ਆਪਣੇ ਹਮਜ਼ਾਦ ਦੀ ਨਜ਼ਰ ਵਿਚ ਮੰਟੋ !    ਥਿਓਡਰ ਅਡੋਰਨੋ : ਪ੍ਰਬੁੱਧਤਾ ਦੀ ਡਾਇਲੈਕਟਿਕਸ !    ਨਵੀਆਂ ਰਾਣੀਆਂ !    ਸਾਡੇ ਵਿਆਹ - ਅਤੀਤ ਅਤੇ ਵਰਤਮਾਨ ਦੇ ਝਰੋਖਿਆਂ ਵਿੱਚੋਂ !    ਹਿਟਲਰ ਖ਼ਿਲਾਫ਼ ਜੰਗ ਛੇੜਣ ਵਾਲਾ ‘ਵ੍ਹਾਈਟ ਰੋਜ਼’ !    ਖ਼ੁਸ਼ ਲੋਕਾਂ ਦੀ ਧਰਤੀ ਭੂਟਾਨ !    ਅਸਹਿਮਤੀ ਦਾ ਪ੍ਰਵਚਨ !    ਲੋਕਾਂ ਨੂੰ ਲੋਕਾਂ ਨਾਲ ਜੋੜਦੀ ਸ਼ਾਇਰੀ !    ਆਜ਼ਾਦੀਆਂ !    ਚਪੇੜਾਂ ਖਾਣ ਵਾਲੇ ਨੇਤਾ ਜੀ !    

ਪੰਜਾਬ ਵਿੱਚ ਮੌਲਿਕ ਚਿੰਤਕਾਂ ਦਾ ਮੈਦਾਨ ਖਾਲੀ ਕਿਉਂ ?

Posted On July - 14 - 2019

ਕਰਮਜੀਤ ਸਿੰਘ

ਤੀਹ ਜੂਨ ਦੇ ‘ਨਜ਼ਰੀਆ’ ਪੰਨੇ ’ਤੇ ਛਪੇ ਦੋ ਲੇਖਾਂ ‘ਸਾਹਿਤ ਤੇ ਚਿੰਤਨ ਪਰੰਪਰਾ’ ਅਤੇ ‘ਤਰਕਹੀਣ ਫ਼ੈਸਲਿਆਂ ਪਿਛਲਾ ਤਰਕ’ ਵਿਚ ਕ੍ਰਮਵਾਰ ਸਵਰਾਜਬੀਰ ਅਤੇ ਕੰਵਲਜੀਤ ਸਿੰਘ ਚਿੰਤਨ ਨਾਲ ਜੁੜੇ ਡੂੰਘੇ ਫ਼ਿਕਰਾਂ ਦੀ ਯਾਦ ਕਰਵਾ ਰਹੇ ਹਨ। ਇਹ ਰਚਨਾਵਾਂ ਜਿੱਥੇ ਜਗਦੇ ਤੇ ਜਗਾਉਣ ਵਾਲੇ ਬੰਦਿਆਂ ਲਈ ਵੱਡੀ ਲਲਕਾਰ ਤੇ ਵੰਗਾਰ ਬਣ ਕੇ ਆਈਆਂ ਹਨ, ਉੱਥੇ ਤੁਹਾਨੂੰ ਕਿਸੇ ਹੱਦ ਤੱਕ ਪ੍ਰੇਸ਼ਾਨ ਵੀ ਕਰਦੀਆਂ ਹਨ।
ਸਵਰਾਜਬੀਰ ਦੀ ਪਿਆਸ ਇਹ ਜਾਨਣ ਵਿਚ ਹੈ ਕਿ ਪੰਜਾਬ ਦੀ ਜ਼ਰਖੇਜ਼ ਜ਼ਮੀਨ ’ਤੇ ਵੀਹਵੀਂ ਸਦੀ ਵਿਚ ਕੋਈ ਵੱਡਾ ਮੌਲਿਕ ਚਿੰਤਕ ਆਖਰਕਾਰ ਕਿਉਂ ਨਹੀਂ ਪੈਦਾ ਹੋਇਆ- ਇਕ ਅਜਿਹਾ ਚਿੰਤਕ ਜੋ ਪੰਜਾਬ ਦੀ ਮਿੱਟੀ ਦੇ ਅਦਭੁੱਤ, ਅਣਪਛਾਤੇ, ਅਣਦਿਸਦੇ, ਦਿਸਦੇ, ਅਣਦੇਖੇ ਅਤੇ ਅਣਵੰਡੇ ਰੰਗਾਂ ਦੇ ਸਾਰੇ ਭੇਤਾਂ ਅਤੇ ਰਹੱਸਾਂ ਨੂੰ ਜੱਗ ਜ਼ਾਹਰ ਕਰ ਦੇਵੇ, ਆਪਣੇ ਕਲਾਵੇ ਵਿਚ ਸਮੇਟ ਲਏ। ਦੂਜੇ ਸ਼ਬਦਾਂ ਵਿਚ, ਘੁੱਪ ਹਨੇਰੇ ਵਿੱਚੋਂ ਕੋਈ ਵੀ ਚੰਦ ਬਣ ਕੇ ਸਾਹਮਣੇ ਕਿਉਂ ਨਹੀਂ ਆ ਸਕਿਆ?
ਦੂਜੇ ਪਾਸੇ ਗੰਭੀਰ ਕਾਰਨਾਂ ਦੀ ਗਹਿਰਾਈ ਵਿਚ ਉਤਰੇ ਹਨ ਕੰਵਲਜੀਤ ਸਿੰਘ ਅਤੇ ਉਹ ਸੱਚਮੁੱਚ ਬਹੁਤ ਦੂਰ ਤੱਕ ਗਏ ਹਨ ਜਿਸ ਦੂਰੀ ਤੱਕ ਜਾਣ ਵਾਲੇ ਰਾਜਨੀਤਿਕ ਤੇ ਸਮਾਜਿਕ ਵਿਸ਼ਲੇਸ਼ਣ ਹਾਲ ਵਿਚ ਬਹੁਤ ਘੱਟ ਵੇਖਣ ਨੂੰ ਮਿਲੇ ਹਨ। ਇਸ ਲੇਖਕ ਨੇ ਸ੍ਰੀ ਨਰਿੰਦਰ ਮੋਦੀ ਦੀ ਜਿੱਤ ਦੇ ਪ੍ਰਸੰਗ ਵਿਚ ਉਨ੍ਹਾਂ ਵਿਦਵਾਨਾਂ ਨੂੰ ਸਵਾਲਾਂ ਦੇ ਘੇਰੇ ਵਿਚ ਖੜ੍ਹਾ ਕਰ ਦਿੱਤਾ ਹੈ ਜੋ ਅਕਸਰ ਸਾਡੇ ਅੰਦਰ ਇਹ ਸਬਕ ਪੱਕਾ ਕਰਦੇ ਆ ਰਹੇ ਹਨ ਕਿ ਦੇਖੋ ਜੀ! ਲੋਕ ਹੀ ਮਹਾਨ ਹੁੰਦੇ ਹਨ, ਰੋਟੀ ਦਾ ਮਸਲਾ ਬਹੁਤ ਵੱਡਾ ਰੋਲ ਅਦਾ ਕਰਦਾ ਹੈ, ਬੇਰੁਜ਼ਗਾਰੀ ਮੁਲਕਾਂ ਦੇ ਤਖ਼ਤੇ ਪਲਟ ਦਿੰਦੀ ਹੈ ਆਦਿ। ਪਰ ਕੰਵਲਜੀਤ ਵੱਲੋਂ ਉਠਾਏ ਇਹ ਨੁਕਤੇ ਵੱਡੀ ਬਹਿਸ ਦੀ ਮੰਗ ਕਰਦੇ ਹਨ ਕਿ ਸ੍ਰੀ ਮੋਦੀ ਦੀ ਜਿੱਤ ਨੇ ਦੇਸ਼ਭਗਤੀ, ਫ਼ੌਜੀ ਤਾਕਤ ਅਤੇ ਧਾਰਮਿਕ ਜਨੂੰਨ ਵਰਗੇ ਅਮੂਰਤ ਮੁੱਦਿਆਂ ਨੂੰ ਸਮੂਰਤ ਕਰ ਕੇ ਕਿਵੇਂ ਵਿਖਾ ਦਿੱਤਾ? ਅਤੇ ਉਨ੍ਹਾਂ ਸਾਰੇ ਮੁੱਦਿਆਂ ਦੀ ਪਿੱਠ ਕਿਉਂ ਤੇ ਕਿਵੇਂ ਲਵਾ ਦਿੱਤੀ ਜੋ ਸਿੱਧੇ-ਅਸਿੱਧੇ ਰੂਪ ਵਿਚ ਰੋਟੀ ਨਾਲ ਜੁੜੇ ਹੋਏ ਸਨ? ਉਹ ਇਕਪਰਤੀ ਕਾਰਨਾਂ ਤੋਂ ਅੱਗੇ ਲਿਜਾ ਕੇ ਉਸ ਥਾਂ ਵੱਲ ਮੋੜ ਕੱਟਦਾ ਹੈ ਜਿਸ ਨੂੰ ਉਸ ਨੇ ‘ਸਮੂਹਿਕ ਅੰਤਰਮੁਖਤਾ’ ਦਾ ਨਾਂ ਦਿੱਤਾ ਹੈ, ਅਸਲ ਵਿਚ ਇਹੋ ਇਸ ਲੇਖ ਦਾ ਹਾਸਲ ਹੈ। ਇਹੋ ਇਕ ਸੋਚ ਹੈ ਜਿਸ ਨੂੰ ‘ਸਮੂਹਿਕ ਬਾਹਰਮੁਖਤਾ’ ਨੇ ਹੁਣ ਤੱਕ ਰੋਕ ਕੇ ਰੱਖਿਆ ਹੋਇਆ ਸੀ ਜਾਂ ਇਸ ਨੂੰ ਅਣਹੋਇਆ ਕਰਾਰ ਦਿੱਤਾ ਹੋਇਆ ਸੀ। ਇਹ ਸਮੂਹਿਕ ਅੰਤਰਮੁਖਤਾ ਅਤੇ ਸਮੂਹਿਕ ਬਾਹਰਮੁਖਤਾ ਕੀ ਹੁੰਦੀ ਹੈ? ਕੰਵਲਜੀਤ ਸਿੰਘ ਇਸ ਦੀ ਗੰਭੀਰ ਵਿਆਖਿਆ ਵਿਚ ਨਹੀਂ ਪੈਂਦੇ। ਸ਼ਾਇਦ ਜੇ ਇਸ ਦੀ ਵਿਆਖਿਆ ਹੋਣ ਲੱਗੀ ਤਾਂ ਖੱਬੇ ਪੱਖੀ ਰੁਝਾਨਾਂ ਦੀ ਹਮਾਇਤ ਉੱਤੇ ਉਸਰਿਆ ਇਹ ਲੇਖ ਬਾਹਰਮੁਖਤਾ ਦੇ ਸੰਕਲਪ ਦੀਆਂ ਨੀਹਾਂ ਕਮਜ਼ੋਰ ਕਰ ਦੇਵੇਗਾ। ਪਰ ਇਸ ਲੇਖ ਨੇ ਇਕ ਗੱਲ ਤਾਂ ਦੱਸ ਹੀ ਦਿੱਤੀ ਹੈ ਕਿ ਸਮਾਜਿਕ ਤੇ ਰਾਜਨੀਤਿਕ ਜੱਦੋਜਹਿਦਾਂ ਨੂੰ ਸਮੂਹਿਕ ਅੰਤਰਮੁਖਤਾ ਦੇ ਨਜ਼ਰੀਏ ਤੋਂ ਸਮਝਣ ਦੀ ਲੋੜ ਹੈ। ਕਿਉਂਕਿ ਇਸ ਲੇਖ ਦੀ ਅੰਦਰੂਨੀ ਬਣਤਰ ਵਿਚ ਖੱਬੇ ਪੱਖੀ ਰੁਝਾਨ ਨਜ਼ਰ ਆਉਂਦੇ ਹਨ ਜਿਨ੍ਹਾਂ ਦੀ ਉਸਾਰੀ ਕੁੱਲ ਮਿਲਾ ਕੇ ਬਾਹਰਮੁਖੀ ਸੰਕਲਪਾਂ ਉੱਤੇ ਹੀ ਨਿਰਭਰ ਹੁੰਦੀ ਹੈ। ਸਮੂਹਿਕ ਬਾਹਰਮੁਖਤਾ ਸਮਾਜਿਕ ਵਿਗਿਆਨਾਂ ਦੇ ਤਰਕ ਅਤੇ ਵਿਗਿਆਨਕ ਤਰਕ ਮੁਤਾਬਿਕ ਹੀ ਪਰਿਭਾਸ਼ਿਤ ਹੁੰਦੀ ਹੈ ਜਦੋਂਕਿ ਸਮੂਹਿਕ ਅੰਤਰਮੁਖਤਾ ਮਨੁੱਖੀ ਮਨਾਂ ਦੇ ਉਸ ਜਗਤ ਨਾਲ ਜੁੜੀ ਹੁੰਦੀ ਹੈ ਜਿਸ ਵਿਚ ਸਮਾਜ ਦੇ ਉਤਰਾਵਾਂ ਚੜ੍ਹਾਵਾਂ ਜਾਂ ਸੰਘਰਸ਼ਾਂ ਦੀ ਤੋਰ ਜਾਂ ਉਨ੍ਹਾਂ ਦੇ ਭਵਿੱਖ ਬਾਰੇ ਪੱਕੀ ਤਰ੍ਹਾਂ ਕੁਝ ਵੀ ਨਹੀਂ ਕਿਹਾ ਜਾ ਸਕਦਾ। ਸ਼ਾਇਦ ਉਹ ਉਤਰਾਅ ਚੜਾਅ ਆਪਣੇ ਆਪ ਵਿਚ ਤਰਕਹੀਣ ਵੀ ਜਾਪਦੇ ਹੋਣ, ਪਰ ਫਿਰ ਵੀ ਉਸ ਪਿੱਛੇ ਕੋਈ ਨਾ ਕੋਈ ਤਰਕ ਜ਼ਰੂਰ ਹੁੰਦਾ ਹੈ। ਕੀ ਉਹ ਤਰਕ ਸਾਨੂੰ ਕਿਸੇ ਸਮਾਜ ਦੀ ਸਮੂਹਿਕ ਅੰਤਰਮੁਖਤਾ ਵਿੱਚੋਂ ਲੱਭਣੇ ਪੈਣਗੇ ਜਿਵੇਂ ਕੰਵਲਜੀਤ ਸਿੰਘ ਉਸ ਖ਼ਾਸ ਦਿਸ਼ਾ ਨੂੰ ਜਾਨਣ ਦੀ ਮਹੱਤਤਾ ਤੇ ਲੋੜ ਦਾ ਅਹਿਸਾਸ ਕਰਾ ਰਹੇ ਹਨ?

ਕਰਮਜੀਤ ਸਿੰਘ

ਇਕ ਹੋਰ ਸਵਾਲ ਵੀ ਬਹਿਸ ਦੀ ਮੰਗ ਕਰਦਾ ਹੈ ਕਿ ਸਮੂਹਿਕ ਅੰਤਰਮੁਖਤਾ ਦਾ ਆਪਣਾ ਕੋਈ ਸੁਤੰਤਰ ਵਜੂਦ ਹੁੰਦਾ ਹੈ ਜਾਂ ਇਹ ਸਮੂਹਿਕ ਬਾਹਰਮੁਖਤਾ ਦਾ ਹੀ ਇਕ ਅਤਿ ਸੂਖ਼ਮ ਸਰੂਪ ਕਿਹਾ ਜਾ ਸਕਦਾ ਹੈ ਜੋ ਸਮਾਂ ਪਾ ਕੇ ਇਤਿਹਾਸ ਦੇ ਬਾਹਰਮੁਖੀ ਨਕਸ਼ਾਂ ਵਿਚ ਉਤਰ ਆਉਂਦਾ ਹੈ? ਦੂਜੇ ਸ਼ਬਦਾਂ ਵਿਚ ਸਮੂਹਿਕ ਅੰਤਰਮੁਖਤਾ ਮਨ ਦੇ ਵਿਗਿਆਨ ਤੋਂ ਅੱਗੇ ਕਿਸੇ ਹੋਰ ਸਲਤਨਤ ਵੱਲ ਜਾਣ ਦਾ ਇਸ਼ਾਰਾ ਕਰਦੀ ਹੈ ਜਿਸ ਨੂੰ ਕਈ ਵਾਰੀ ਆ+ਮਨ ਜਾਂ ਆਤਮਾ ਕਿਹਾ ਜਾਂਦਾ ਹੈ? ਮੋਦੀ ਦੀ ਜਿੱਤ ਦੇ ਅਜਬ ਵਰਤਾਰੇ ਨੇ ਸਾਨੂੰ ਉਸ ਅਮੂਰਤ ਜਗਤ ਦੀ ਭਾਲ ਵਿਚ ਤੋਰਿਆ ਹੈ ਜੋ ਸਮੂਰਤ ਹੋ ਕੇ ਸਾਹਮਣੇ ਪ੍ਰਗਟ ਹੋਇਆ। ਇਸ ਲੇਖ ਨੇ ਬਹਿਸ ਨੂੰ ਬਹੁ-ਪਰਤੀ ਵੀ ਬਣਾਇਆ ਹੈ ਅਤੇ ਸ਼ਾਇਦ ਅੰਤਰ-ਵਿਰੋਧੀ ਵੀ।
ਪੰਜਾਬ ਨੇ ਵੱਡੇ ਮੌਲਿਕ ਚਿੰਤਕ ਕਿਉਂ ਨਹੀਂ ਪੈਦਾ ਕੀਤੇ? ਜਾਂ ਕੀ ਕਿਸੇ ਯੁੱਗ ਦੀਆਂ ਸੰਕਟਗ੍ਰਸਤ ਹਾਲਤਾਂ ਮੌਲਿਕ ਚਿੰਤਨ ਲੈ ਕੇ ਆਉਂਦੀਆਂ ਹਨ? ਜਾਂ ਪੰਜਾਬੀ ਭਾਸ਼ਾ ਤੋਂ ਦੂਰੀ ਵੀ ਮੌਲਿਕ ਚਿੰਤਨ ਦੇ ਰਾਹ ਵਿਚ ਰੁਕਾਵਟ ਹੈ ਜਿਵੇਂ ਕਿ ਲੇਖ ਵਿਚ ਇਹ ਸੰਕੇਤ ਦਿੱਤੇ ਗਏ ਹਨ? ਜਰਮਨ ਸ਼ਾਇਰ ਰਿਲਕੇ (1875-1926) ਵੱਲੋਂ ਯੁੱਗ ਅਤੇ ਮੌਲਿਕ ਚਿੰਤਕ ਦੇ ਆਪਸੀ ਰਿਸ਼ਤੇ ਬਾਰੇ ਦਿੱਤੀ ਇਹ ਟਿੱਪਣੀ ਹੋਰ ਵੀ ਮਹੱਤਵਪੂਰਨ ਹੈ ਕਿ ਜੇਕਰ ਕੋਈ ਯੁੱਗ ਵੱਡਾ ਮਨੁੱਖ ਪੈਦਾ ਨਹੀਂ ਕਰਦਾ ਤਾਂ (ਹੋ ਸਕਦਾ ਹੈ ਕਿ) ਵੱਡਾ ਮਨੁੱਖ ਇਕ ਯੁੱਗ ਦੀ ਹੀ ਸਿਰਜਣਾ ਕਰ ਦੇਵੇ। ਇਸ ਹਿਸਾਬ ਨਾਲ ਤਾਂ ਕਿਸੇ ਯੁੱਗ ਦੀ ਮਹਿਮਾ ਕਈ ਵਾਰ ਇਕੋ ਬੰਦੇ ਉੱਤੇ ਖਲੋ ਜਾਂਦੀ ਹੈ। ਸਪੇਨ ਦਾ ਚਿੱਤਰਕਾਰ ਸਲਵਾਡੋਰ ਡਾਲੀ ਜਦੋਂ ਸੁੱਚੇ ਮਾਣ ਵਿਚ ਇਹ ਐਲਾਨ ਕਰਦਾ ਹੈ ਕਿ ਡਾਲੀ ਤੋਂ ਬਿਨਾਂ ਸਪੇਨ ਕਿਸ ਕੰਮ ਦਾ ਹੈ? ਤਾਂ ਇਕੱਲੇ ਡਾਲੀ ਦਾ ਕੱਦ ਸਪੇਨ ਦੇ ਬਰਾਬਰ ਹੋ ਜਾਂਦਾ ਹੈ। ਇਹੋ ਜਿਹੇ ਹੁੰਦੇ ਹਨ ਮੌਲਿਕ ਚਿੰਤਕ!
