ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ !    ਗੁਰਬਾਣੀ ਵਿੱਚ ਰਾਗਾਂ ਦੀ ਮਹੱਤਤਾ !    ਰੰਘਰੇਟਾ ਗੁਰੂ ਕਾ ਬੇਟਾ ਬਾਬਾ ਜੀਵਨ ਸਿੰਘ !    ਮੁੱਖ ਸਕੱਤਰ ਵੱਲੋਂ ਜਨਗਣਨਾ 2021 ਦੀਆਂ ਤਿਆਰੀਆਂ ਦਾ ਜਾਇਜ਼ਾ !    ਪੰਜਾਬ ਤੇ ਹਰਿਆਣਾ ਵਿੱਚ ਠੰਢੀਆਂ ਹਵਾਵਾਂ ਨਾਲ ਵਧੀ ਠੰਢ !    ਹਸਪਤਾਲ ’ਚ ਗੋਲੀਆਂ ਮਾਰ ਕੇ ਚਾਰ ਨੂੰ ਕਤਲ ਕੀਤਾ !    ਚਿਲੀ ਦਾ ਫ਼ੌਜੀ ਜਹਾਜ਼ 38 ਸਵਾਰਾਂ ਸਣੇ ਲਾਪਤਾ !    14 ਭਾਰਤੀਆਂ ਦੀਆਂ ਅਸਥੀਆਂ ਸੁਡਾਨ ਤੋਂ ਭਾਰਤ ਭੇਜੀਆਂ ਜਾਣਗੀਆਂ !    ਲਿਫਟ ਪੰਪ ਮਾਮਲਾ: ਕਿਸਾਨਾਂ ਦੇ ਗੁੱਸੇ ’ਤੇ ਭਰੋਸੇ ਵਾਲਾ ‘ਠੰਢਾ’ ਛਿੜਕ ਗਏ ਸਰਕਾਰੀਆ !    ਦਰਬਾਰ ਸਾਹਿਬ ’ਤੇ ਹੋਏ ਫ਼ੌਜੀ ਹਮਲੇ ਨੂੰ ਅਤਿਵਾਦੀ ਹਮਲਾ ਕਰਾਰ ਦੇਣ ਦੀ ਮੰਗ !    

ਪੰਜਾਬ: ਤੀਜੇ ਫਰੰਟ ਦੀ ਕਾਰਗੁਜ਼ਾਰੀ ਅਤੇ ਸੰਭਾਵਨਾਵਾਂ

Posted On July - 2 - 2019

ਰਤੇਸ਼ ਰਿੰਕੂ ਭਗਤਾ

ਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਭਾਵੇਂ ਪੰਜਾਬ ਵਿਚ ਸਰਸਰੀ ਨਜ਼ਰੇ ਤਾਂ ਕਾਂਗਰਸ ਨੇ ਅੱਠ ਸੀਟਾਂ ਜਿੱਤੀਆਂ ਹਨ, ਪਰ ਸ਼ਹਿਰਾਂ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਵਧਿਆ ਵੋਟ ਬੈਂਕ ਇਹ ਤਸਦੀਕ ਕਰਦਾ ਹੈ ਕਿ ਪੰਜਾਬ ਵਿਚ ਮੋਦੀ ਲਹਿਰ ਨੇ ਦਸਤਕ ਦਿੱਤੀ ਹੈ। ਸ਼ਹਿਰੀ ਵੋਟਰਾਂ ਦਾ ਮੋਦੀ ਵੱਲ ਝੁਕਾਅ ਜਿੱਥੇ ਭਾਈਵਾਲ ਅਕਾਲੀ ਦਲ ਨੂੰ ਚਿੰਤਤ ਕਰਦਾ ਹੈ, ਉੱਥੇ ਵਿਰੋਧੀ ਪਾਰਟੀਆਂ ਵਿਸ਼ੇਸ਼ ਕਰਕੇ ਸਿਆਸੀ ਜ਼ਮੀਨ ਤਲਾਸ਼ ਰਹੇ ਤੀਜੇ ਫਰੰਟ ਲਈ ਵੀ ਚਿੰਤਨ ਦਾ ਵਿਸ਼ਾ ਹੈ। ਟੁੱਟਿਆ ਫੁੱਟਿਆ ਤੀਜਾ ਫਰੰਟ ਲਗਪਗ 18 ਫ਼ੀਸਦੀ ਵੋਟ ਪ੍ਰਾਪਤ ਕਰਨ ਵਿਚ ਕਾਮਯਾਬ ਰਿਹਾ ਹੈ ਜਿਹੜਾ ਪੰਜਾਬ ਦੇ ਰਾਜਨੀਤਕ ਭੂਗੋਲ ਵਿਚ ਖਾਲੀ ਪਈ ਸਿਆਸੀ ਜ਼ਮੀਨ ਦੀ ਨਿਸ਼ਾਨਦੇਹੀ ਕਰਦਾ ਹੈ।
ਅਜਿਹੇ ਵਿਚ ਦੋ ਸੁਆਲ ਪੈਦਾ ਹੁੰਦੇ ਹਨ, ਪਹਿਲਾ ਇਹ ਕਿ ਕੀ ਪੰਜਾਬ ਵਿਚ ਤੀਜੇ ਫਰੰਟ ਦੀ ਲੋੜ ਹੈ ਜਾਂ ਨਹੀਂ ਅਤੇ ਦੂਜਾ ਇਹ ਕਿ ਜੇਕਰ ਹੈ ਤਾਂ ਫਿਰ ਤੀਜੇ ਫਰੰਟ ਤੋਂ ਕਿਸ ਤਰ੍ਹਾਂ ਦੀ ਆਸ ਕੀਤੀ ਜਾਂਦੀ ਹੈ ਜਿਸ ’ਤੇ ਉਹ ਖਰਾ ਨਹੀਂ ਉਤਰ ਸਕਿਆ? ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਇਕ ਵੱਡੇ ਰਾਜਨੀਤਕ ਬਦਲਾਅ ਦੀ ਮੰਗ ਕਰਦਾ ਹੈ। ਤੀਜੇ ਫਰੰਟ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਲੋਕਾਂ ਨੇ ਪੰਜਾਬ ਵਿਚ ਮੋਦੀ ਨੂੰ ਤੀਜੇ ਬਦਲ ਦੇ ਰੂਪ ਵਿਚ ਚੁਣਿਆ ਹੈ, ਬੇਸ਼ੱਕ ਸ਼ਹਿਰੀ ਵੋਟਰਾਂ ਨੇ ਹੀ, ਪਰ ਅਜਿਹਾ ਪ੍ਰਗਟਾਵਾ ਰਾਜਨੀਤਕ ਵਿਕਾਸ ਨਹੀਂ ਬਲਕਿ ਰਾਜਨੀਤਕ ਖੜੋਤ ਦਾ ਚਿੰਨ੍ਹ ਹੀ ਹੋ ਨਿੱਬੜਦਾ ਹੈ।
2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਤੀਜੇ ਫਰੰਟ ਵਜੋਂ ਵਿਰੋਧੀ ਧਿਰ ਦੀ ਭੂਮਿਕਾ ਵਿਚ ਬੈਠਣਾ ਪੰਜਾਬ ਦੇ ਰਾਜਸੀ ਇਤਿਹਾਸ ਵਿਚ ਨਵਾਂ ਮੋੜ ਬਣਿਆ। ਸੁਖਪਾਲ ਖਹਿਰਾ ਵਿਰੋਧੀ ਧਿਰ ਦੇ ਨੇਤਾ ਦੀ ਭੂਮਿਕਾ ਬੇਜੋੜ ਤਰੀਕੇ ਨਾਲ ਨਿਭਾਉਂਦਾ ਸੀ, ਪਰ 2019 ਦੀਆਂ ਆਮ ਚੋਣਾਂ ਤਕ ਆਉਂਦੇ ਆਉਂਦੇ ਉਹ ਅਤੇ ਉਸਦਾ ਬਣਾਇਆ ਪੰਜਾਬ ਜਮਹੂਰੀ ਗੱਠਜੋੜ ਵੀ ਆਪਣੀ ਰਾਜਸੀ ਖਿੱਚ ਗਵਾ ਬੈਠਾ ਅਤੇ ਅੰਸ਼ਕ ਪ੍ਰਾਪਤੀਆਂ ਤਕ ਸਿਮਟ ਕੇ ਰਹਿ ਗਿਆ। ਇਸਦਾ ਸਭ ਤੋਂ ਵੱਡਾ ਕਾਰਨ ਪੀਡੀਏ ਦੇ ਪ੍ਰਮੁੱਖ ਲੀਡਰਾਂ ਦੀ ਵਿਅਕਤੀਗਤ ਰਾਜਨੀਤਕ ਪਹੁੰਚ ਰਹੀ ਹੈ ਜਿਸ ਵਿਚ ਉਹ ਆਪਣੇ ਆਪ ਨੂੰ ਵੱਡੇ ਸਿਆਸੀ ਆਗੂ ਵਜੋਂ ਪੇਸ਼ ਕਰਨ ਦੀ ਬਜਾਏ ਸਮਾਜ ਸੇਵੀ, ਫ੍ਰੀਲਾਂਸਰ ਜਾਂ ਵਿਸਲ ਬਲੋਅਰ ਦੇ ਰੂਪ ਵਿਚ ਪੇਸ਼ ਕਰਦੇ ਹਨ। ਰਾਜਨੀਤੀਵਾਨ ਦੀ ਭੂੁਮਿਕਾ ਕਿਸੇ ਸਮਾਜ ਸੇਵੀ, ਪੱਤਰਕਾਰ ਜਾਂ ਵਿਸਲ ਬਲੋਅਰ ਵਾਂਗ ਹੋ ਸਕਦੀ ਹੈ, ਪਰ ਇੰਨ੍ਹ ਬਿੰਨ੍ਹ ਇਸ ਤਰ੍ਹਾਂ ਨਹੀਂ ਹੁੰਦੀ। ਰਾਜਨੀਤੀਵਾਨ ਨੇ ਇਨ੍ਹਾਂ ਤਿੰਨਾਂ ਨਾਲੋਂ ਵਧੇਰੇ ਸਮਾਜਿਕ ਲਗਾਅ ਅਤੇ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਧਤਾ ਕਰਨੀ ਹੁੰਦੀ ਹੈ। ਸਿਆਸੀ ਆਗੂ ਦਾ ਕੰਮ ਸਿਰਫ਼ ਮਸਲੇ ਨੂੰ ਉਭਾਰਨਾ ਨਾ ਹੋ ਕੇ, ਉਸ ਦਾ ਲੋਕਾਂ ਨਾਲ ਸਰੋਕਾਰ ਦੱਸਣਾ ਵੀ ਹੁੰਦਾ ਹੈ। ਮਸਲੇ ਨੂੰ ਜਨ-ਸਾਧਾਰਨ ਨਾਲ ਜੋੜ ਕੇ ਉਸ ’ਤੇ ਆਧਾਰਿਤ ਮੰਗਾਂ ਨੂੰ ਹੀ ਜਨ-ਸਾਧਾਰਨ ਦੀਆਂ ਮੰਗਾਂ ਬਣਾਇਆ ਜਾ ਸਕਦਾ ਹੈ। ਉਦਾਹਰਨ ਦੇ ਤੌਰ ’ਤੇ ਪੀਡੀਏ ਦੇ ਪ੍ਰਮੁੱਖ ਲੀਡਰ ਸੁਖਪਾਲ ਖਹਿਰਾ ਬੇਅਦਬੀ ਦੇ ਮਸਲੇ ਅਤੇ ਜਸਵੰਤ ਖਾਲੜਾ ਦੀ ਦੇਣ ਬਾਰੇ ਰਾਜਨੀਤਕ ਤੌਰ ’ਤੇ ਸਿਰ ਪਰਨੇ ਖੜ੍ਹਾ ਨਜ਼ਰ ਆਉਂਦਾ ਹੈ। ਉਹ ਬੇਅਦਬੀ ਦੇ ਮਸਲੇ ਨੂੰ ਲੋਕ-ਕਚਿਹਰੀ ਵਿਚ ਲੈ ਕੇ ਜਾਣ ਦੀ ਬਜਾਏ ਅਚੇਤ ਤੌਰ ’ਤੇ ਬਰਗਾੜੀ ਮੋਰਚੇ ਦੇ ਹਵਾਲੇ ਕਰ ਦਿੰਦਾ ਹੈ ਅਤੇ ਜਸਵੰਤ ਖਾਲੜਾ ਦੀ ਲੜਾਈ ਨੂੰ ਮਨੁੱਖੀ ਅਧਿਕਾਰਾਂ ਦੀ ਲੜਾਈ ਵਜੋਂ ਨਾ ਪੇਸ਼ ਕਰਕੇ ਪੰਥਕ ਲੜਾਈ ਗਰਦਾਨ ਦਿੰਦਾ ਹੈ। ਅਜਿਹਾ ਕਰਕੇ ਜਿੱਥੇ ਉਹ ਮਸਲੇ ਪ੍ਰਤੀ ਪਹੁੰਚ ਨੂੰ ਸੰਕੀਰਣ ਕਰ ਦਿੰਦਾ ਹੈ, ਉੱਥੇ ਇਸ ਦਾ ਵੱਡਾ ਰਾਜਨੀਤਕ ਨੁਕਸਾਨ ਵੀ ਝੱਲਦਾ ਹੈ। ਪੰਜਾਬ ਦੀ ਰਾਜਨੀਤਕ ਕਾਵਾਂ ਰੌਲੀ ਵਿਚ ਉਹ ਉੱਚੀ ਆਵਾਜ਼ ਬਣਕੇ ਤਾਂ ਉੱਭਰਦਾ ਹੈ, ਪਰ ਜਨ ਸਾਧਾਰਨ ਦੀ ਆਵਾਜ਼ ਬਣਨ ਦੇ ਨਜ਼ਦੀਕ ਨਹੀਂ ਜਾਂਦਾ। ਇਸ ਤਰ੍ਹਾਂ ਉਹ ਪੰਜਾਬ ਦੇ ਖਾਲੀ ਪਏ ਰਾਜਨੀਤਕ ਮੈਦਾਨ ਵਿਚ ਸਰਪਟ ਦੌੜਨ ਦੀ ਥਾਂ ਸਿਆਸੀ ਠਿੱਬੀ ਦਾ ਸ਼ਿਕਾਰ ਹੋ ਜਾਂਦਾ ਹੈ। ਇਸੇ ਤਰ੍ਹਾਂ ਕਾਮਰੇਡਾਂ ਦੀਆਂ ਦੋਵੇਂ ਪਾਰਟੀਆਂ ਆਰ. ਐੱਮ. ਪੀ. ਆਈ. ਅਤੇ ਸੀ. ਪੀ. ਆਈ. ਨਕਾਰ ਦਿੱਤੀਆਂ ਜਾਂਦੀਆਂ ਹਨ,ਪਰ ਬੀ.ਐੱਸ.ਪੀ. ਨੇ ਅਪਵਾਦ ਪੇਸ਼ ਕਰਦਿਆਂ ਸਨਮਾਨਜਨਕ ਵੋਟਾਂ ਹਾਸਲ ਕਰਕੇ ਤੀਜੇ ਫਰੰਟ ਦੀ ਲੋੜ ਨੂੰ ਤਸਦੀਕ ਕੀਤਾ ਹੈ।

ਰਤੇਸ਼ ਰਿੰਕੂ ਭਗਤਾ

ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਡਿੱਗਦੀ ਸਾਖ ਦਾ ਸਿਲਸਿਲਾ ਨਿਰੰਤਰ ਜਾਰੀ ਰਹਿੰਦਾ ਹੈ ਅਤੇ 2019 ਦੀਆਂ ਆਮ ਚੋਣਾਂ ਵਿਚ ਇਸ ਦਾ ਵੋਟ ਹਿੱਸਾ 7% ਤਕ ਸਿਮਟ ਕੇ ਰਹਿ ਜਾਂਦਾ ਹੈ। ਭਗਵੰਤ ਮਾਨ ਆਪਣਾ ਸ਼ਾਨਦਾਰ ਪ੍ਰਦਰਸ਼ਨ ਦੁਹਰਾਉਂਦਾ ਹੈ ਅਤੇ ‘ਆਪ’ ਦੀ ਪੰਜਾਬ ਵਿਚੋਂ ਰੁਖ਼ਸਤੀ ਨੂੰ ਠੱਲ੍ਹ ਪਾਉਂਦਾ ਹੈ। ਬਿਨਾਂ ਪ੍ਰਚਾਰ, ਬਿਨਾਂ ਬੂਥ ਤੇ ਵਰਕਰਾਂ ਤੋਂ ਸੱਖਣੀ ਆਪ ਨੂੰ ਮਾਲਵਾ ਖਿੱਤੇ ਵਿਸ਼ੇਸ਼ ਕਰ ਬਠਿੰਡਾ ਤੇ ਫ਼ਰੀਦਕੋਟ ਸੀਟਾਂ ’ਤੇ ਇਕ ਲੱਖ ਤੋਂ ਉੱਤੇ ਵੋਟ ਪੈਣਾ ਆਪ ਦੀ ਹਰਮਨ ਪਿਆਰਤਾ ਨਾਲੋਂ ਤੀਜੇ ਬਦਲ ਦੀ ਮੰਗ ਦੇ ਪ੍ਰਗਟਾਅ ਵਜੋਂ ਵਧੇਰੇ ਸਮਝਿਆ ਜਾਣਾ ਚਾਹੀਦਾ ਹੈ। ਇਸੇ ਤਰ੍ਹਾਂ ‘ਨੋਟਾ’ ਦਾ ਪਿਛਲੀਆਂ ਚੋਣਾਂ ਨਾਲੋਂ ਲਗਪਗ ਤਿੰਨ ਗੁਣਾ ਵਾਧਾ ਜਿੱਥੇ ਪਾਰੰਪਰਿਕ ਪਾਰਟੀਆਂ ਪ੍ਰਤੀ ਉਦਾਸੀਨਤਾ ਦਰਸਾਉਂਦਾ ਹੈ ਉੱਥੇ ਆਪ ਦੀ ਟੁੱਟ-ਭੱਜ ਨਾਲ ਹੋਈ ਮੋਹ ਭੰਗਤਾ ਦਾ ਪ੍ਰਗਟਾਵਾ ਵੀ ਕਰਦਾ ਹੈ। ਪਰ ਇਹ ਇਜ਼ਾਫਾ ਇਸ ਗੱਲ ਦੀ ਤਸਦੀਕ ਵੀ ਕਰਦਾ ਹੈ ਕਿ ਪੰਜਾਬ ਵਿਚ ਚੰਗੇ ਬਦਲ ਦੀ ਜ਼ਮੀਨ ਜਰਖੇਜ਼ ਹੈ।
ਪੰਜਾਬ ਵਿਚ ਤੀਜੇ ਬਦਲ ਦੀਆਂ ਵਡੇਰੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਤੀਜੇ ਫਰੰਟ ਦੀ ਕਾਰਗੁਜ਼ਾਰੀ ਸਾਰੀਆਂ ਗ਼ੈਰ ਰਵਾਇਤੀ ਪਾਰਟੀਆਂ ਲਈ ਚਿੰਤਨ ਦਾ ਵਿਸ਼ਾ ਹੈ। ਸਿਆਸੀ ਤਬਦੀਲੀ ਦੀ ਥਾਂ ਰਾਜਨੀਤਕ ਸੱਭਿਆਚਾਰ ਦੀ ਤਬਦੀਲੀ ਦੀ ਮੰਗ ਆਉਣ ਵਾਲੇ ਸਮੇਂ ਵਿਚ ਵਧੇਰੇ ਜ਼ੋਰ ਫੜੇਗੀ। ਜਨ ਸਾਧਾਰਨ ਨਾਲ ਇਕ ਮਿਕ ਹੋਏ ਬਗੈਰ ਅਤੇ ਲੋਕ ਮਸਲਿਆਂ ਦੀ ਡੂੰਘੀ ਛਾਣਬੀਣ ਤੋਂ ਬਿਨਾਂ ਰਾਜਨੀਤਕ ਸੱਭਿਆਚਾਰ ਦੀ ਤਬਦੀਲੀ ਨੂੰ ਨੇਪਰੇ ਨਹੀਂ ਚਾੜ੍ਹਿਆ ਜਾ ਸਕਦਾ। ਬੇਅਦਬੀ ਦਾ ਵੱਡਾ ਮੁੱਦਾ ਜਿਸ ਨੇ ਅਕਾਲੀ ਦਲ ਨੂੰ ਸੱਤਾਹੀਣ ਕਰ ਦਿੱਤਾ ਸੀ, ਹੁਣ ਰਾਜਨੀਤਕ ਸਫਾਂ ਵਿਚ ਆਪਣੀ ਸਾਰਥਿਕਤਾ ਗਵਾਉਣ ਲੱਗਿਆ ਹੈ। ਨਸ਼ੇ ਦਾ ਮੁੱਦਾ ਆਪਣੀ ਚਰਮ ਸੀਮਾ ’ਤੇ ਪਹੁੰਚ ਕੇ ਵੀ ਬਿਨਾਂ ਕੁਝ ਹਾਸਲ ਕੀਤਿਆਂ ਰਾਜਨੀਤਕ ਅਸਮਾਨ ਤੋਂ ਹੇਠਾਂ ਡਿੱਗ ਚੁੱਕਾ ਹੈ। ਵਿਦੇਸ਼ਾਂ ਨੂੰ ਭੱਜ ਰਹੇ ਨੌਜਵਾਨਾਂ ਨੇ ਬੇਰੁਜ਼ਗਾਰੀ ਦੇ ਮੁੱਦੇ ਤੋਂ ਕਿਨਾਰਾ ਕਰ ਲਿਆ ਹੈ। ਕਿਸਾਨ ਖੁਦਕੁਸ਼ੀਆਂ ਨੇ ਲੋਕ ਰੋਹ ਦੀ ਥਾਂ ਸੰਵੇਦਨਹੀਣਤਾ ਨੂੰ ਜਨਮ ਦਿੱਤਾ ਹੈ। ਛੋਟਾ ਵਪਾਰੀ/ ਦੁਕਾਨਦਾਰ ਜਾਇਦਾਦ ਹੀਣ ਹੋਣ ਕਰਕੇ ਇਕਲਾਪਾ ਮਹਿਸੂਸ ਕਰਦਾ ਹੈ ਅਤੇ ਕਿਸਾਨੀ ਨੂੰ ਦਿੱਤੀਆਂ ਜਾ ਰਹੀਆਂ ਰਿਆਇਤਾਂ ਪ੍ਰਤੀ ਈਰਖਾ/ਸਾੜਾ ਮਹਿਸੂਸ ਕਰਦਾ ਹੈ। ਸਿੱਖ ਅਤੇ ਕਿਸਾਨ ਤਰਜੀਹ ਦੇ ਚੱਲਦਿਆਂ ਉਹ ਅਲਗਾਵ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਸਦਕਾ ਉਸਦਾ ਪੰਜਾਬ ਅਤੇ ਪੰਜਾਬੀਅਤ ਪ੍ਰਤੀ ਮੋਹ ਭੰਗ ਹੋ ਜਾਂਦਾ ਹੈ। ਦਲਿਤ ਗ਼ਰੀਬੀ ਅਤੇ ਸਮਾਜਿਕ ਪੱਛੜੇਪਣ ਦੇ ਚਲਦਿਆਂ ਲੁੰਪਨ ਪ੍ਰੋਲੇਤਾਰੀ ਦਾ ਭੇਸ ਅਪਣਾ ਲੈਂਦਾ ਹੈ। ਦਲਿਤ ਵੀ ਆਰਥਿਕ ਸੰਪੰਨਤਾ ਦੇ ਬਾਵਜੂਦ ਸਮਾਜਿਕ ਤੌਰ ’ਤੇ ਆਪਣੇ ਆਪ ਨੂੰ ਮਤਰੇਈ ਔਲਾਦ ਮਹਿਸੂਸ ਕਰਦਾ ਹੈ। ਜਾਤੀਗਤ ਸਮੀਕਰਨਾਂ ਦੇ ਚੱਲਦਿਆਂ ਲੋਕ-ਹਿੱਤ ਦੇ ਮਸਲਿਆਂ ਨੂੰ ਪੰਜਾਬ ਅਤੇ ਪੰਜਾਬੀਅਤ ਨੇ ਖੋਖਲਾ ਕਰ ਦਿੱਤਾ ਹੈ। ਸਰਦੇ ਪੁੱਜਦੇ ਲੋਕ ਹੀ ਪੰਜਾਬ ਅਤੇ ਪੰਜਾਬੀਅਤ ਦਾ ਲੁਤਫ਼ ਉਠਾ ਰਹੇ ਹਨ। ਬਿਜਲੀ ਦੇ ਬਿੱਲ, ਪ੍ਰਾਈਵੇਟ ਹਸਪਤਾਲ ਅਤੇ ਸਕੂਲ, ਸੜਕਾਂ ਦੇ ਟੋਲ ਟੈਕਸ, ਮਹਿੰਗਾ ਡੀਜ਼ਲ ਅਤੇ ਪੈਟਰੋਲ ਲੋਕਾਂ ਦਾ ਧੂੰਆਂ ਕੱਢ ਰਿਹਾ ਹੈ। ਆਰਥਿਕ ਨਾ-ਬਰਾਬਰੀ ਆਪਣੇ ਪ੍ਰਚੰਡ ਰੂਪ ਵਿਚ ਦਿਖਾਈ ਦੇਣ ਲੱਗੀ ਹੈ।
