ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਬਰ-ਏ-ਸਗ਼ੀਰ ਦੀ ਕਲਾਕਾਰ ਆਸ਼ਾ ਪੌਸਲੇ

Posted On July - 20 - 2019

ਸਿਨੇ ਪੰਜਾਬੀ : ਯਾਦਾਂ ਤੇ ਯਾਦਗਾਰਾਂ

ਮਨਦੀਪ ਸਿੰਘ ਸਿੱਧੂ

ਆਸ਼ਾ ਪੌਸਲੇ ਦੀ ਪੈਦਾਇਸ਼ 1927 ਨੂੰ ਰਿਆਸਤੀ ਸ਼ਹਿਰ ਪਟਿਆਲਾ ਦੇ ਪੰਜਾਬੀ ਮੁਸਲਿਮ ਖ਼ਾਨਦਾਨ ਵਿਚ ਹੋਈ। ਉਸਦਾ ਅਸਲ ਨਾਮ ਸਾਬਿਰਾ ਬੇਗ਼ਮ ਸੀ। ਫ਼ਿਲਮਾਂ ਵਿਚ ਉਸ ਨੂੰ ਆਸ਼ਾ ਪੌਸਲੇ ਦੇ ਨਾਮ ਨਾਲ ਸ਼ੋਹਰਤ ਮਿਲੀ। ਭਾਰਤੀ ਐੱਚ. ਐੱਮ. ਵੀ. ਕੰਪਨੀ ਦੇ ਮਾਰੂਫ਼ ਸੰਗੀਤ ਨਿਰਦੇਸ਼ਕ ਇਨਾਇਤ ਅਲੀ ਨਾਥ ਦੀ ਧੀ ਆਸ਼ਾ ਦੀਆਂ ਦੋ ਭੈਣਾਂ ਰਾਣੀ ਕਿਰਨ (ਅਦਾਕਾਰਾ) ਅਤੇ ਕੌਸਰ ਪਰਵੀਨ (ਅਦਾਕਾਰਾ/ਗੁਲੂਕਾਰਾ) ਵੀ ਫ਼ਿਲਮੀ ਦੁਨੀਆਂ ਨਾਲ ਵਾਬਸਤਾ ਸਨ। ਮਿਡਲ ਤਕ ਤਾਲੀਮ ਹਾਸਿਲ ਕਰਨ ਤੋਂ ਬਾਅਦ ਉਸਨੇ ਰਕਸ, ਮੌਸੀਕੀ ਅਤੇ ਗੁਲੂਕਾਰੀ ਦਾ ਵੀ ਚਾਅ ਪੂਰਾ ਕੀਤਾ। ਇਸ ਤੋਂ ਇਲਾਵਾ ਆਸ਼ਾ ਨੇ ਟੈਲੀਵਿਜ਼ਨ, ਥੀਏਟਰ, ਰੇਡੀਓ ਤੇ ਸਟੇਜ ਨਾਲ ਵੀ ਸਾਂਝ ਬਣਾਈ ਰੱਖੀ।
ਆਸ਼ਾ ਪੌਸਲੇ ਦੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਸਿਨੇ ਸਟੂਡੀਓ, ਲਾਹੌਰ ਦੀ ਜੀ. ਆਰ. ਸੇਠੀ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਗਵਾਂਢੀ’ (1942) ਤੋਂ ਹੋਈ। ਇਸ ਫ਼ਿਲਮ ਵਿਚ ਉਸ ਨੇ ਮਹਿਮਾਨ ਭੂਮਿਕਾ ਅਦਾ ਕੀਤੀ। ਫ਼ਿਲਮ ਦੀ ਕਹਾਣੀ ਨਿਰੰਜਨਪਾਲ, ਗੀਤ ਸੋਹਨਲਾਲ ਸਾਹਿਰ ਬੀ. ਏ. (ਕਪੂਰਥਲਾ) ਤੇ ਵਲੀ ਸਾਹਬ ਅਤੇ ਮੁਕਾਲਮੇ ਵਲੀ ਸਾਹਬ ਨੇ ਤਹਿਰੀਰ ਕੀਤੇ ਸਨ। ਇਹ ਫ਼ਿਲਮ 8 ਅਪਰੈਲ 1942 ਨੂੰ ਰਾਵਲਪਿੰਡੀ ਵਿਖੇ ਨੁਮਾਇਸ਼ ਹੋਈ। ਆਸ਼ਾ ਪੌਸਲੇ ਦੀ ਦੂਜੀ ਪੰਜਾਬੀ ਫ਼ਿਲਮ ਠਾਕੁਰ ਹਿੰਮਤ ਸਿੰਘ ਦੇ ਜ਼ਾਤੀ ਬੈਨਰ ਲੀਲਾ ਮੰਦਰ ਪ੍ਰੋਡਕਸ਼ਨਜ਼, ਲਾਹੌਰ ਦੀ ‘ਕਮਲੀ’ (1946) ਸੀ। ਫ਼ਿਲਮ ਵਿਚ ਆਸ਼ਾ ਪੌਸਲੇ ਨੇ ‘ਤਾਰਾ’ ਦਾ, ਜਿਸਦੇ ਸਨਮੁੱਖ ਅਦਾਕਾਰ ਅਮਰਨਾਥ ਨੇ ‘ਗੁੱਲੋ’ ਦਾ ਪਾਰਟ ਅਦਾ ਕੀਤਾ ਅਤੇ ਦੂਜੀ ਹੀਰੋਇਨ ਵਜੋਂ ਆਸ਼ਾ ਦੀ ਛੋਟੀ ਭੈਣ ਰਾਣੀ ਕਿਰਨ ਨਵੀਂ ਅਦਾਕਾਰਾ ਵਜੋਂ ਪੇਸ਼ ਹੋਈ। ਕਹਾਣੀ, ਮੰਜ਼ਰਨਾਮਾ ਤੇ ਹਿਦਾਇਤਕਾਰੀ ਸ਼ਾਂਤੀ ਪ੍ਰਕਾਸ਼ ਬਖ਼ਸ਼ੀ, ਗੀਤ ਅਤੇ ਮੁਕਾਲਮੇ ਪੀ. ਐੱਨ. ਰੰਗੀਨ ਅਤੇ ਮੌਸੀਕੀ ਮਾਸਟਰ ਇਨਾਇਤ ਹੁਸੈਨ ਨੇ ਮੁਰੱਤਿਬ ਕੀਤੀ। ਆਸ਼ਾ ਪੌਸਲੇ ਤੇ ਅਮਰਨਾਥ ’ਤੇ ਫ਼ਿਲਮਾਏ ‘ਸ਼ਾਮ ਪਈ ਘਰ ਆ ਅੱਖੀਆਂ ਨਾ ਤਰਸਾ’ (ਬਰਕਤ ਅਲੀ ਖ਼ਾਨ, ਜ਼ੀਨਤ ਬੇਗ਼ਮ), ‘ਸੋਹਲ ਨਿਮਾਣੀ ਜੋਗਣ ਜੀਨੂੰ ਕੋਈ ਗੁੱਝਾ ਰੋਗ’, ‘ਕੁਝ ਮਿਲਿਆ ਨਾ ਬਣ ਕੇ ਸਵਾਲੀ’, ‘ਨਿਉਂ ਨਾਲ ਵਪਾਰੀ ਲਾ ਕੇ’ (ਇਕਬਾਲ ਬੇਗ਼ਮ) ਆਦਿ ਗੀਤ ਬੜੇ ਮਕਬੂਲ ਹੋਏ।
