ।’’
‘‘ਇਨ੍ਹਾਂ ਸਾਜ਼ਾਂ ਪ੍ਰਤੀ ਮੁਹੱਬਤ ਕਿੱਥੋਂ ਪੈਦਾ ਹੋਈ?’’ ਮੇਰੀ ਪੁੱਛ ਦਾ ਜਵਾਬ ਰਣਜੋਧ ਸਿੰਘ ਇਉਂ ਦਿੰਦੈ, ‘‘ਨਿੱਕੇ ਹੁੰਦਿਆਂ ਸ਼ਬਦ ’ਚ ਸੁਣਨਾ ‘ਵਾਜੈ ਅਨਹਦ ਤੂਰੇ…। ਬੱਸ… ਲਗਨ ਲੱਗ ਗਈ ਕਿ ਸਾਜ਼ ਬਣਾਉਣੇ ਨੇ, ਵਜਾਉਣੇ ਨੇ, ਸਿਖਾਉਣੇ ਨੇ, ਖੋਜਣੇ ਨੇ… ਇਹ ਆਨੰਤ ਯਾਤਰਾ ਐ… ਲੱਗੇ ਹੋਏ ਆਂ ਬਸ… ਆਓ ਪ੍ਰਸ਼ਾਦਾ ਛਕੀਏ…।’’ ਉਹ ਸਾਨੂੰ ਬੈਠਕ ’ਚ ਲੈ ਜਾਂਦੇ ਹਨ ਤੇ ਤਵੀ ’ਤੇ ਪੱਕ ਰਹੇ ਫੁਲਕੇ, ਦਾਲ ਤੇ ਖਾਣ ਲਈ ਹੋਰ ਕਈ ਕੁਝ ਸਾਡੇ ਮੂਹਰੇ ਲਿਆ ਧਰੀ ਜਾ ਰਹੇ ਨੇ। ਸੋਚਦਾ ਹਾਂ… ਹੌਸਲਾ ਕਾਹਤੋ ਹਾਰਨੈ… ਸੁਰਾਂ ਨੂੰ ਪਿਆਰਨ, ਸਤਿਕਾਰਨ ਤੇ ਸਾਜ਼ਾਂ ਨੂੰ ਦੁਲਾਰਨ ਵਾਲੇ ਸੁਰੀਲੇ ਲੋਕ ਸਾਡੇ ਕੋਲ ਹੈਗੇ ਨੇ… ਭਲਾ ਹੋਵੇ ਇਨ੍ਹਾਂ ਰਬਾਬੀ ਵੀਰਾਂ ਦਾ…।

‘‘ਏਸ ਪਿੰਡ ਦੇ ਅੱਧਿਓਂ ਵੱਧ ਘਰਾਂ ’ਚ ਰਬਾਬ ਏ, ਨਿਆਣੇ ਲਗਨ ਨਾਲ ਸਿੱਖ ਰਹੇ ਨੇ, ਮੈਂ ਚਾਹੁੰਨਾਂ ਕਿ ਸਾਰੇ ਪਿੰਡ ਦੇ ਹਰ ਘਰ ’ਚ ਰਬਾਬ ਹੋਵੇ.. ਏਸ ਪਿੰਡ ਦੀਆਂ ਧੀਆਂ ਦਾਜ ’ਚ ਰਬਾਬ ਲੈ ਕੇ ਜਾਣ। ਏਸ ਰਬਾਬ ਦੀ ਮਾਨਤਾ ਤੇ ਮਹੱਤਤਾ ਦਾ ਸਾਨੂੰ ਪਤਾ ਹੋਣਾ ਚਾਹੀਦੈ ਤੇ ਅਸੀਂ ਪਤਾ ਲਵਾ ਕੇ ਛੱਡਣੈ।’’
-ਭਾਈ ਰਣਜੋਧ ਸਿੰਘ
ਸੰਪਰਕ: 94174-21700


Comments Off on ਬਾਬਾ ਨਾਨਕ ਤੇ ਭਾਈ ਮਰਦਾਨੇ ਦੀ ਵਿਰਾਸਤ ਸਾਂਭੀ ਬੈਠਾ ਪਿੰਡ ਹਯਾਤ ਨਗਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.