ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਫੁੱਲਾਂ ਦਾ ਪ੍ਰੇਮੀ ਸ਼ੱਕਰਖੋਰਾ

Posted On July - 13 - 2019

ਗੁਰਮੀਤ ਸਿੰਘ*

ਸ਼ੱਕਰਖੋਰਾ ਜਾਂ ਫੁੱਲਸੁੰਘਣੀ ਸਾਡੇ ਬਾਗ਼- ਬਗੀਚਿਆਂ ਵਿਚ ਫੁੱਲਾਂ ਦੇ ਆਲੇ ਦੁਆਲੇ ਘੁੰਮਦਾ ਬਹੁਤ ਹੀ ਪਿਆਰਾ ਛੋਟਾ ਜਿਹਾ ਪੰਛੀ ਹੈ। ਅੰਗਰੇਜ਼ੀ ਵਿਚ ਇਸ ਨੂੰ Purple Sunbird ਕਹਿੰਦੇ ਹਨ। ਨਰ ਸ਼ੱਕਰਖੋਰਾ ਸੰਤਾਨ ਉਤਪਤੀ ਦੇ ਦਿਨਾਂ ਵਿਚ ਗੂੜ੍ਹੇ ਲਿਸ਼ਕਵੇਂ ਕਾਲੇ ਰੰਗ ਦਾ ਹੁੰਦਾ ਹੈ। ਧੁੱਪ ਵਿਚ ਇਸਦਾ ਕਾਲਾ ਰੰਗ ਨੀਲਾ, ਹਰਾ ਤੇ ਜਾਮਣੀ ਭਾਅ ਮਾਰਦਾ ਹੈ। ਸ਼ੱਕਰਖੋਰਾ ਮੁੱਖ ਰੂਪ ਵਿਚ ਭਾਰਤੀ ਉਪ ਮਹਾਂਦੀਪ ਤੋਂ ਹੈ। ਇਸ ਜਾਤੀ ਦੇ ਦੂਜੇ ਸ਼ੱਕਰਖੋਰੇ ਪੰਛੀਆਂ ਦੀ ਤਰ੍ਹਾਂ ਇਹ ਵੀ ਆਕਾਰ ਵਿਚ ਛੋਟਾ ਹੁੰਦਾ ਹੈ। ਇਹ ਚਾਰ ਇੰਚ ਭਾਵ ਦਸ ਸੈਂਟੀਮੀਟਰ ਤਕ ਲੰਬਾ ਹੁੰਦਾ ਹੈ। ਇਸ ਦਾ ਭਾਰ 6 ਤੋਂ 10 ਗ੍ਰਾਮ ਤਕ ਹੁੰਦਾ ਹੈ। ਇਹ ਅਕਸਰ ਜੋੜਿਆਂ ਵਿਚ ਵੇਖਣ ਨੂੰ ਮਿਲਦੇ ਹਨ। ਨਰ ਅਤੇ ਮਾਦਾ ਜਿਸਮਾਨੀ ਤੌਰ ’ਤੇ ਵੱਖਰੇ ਰੰਗ ਢੰਗ ਵਿਚ ਹੁੰਦੇ ਹਨ। ਨਰ ਸ਼ੱਕਰਖੋਰਾ, ਮਾਦਾ ਸ਼ੱਕਰਖੋਰੇ ਨਾਲੋਂ ਥੋੜ੍ਹਾ ਵੱਡਾ ਹੁੰਦਾ ਹੈ। ਮਾਦਾ ਉੱਪਰੋਂ ਹਰੀ ਤੇ ਖਾਕੀ ਰੰਗ ਦੀ ਅਤੇ ਹੇਠੋਂ ਸਾਰੀ ਫਿੱਕੇ ਪੀਲੇ ਰੰਗ ਦੀ ਹੁੰਦੀ ਹੈ। ਅੱਖਾਂ ਭੂਰੀਆਂ ਹੁੰਦੀਆਂ ਹਨ। ਚੁੰਝ ਤੇ ਪਹੁੰਚੇ ਕਾਲੇ ਹੁੰਦੇ ਹਨ। ਇਸ ਦੀ ਚੁੰਝ ਅੱਗੇ ਤੋਂ ਮੁੜੀ ਹੋਈ ਹੁੰਦੀ ਹੈ। ਸ਼ੱਕਰਖੋਰਾ ਜ਼ਿਆਦਾਤਰ ਫੁੱਲਾਂ ਦਾ ਰਸ ਚੂਸਦਾ ਹੈ ਅਤੇ ਕਈ ਵਾਰੀ ਤਾਂ ਹਵਾ ਵਿਚ ਪਰ ਮਾਰਦੇ ਹੋਏ ਫੁੱਲਾਂ ’ਤੇ ਮੰਡਰਾਉਂਦਾ ਹੋਇਆ ਰਸ ਚੂਸਦਾ ਹੈ। ਫੁੱਲਾਂ ਦਾ ਰਸ ਸ਼ੱਕਰਖੋਰੇ ਦੀ ਮੁੱਢਲੀ ਖੁਰਾਕ ਹੈ। ਇਸ ਦੀ ਜੀਭ ਕੁਦਰਤ ਨੇ ਰਸ ਚੂਸਣ ਲਈ ਨਲਕੀਦਾਰ ਬਣਾਈ ਹੁੰਦੀ ਹੈ। ਇਹ ਕਈ ਵਾਰ ਕੀੜੇ-ਮਕੌੜੇ ਅਤੇ ਫ਼ਲ ਵੀ ਖਾ ਲੈਂਦਾ ਹੈ। ਇਹ ਵਧੀਆ ਪਰਾਗਣ ਦਾ ਕੰਮ ਵੀ ਕਰਦਾ ਹੈ। ਇਸ ਦੀਆਂ 145 ਪ੍ਰਜਾਤੀਆਂ ਹਨ।

ਗੁਰਮੀਤ ਸਿੰਘ*

ਸ਼ੱਕਰਖੋਰੇ ਨੂੰ ਇਕ ਫੁੱਲ ਦੀ ਟਹਿਣੀ ਤੋਂ ਦੂਜੇ ਫੁੱਲ ਦੀ ਟਹਿਣੀ ’ਤੇ ਚਿੱਕ-ਚਿੱਕ-ਚਿੱਕ ਦੀਆਂ ਆਵਾਜ਼ਾਂ ਕੱਢਦੇ ਸੁਣਿਆ ਜਾ ਸਕਦਾ ਹੈ। ਇਹ ਪਰਵਾਸੀ ਪੰਛੀ ਨਹੀਂ ਹੈ। ਉਹ ਸਾਰਾ ਸਾਲ ਇਕੋ ਤਰ੍ਹਾਂ ਦੇ ਵਾਤਾਵਰਨ ਵਿਚ ਵਾਸ ਕਰਦਾ ਹੈ। ਸ਼ੱਕਰਖੋਰੇ ਦਾ ਪ੍ਰਜਣਨ ਦਾ ਸਮਾਂ ਆਮ ਤੌਰ ’ਤੇ ਮੌਨਸੂਨ ਦੀ ਸ਼ੁਰੂਆਤ ਤੋਂ ਪਹਿਲਾਂ ਸ਼ੁਰੂ ਹੁੰਦਾ ਹੈ, ਪਰ ਇਹ ਵੱਖ ਵੱਖ ਥਾਵਾਂ ’ਤੇ ਵੱਖਰਾ ਹੋ ਸਕਦਾ ਹੈ। ਉੱਤਰੀ ਭਾਰਤ ਵਿਚ ਇਹ ਅਪਰੈਲ ਤੋਂ ਜੂਨ ਤਕ ਹੁੰਦਾ ਹੈ। ਨਰ ਸ਼ੱਕਰਖੋਰਾ ਪ੍ਰਜਣਨ ਤੋਂ ਪਹਿਲਾਂ ਮਾਦਾ ਨੂੰ ਆਪਣੇ ਪਿਆਰ ਦੇ ਵੱਖ-ਵੱਖ ਢੰਗ ਦਿਖਾਉਂਦਾ ਹੈ। ਜਿਸ ਵਿਚ ਨਰ ਦਾ ਸਿਰ ਉੱਪਰ ਨੂੰ ਚੁੱਕ ਕੇ ਮਟਕ ਨਾਲ ਚੱਲਣਾ, ਪੂਛ ਨੂੰ ਹਿਲਾਉਣਾ ਅਤੇ ਆਪਣੇ ਪਰਾਂ ਨੂੰ ਮਾਦਾ ਸਾਹਮਣੇ ਫੜ ਫੜਾਉਣਾ। ਮਾਦਾ ਵੱਲੋਂ ਆਲ੍ਹਣਾ ਲਗਪਗ 5 ਤੋਂ 10 ਦਿਨਾਂ ਵਿਚ ਬਣਾ ਲਿਆ ਜਾਂਦਾ ਹੈ। ਇਨ੍ਹਾਂ ਦਾ ਆਲ੍ਹਣਾ ਇਕ ਥੈਲੀ ਦੀ ਤਰ੍ਹਾਂ ਲਮਕਦਾ ਹੈ ਜੋ ਕਿ ਫ਼ਲਾਂ, ਪੌਦਿਆਂ ਦੀਆਂ ਸੁੱਕੀਆਂ ਧਾਗੇ ਵਰਗੀਆਂ ਤੀਲ੍ਹੀਆਂ ਅਤੇ ਸੁੱਕੇ ਹੋਏ ਰੁੱਖਾਂ ਦੇ ਸੱਕ ਦਾ ਬਣਾਇਆ ਹੁੰਦਾ ਹੈ। ਅੰਦਰ ਜਾਣ ਲਈ ਇਕ ਪਾਸੇ ਤੋਂ ਹੀ ਰਸਤਾ ਰੱਖਿਆ ਜਾਂਦਾ ਹੈ। ਆਲ੍ਹਣਾ ਆਮ ਤੌਰ ’ਤੇ ਰੁੱਖ ਦੀ ਨੀਵੀਂ ਜਿਹੀ ਟਹਿਣੀ ਨਾਲ ਲਮਕਾਇਆ ਹੁੰਦਾ ਹੈ, ਪਰ ਕਈ ਵਾਰ ਇਸਨੂੰ ਤਾਰਾਂ ’ਤੇ ਵੀ ਲਮਕਾਇਆ ਵੇਖਿਆ ਜਾ ਸਕਦਾ ਹੈ। ਮਾਦਾ ਵੱਲੋਂ ਅਕਸਰ ਦੋ ਆਂਡੇ ਦਿੱਤੇ ਜਾਂਦੇ ਹਨ। ਆਂਡਿਆਂ ਵਿਚੋਂ ਬੱਚੇ ਕੱਢਣ ਦਾ ਜ਼ਿਆਦਾ ਕੰਮ ਮਾਦਾ ਵੱਲੋਂ ਹੀ ਕੀਤਾ ਜਾਂਦਾ ਹੈ। ਆਂਡਿਆਂ ਵਿਚੋਂ ਬੱਚੇ 15 ਤੋਂ 17 ਦਿਨਾਂ ਬਾਅਦ ਨਿਕਲ ਆਉਂਦੇ ਹਨ। ਦੋਵੇਂ ਨਰ ਅਤੇ ਮਾਦਾ ਸ਼ੱਕਰਖੋਰਾ ਆਪਣੇ ਆਲ੍ਹਣੇ ਅਤੇ ਬੱਚਿਆਂ ਨੂੰ ਉੱਲੂ ਅਤੇ ਦੂਸਰੇ ਸ਼ਿਕਾਰੀ ਪੰਛੀਆਂ ਤੋਂ ਬਚਾਉਣ ਲਈ ਹਮੇਸ਼ਾਂ ਚੌਕੰਨੇ ਰਹਿੰਦੇ ਹਨ। ਸ਼ੱਕਰਖੋਰੇ ਦੀ ਆਵਾਜ਼ ਕੀੜੇ- ਮਕੌੜਿਆਂ ਵਰਗੀ ਹੁੰਦੀ ਹੈ ਜੋ ਸੋਹਣੀ ਨਹੀਂ ਹੁੰਦੀ। ਵਿਗਿਆਨੀਆਂ ਵੱਲੋਂ ਇਸਦੀ ਉਮਰ ਸੱਤ ਸਾਲ ਦੱਸੀ ਗਈ ਹੈ।
ਆਈ.ਯੂ. ਸੀ. ਐੱਨ. (ਇੰਟਰਨੈਸ਼ਨਲ ਯੂਨੀਅਨ ਫਾਰ ਨੇਚਰ ਕੰਜ਼ਰਵੇਸ਼ਨ) ਨੇ ਤਾਂ ਇਸਦੀ ਗਿਣਤੀ ’ਤੇ ਕੋਈ ਮਾੜਾ ਅਸਰ ਨਹੀਂ ਦੱਸਿਆ, ਪਰ ਭਾਰਤ ਸਰਕਾਰ ਨੇ ਜੰਗਲੀ ਜੀਵ (ਸੁਰੱਖਿਆ) ਐਕਟ, 1972 ਨਾਲ ਇਸਨੂੰ ਐਕਟ ਦੀ ਅਨੁਸੂਚੀ-5 ਵਿਚ ਰੱਖ ਕੇ ਪੂਰਨ ਸੁਰੱਖਿਆ ਦਿੱਤੀ ਹੈ। ਇਸਨੂੰ ਜਾਲ ਨਾਲ ਫੜਨਾ, ਵੇਚਣਾ ਜਾਂ ਫਿਰ ਪਾਲਤੂ ਬਣਾ ਕੇ ਘਰ ਵਿਚ ਰੱਖਣਾ ਕਾਨੂੰਨੀ ਅਪਰਾਧ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ : 98884-56910


Comments Off on ਫੁੱਲਾਂ ਦਾ ਪ੍ਰੇਮੀ ਸ਼ੱਕਰਖੋਰਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.