85 ਪਿੰਡਾਂ ਦੇ ਲੋਕਾਂ ਨੂੰ ਮਾਰੂ ਰੋਗਾਂ ਤੋਂ ਬਚਾਏਗਾ ਨਹਿਰੀ ਸ਼ੁੱਧ ਪਾਣੀ !    ਕੋਰੇਗਾਓਂ-ਭੀਮਾ ਕੇਸ ਵਾਪਸ ਲੈਣਾ ਚਾਹੁੰਦੇ ਹਾਂ: ਪਾਟਿਲ !    ਮੋਬਾਈਲ ’ਚੋਂ ਵਾਇਰਸ ਰਾਹੀਂ ਜਾਸੂਸੀ ਚਿੰਤਾ ਦਾ ਵਿਸ਼ਾ !    ਯੂਨਾਈਟਿਡ ਏਅਰਲਾਈਨਜ਼ ਨੇ 50 ਏਅਰਬੱਸ ਜਹਾਜ਼ਾਂ ਦਾ ਆਰਡਰ ਦਿੱਤਾ !    ਸਰਹੱਦਾਂ ’ਤੇ ਤਾਇਨਾਤ ਭਾਰਤੀ ਫ਼ੌਜ ਪੂਰੀ ਚੌਕਸ: ਰਾਜਨਾਥ !    ਡਿਜੀਟਲ ਮੀਡੀਆ ’ਤੇ ਸਰਕਾਰੀ ਲਗਾਮ ਕੱਸਣ ਦੀਆਂ ਤਿਆਰੀਆਂ !    ਸੋਸ਼ਲ ਮੀਡੀਆ ਤੇ ਧੋਖਾਧੜੀਆਂ: ਬਚਾਅ ਵਿਚ ਹੀ ਬਚਾਅ ਹੈ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਵਿਧਾਇਕ ਚੱਬੇਵਾਲ ਵੱਲੋਂ ਨਿਰਮਾਣ ਕਾਰਜਾਂ ਦਾ ਜਾਇਜ਼ਾ !    

ਪੰਜਾਬ ’ਚ ਪਰਮਾਣੂ ਬਿਜਲੀ ਪਲਾਂਟ ਲਗਾਏ ਜਾਣ ਦਾ ਮਾਮਲਾ ਮੁੜ ਭਖਿਆ

Posted On July - 17 - 2019

ਰਵੇਲ ਸਿੰਘ ਭਿੰਡਰ
ਪਟਿਆਲਾ, 16 ਜੁਲਾਈ
ਪੰਜਾਬ ’ਚ ਪਰਮਾਣੂ ਬਿਜਲੀ ਪਲਾਂਟ ਲਗਾਏ ਜਾਣ ਦਾ ਮਾਮਲਾ ਇੱਕ ਵਾਰ ਫਿਰ ਗਰਮਾ ਗਿਆ ਹੈ। ਕਰੀਬ ਦੋ ਦਹਾਕੇ ਪਹਿਲਾਂ ਪੰਜਾਬ ਦੇ ਪਹਿਲੇ ਪਰਮਾਣੂ ਪਲਾਂਟ ਨੂੰ ਪਟਿਆਲਾ ਜ਼ਿਲ੍ਹੇ ਦੇ ਪਿੰਡ ਡਰੌਲੀ ‘ਪਾਤੜਾਂ’ ’ਚ ਸਥਾਪਿਤ ਕੀਤੇ ਜਾਣ ਦੀ ਕੇਂਦਰ ਦੀ ਵਾਜਪਾਈ ਸਰਕਾਰ ਵੱਲੋਂ ਕਵਾਇਦ ਆਰੰਭੀ ਗਈ ਸੀ। ਉਦੋਂ ਇਸ ਪਲਾਂਟ ਬਾਰੇ ਤਕਨੀਕੀ ਪੱਖਾਂ ਦੇ ਸਾਰੇ ਪਹਿਲੂਆਂ ਵਾਤਾਵਰਣ, ਭੂਚਾਲ, ਸੁਰੱਖਿਆ ਤੇ ਰੇਡੀਓ ਐਕਟੀਵਿਟੀ ਦੇ ਲਿਹਾਜ਼ ਆਦਿ ਤੋਂ ਸਰਵੇ ਤੇ ਸਮੀਖਿਆ ਹੋਈ ਸੀ ਤੇ ਹੁਣ ਇੱਕ ਵਾਰ ਫਿਰ ਕੇਂਦਰ ਸਰਕਾਰ ਵੱਲੋਂ ਪੰਜਾਬ ਅੰਦਰ ਪਰਮਾਣੂ ਬਿਜਲੀ ਪਲਾਂਟ ਲਾਉਣ ਦਾ ਐਲਾਨ ਕਰ ਕੇ ਮਾਮਲੇ ਨੂੰ ਮੁੜ ਤੋਂ ਗਰਮਾ ਦਿੱਤਾ ਹੈ। ਉਂਜ ਪੰਜਾਬ ਸਰਕਾਰ ਹਾਲੇ ਇਸ ਭਖ਼ੇ ਮਾਮਲੇ ਤੋਂ ਅਣਜਾਣ ਹੀ ਹੈ ਪ੍ਰੰਤੂ ਐਟਮੀ ਤੇ ਨਵਿਆਉਣਯੋਗ ਊਰਜਾ ਮੰਤਰੀ ਜਤਿੰਦਰ ਸਿੰਘ ਵੱਲੋਂ ਪਿਛਲੇ ਦਿਨੀਂ ਪਾਰਲੀਮੈਂਟ ’ਚ ਪੰਜਾਬ ’ਚ ਪਰਮਾਣੂ ਪਲਾਂਟ ਲਗਾਏ ਜਾਣ ਦੇ ਦਿੱਤੇ ਬਿਆਨ ਤੋਂ ਮਾਮਲਾ ਅੱਜ ਕੱਲ ਸੁਰਖੀਆਂ ’ਚ ਹੈ। ਹੈਰਾਨੀ ਇਹ ਹੈ ਕਿ ਹੁਣ ਭਾਵੇਂ ਪੰਜਾਬ ’ਚ ਪਹਿਲਾਂ ਹੀ ਬਿਜਲੀ ਵਾਧੂ ਹੈ ਤੇ ਫਾਲਤੂ ਬਿਜਲੀ ਲਈ ਕੋਈ ਖਰੀਦਦਾਰ ਵੀ ਨਹੀਂ ਟੱਕਰ ਰਿਹਾ, ਇਸ ਦੇ ਬਾਵਜੂਦ ਕੇਂਦਰ ਸਰਕਾਰ ਦੇ ਏਜੰਡੇ ’ਚ ਪੰਜਾਬ ’ਚ ਪਰਮਾਣੂ ਬਿਜਲੀ ਪਲਾਂਟ ਅੰਕਿਤ ਹੈ। ਜਦੋਂ ਡਰੌਲੀ ‘ਪਾਤੜਾਂ’ ਇਲਾਕੇ ’ਚ ‘ਨਿਊਕਲੀਅਰ ਪਾਵਰ ਕਾਰਪੋਰੇਸ਼ਨ ਲਿਮਟਿਡ’ ਆਦਿ ਧਿਰਾਂ ਦੌਰਾ ਕਰ ਰਹੀਆਂ ਸਨ ਤਾਂ ਉਦੋਂ ਹੀ ਢਾਈ ਦਰਜਨ ਪਿੰਡਾਂ ਦੇ ਲੋਕਾਂ ਵੱਲੋਂ ‘ਪਰਮਾਣੂ ਬਿਜਲੀ ਪਲਾਂਟ ਵਿਰੋਧੀ ਐਕਸ਼ਨ ਕਮੇਟੀ’ ਗਠਿਤ ਕਰ ਕੇ ਇਸ ਪਲਾਂਟ ਨੂੰ ਜਰਖ਼ੇਜ ਭੋਂਇ ਤੇ ਸੰਘਣੀ ਆਬਾਦੀ ਵਾਲੇ ਇਲਾਕੇ ’ਚੋਂ ਬਾਹਰ ਲਿਜਾਣ ਵਾਸਤੇ ਸੰਘਰਸ਼ ਛੇੜਿਆ ਗਿਆ ਸੀ। ਇਸ ਸੰਘਰਸ਼ ’ਚ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਨੇ ਵੀ ਸ਼ਿਰਕਤ ਕਰ ਕੇ ਕੇਂਦਰ ਦੀ ਵਾਜਪਾਈ ਸਰਕਾਰ ਨੂੰ ਅਜਿਹੇ ਪਲਾਂਟ ਨੂੰ ਇਲਾਕੇ ’ਚੋਂ ਬਾਹਰ ਲਿਜਾਣ ਲਈ ਆਗਾਹ ਕੀਤਾ ਸੀ। ਬਾਕਾਇਦਾ ਪਰਨੀਤ ਕੌਰ ਦੀ ਅਗਵਾਈ ਹੇਠ ਇੱਕ ਉੱਚ ਪੱਧਰੀ ਵਫ਼ਦ ਤਤਕਾਲੀਨ ਕੇਂਦਰੀ ਊਰਜਾ ਮੰਤਰੀ ਸੁਰੇਸ਼ ਪ੍ਰਭੂ ਨੂੰ ਦਿੱਲੀ ਪਾਰਲੀਮੈਂਟ ਹਾਊਸ ’ਚ ਮਿਲਿਆ ਸੀ। ਦੱਸਣਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 1997 ਤੋਂ 2002 ਦੀ ਸਰਕਾਰ ਦੌਰਾਨ ਉਦੋਂ ਦੇ ਪ੍ਰਧਾਨ ਮੰਤਰੀ ਮਰਹੂਮ ਅਟਲ ਬਿਹਾਰੀ ਵਾਜਪਾਈ ਤੋਂ ਸੂਬੇ ਲਈ ਪਰਮਾਣੂ ਪਲਾਂਟ ਦੀ ਮੰਗ ਕੀਤੀ ਗਈ ਸੀ, ਜਿਸ ’ਤੇ ਵਾਜਪਾਈ ਸਰਕਾਰ ਨੇ ਪੰਜਾਬ ’ਚ ਪਰਮਾਣੂ ਪਲਾਂਟ ਸਥਾਪਿਤ ਕਰਨ ਦੀ ਕਵਾਇਦ ਆਰੰਭੀ ਸੀ।

ਪਲਾਂਟ ਲਾਉਣ ਬਾਰੇ ਹਾਲੇ ਕੋਈ ਤਜਵੀਜ਼ ਨਹੀਂ ਆਈ

ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਮੀਡੀਆ ਨੂੰ ਦਿੱਤੇ ਤਾਜ਼ਾਤਰੀਨ ਬਿਆਨ ’ਚ ਸਪਸ਼ਟ ਕੀਤਾ ਹੈ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ’ਚ ਪਰਮਾਣੂ ਪਲਾਂਟ ਲਾਉਣ ਬਾਰੇ ਸੂਬਾ ਸਰਕਾਰ ਕੋਲ ਹਾਲੇ ਕੋਈ ਤਜਵੀਜ਼ ਨਹੀਂ ਆਈ ਤੇ ਜਦੋਂ ਅਜਿਹੀ ਕੋਈ ਤਜਵੀਜ਼ ਆਉਂਦੀ ਹੈ ਤਾਂ ਮਾਮਲੇ ਨੂੰ ਵਿਚਾਰਿਆ ਜਾਵੇਗਾ। ਉਂਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ੁਰੂ ਤੋਂ ਹੀ ਅਜਿਹੇ ਪਲਾਂਟ ਦੇ ਖ਼ਿਲਾਫ਼ ਪੈਂਤੜਾ ਅਪਣਾ ਰਹੇ ਹਨ। ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਕੇਂਦਰ ਤੇ ਸੂਬਾ ਸਰਕਾਰ ਪਰਮਾਣੂ ਪਲਾਂਟ ਦੇ ਮੁੜ ਭਖ ਰਹੇ ਇਸ ਮਾਮਲੇ ’ਤੇ ਅਗਲਾ ਕੀ ਰੁਖ਼ ਅਖ਼ਤਿਆਰ ਕਰਦੀਆਂ ਹਨ।


Comments Off on ਪੰਜਾਬ ’ਚ ਪਰਮਾਣੂ ਬਿਜਲੀ ਪਲਾਂਟ ਲਗਾਏ ਜਾਣ ਦਾ ਮਾਮਲਾ ਮੁੜ ਭਖਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.