ਟਿਕਟ ਖਿੜਕੀ ’ਤੇ ਪਵੇਗਾ ‘ਪੰਗਾ’ !    ਪੰਜਾਬੀ ਫ਼ਿਲਮਾਂ ਦਾ ‘ਨਿਹਾਲਾ ਗਾਰਡ’ ਵਾਸਤੀ !    ਸਥਾਪਤੀ ਵਿਰੋਧੀ ਚਿੱਤਰਕਾਰ ਫਰਾਂਸਿਸਕੋ ਡੀ ਗੋਇਆ !    ਜ਼ਿੰਦਗੀ ਦੀ ਸ਼ਾਮ ’ਚ ਵਿਆਹੁਤਾ ਜੀਵਨ !    ਵਿਰਸੇ ਦੀ ਰੂਹ ਲੰਮੀ ਹੇਕ ਵਾਲੇ ਗੀਤ !    ਗ਼ਲਤੀ ਦਾ ਅਹਿਸਾਸ !    ਪੰਜਾਬੀ ਅਭਿਨੇਤਰੀਆਂ ਦੀ ਮੜਕ !    ਮੇਰੇ ਸਰਦਾਰਾਂ ਨੂੰ ਕੋਈ ਜਾਣਦਾ ਜੇ? !    ਸਿਆਣਪ ਦਾ ਮੁੱਲ !    ਪਾਸਪੋਰਟ ਵਾਲਾ ਗਾਇਕ ਰਣਜੀਤ ਮਣੀ !    

ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ ਸਾਂਝੇ ਹੰਭਲੇ ਦੀ ਲੋੜ

Posted On July - 13 - 2019

ਗੁਰਪ੍ਰੀਤ ਸਿੰਘ ‘ਕਾਂਗੜ’*

ਰੁੱਖ ਕੁਦਰਤ ਦਾ ਅਨਮੋਲ ਤੋਹਫ਼ਾ ਹਨ। ਸਾਢੇ ਚਾਰ ਅਰਬ ਸਾਲ ਪਹਿਲਾਂ ਪੈਦਾ ਹੋਈ ਇਸ ਧਰਤੀ ‘ਤੇ ਲੱਖਾਂ ਹੀ ਪੌਦੇ ਤੇ ਰੁੱਖ ਹਨ। ਮਨੁੱਖੀ ਸਭਿਅਤਾ ਦੇ ਵਿਕਾਸ ਦੇ ਹਰ ਪੜਾਅ ‘ਤੇ ਰੁੱਖਾਂ ਦਾ ਜ਼ਿਕਰਯੋਗ ਮਹੱਤਵ ਰਿਹਾ ਹੈ। ਰੁੱਖਾਂ ਤੋਂ ਬਿਨਾਂ ਤਾਂ ਧਰਤੀ ‘ਤੇ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।
‘ਜਿੱਥੇ ਹਰਿਆਲੀ, ਉੱਥੇ ਖੁਸ਼ਹਾਲੀ’ ਦੀ ਕਹਾਵਤ ਅਨੁਸਾਰ ਦਰੱਖਤਾਂ ਦੀ ਮਹੱਤਤਾ ਤੋਂ ਹਰ ਕੋਈ ਜਾਣੂੰ ਵੀ ਹੈ। ਪਰ ਫਿਰ ਵੀ ਮਨੁੱਖ ਦਾ ਸਵਾਰਥੀ ਅਤੇ ਲਾਲਚੀ ਮਨ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਵਿੱਚ ਗਲਤਾਨ ਹੈ। ਹਾਲਾਤ ਇਸ ਹੱਦ ਤਕ ਗਰਕ ਚੁੱਕੇ ਹਨ ਕਿ ਸਾਡੀ ਹਵਾ, ਪਾਣੀ ਅਤੇ ਮਿੱਟੀ ਬੁਰੀ ਤਰ੍ਹਾਂ ਪਲੀਤ ਹੋ ਚੁੱਕੇ ਹਨ। ਵਿਕਾਸ ਦੇ ਨਾਂ ਹੇਠ ਮਨੁੱਖ ਨੇ ਭਾਵੇਂ ਜੰਗਲਾਂ ਦੀ ਕਟਾਈ ਕਰਕੇ ਕੰਕਰੀਟ ਦੀਆਂ ਬਹੁ-ਮੰਜ਼ਲੀ ਇਮਾਰਤਾਂ ਚੌੜੀਆਂ-ਖੁੱਲ੍ਹੀਆਂ ਸੜਕਾਂ ਅਤੇ ਚੋਖੀ ਮਸ਼ੀਨਰੀ ਤਾਂ ਆਪਣੀ ਸੁੱਖ ਸੁਵਿਧਾ ਲਈ ਇਜ਼ਾਦ ਕਰ ਲਈ ਹੈ, ਪਰ ਇਹ ਸਾਰੀ ਸਿਰਜਣਾ ਮਨੁੱਖ ਦੀ ਹੋਂਦ ਲਈ ਹੀ ਇੱਕ ਚੁਣੌਤੀ ਬਣ ਕੇ ਉੱਭਰ ਰਹੀ ਹੈ। ਪੌਦੇ/ਰੁੱਖਾਂ ਦੀ ਸਖ਼ਤ ਘਾਟ ਕਰਕੇ ਹੀ ਫ਼ਿਜ਼ਾ ’ਚੋਂ ਕੋਇਲ ਦੀ ਕੂਕ, ਭੌਰਿਆਂ ਦੀ ਗੂੰਜ, ਤੋਤਿਆਂ ਦੀ ਟਰੈਂਅ-ਟਰੈਂਅ ਅਤੇ ਚਲਦੇ ਪਾਣੀ ਦੀ ਕਲ-ਕਲ ਦੀ ਆਵਾਜ਼ ਵਿਚੋਂ ਪੈਦਾ ਹੋਣ ਵਾਲੇ ਸੁਖਦ ਪਲ ਗਾਇਬ ਹੋ ਚੁੱਕੇ ਹਨ। ਸ਼ਾਇਦ ਇਸੇ ਤਰਾਸਦੀ ਤੋਂ ਬਚਣ ਲਈ ਸ਼ਿਵ ਕੁਮਾਰ ਬਟਾਲਵੀ ਵਰਗਿਆਂ ਨੇ ‘ਕੁੱਝ ਰੁੱਖ ਮੈਨੂੰ ਪੁੱਤ ਲਗਦੇ ਨੇ, ਕੁਝ ਰੁੱਖ ਲਗਦੇ ਮਾਵਾਂ’ ਕਹਿ ਕੇ ਰੁੱਖਾਂ ਨਾਲ ਮੁਹੱਬਤ ਦਾ ਪ੍ਰਗਟਾਵਾ ਕੀਤਾ ਸੀ। ਰਿਸ਼ੀਆਂ ਮੁਨੀਆਂ ਦੀ ਇਸ ਧਰਤੀ ’ਤੇ ਤਾਂ ਇਨ੍ਹਾਂ ਰੁੱਖਾਂ ਦੀਆਂ ਜੜ੍ਹਾਂ, ਫਲ ਤੇ ਫੁੱਲਾਂ ਆਦਿ ਦੀ ਵਰਤੋਂ ਕਰਕੇ ਮਨੁੱਖ ਨੇ ਆਪਣੇ ਅਨੇਕਾਂ ਦੁੱਖਾਂ (ਬਿਮਾਰੀਆਂ) ਦੀ ਦਾਰੂ (ਦਵਾਈ) ਵੀ ਤਿਆਰ ਕਰ ਲਈ ਸੀ, ਜਿਸ ਨੂੰ ਅੱਜ ਕੱਲ੍ਹ ਆਯੂਰਵੇਦ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸਿਹਤ/ ਵਾਤਾਵਰਨ ਦੇ ਸੱਚੇ ਦੋਸਤ ਹੋਣ ਕਰ ਕੇ ਤੁਲਸੀ ਅਤੇ ਪਿੱਪਲ ਆਦਿ ਦਰੱਖ਼ਤਾਂ ਦੀ ਤਾਂ ਲੋਕ ਪੂਜਾ ਵੀ ਕਰਨ ਲੱਗ ਪਏ ਸਨ।
ਪੌਦਿਆਂ-ਰੁੱਖਾਂ ਦੇ ਲਾਭਾਂ ਦੀ ਗੱਲ ਕਰਨੀ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਰੁੱਖਾਂ ਦੀਆਂ ਜੜ੍ਹਾਂ ਮਿੱਟੀ ਨੂੰ ਮਜ਼ਬੂਤੀ ਨਾਲ ਫੜ ਕੇ ਰੱਖਦੀਆਂ ਹਨ, ਜਿਸ ਨਾਲ ਆਮ ਅਤੇ ਮੀਂਹਾਂ ਦੇ ਦਿਨਾਂ ਵਿੱਚ ਭੌਂ-ਖੁਰਨ ਰੁਕਦਾ ਹੈ, ਨਹੀਂ ਤਾਂ ਪਹਾੜਾਂ ਤੋਂ ਬਹਿ ਕੇ ਮੈਦਾਨੀ ਇਲਾਕਿਆਂ ‘ਚ ਆਈ ਮਿੱਟੀ, ਇੱਥੋਂ ਦੀਆਂ ਨਦੀਆਂ ‘ਚ ਇਕੱਠੀ ਹੋ ਕੇ ਇਨ੍ਹਾਂ ਦੀ ਡੂੰਘਾਈ ਨੂੰ ਘੱਟ ਕਰ ਦਿੰਦੀ ਹੈ। ਸਿੱਟੇ ਵਜੋਂ ਜ਼ਿਆਦਾ ਵਰਖਾ ਹੋਣ ‘ਤੇ ਮੈਦਾਨੀ ਇਲਾਕਿਆਂ ਵਿਚ ਜਲਦੀ ਹੜ੍ਹ ਆ ਜਾਣ ਦੀ ਪ੍ਰਬਲ ਸੰਭਾਵਨਾ ਬਣ ਜਾਂਦੀ ਹੈ। ਇਸ ਤੋਂ ਇਲਾਵਾ ਮਜ਼ਬੂਤ ਜੜ੍ਹਾਂ ਵਾਲੇ ਰੁੱਖ, ਹੜ੍ਹਾਂ ਨੂੰ ਰੋਕਣ ਵਿਚ ਮਦਦ ਕਰਨ ਦੇ ਨਾਲ-ਨਾਲ, ਜਦੋਂ ਮੀਂਹ ਦੇ ਪਾਣੀ ਦੇ ਵਹਾਅ ਨੂੰ ਠੱਲ੍ਹ ਪਾਉਂਦੇ ਹਨ ਤਾਂ ਪਾਣੀ ਧਰਤੀ ‘ਚ ਜਾ ਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ

ਗੁਰਪ੍ਰੀਤ ਸਿੰਘ ਕਾਂਗੜ*

ਉੱਚਾ ਕਰਨ ਵਿਚ ਸਹਾਈ ਹੋ ਜਾਂਦੇ ਹਨ। ਅਜੋਕੇ ਪ੍ਰਦੂਸ਼ਿਤ ਯੁੱਗ ਅੰਦਰ ਜਦੋਂ ਹਰ ਪਾਸੇ ਹਰ ਤਰ੍ਹਾਂ ਦੇ ਪ੍ਰਦੂਸ਼ਣ ਨੇ ਸਾਡਾ ਜਿਊਣਾ ਦੁੱਭਰ ਕਰ ਰੱਖਿਆ ਹੈ ਤਾਂ ਦਰੱਖ਼ਤ ਲਾਉਣ ਅਤੇ ਇਨ੍ਹਾਂ ਨੂੰ ਸੰਭਾਲਣ ਦੀ ਲੋੜ ਅਤੇ ਮਹੱਤਤਾ ਹੋਰ ਵੀ ਵਧ ਜਾਂਦੀ ਹੈ, ਕਿਉਂਜੋ ਦਰੱਖਤ ਕਾਰਬਨਡਾਇਆਕਸਾਈਡ ਨੂੰ ਆਪਣੇ ਅੰਦਰ ਜਜ਼ਬ ਕਰਕੇ ਮਨੁੱਖ ਦੇ ਭਲੇ ਲਈ ਆਕਸੀਜਨ ਦੇ ਭੰਡਾਰ ਇਸ ਫ਼ਿਜ਼ਾ ਅੰਦਰ ਢੇਰੀ ਕਰ ਦਿੰਦੇ ਹਨ। ਜੋ ਮਨੁੱਖ ਅਤੇ ਧਰਤੀ ਦੇ ਹੋਰਨਾਂ ਪ੍ਰਾਣੀਆਂ ਦੀ ਪਹਿਲੀ ਅਤੇ ਮੁੱਖ ਲੋੜ ਹੈ। ਇੱਕ ਮੋਟੇ ਅੰਦਾਜ਼ੇ ਮੁਤਾਬਿਕ ਇੱਕ ਵੱਡਾ ਹਰਾ ਭਰਪੂਰ ਦਰੱਖਤ ਆਪਣੀ ਪੂਰੀ ਉਮਰ ਵਿੱਚ ਇੱਕ ਟਨ ਦੇ ਕਰੀਬ ਕਾਰਬਨਡਾਇਆਕਸਾਈਡ ਚੂਸ ਕੇ ਮਣਾਂ ਮੂੰਹੀ ਆਕਸੀਜਨ ਦੀ ਸਪਲਾਈ ਸਾਡੇ ਲਈ ਕਰ ਜਾਂਦਾ ਹੈ। ਪਰ ਖਲਕਤ ਦਾ ਬੇਦਰਦ ਆਰਾ ਰੁੱਖਾਂ ’ਤੇ ਫਿਰ ਵੀ ਬੇਰੋਕ ਜਾਰੀ ਹੈ। ਛੋਟੀਆਂ-ਵੱਡੀਆਂ ਹੋਰਨਾਂ ਲੋੜਾਂ ਦੀ ਗੱਲ ਕਰੀਏ ਤਾਂ ਸਾਨੂੰ ਜਿਵੇਂ ਕਿ ਪਤਾ ਹੀ ਹੈ ਕਿ ਦਰੱਖ਼ਤਾਂ ਤੋਂ ਫਲ-ਫੁੱਲ, ਬਾਲਣ ਲਈ ਲੱਕੜ, ਫਰਨੀਚਰ, ਖਿਡੌਣੇ, ਖੇਡਾਂ ਦਾ ਸਾਮਾਨ, ਘਰੇਲੂ ਸਾਮਾਨ, ਮਾਚਿਸ, ਜੜ੍ਹੀ-ਬੂਟੀਆਂ, ਲਿਖਣ ਲਈ ਕਾਗਜ਼, ਦਰਵਾਜ਼ੇ, ਖਿੜਕੀਆਂ ਬਣਾਉਣ ਵਿਚ ਚੋਖੀ ਸਮੱਗਰੀ ਮਿਲਦੀ ਹੈ। ਜਾਨਵਰਾਂ, ਪਸ਼ੂ-ਪੰਛੀਆਂ, ਪੀਘਾਂ ਝੂਟਦੀਆਂ ਮੁਟਿਆਰਾਂ ਤੇ ਖੇਡਾਂ ਖੇਡਦੇ ਬੱਚੇ, ਇਨ੍ਹਾਂ ਦੀ ਠੰਢੀ-ਮਿੱਠੀ ਛਾਂ ਹੇਠ ਤਾਸ਼ ਖੇਡਦੇ ਤੇ ਆਰਾਮ ਫ਼ਰਮਾਉਂਦੇ ਸਾਡੇ ਬਜ਼ੁਰਗ ਅਤੇ ਪਸ਼ੂਆਂ ਦੇ ਝੁੰਡਾਂ ਨੂੰ ਦੇਖਦੇ ਹਾਂ ਤਾਂ ਕੁਦਰਤ ਦੀ ਕਾਇਨਾਤ ਦੀ ਸੁੰਦਰਤਾ ਅਤੇ ਨਜ਼ਾਰੇ ਦੂਣ ਸਵਾਏ ਹੋ ਜਾਂਦੇ ਹਨ। ਵਰਖਾ ਲਿਆਉਣ ਵਿਚ ਮਦਦਗਾਰ ਹੋਣ ਦੇ ਨਾਲ ਨਾਲ ਪੱਤਝੜ ਦੌਰਾਨ ਰੁੱਖਾਂ ਦੇ ਪੱਤੇ ਥੱਲੇ ਡਿੱਗ ਗਲ-ਸੜ ਕੇ ਸਾਡੀ ਜ਼ਮੀਨ ਨੂੰ ਨਰਮ ਅਤੇ ਹੋਰ ਉਪਜਾਊ ਬਣਾਉਣ ਵਿਚ ਵੀ ਆਪਣਾ ਰੋਲ ਅਦਾ ਕਰਦੇ ਆਏ ਹਨ। ਕਿਸੇ ਤਰਤੀਬ ਅਤੇ ਵਣ ਮਾਹਿਰਾਂ ਦੀ ਅਗਵਾਈ ਅਨੁਸਾਰ ਘਰਾਂ, ਦਫ਼ਤਰਾਂ ਅਤੇ ਹੋਰਨਾਂ ਇਮਾਰਤਾਂ ਨੇੜੇ ਲਾਏ ਦੇਸੀ ਰੁੱਖ, ਏਅਰ ਕੰਡੀਸ਼ਨਰ ਅਤੇ ਵਾਟਰ ਕੂਲਰਾਂ ਦੀ ਲੋੜ ਨੂੰ ਘੱਟ ਕਰਕੇ ਬਿਜਲੀ ਖ਼ਪਤ ਘੱਟ ਕਰਨ ਵਿੱਚ ਵੀ ਸਾਡੀ ਮਦਦ ਕਰਨ ਲਈ ਉਤਾਵਲੇ ਹਨ।