ਸੰਤਾਲੀ ਦੀ ਵੰਡ ਦਾ ਜਿੱਥੇ ਬਾਕੀ ਭਾਰਤ ਰਾਜਨੀਤਕ ਨੁਕਸਾਨ ਉਠਾਉਂਦਾ ਹੈ ਉੱਥੇ ਸਮੁੱਚਾ ਪੰਜਾਬ ਰਾਜਨੀਤਕ ਤੋਂ ਵਧੇਰੇ ਸੱਭਿਆਚਾਰਕ ਅਧਰੰਗ ਦਾ ਸ਼ਿਕਾਰ ਹੁੰਦਾ ਹੈ। ਸਾਂਝੀ ਬੋਲੀ ਨੂੰ ਤਰੋੜ ਮਰੋੜ ਕੇ ਪੰਜਾਬੀ ਨੂੰ ਗੁਰਮੁਖੀ ਅਤੇ ਹਰਿਆਣਵੀ ਨੂੰ ਹਿੰਦੀ ਦਾ ਜਾਮਾ ਪਹਿਨਾ ਦਿੱਤਾ ਜਾਂਦਾ ਹੈ। ਪੰਜਾਬ ਹੀ ਟੋਟੇ ਟੋਟੇ ਨਹੀਂ ਹੁੰਦਾ ਬਲਕਿ ਇਸ ਦੀ ਰੂਹ ਵੀ ਟੁਕੜੇ ਟੁਕੜੇ ਹੋ ਜਾਂਦੀ ਹੈ। ਬੋਲੀ ਆਧਾਰਿਤ ਪੰਜਾਬ ਮਾਂ ਬੋਲੀ ਤੋਂ ਸੱਖਣਾ ਹੋ ਜਾਂਦਾ ਹੈ। ਲਕਵਾ ਗ੍ਰਸਤ ਪੰਜਾਬ ਚੌਰਾਸੀ ਵਿਚ ਫਿਰ ਲੜਖੜਾ ਕੇ ਡਿੱਗਦਾ ਹੈ ਅਤੇ ਸਮੁੱਚੀ ਰਾਜਨੀਤਕ, ਸੱਭਿਆਚਾਰਕ ਅਤੇ ਆਰਥਿਕ ਬੇਤਰਤੀਬੀ ਹਲਕੇ ਕੁੱਤੇ ਵਾਂਗ ਇਸਦੇ ਬਾਸ਼ਿੰਦਿਆਂ ਨੂੰ ਵੱਢਣ ਲੱਗਦੀ ਹੈ। ਸਮੁੱਚਾ ਪੰਜਾਬ ਹਲਕਾਅ ਦਾ ਸ਼ਿਕਾਰ ਹੋ ਜਾਂਦਾ ਹੈ। ਜ਼ਹਿਰੀਲਾ ਲਾਰਵਾ ਇਸਦੀ ਰੱਤ ਵਿਚ ਹੀ ਨਹੀਂ ਇਸਦੀ ਫਿਜ਼ਾ ਵਿਚ ਵੀ ਫੈਲ ਜਾਂਦਾ ਹੈ। ਅਜਿਹੇ ਸਾਰੇ ਮੁੱਦਿਆਂ ਨਾਲ ਪੈਦਾ ਹੋਏ ਖਲਾਅ ਨੂੰ ਭਰਨਾ ਸਮੇਂ ਦੀ ਵੱਡੀ ਲੋੜ ਹੈ, ਜਿਸ ਲਈ ਪੰਜਾਬ ਵਿਚ ਤੀਜੇ ਫਰੰਟ ਦੀ ਲੋੜ ਹੈ ਕਿਉਂਕਿ ਰਵਾਇਤੀ ਪਾਰਟੀਆਂ ਦੀ ਕਾਰਗੁਜ਼ਾਰੀ ਨੂੰ ਤਾਂ ਸਾਰੇ ਜਾਣਦੇ ਹੀ ਹਨ।

ਸੰਪਰਕ : 85678-30530


Comments Off on ਪੰਜਾਬ: ਤੀਜੇ ਫਰੰਟ ਦੀ ਕਾਰਗੁਜ਼ਾਰੀ ਅਤੇ ਸੰਭਾਵਨਾਵਾਂ
1 Star2 Stars3 Stars4 Stars5 Stars (1 votes, average: 5.00 out of 5)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.