ਆਸ਼ਾ ਪੌਸਲੇ ਦੀ ਪਹਿਲੀ ਹਿੰਦੀ ਫ਼ਿਲਮ ਸ਼ੋਰੀ ਪਿਕਚਰਜ਼, ਲਾਹੌਰ ਦੀ ਬਰਕਤ ਰਾਮ ਮਹਿਰਾ ਨਿਰਦੇਸ਼ਿਤ ‘ਚੰਪਾ’ (1945) ਸੀ। ਫ਼ਿਲਮ ’ਚ ਆਸ਼ਾ ਨੇ ‘ਰਜਨੀ’ ਦਾ ਕਿਰਦਾਰ ਨਿਭਾਇਆ ਜਦਕਿ ਪਹਿਲੀ ਹੀਰੋਇਨ ਦੇ ਤੌਰ ’ਤੇ ਮਨੋਰਮਾ ‘ਚੰਪਾ’ ਦਾ ਰੋਲ ਕਰ ਰਹੀ ਸੀ। ਮੁਕਾਲਮੇ ਇਹਸਾਨ ਬੀ. ਏ. ਅਤੇ ਮੌਸੀਕੀ ਅਨੁਪਮ ਘਟਕ ਤੇ ਲੱਛੀ ਰਾਮ ਨੇ ਮੁਰੱਤਿਬ ਕੀਤੀ ਸੀ। ਸ਼ੋਰੀ ਫ਼ਿਲਮਜ਼, ਬੰਬਈ ਦੀ ਹੈਰੋਲਡ ਲੂਈਸ ਉਰਫ਼ ਮਜਨੂੰ ਨਿਰਦੇਸ਼ਿਤ ਫ਼ਿਲਮ ‘ਬਦਨਾਮੀ’ (1946) ’ਚ ਆਸ਼ਾ ਪੌਸਲੇ ਦੂਜੀ ਹੀਰੋਇਨ ਵਜੋਂ ਪ੍ਰਾਣ ਅਤੇ ਮਨੋਰਮਾ ਦਰਮਿਆਨ ਅਹਿਮ ਕਿਰਦਾਰ ਨਿਭਾ ਰਹੀ ਸੀ। ਕਹਾਣੀ ਤੇ ਮੁਕਾਲਮੇ ਆਈ. ਐੱਸ. ਜੌਹਰ, ਮੰਜ਼ਰਨਾਮਾ ਹੈਰੋਲਡ ਲੂਈਸ ਅਤੇ ਮੌਸੀਕਾਰ ਇਕ ਵਾਰ ਫਿਰ ਅਨੁਪਮ ਘਟਕ ਤੇ ਲੱਛੀ ਰਾਮ ਸਨ। ਇੰਡੀਆ ਯੂਨਾਈਟਿਡ ਪਿਕਚਰਜ਼, ਲਾਹੌਰ ਦੀ ਦਾਊਦ ਚਾਂਦ ਨਿਰਦੇਸ਼ਿਤ ਫ਼ਿਲਮ ‘ਪਰਾਏ ਬਸ ਮੇਂ’ (1946) ’ਚ ਉਸਨੇ ‘ਨੀਲੂ’ ਦਾ ਅਤੇ ਹੀਰੋ ਪ੍ਰਾਣ ‘ਪ੍ਰੇਮ’ ਦਾ ਕਿਰਦਾਰ ਨਿਭਾ ਰਿਹਾ ਸੀ। ਕਹਾਣੀ ਸ਼ਾਹਜਹਾਨ ਬੇਗ਼ਮ, ਮੁਕਾਲਮੇ ਇਹਸਾਨ ਬੀ. ਏ., ਗੀਤ ਅਜ਼ੀਜ਼ ਕਸ਼ਮੀਰੀ ਤੇ ਤੂਫ਼ੈਲ ਹੁਸ਼ਿਆਰਪੁਰੀ ਅਤੇ ਸੰਗੀਤ ਨਿਆਜ਼ ਹੁਸੈਨ ਸ਼ੱਮੀ (ਏ. ਆਈ. ਆਰ.) ਤੇ ਵਿਨੋਦ ਨੇ ਤਰਤੀਬ ਕੀਤਾ। ਆਸ਼ਾ ਤੇ ਪ੍ਰਾਣ ’ਤੇ ਫ਼ਿਲਮਾਇਆ ‘ਬਹੇ ਧੀਰੇ-ਧੀਰੇ ਨੈਯਾ ਡਰੂੰ ਮੇਂ ਕਯੋਂ ਭੰਵਰ ਸੇ’ (ਜ਼ੀਨਤ ਬੇਗ਼ਮ, ਇਮਦਾਦ ਹੁਸੈਨ) ਵੀ ਬੜਾ ਪਸੰਦ ਕੀਤਾ ਗਿਆ। ਇਸ ਸੁਪਰਹਿੱਟ ਫ਼ਿਲਮ ਨੇ ਆਸ਼ਾ ਨੂੰ ਸ਼ੋਹਰਤ ਦੇ ਸਿਖ਼ਰ ’ਤੇ ਬਿਠਾ ਦਿੱਤਾ। ਗੰਗਾ ਪ੍ਰੋਡਕਸ਼ਨਜ਼, ਬੰਬੇ ਦੀ ਸ਼ੰਕਰ ਮਹਿਤਾ ਨਿਰਦੇਸ਼ਿਤ ਫ਼ਿਲਮ ‘ਆਈ ਬਹਾਰ’ (1946) ’ਚ ਉਹ ਇਰਸ਼ਾਦ ਤੇ ਅਜਮਲ ਨਾਲ ਦੂਜੀ ਹੀਰੋਇਨ ਵਜੋਂ ਮੌਜੂਦ ਸੀ। ਪ੍ਰਕਾਸ਼ ਪਿਕਚਰਜ਼, ਲਾਹੌਰ ਦੀ ਬਰਕਤ ਮਹਿਰਾ ਨਿਰਦੇਸ਼ਿਤ ਫ਼ਿਲਮ ‘ਸ਼ਹਿਰ ਸੇ ਦੂਰ’ (1946) ’ਚ ਉਹ ਸਹਾਇਕ ਅਦਾਕਾਰਾ ਦਾ ਪਾਰਟ ਨਿਭਾ ਰਹੀ ਸੀ, ਜਦੋਂ ਕਿ ਪਹਿਲੀ ਹੀਰੋਇਨ ਵਜੋਂ ਮੀਨਾ ਸ਼ੋਰੀ ਹੀਰੋ ਅਲ ਨਾਸਿਰ ਨਾਲ ਅਦਾਕਾਰੀ ਕਰ ਰਹੀ ਸੀ। ਦਲਸੁਖ ਐੱਮ. ਪੰਚੋਲੀ ਦੀ ਫ਼ਿਲਮਸਾਜ਼ੀ ’ਚ ਬਣੀ ਇਸ ਫ਼ਿਲਮ ਦੀ ਕਹਾਣੀ ਅਤੇ ਮੁਕਾਲਮੇ ਮਲਿਕ ਹਬੀਬ ਅਹਿਮਦ, ਗੀਤ ਦੀਨਾ ਨਾਥ ਮਧੋਕ ਅਤੇ ਸੰਗੀਤ ਪੰਡਤ ਅਮਰਨਾਥ ਨੇ ਤਿਆਰ ਕੀਤਾ ਸੀ।

ਮਨਦੀਪ ਸਿੰਘ ਸਿੱਧੂ

ਜੀਵਨ ਪਿਕਚਰਜ਼, ਲਾਹੌਰ ਦੀ ਦਾਊਦ ਚਾਂਦ ਨਿਰਦੇਸ਼ਿਤ ਫ਼ਿਲਮ ‘ਆਰਸੀ’ (1947) ’ਚ ਆਸ਼ਾ ਪੌਸਲੇ ਨੇ ਸਹਾਇਕ ਹੀਰੋਇਨ ਦਾ ਕਿਰਦਾਰ ਅਦਾ ਕੀਤਾ, ਜਿਸ ਦੇ ਸਨਮੁੱਖ ਪ੍ਰਾਣ ਸੀ। ਗੀਤ ਤੇ ਮੁਕਾਲਮੇ ਸਰਸ਼ਾਰ ਸੈਲਾਨੀ, ਮੰਜ਼ਰਨਾਮਾ ਮੁਲਕਰਾਜ ਭਾਖੜੀ ਅਤੇ ਦਿਲਕਸ਼ ਤਰਜ਼ਾਂ ਲੱਛੀ ਰਾਮ ਤੇ ਸ਼ਿਆਮ ਸੁੰਦਰ ਨੇ ਬਣਾਈਆਂ। ਇਹ ਫ਼ਿਲਮ 10 ਅਪਰੈਲ 1948 ਨੂੰ ਮੈਜਿਸਟਿਕ ਸਿਨਮਾ, ਬੰਬਈ ਵਿਖੇ ਰਿਲੀਜ਼ ਹੋਈ। ਗੁਪਤਾ ਆਰਟ ਪ੍ਰੋਡਕਸ਼ਨਜ਼, ਬੰਬਈ ਦੀ ਦਾਊਦ ਚਾਂਦ ਨਿਰਦੇਸ਼ਿਤ ਫ਼ਿਲਮ ‘ਏਕ ਰੋਜ਼’ (1947) ’ਚ ਆਸ਼ਾ ਪੌਸਲੇ ਦੂਜੀ ਹੀਰੋਇਨ ਦੇ ਤੌਰ ’ਤੇ ਨਸਰੀਨ (ਵਾਲਿਦਾ ਗੁਲੂਕਾਰਾ ਸਲਮਾ ਆਗਾ) ਤੇ ਅਲ ਨਾਸਿਰ ਨਾਲ ਆਪਣੀ ਬਿਹਤਰੀਨ ਅਦਾਕਾਰੀ ਦੀ ਪੇਸ਼ਕਾਰੀ ਕਰ ਰਹੀ ਸੀ। ਰਾਜਾ ਬ੍ਰਦਰਜ਼ ਲਾਹੌਰ ਦੀ ਪੇਸ਼ਕਸ਼ ਅਤੇ ਦੀਵਾਨ ਪਿਕਚਰਜ਼, ਬੰਬਈ ਦੀ ਜੀ. ਸਿੰਘ ਨਿਰਦੇਸ਼ਿਤ ਫ਼ਿਲਮ ‘ਬਰਸਾਤ ਕੀ ਏਕ ਰਾਤ’ (1948) ’ਚ ਉਸਨੇ ‘ਚੰਪਾ ਦੇਵੀ’ ਦਾ ਪਾਤਰ ਅਦਾ ਕੀਤਾ। ਐੱਮ. ਆਰ. ਭਾਖੜੀ ਦੀ ਫ਼ਿਲਮਸਾਜ਼ੀ ’ਚ ਬਣੀ ਹਿਦਾਇਤਕਾਰ ਦਾਊਦ ਚਾਂਦ ਦੀ ਫ਼ਿਲਮ ‘ਪਪੀਹਾ ਰੇ’ (1948) ’ਚ ਉਸਨੇ ਸਹਾਇਕ ਹੀਰੋਇਨ ਦਾ ਪਾਰਟ ਨਿਭਾਇਆ। ਪਦਮ ਮਹੇਸ਼ਵਰੀ ਦੀ ਪੇਸ਼ਕਸ਼ ਚਿੱਤਰਕਲਾ ਮੰਦਿਰ, ਬੰਬਈ ਦੀ ਸਮਰ ਘੋਸ਼ ਨਿਰਦੇਸ਼ਿਤ ਫ਼ਿਲਮ ‘ਰੂਪ ਰੇਖਾ’ (1948) ਉਸਦੀ ਹਿੰਦੋਸਤਾਨ ਵਿਚ ਆਖ਼ਰੀ ਫ਼ਿਲਮ ਸੀ। ਇਸ ਫ਼ਿਲਮ ਵਿਚ ਆਸ਼ਾ ਅਦਾਕਾਰ ਅਜਮਲ ਦੇ ਸਨਮੁੱਖ ਦੂਜੀ ਹੀਰੋਇਨ ਦਾ ਪਾਰਟ ਨਿਭਾ ਰਹੀ ਸੀ। ਪੰਡਤ ਅਮਰਨਾਥ (ਮਰਹੂਮ) ਦੇ ਸੰਗੀਤ ’ਚ ਵੀਨਾ ਕੋਹਲੀ, ਆਸ਼ਾ ਪੌਸਲੇ ਤੇ ਰੀਹਾਨ ’ਤੇ ਫ਼ਿਲਮਾਇਆ ਗੀਤ ‘ਨੈਨ ਮਿਲਨ ਕੀ ਬਾਤ ਕਿਸੀ ਸੇ ਕਹੀਓ ਨਾ’ (ਮੁਨੱਵਰ ਸੁਲਤਾਨਾ, ਸੁਰਿੰਦਰ ਕੌਰ, ਵਿੱਦਿਆਨਾਥ ਸੇਠ) ਵੀ ਖ਼ੂਬ ਚੱਲਿਆ।