ਦਰੱਖਤਾਂ ਦੇ ਇਨ੍ਹਾਂ ਤੇ ਹੋਰਨਾਂ ਫ਼ਾਇਦਿਆਂ ਅਤੇ ਆਲਮੀ ਤਪਸ਼ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਪੰਜਾਬ ਸਰਕਾਰ ਨੇ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਵਰ੍ਹੇ ਅੰਦਰ ਸੂਬੇ ਦੇ ਹਰ ਪਿੰਡ ਵਿਚ 550 ਬੂਟੇ ਲਾਉਣ ਦਾ ਵਾਤਾਵਰਨ ਪੱਖੀ ਫ਼ੈਸਲਾ ਕੀਤਾ ਹੈ। ਇਸ ਅਨੁਸਾਰ ਇਸ ਪੜਾਅ ਤੱਕ ਦੋ ਹਜ਼ਾਰ ਦੇ ਕਰੀਬ ਪਿੰਡਾਂ ਵਿੱਚ ਪੰਜ-ਪੰਜ ਸੌ ਪੰਜਾਹ ਪੌਦੇ ਲਾਏ ਜਾ ਚੁੱਕੇ ਹਨ। 4500 ਦੇ ਲਗਭਗ ਪਿੰਡਾਂ ਵਿਚ ਟੋਏ ਪੁੱਟਣ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ। ਨਰੇਗਾ ਸਕੀਮ ਤਹਿਤ ਜੰਗਲਾਤ ਵਿਭਾਗ ਦੀ ਅਗਵਾਈ ਹੇਠ ਸੂਬੇ ਦੇ 12,858 ਪਿੰਡਾਂ ‘ਚ ਇਹ ਉਦੇਸ਼ ਹਾਸਲ ਕਰਨ ਵਿੱਚ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਸਰਗਰਮ ਰੋਲ ਕਰਨ ਜਾ ਰਿਹਾ ਹੈ। ਅਜਿਹੇ ਪ੍ਰਬੰਧ ਤਹਿਤ ਪੰਚਾਇਤ ਵਿਭਾਗ ਵੱਲੋਂ 100 ਬੂਟਿਆਂ ਦੀ ਪਾਲਣ ਪੋਸ਼ਣ (ਕੁੱਝ ਸਮੇਂ ਤੱਕ) ਕਰਨ ਹਿੱਤ ਸਬੰਧਤ ਪਿੰਡ ਦੇ ਇੱਕ ਘਰ ਨੂੰ ‘ਵਣ ਮਿੱਤਰ’ ਲਗਾ ਕੇ ਪ੍ਰਤੀ ਮਹੀਨਾ 1941 ਰੁਪਏ ਦੀ ਅਦਾਇਗੀ ਕੀਤੀ ਜਾਵੇਗੀ। ਭਾਵ, ਸਰਕਾਰ ਇੱਕ ਸੋ ਬੂਟੇ ਦੀ ਸਾਂਭ-ਸੰਭਾਲ ਲਈ ਹੀ ਹਰ ਸਾਲ 24,638 ਰੁਪਏ ਖ਼ਰਚ ਕਰੇਗੀ। ਇਸੇ ਸਿਲਸਿਲੇ ਵਿੱਚ ਜੂਨ 2019 ਤੱਕ ਮੇਰੇ ਗ੍ਰਹਿ ਜ਼ਿਲ੍ਹੇ ਬਠਿੰਡਾ ਅੰਦਰਲੇ 314 ਪਿੰਡਾਂ ਵਿਚੋਂ 72 ਪਿੰਡਾਂ ਅੰਦਰ 39,600 ਬੂਟੇ ਲਾ ਕੇ ਉਕਤ ਟੀਚਾ ਹਾਸਲ ਕਰ ਲਿਆ ਗਿਆ ਹੈ। ਬਠਿੰਡਾ ਜ਼ਿਲ੍ਹੇ ਦਾ ਰਹਿੰਦਾ ਟੀਚਾ 15 ਅਗਸਤ ਅਤੇ ਪੰਜਾਬ ਦਾ ਰਹਿੰਦਾ ਟੀਚਾ 30 ਸਤੰਬਰ 2019 ਤੱਕ ਪੂਰਾ ਕਰ ਲੈਣ ਦੀ ਵਿਉਂਤ ਹੈ। ਮੇਰਾ ਮਾਲ ਵਿਭਾਗ, ਸਰਕਾਰ ਤੇ ਜੰਗਲਾਤ ਵਿਭਾਗ ਦੇ ਇਸ ਟੀਚੇ ਨੂੰ ਹਾਸਲ ਕਰਨ ਲਈ ਭਰਪੂਰ ਸਹਿਯੋਗ ਦੇ ਕੇ ਮਨੁੱਖਤਾ ਦੀ ਭਲਾਈ ਵਿਚ ਸ਼ਰੀਕ ਹੋ ਕੇ ਖ਼ੁਸ਼ੀ ਮਹਿਸੂਸ ਕਰੇਗਾ।
ਅੰਤ ਵਿਚ ਮੈਂ ਕਹਿ ਸਕਦਾ ਹਾਂ ਕਿ ਵਧਦੀ ਆਬਾਦੀ, ਸ਼ਹਿਰੀਕਰਨ ਅਤੇ ਉਦਯੋਗੀਕਰਨ ਵੀ ਰੁੱਖਾਂ ਦੀ ਬੇਕਿਰਕ ਕਟਾਈ ਲਈ ਜ਼ਿੰਮੇਵਾਰ ਹੈ। ਕਰਨਾਟਕ ਦੇ ਇੰਜਨੀਅਰ ਸ਼ੁਭੇਂਦੂ ਸ਼ਰਮਾ ਦੀ ਅਗਵਾਈ ਵਿਚ ਕੰਮ ਕਰਦੀ ਸੰਸਥਾ ਅਤੇ ‘ਈਕੋ ਸਿੱਖ ਸੰਸਥਾ’ ਨੂੰ ਸਲਾਮ ਕਰਨੀ ਚਾਹੁੰਦਾ ਹਾਂ, ਜਿਹੜੇ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਗਿੱਲ ਪੱਤੀ ਅਤੇ ਹੋਰਨਾਂ ਥਾਵਾਂ ’ਤੇ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਗੁਰੂ ਨਾਨਕ ਪਵਿੱਤਰ ਜੰਗਲ’ ਲਗਾ ਕੇ ਉਸ ਦੀ ਸਾਂਭ-ਸੰਭਾਲ ਵੀ ਕਰ ਰਹੇ ਹਨ। ਸੋ ਆਓ, ਮਨੁੱਖਤਾ ਦੇ ਭਲੇ ਲਈ ਪੰਜਾਬ ਨੂੰ ਸਾਂਝੇ ਹੰਭਲੇ ਮਾਰ ਕੇ ਮੁੜ ਹਰਿਆ-ਭਰਿਆ ਬਣਾਈਏ। ਜਨਮ ਦਿਨ, ਵਿਆਹ ਵਰ੍ਹੇਗੰਢਾਂ ਅਤੇ ਖ਼ੁਸ਼ੀਆਂ ਦੇ ਹੋਰ ਮੌਕਿਆਂ ‘ਤੇ ਫਾਲਤੂ ਅਡੰਬਰ ਰਚਾਉਣ ਦੀ ਥਾਂ ਪੌਦੇ ਵੰਡ ਕੇ ਬੂਟਿਆਂ-ਰੁੱਖਾਂ ਨਾਲ ਭਾਵਨਾਤਮਕ ਸਾਂਝ ਪਾਈਏ ਅਤੇ ਉਨ੍ਹਾਂ ਦੀ ਸੰਭਾਲ ਕਰੀਏ।
*ਮਾਲ, ਪੁਨਰਵਾਸ ਅਤੇ ਆਫਤ ਪ੍ਰਬੰਧਨ ਮੰਤਰੀ, ਪੰਜਾਬ।
ਸੰਪਰਕ: 98760-96155


Comments Off on ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ ਸਾਂਝੇ ਹੰਭਲੇ ਦੀ ਲੋੜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.