ਇਸ ਲਈ ਚਿੰਤਨ ਬਾਰੇ ਸਵਰਾਜਬੀਰ ਵੱਲੋਂ ਉਠਾਏ ਸਵਾਲ ਸਾਨੂੰ ਕਿਸੇ ਵੱਡੀ ਬਹਿਸ ਵੱਲ ਲੈ ਕੇ ਜਾਂਦੇ ਹਨ। ਕੀ ਇਸ ਜਵਾਬ ਵਿਚ ਮੰਨਣਯੋਗ ਤਰਕ ਹੈ ਕਿ ਪੰਜਾਬ ਵਿਚ ਮੌਲਿਕ ਚਿੰਤਨ ਦੇ ਇਹੋ ਜਿਹੇ ਮੱਠ ਹੀ ਵੀਹਵੀਂ ਸਦੀ ਨੇ ਨਹੀਂ ਦਿੱਤੇ ਜਿਸ ਵਿੱਚੋਂ ਵੱਡੇ ਚਿੰਤਕ ਉੱਭਰਨ ਦੀ ਰਵਾਇਤ ਪੈਦਾ ਹੁੰਦੀ। ਪੰਜਾਬ ਵਿਚ ਸਥਾਪਤ ਡੇਰੇ ਜਾਂ ਕੋਈ ਇਕ ਡੇਰਾ ਵੀ ਚਿੰਤਨ ਦੀ ਕੋਈ ਯਾਦਗਾਰੀ ਰਵਾਇਤ ਸਥਾਪਤ ਕਰਦਾ ਨਜ਼ਰ ਨਹੀਂ ਆਉਂਦਾ। ਦੁਨਿਆਵੀ ਸਹੂਲਤਾਂ ਦੇ ਸਾਮਾਨ ਹੀ ਇਕੱਠੇ ਕਰ ਰੱਖੇ ਹਨ ਇਨ੍ਹਾਂ ਡੇਰਿਆਂ ਨੇ। ਫਿਰ ਕੋਈ ਮੌਲਿਕ ਦਰਸ਼ਨ ਜਾਂ ਦਾਰਸ਼ਨਿਕ ਆਉਂਦਾ ਤਾਂ ਕਿੱਥੋਂ ਆਉਂਦਾ? ਕੀ ਇਸ ਥਿਊਰੀ ਵਿਚ ਚੋਖਾ ਵਜ਼ਨ ਹੈ ਕਿ ਮੂੰਹ ਜ਼ੋਰ ਮੁਖਾਲਿਫ਼ ਹਾਲਤਾਂ ਵੀ ਕਿਸੇ ਮੌਲਿਕ ਚਿੰਤਕ ਨੂੰ ਜਨਮ ਦਿੰਦੀਆਂ ਹਨ? ਜਾਂ ਸੁਲਤਾਨ ਬਾਹੂ ਦੀ ਇਹ ਬਾਗੀ ਸਤਰ ਮੌਲਿਕ ਚਿੰਤਨ ਦਾ ਮਾਹੌਲ ਪੈਦਾ ਕਰ ਰਹੀ ਹੈ ਕਿ ‘ਉਸੇ ਰਾਹ ਵੱਲ ਜਾਈ ਜਾਈਏ ਬਾਹੂ ਜਿਸ ਦੀ ਖਲਕਤ ਡਰਦੀ ਹੂ’।
ਕੀ 1917 ਦੇ ਸੋਵੀਅਤ ਇਨਕਲਾਬ ਨੇ ਵੀ ਪੰਜਾਬ ਵਿਚ ਮੌਲਿਕ ਚਿੰਤਨ ਦੀ ਲਹਿਰ ਨੂੰ ਰੋਕ ਕੇ ਰੱਖਿਆ? ਇਸ ਦਿਲਚਸਪ ਸਵਾਲ ਨੂੰ ਵੀ ਬਹਿਸ ਦੇ ਘੇਰੇ ਵਿਚ ਲਿਆਂਦਾ ਜਾ ਸਕਦਾ ਹੈ। ਇਹ ਨਿਰਵਿਵਾਦ ਸੱਚ ਹੈ ਕਿ ਇਸ ਇਨਕਲਾਬ ਦੀ ਪਹੁੰਚ, ਪ੍ਰਭਾਵ, ਪਸਾਰ ਅਤੇ ਜਾਹੋ-ਜਲਾਲ ਦਾ ਦਾਇਰਾ ਇਸ ਤੱਕ ਦੂਰ ਨਿਕਲ ਗਿਆ ਸੀ ਕਿ ਇਸ ਨੇ ਹਰ ਖੇਤਰ ਦੇ ਸਥਾਪਤ ਵਿਚਾਰ-ਪ੍ਰਵਾਹ ਨੂੰ ਜਾਂ ਪਿਛਾਂਹ ਵੱਲ ਧਕ ਦਿੱਤਾ ਜਾਂ ਪੂਰੀ ਤਰ੍ਹਾਂ ਕਾਬੂ ਵਿਚ ਕਰ ਲਿਆ ਅਤੇ ਜਾਂ ਫਿਰ ਧੁੰਦਲਾ ਕਰਕੇ ਰੱਖ ਦਿੱਤਾ। ਪੰਜਾਬ ਵੀ ਇਸ ਤੋਂ ਬਚ ਨਹੀਂ ਸਕਿਆ। ਵੀਹਵੀਂ ਸਦੀ ਦੇ ਕਈ ਦਹਾਕਿਆਂ ਵਿਚ ਮਾਰਕਸਵਾਦ ਆਧਾਰਿਤ ਵਿਆਖਿਆ ਉੱਤੇ ਹੀ ਸਾਹਿਤ ਦੀ ਉਸਾਰੀ ਹੋਈ। ਆਲੋਚਨਾ ਦੇ ਖੇਤਰ ਵਿਚ ਸੇਖੋਂ-ਕਿਸ਼ਨ ਸਿੰਘ ਵਿਚਾਰ-ਪ੍ਰਵਾਹ ਦੀ ਜੋੜੀ ਇਸ ਦੀ ਪ੍ਰਤੱਖ ਮਿਸਾਲ ਹੈ, ਹਾਲਾਂਕਿ ਇਹ ਦੋਵੇਂ ਚਿੰਤਕ ਮਹਾਨ ਸਾਹਿਤ ਦੀ ਵਿਆਖਿਆ ਕਰਦਿਆਂ ਇਕ ਦੂਜੇ ਨਾਲ ਟਕਰਾਉਂਦੇ ਨਜ਼ਰ ਵੀ ਆਉਂਦੇ ਹਨ। ਪਰ ਬੁਨਿਆਦ ਵਿਚ ਮਾਰਕਸਵਾਦ ਦੇ ਹੀ ਰੰਗ ਭਾਰੂ ਹਨ। ਸੱਤਰਵਿਆਂ ਵਿਚ ਨਿਕਲੇ ‘ਸੇਧ’ ਮੈਗਜ਼ੀਨ ਦੇ ਦਰਜਨਾਂ ਅੰਕ ਇਸੇ ਬਹਿਸ ਨੂੰ ਸਮਰਪਤ ਹਨ। ਇੰਝ ਕੱਚੀਆਂ ਬੁਨਿਆਦਾਂ ਉੱਤੇ ਖੜ੍ਹਾ ਇਹ ਵਿਚਾਰਧਾਰਕ ਢਾਂਚਾ ਹੁਣ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਕਿਉਂਕਿ ਇਸ ਅਨੁਭਵ ਵਿਚ ਧਰਤ-ਆਸਮਾਨ ਦੇ ਕੁਦਰਤੀ ਨਜ਼ਾਰਿਆਂ ਦੀ ਉਹ ਥਰਥਰਾਹਟ ਨਹੀਂ ਜੋ ਅੰਤਰ-ਮਨ ਅਤੇ ਬਾਹਰਮੁਖੀ -ਮਨ ਨੂੰ ਵੱਡਾ ਧਰਵਾਸ ਦਿੰਦੀ ਹੈ। ਭਾਈ ਵੀਰ ਸਿੰਘ ਦੀ ਚਰਚਿਤ ਕਵਿਤਾ ‘ਕੰਬਦੀ ਕਲਾਈ’ ਵਿਚ ਵੀ ਇਕ ਗੂੜ੍ਹਾ ਰਹੱਸ ਛੁਪਿਆ ਹੋਇਆ ਹੈ ਕਿ ਜਦ ਤਕ ਚਿੰਤਨ ਦੇ ਵਾਤਾਵਰਨ ਵਿਚ ‘ਕੰਬਾਹਟ’ ਦੀ ਲੜਾਕੀ ਚਿਣਗ ਸ਼ਾਮਿਲ ਨਹੀਂ ਹੁੰਦੀ, ਉਦੋਂ ਤੱਕ ਮੌਲਿਕ ਚਿੰਤਕ ਧਰਤੀ ’ਤੇ ਨਹੀਂ ਉਤਰ ਸਕਦੇ।

ਸੰਪਰਕ: 99150-91063


Comments Off on ਪੰਜਾਬ ਵਿੱਚ ਮੌਲਿਕ ਚਿੰਤਕਾਂ ਦਾ ਮੈਦਾਨ ਖਾਲੀ ਕਿਉਂ ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.