ਦੇਸ਼ ਵੰਡ ਤੋਂ ਬਾਅਦ ਆਸ਼ਾ ਪੌਸਲੇ ਆਪਣੇ ਪਰਿਵਾਰ ਨਾਲ ਪਾਕਿਸਤਾਨ ਜਾ ਵੱਸੀ। ਪੰਚੋਲੀ ਆਰਟ ਸਟੂਡੀਓ ’ਚ ਤਿਆਰਸ਼ੁਦਾ ਤੇ ਦੀਵਾਨ ਪਿਕਚਰਜ਼, ਲਾਹੌਰ ਦੇ ਬੈਨਰ ਹੇਠ ਬਣੀ ਕਿਆਮ ਪਾਕਿਸਤਾਨ ਦੀ ਦਾਊਦ ਚਾਂਦ ਨਿਰਦੇਸ਼ਿਤ ਪਹਿਲੀ ਉਰਦੂ ਫ਼ਿਲਮ ‘ਤੇਰੀ ਯਾਦ’ (1948) ’ਚ ਉਸਨੂੰ ਪਹਿਲੀ ਅਦਾਕਾਰਾ ਹੋਣ ਦਾ ਇਜਾਜ਼ ਹਾਸਲ ਹੋਇਆ, ਜਿਸ ਦੇ ਰੂਬਰੂ ਨਾਸਿਰ ਖ਼ਾਨ (ਭਰਾ ਦਲੀਪ ਕੁਮਾਰ) ਹੀਰੋ ਦਾ ਪਾਰਟ ਅਦਾ ਕਰ ਰਿਹਾ ਸੀ। ਫ਼ਿਲਮ ਦੇ 10 ਗੀਤਾਂ ਵਿਚੋਂ 5 ਗੀਤ ਆਸ਼ਾ ਪੌਸਲੇ ਨੇ ਗਾਏ ਤੇ ਉਸੇ ’ਤੇ ਫ਼ਿਲਮਾਏ ‘ਦੁੱਖ ਕੀ ਮਾਰੀ ਬਰਸੋਂ ਅਪਨੇ ਭਾਗ ਕੋ ਰੋਏ’, ‘ਹਮੇਂ ਤੋ ਇੰਤਜ਼ਾਰ ਥਾ’, ‘ਕਯਾ ਯਾਦ ਸੁਹਾਨੀ ਆਈ’, ‘ਮੈਂ ਤਿੱਤਲੀ ਬਨ ਕੇ ਆਈ’, ‘ਤੇਰੀ ਯਾਦ ਆਈ ਪੀਯਾ ਬੁਲਾਏ’ ਵੀ ਬੜੇ ਮਕਬੂਲ ਹੋਏ। ਇਹ ਫ਼ਿਲਮ 7 ਅਗਸਤ 1948 ਨੂੰ ਪ੍ਰਭਾਤ ਟਾਕੀਜ਼, ਲਾਹੌਰ ਵਿਖੇ ਪਰਦਾਪੇਸ਼ ਹੋਈ। ਪੰਚੋਲੀ ਆਰਟ ਪਿਕਚਰਜ਼, ਬੰਬਈ ਦੀ ਅਹਿਮਦ ਉੱਲਾ ਨਿਰਦੇਸ਼ਿਤ ਫ਼ਿਲਮ ‘ਗ਼ਲਤ ਫ਼ਹਿਮੀ’ ਉਰਫ਼ ‘ਮਿਸ 49’ (1949) ’ਚ ਆਸ਼ਾ ਪੌਸਲੇ ਨੇ ਨਜ਼ਰ ਦੇ ਮੁਕਾਬਿਲ ਹੀਰੋਇਨ ਦਾ ਪਾਰਟ ਅਦਾ ਕੀਤਾ। ਫ਼ਿਲਮ ਦੇ 8 ਗੀਤਾਂ ’ਚੋਂ 3 ਗੀਤ ਆਸ਼ਾ ਪੌਸਲੇ ਨੇ ਗਾਏ ਤੇ ਉਸੇ ’ਤੇ ਫ਼ਿਲਮਾਏ ‘ਮੋਰਾ ਨੰਨ੍ਹਾ ਬਾਲਾ ਜੋਬਨਾ’, ‘ਹਰ ਇਕ ਬਾਤ ਪੇ’ ਤੇ ‘ਹਿੱਪ ਹਿੱਪ ਹੁਰੇ’ ਆਦਿ।
ਵੀਨਸ ਪ੍ਰੋਡਕਸ਼ਨਜ਼, ਲਾਹੌਰ ਦੀ ਤਾਜ ਚੌਧਰੀ ਨਿਰਦੇਸ਼ਿਤ ਫ਼ਿਲਮ ‘ਸ਼ੋਲਾ’ (1952) ਵਿਚ ਉਸਨੇ ਇਰਸ਼ਾਦ ਤੇ ਮਸੂਦ ਨਾਲ ਕੰਮ ਕੀਤਾ, ਪਰ ਫ਼ਿਲਮ ਫਲਾਪ ਰਹੀ। ਐਵਰਨਿਊ ਪਿਕਚਰਜ਼, ਲਾਹੌਰ ਦੀ ਦਾਊਦ ਚਾਂਦ ਨਿਰਦੇਸ਼ਿਤ ਉਰਦੂ ਫ਼ਿਲਮ ‘ਸੱਸੀ’ (1954) ਉਸਦੀ ਗੋਲਡਨ ਜੁਬਲੀ ਫ਼ਿਲਮ ਕਰਾਰ ਪਾਈ।
ਉਸਦੀ ਪਹਿਲੀ ਪੰਜਾਬੀ ਫ਼ਿਲਮ ਹਿਦਾਇਤਕਾਰ ਦਾਊਦ ਦੇ ਜ਼ਾਤੀ ਬੈਨਰ ਚਾਂਦ ਫ਼ਿਲਮਜ਼, ਲਾਹੌਰ ਦੀ ‘ਬੁਲਬੁਲ’ (1955) ਸੀ। ਹੀਰੋ ਦਾ ਕਿਰਦਾਰ ਲਾਲਾ ਸੁਧੀਰ, ਕਹਾਣੀ ਸ਼ਾਹਜਹਾਨ ਬੇਗ਼ਮ, ਮੁਕਾਲਮੇ ਇਹਸਾਨ ਬੀ. ਏ. ਤੇ ਐੱਫ਼. ਡੀ. ਸ਼ਰਫ਼ (ਮਰਹੂਮ) ਅਤੇ ਸੰਗੀਤ ਜੀ. ਏ. ਚਿਸ਼ਤੀ ਨੇ ਤਾਮੀਰ ਕੀਤਾ। ਆਸ਼ਾ ਤੇ ਸੁਧੀਰ ’ਤੇ ਫ਼ਿਲਮਾਏ ਰੁਮਾਨੀ ਗੀਤ ‘ਇਕ ਗੱਲ ਧਾਡੇ ਕੋਲ ਪੁੱਛੀਏ ਕੇ ਨਾ ਜੀ’, ਤੇ ‘ਨੀ ਚੱਲ ਕਿਹੜਾ ਤੇ ਕਿਹੜਾ ਸਹੀ’ (ਇਨਾਇਤ ਹੁਸੈਨ ਭੱਟੀ, ਪੁਖਰਾਜ ਪੱਪੂ) ਬੜੇ ਹਿੱਟ ਹੋਏ। ਕੈਪੀਟਲ ਫ਼ਿਲਮ ਐਕਸਚੇਂਜ, ਲਾਹੌਰ ਦੀ ਲੁਕਮਾਨ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਪੱਤਣ’ (1955) ’ਚ ਆਸ਼ਾ ਨੇ ਅਦਾਕਾਰ ਨਜ਼ਰ ਨਾਲ ਦੂਜੀ ਹੀਰੋਇਨ ਦਾ ਮਜ਼ਾਹੀਆ ਪਾਤਰ ਨਿਭਾਇਆ। ਐਵਰਨਿਊ ਪਿਕਚਰਜ਼, ਲਾਹੌਰ ਦੀ ਐੱਮ. ਐੱਸ. ਡਾਰ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਦੁੱਲਾ ਭੱਟੀ’ (1956) ’ਚ ਉਹ ਮਜ਼ਾਹੀਆ ਅਦਾਕਾਰ ਆਸਿਫ਼ ਜਾਹ ਨਾਲ ਦੂਜੀ ਅਦਾਕਾਰਾ ਵਜੋਂ ਹਾਸ-ਭੂਮਿਕਾ ’ਚ ਮੌਜੂਦ ਸੀ। ਇਹ ਬਲਾਕ ਬਸਟਰ ਫ਼ਿਲਮ 6 ਜਨਵਰੀ 1956 ਨੂੰ ਲਾਹੌਰ ’ਚ ਨੁਮਾਇਸ਼ ਹੋਈ। ਉਸਦੀ ਚਰਿੱਤਰ ਅਦਾਕਾਰਾ ਵਜੋਂ ਆਖਰੀ ਪੰਜਾਬੀ ਫ਼ਿਲਮ ‘ਇਨਸਾਫ਼’ (1986) ਸੀ। ਸਹਿਜ਼ਾਦ ਖਲੀਲ ਨਿਰਦੇਸ਼ਿਤ ਉਸਦਾ ਪੀਟੀਵੀ ਸ਼ੋਅ ‘ਆਸ਼ਾ ਤਮਾਸ਼ਾ’ ਵੀ ਦਰਸ਼ਕਾਂ ’ਚ ਬੇਹੱਦ ਮਕਬੂਲ ਰਿਹਾ।
ਉਸਨੇ ਹਿੰਦੋਸਤਾਨ ਵਿਚ 2 ਪੰਜਾਬੀ, 9 ਹਿੰਦੀ ਫ਼ਿਲਮਾਂ ਅਤੇ ਪਾਕਿਸਤਾਨ ਵਿਚ ਤਕਰੀਬਨ 65 ਉਰਦੂ ਅਤੇ 46 ਪੰਜਾਬੀ ਫ਼ਿਲਮਾਂ ਵਿਚ ਮਰਕਜ਼ੀ, ਸਹਾਇਕ, ਖ਼ਲ ਅਤੇ ਚਰਿੱਤਰ ਅਦਾਕਾਰਾ ਦੇ ਯਾਦਗਾਰੀ ਕਿਰਦਾਰ ਨਿਭਾਏ। 1982 ਵਿਚ ਨਿਗ਼ਾਰ ਐਵਾਰਡ ਨਾਲ ਸਰਫ਼ਰਾਜ਼ ਭਾਰਤ-ਪਾਕਿ ਫ਼ਿਲਮਾਂ ਦੀ ਇਹ ਮਾਰੂਫ਼ ਅਦਾਕਾਰਾ 26 ਮਾਰਚ 1998 ਨੂੰ 71 ਸਾਲਾਂ ਦੀ ਉਮਰੇ ਲਾਹੌਰ ਵਿਚ ਇੰਤਕਾਲ ਫਰਮਾ ਗਈ।

ਸੰਪਰਕ: 97805-09545


Comments Off on ਬਰ-ਏ-ਸਗ਼ੀਰ ਦੀ ਕਲਾਕਾਰ ਆਸ਼ਾ ਪੌਸਲੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.