ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਪੰਜਾਬੀ ਸਿਨਮਾ ਦੀ ਚੜ੍ਹਤ

Posted On July - 20 - 2019

ਪੰਜਾਬੀ ਸਿਨਮਾ ਦੀ ਤਰੱਕੀ ਨੇ ਹੁਣ ਰਫ਼ਤਾਰ ਫੜ ਲਈ ਹੈ। ਇਕ ਦਿਨ ਵਿਚ ਦੋ-ਦੋ ਫ਼ਿਲਮਾਂ ਵੀ ਰਿਲੀਜ਼ ਹੋ ਰਹੀਆਂ ਹਨ। ਫ਼ਿਲਮਾਂ ਦਾ ਬਜਟ ਵੀ ਦੁੱਗਣਾ ਹੋ ਗਿਆ ਹੈ। ਨਿਰਮਾਤਾਵਾਂ ਨੇ ਵਿਸ਼ਾ ਪੱਖ ਤੋਂ ਨਵੇਂ ਤਜਰਬੇ ਕਰਨੇ ਸ਼ੁਰੂ ਕੀਤੇ ਹਨ। ਦਰਸ਼ਕ ਵੀ ਹੁਣ ਕਾਮੇਡੀ ਹੀ ਨਹੀਂ ਬਲਕਿ ਲੀਕ ਤੋਂ ਹਟਵੀਆਂ ਫ਼ਿਲਮਾਂ ਦੇਖਣਾ ਪਸੰਦ ਕਰਦੇ ਹਨ।

ਸਪਨ ਮਨਚੰਦਾ

ਫ਼ਿਲਮ ‘ਰੱਬ ਦਾ ਰੇਡੀਓ 2’ ਵਿਚ ਤਰਸੇਮ ਜੱਸੜ ਤੇ ਸਿੰਮੀ ਚਾਹਲ

ਪੰਜਾਬੀ ਸਿਨਮਾ ਦੀ ਮੌਜੂਦਾ ਸਥਿਤੀ ਜਾਣਨੀ ਹੋਵੇ ਤਾਂ ਇਸ ਸਾਲ ਦੇ ਮੱਧ ਤਕ ਰਿਲੀਜ਼ ਹੋਈਆਂ ਫ਼ਿਲਮਾਂ ’ਤੇ ਨਜ਼ਰਸਾਨੀ ਕੀਤੀ ਜਾ ਸਕਦੀ ਹੈ। ਇਸ ਸਾਲ ਦੀ ਛਿਮਾਹੀ ’ਚ 26 ਦੇ ਨੇੜੇ ਵੱਡੀਆਂ, ਛੋਟੀਆਂ ਫ਼ਿਲਮਾਂ ਪਰਦਾਪੇਸ਼ ਹੋਈਆਂ ਹਨ। ਪੰਜਾਬੀ ਸਿਨਮਾ ਮੌਜੂਦਾ ਦੌਰ ’ਚ ਆਲਮੀ ਪੱਧਰ ’ਤੇ ਪਛਾਣ ਰੱਖਦਾ ਹੈ। ਇਸ ਦੇ ਬਾਵਜੂਦ ਅਜੇ ਪੰਜਾਬੀ ਫ਼ਿਲਮਾਂ ਦੀ ਨੁਮਾਇਸ਼ ਦਾ ਦਾਇਰਾ ਉਸ ਪੱਧਰ ’ਤੇ ਮੋਕਲਾ ਨਹੀਂ ਹੋਇਆ ਜਿਸ ਪੱਧਰ ’ਤੇ ਹੁਣ ਤਕ ਹੋ ਜਾਣਾ ਚਾਹੀਦਾ ਸੀ। ਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਫ਼ਿਲਮ ਦਾ ਬਜਟ ਜ਼ਰੂਰ ਲਗਪਗ ਦੁੱਗਣਾ ਹੋ ਗਿਆ ਹੈ। ਹੁਣ ਸਾਧਾਰਨ ਪੰਜਾਬੀ ਫ਼ਿਲਮ ਤਿੰਨ ਕਰੋੜ ਤੋਂ ਘੱਟ ਨਹੀਂ ਬਣਦੀ ਜਦਕਿ ਵੱਡੇ ਸੈਟਅੱਪ ਵਾਲੀਆਂ ਫ਼ਿਲਮਾਂ ਦੀ ਲਾਗਤ ਸੱਤ ਤੋਂ ਦਸ ਕਰੋੜ ਤਕ ਪਹੁੰਚ ਚੁੱਕੀ ਹੈ। ਫ਼ਿਲਮ ਨੂੰ ਦਰਸ਼ਕਾਂ ਤਕ ਪੁਹੰਚਾਉਣ ਦੇ ਖ਼ਰਚੇ ਵੱਖਰੇ। ਇਨ੍ਹਾਂ ਖ਼ਰਚਿਆਂ ਦੀ ਭਰਪਾਈ ਸਿਨਮਾ ਤੋਂ ਇਲਾਵਾ ਫ਼ਿਲਮ ਦਾ ਸੰਗੀਤ, ਡਿਜ਼ੀਟਲ ਅਤੇ ਸੈਟੇਲਾਈਟ ਅਧਿਕਾਰ ਵੇਚਣ ਤੋਂ ਹੁੰਦੀ ਹੈ। ਫ਼ਿਲਮਾਂ ਦੀ ਗਿਣਤੀ ਪਹਿਲਾਂ ਨਾਲੋਂ ਵਧੀ ਹੈ। ਜਿਸ ਨਾਲ ਕਲਾਕਾਰਾਂ ਦੀਆਂ ਫੀਸਾਂ ’ਚ ਵੀ ਭਾਰੀ ਵਾਧਾ ਹੋਇਆ ਹੈ। ਇਸ ਦੇ ਨਾਲ ਹੋਰ ਖ਼ਰਚੇ ਵੀ ਵਧੇ ਹਨ। ਵਿਸ਼ਾ ਪੱਖ ਤੋਂ ਵੀ ਪੰਜਾਬੀ ਸਿਨਮਾ ’ਚ ਨਵੀਆਂ ਕੋਸ਼ਿਸ਼ਾਂ ਹੋਣ ਲੱਗੀਆਂ ਹਨ। ਪੰਜਾਬੀ ਸਿਨਮਾ ਤਰੱਕੀ ਤਾਂ ਕਰ ਰਿਹਾ ਹੈ, ਪਰ ਇਸ ਤਰੱਕੀ ਦਾ ਮਾਪਦੰਡ ਸਮਝੋਂ ਬਾਹਰ ਹੋ ਰਿਹਾ ਹੈ।
ਪੰਜਾਬੀ ਦਰਸ਼ਕਾਂ ਕੋਲ ਪੰਜਾਬੀ ਦੇ ਨਾਲ ਨਾਲ ਹਿੰਦੀ ਫ਼ਿਲਮਾਂ ਦਾ ਵੀ ਵਿਕਲਪ ਹੈ। ਇਸ ਲਈ ਪੰਜਾਬੀ ਦਰਸ਼ਕ ਦਾ ਸੁਹਜ ਸੁਆਦ ਤੇ ਫ਼ਿਲਮ ਦੀ ਚੋਣ ਦਾ ਪੱਧਰ ਪਹਿਲਾਂ ਨਾਲੋਂ ਉੱਚਾ ਹੋਇਆ ਹੈ। ਨੈੱਟਫਲੈਕਸ ਤੇ ਐਮਾਜ਼ੋਨ ਪ੍ਰਾਈਮ ਵਰਗੇ ਮੋਬਾਈਲ ਸਿਨਮਾ ਦੇ ਇਸ ਦੌਰ ’ਚ ਬਹੁਤੇ ਦਰਸ਼ਕ ਪੰਜਾਬੀ ਫ਼ਿਲਮ ਦੇ ਟ੍ਰੇਲਰ ਦਾ ਵੀ ਇੰਤਜ਼ਾਰ ਨਹੀਂ ਕਰਦੇ, ਬਲਕਿ ਉਸ ਦੇ ਪੋਸਟਰ ਤੋਂ ਹੀ ਫ਼ਿਲਮ ਦੇਖਣ ਜਾਂ ਨਾ ਦੇਖਣ ਦਾ ਮਨ ਬਣਾ ਲੈਂਦੇ ਹਨ। ਮੌਲਿਕਤਾ ਦੇ ਨਾਂ ’ਤੇ ਪਰੋਸੇ ਜਾ ਰਹੇ ਹਿੰਦੀ ਫ਼ਿਲਮਾਂ ਦੇ ਤਰਜ਼ਮੇ ਤੇ ਦੁਹਰਾਓ ਨੂੰ ਦਰਸ਼ਕ ਝੱਟ ਫੜ ਲੈਂਦੇ ਹਨ। ਸਿਨਮਾ ਗਲੋਬਲ ਮੰਡੀ ਦਾ ਹਿੱਸਾ ਹੋਣ ਕਾਰਨ ਦਰਸ਼ਕਾਂ ਦੀ ਸੂਚਨਾ ਬਹੁਤੇ ਪੰਜਾਬੀ ਨਿਰਮਾਤਾਵਾਂ ਦੀ ਸੋਚ ਤੋਂ ਕਿਤੇ ਅਗਾਂਹ ਹੈ। ਉਹ ਝੱਟ ਫੜ ਲੈਂਦਾ ਹੈ ਕਿ ਉਸ ਅੱਗੇ ਜੋ ਜੋ ਪਰੋਸਿਆ ਜਾ ਰਿਹਾ ਹੈ, ਉਹ ਕਿੱਥੋਂ ਕਿੱਥੋਂ ਚੋਰੀ ਕੀਤਾ ਗਿਆ ਹੈ। ਇਸ ਆਲਮ ’ਚ ਪੰਜਾਬੀ ਦਰਸ਼ਕ ਪੰਜਾਬੀ ਫ਼ਿਲਮ ਤੋਂ ਇਹੋ ਆਸ ਕਰਦੇ ਹਨ ਕਿ ਘੱਟੋ ਘੱਟ ਪੰਜਾਬੀ ਦੇ ਨਾਂ ’ਤੇ ਪੰਜਾਬੀ ਫ਼ਿਲਮ ਹੀ ਬਣਾਈ ਜਾਵੇ ਜਿਸ ਵਿਚ ਪੰਜਾਬੀ ਸੱਭਿਆਚਾਰ ਦਾ ਖਾਕਾ ਝਲਕੇ। ਜੋ ਫ਼ਿਲਮਾਂ ਇਸ ਕਸਵੱਟੀ ’ਤੇ ਖਰਾ ਉਤਰ ਰਹੀਆਂ ਹਨ ਉਨ੍ਹਾਂ ਦੀ ਬੇੜੀ ਪਾਰ ਵੀ ਲੱਗ ਰਹੀ ਹੈ।

ਫ਼ਿਲਮ ‘ਛੜਾ’

ਇਸ ਸਾਲ ਕ੍ਰਮਵਾਰ ‘ਦੁੱਲਾ ਵੈਲੀ’, ‘ਇਸ਼ਕਾ’, ‘ਦੋ ਦੂਣੀ ਪੰਜ’, ‘ਕਾਕਾ ਜੀ’, ‘ਸਾਡੀ ਮਰਜ਼ੀ’, ‘ਕਾਕੇ ਦਾ ਵਿਆਹ’, ‘ਓ ਅ’, ‘ਕਾਲਾ ਸ਼ਾਹ ਕਾਲਾ’, ‘ਹਾਈਐੰਂਡ ਯਾਰੀਆਂ’, ‘ਗੁੱਡੀਆਂ ਪਟੋਲੇ’, ‘ਬੈਂਡ ਵਾਜੇ’, ‘ਰੱਬ ਦਾ ਰੇਡੀਓ 2’, ‘ਯਾਰਾ ਵੇ’, ‘ਮੰਜੇ ਬਿਸਤਰੇ 2’, ‘ਨਾਢੂ ਖਾਂ’, ‘ਦਿਲ ਦੀਆਂ ਗੱਲਾਂ’, ‘ਬਲੈਕੀਆ’, ‘ਲੁਕਣ ਮੀਚੀ’, ‘15 ਲੱਖ ਕਦੋਂ ਆਉਗਾ’, ‘ਮੁਕਲਾਵਾ’, ‘ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ’, ‘ਲਾਈਏ ਜੇ ਯਾਰੀਆਂ’, ‘ਮੁੰਡਾ ਫ਼ਰੀਦਕੋਟੀਆ’, ‘ਜਿੰਦ ਜਾਨ’, ‘ਛੜਾ’ ਅਤੇ ‘ਮਿੰਦੋ ਤਸੀਲਦਾਰਨੀ’ ਫ਼ਿਲਮਾਂ ਰਿਲੀਜ਼ ਹੋਈਆਂ ਹਨ। ਇਨ੍ਹਾਂ ਫਿਲਮਾਂ ਦਾ ਵਿਸ਼ਾ ਲਗਪਗ ਇਕ ਦੂਜੀ ਤੋਂ ਵੱਖਰਾ ਹੀ ਹੈ। ਇਨ੍ਹਾਂ ’ਚੋਂ ਤਿੰਨ ਕੁ ਫ਼ਿਲਮਾਂ ਨੇ ਚੰਗਾ ਮੁਨਾਫ਼ਾ ਕਮਾਇਆ ਹੈ। ਦੋ, ਤਿੰਨ ਫ਼ਿਲਮਾਂ ਅਜਿਹੀਆਂ ਹਨ ਜਿਨ੍ਹਾਂ ਨੇ ਆਪਣੀ ਲਾਗਤ ਪੂਰੀ ਕੀਤੀ। ਬਾਕੀ ਫ਼ਿਲਮਾਂ ਘਾਟੇ ਦਾ ਸੌਦਾ ਹੀ ਸਾਬਤ ਹੋਈਆਂ ਹਨ। ਉਪਰੋਕਤ ਫ਼ਿਲਮਾਂ ਦੇ ਮੱਦੇਨਜ਼ਰ ਇਹ ਗੱਲ ਕਹੀ ਜਾ ਸਕਦੀ ਹੈ ਕਿ ਪੰਜਾਬੀ ਸਿਨਮਾ ਹੁਣ ਨਾਇਕ ਪ੍ਰਧਾਨ ਦੀ ਥਾਂ ਵਿਸ਼ਾ ਪ੍ਰਧਾਨ ਹੋਣ ਲੱਗਾ ਹੈ। ਇਕ ਹੀਰੋ ਦੀ ਇਕ ਫ਼ਿਲਮ ਫਲਾਪ ਹੁੰਦੀ ਹੈ ਤੇ ਦੂਜੀ ਹਿੱਟ। ਮਤਲਬ ਸਪੱਸ਼ਟ ਹੈ ਹੀਰੋ ਤਾਂ ਹੀ ਹੀਰੋ ਸਾਬਤ ਹੋਵੇਗਾ ਜੇ ਉਸਦੀ ਕਹਾਣੀ ’ਚ ਦਮ ਅਤੇ ਕਹਾਣੀ ਕਹਿਣ ਦਾ ਤਰੀਕਾ ਕੁਸ਼ਲ ਹੋਵੇਗਾ। ਉਪਰੋਕਤ ਫ਼ਿਲਮਾਂ ’ਚੋਂ ਓਹੀ ਫ਼ਿਲਮ ਸਫਲ ਹੋਈ ਹੈ ਜਿਸ ਨੇ ਦਰਸ਼ਕ ਦੇ ਪੱਧਰ ’ਤੇ ਆਉਣ ਦੀ ਥਾਂ ਦਰਸ਼ਕ ਦਾ ਪੱਧਰ ਉੱਚਾ ਚੁੱਕਿਆ ਹੈ। ਯਾਨੀ ਮੌਲਿਕਤਾ ਦੇ ਨਾਂ ’ਤੇ ਦੁਹਰਾਓ ਪੇਸ਼ ਕਰਨ ਦੀ ਥਾਂ ਕੁਝ ਯਥਾਰਕ ਤੇ ਹਟਵਾਂ ਕੀਤਾ ਹੈ। ਹੁਣ ਫ਼ਿਲਮ ਦੀ ਕਹਾਣੀ ਦੀ ਥਾਂ ਉਸਦੀ ਪੇਸ਼ਕਾਰੀ ਜ਼ਿਆਦਾ ਅਹਿਮ ਹੋ ਗਈ ਹੈ।

‘ਮੁਕਲਾਵਾ’ ਦੇ ਦ੍ਰਿਸ਼

ਸਾਲ ਦੇ ਸ਼ੁਰੂ ’ਚ ਆਈਆਂ ਫ਼ਿਲਮਾਂ ‘ਦੁੱਲਾ ਵੈਲੀ’, ‘ਇਸ਼ਕਾ’ ਤੇ ‘ਦੋ ਦੂਣੀ ਪੰਜ’ ਬੁਰੀ ਤਰ੍ਹਾਂ ਫਲਾਪ ਹੋਈਆਂ। ਦੇਵ ਖਰੋੜ ਦੀ ਫ਼ਿਲਮ ‘ਕਾਕਾ ਜੀ’ ਭਾਵੇਂ ਸਫਲ ਰਹੀ, ਪਰ ਉਸ ਪੱਧਰ ’ਤੇ ਕਮਾਈ ਨਹੀਂ ਕਰ ਸਕੀ ਜਿਸ ਪੱਧਰ ’ਤੇ ਉਸ ਦੀਆਂ ਪਹਿਲੀਆਂ ਫ਼ਿਲਮਾਂ ਨੇ ਕੀਤੀ ਸੀ। ‘ਸਾਡੀ ਮਰਜ਼ੀ’, ‘ਕਾਕੇ ਦਾ ਵਿਆਹ’ ਵੀ ਬੁਰੀ ਤਰ੍ਹਾਂ ਫਲਾਪ ਰਹੀਆਂ। ਬੌਲੀਵੁੱਡ ਫ਼ਿਲਮ ‘ਹਿੰਦੀ ਮੀਡੀਅਮ’ ਦੀ ਤਰਜ਼ ’ਤੇ ਬਣੀ ਪੰਜਾਬੀ ਫ਼ਿਲਮ ‘ਓ ਅ’ ਵੀ ਮਾਂ ਬੋਲੀ ਪ੍ਰਤੀ ਉਦਰੇਵਾ ‘ਕੈਸ਼’ ਨਹੀਂ ਕਰ ਸਕੀ। ਬੀਨੂੰ ਢਿੱਲੋਂ ਤੇ ਸਰਗੁਣ ਮਹਿਤਾ ਦੀ ਫ਼ਿਲਮ ‘ਕਾਲਾ ਸ਼ਾਹ ਕਾਲਾ’ ਨੂੰ ਸਫਲਤਾ ਨਸੀਬ ਹੋਈ ਤਾਂ ‘ਹਾਈਐੰਂਡ ਯਾਰੀਆਂ’ ਦਾ ਹਾਲ ਮਾੜਾ ਹੋਇਆ। ਫ਼ਿਲਮ ਨੂੰ ਲੰਡਨ ਤੋਂ ਸਬਸਿਡੀ ਮਿਲੀ ਹੋਣ ਕਾਰਨ ਫ਼ਿਲਮ ਦਾ ਜ਼ਿਆਦਾ ਨੁਕਸਾਨ ਹੋਣੋਂ ਬਚ ਗਿਆ। ਨਾਇਕਾ ਪ੍ਰਧਾਨ ਫ਼ਿਲਮ ‘ਗੁੱਡੀਆਂ ਪਟੋਲੇ’ ਨੇ ਸਫਲਤਾ ਹਾਸਲ ਕਰਨ ਦੇ ਨਾਲ ਨਾਲ ਫ਼ਿਲਮਸਾਜ਼ਾਂ ਨੂੰ ਕਹਾਣੀਆਂ ’ਚ ਤਾਜ਼ਗੀ ਲਿਆਉਣ ਲਈ ਪ੍ਰੇਰਿਤ ਕੀਤਾ। ਬੀਨੂੰ ਢਿੱਲੋਂ ਦੀ ‘ਕਾਲਾ ਸ਼ਾਹ ਕਾਲਾ’ ਸਫਲ ਰਹੀ ਤਾਂ ‘ਬੈਂਡ ਵਾਜੇ’ ਨੂੰ ਅਸਫਲਤਾ ਦਾ ਮੂੰਹ ਦੇਖਣਾ ਪਿਆ। ‘ਰੱਬ ਦਾ ਰੇਡੀਓ 2’ ਨੇ ਦਰਸ਼ਕਾਂ ਦਾ ਧਿਆਨ ਖਿੱਚਿਆ ਤਾਂ ‘ਯਾਰਾ ਵੇ’ ਨੂੰ ਬੁਰੀ ਤਰ੍ਹਾਂ ਨਕਾਰਿਆ ਗਿਆ। ‘ਮੰਜੇ ਬਿਸਤਰੇ 2’ ਦੀ ਚਰਚਾ ਤਾਂ ਖੁ਼ੂਬ ਹੋਈ, ਪਰ ਓਪਨਿੰਗ ਓਨੀ ਵੱਡੀ ਨਹੀਂ ਮਿਲੀ ਜਿੰਨੀ ਵੱਡੀ ‘ਮੰਜੇ ਬਿਸਤਰੇ 1’ ਨੂੰ ਮਿਲੀ ਸੀ। ਹਰੀਸ਼ ਵਰਮਾ ਦੀ ਫ਼ਿਲਮ ‘ਨਾਢੂ ਖਾਂ’ ਦੀ ਸੋਸ਼ਲ ਮੀਡੀਆ ’ਤੇ ਤਾਂ ਖ਼ੂਬ ਚਰਚਾ ਹੋਈ, ਪਰ ਸਿਨਮਾਘਰ ਪਹੁੰਚ ਕੇ ਫ਼ਿਲਮ ਫਲਾਪ ਹੋ ਗਈ। ਪਰਮੀਸ਼ ਵਰਮਾ ਦੀ ‘ਦਿਲ ਦੀਆਂ ਗੱਲਾਂ’ ਵੀ ਕੋਈ ਖ਼ਾਸ ਕਮਾਲ ਦਿਖਾਉਣ ’ਚ ਕਾਮਯਾਬ ਨਹੀਂ ਹੋਈ। ਜਦੋਂਕਿ ਇਸੇ ਫ਼ਿਲਮ ਨਾਲ ਰਿਲੀਜ਼ ਹੋਈ ਦੇਵ ਖਰੌੜ ਦੀ ‘ਬਲੈਕੀਆ’ ਚੰਗਾ ਕਾਰੋਬਾਰ ਕਰ ਗਈ। ‘ਲੁਕਣ ਮੀਚੀ’ ਤੇ ‘15 ਲੱਖ ਕਦੋਂ ਆਉਗਾ’ ਇਕੋ ਦਿਨ ਰਿਲੀਜ਼ ਹੋਈਆਂ ਤੇ ਦੋਵੇਂ ਹੀ ਫਲਾਪ ਰਹੀਆਂ। ‘ਮੁਕਲਾਵਾ’ ਤੇ ‘ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ’ ਵੀ ਇਕੋ ਦਿਨ ਰਿਲੀਜ਼ ਹੋਈਆਂ, ਪਰ ‘ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ’ ਨੂੰ ਦਰਸ਼ਕਾਂ ਨੇ ਨਕਾਰ ਦਿੱਤਾ ਤੇ ‘ਮੁਕਲਾਵਾ’ ਦੇ ਹਿੱਸੇ ਵੱਡੀ ਸਫਲਤਾ ਆਈ। ‘ਲਾਈਏ ਜੇ ਯਾਰੀਆਂ’ ਵੀ ਠੀਕ ਠਾਕ ਰਹੀ। ‘ਮੁੰਡਾ ਫ਼ਰੀਦਕੋਟੀਆ’ ਤੇ ‘ਜਿੰਦ ਜਾਨ’ ਵੀ ਇਕੋ ਹਫ਼ਤੇ ਰਿਲੀਜ਼ ਹੋਈਆਂ ਤੇ ਦੋਵੇਂ ਹੀ ਮੂਧੇ ਮੂੰਹ ਡਿੱਗੀਆਂ। ‘ਛੜਾ’ ਨੇ ਰਿਕਾਰਡ ਤੋੜ ਸਫਲਤਾ ਹਾਸਲ ਕੀਤੀ ਤਾਂ ‘ਮਿੰਦੋ ਤਸੀਲਦਾਰਨੀ’ ਦਰਸ਼ਕਾਂ ਦੀ ਪਸੰਦ ਨਾ ਬਣ ਸਕੀ।
ਇਨ੍ਹਾਂ ਫ਼ਿਲਮਾਂ ਦੀ ਸਫਲਤਾ ਅਸਫਲਤਾ ਤੋਂ ਇਕ ਗੱਲ ਸਾਫ਼ ਹੁੰਦੀ ਹੈ ਕਿ ਪੰਜਾਬੀ ਦਰਸ਼ਕ ਚਾਲੂ ਰੁਝਾਨ ਤੋਂ ਹਟਵੀਆਂ ਫ਼ਿਲਮਾਂ ਨੂੰ ਹੀ ਤਰਜੀਹ ਦਿੰਦੇ ਹਨ। ਕਾਮੇਡੀ ਸਦਾ ਹੀ ਪੰਜਾਬੀ ਦਰਸ਼ਕਾਂ ਦੀ ਪਹਿਲੀ ਪਸੰਦ ਰਹੀ ਹੈ, ਪਰ ਇਹ ਨਹੀਂ ਕਿ ਕਾਮੇਡੀ ਦੇ ਨਾਂ ’ਤੇ ਫੂਹੜ ਕਿਸਮ ਦੇ ਚੁਟਕਲੇ ਤੇ ਭੱਦੇ ਮਜ਼ਾਕ ਦਰਸ਼ਕ ਪਸੰਦ ਕਰਨ। ਦਰਸ਼ਕ ਨਾਮੀਂ ਕਲਾਕਾਰਾਂ ਦੀਆਂ ਫ਼ਿਲਮਾਂ ਨੂੰ ਆਮ ਨਾਲੋਂ ਜ਼ਿਆਦਾ ਤਵੱਜੋਂ ਜ਼ਰੂਰ ਦਿੰਦੇ ਹਨ, ਪਰ ਇਹ ਵੀ ਨਹੀਂ ਕਿ ਉਹ ਬਿਨਾਂ ਟ੍ਰੇਲਰ ਦੇਖੇ ਹੀਰੋ ਭਰੋਸੇ ਸਿਨਮਾਘਰ ’ਚ ਵੜ ਜਾਂਦੇ ਹਨ। ਪੰਜਾਬੀ ਸਿਨਮਾ ਦੀ ਡੋਰ ਹੁਣ ਨੌਜਵਾਨ ਫ਼ਿਲਮਸਾਜ਼ਾਂ ਤੇ ਲੇਖਕਾਂ ਦੇ ਹੱਥ ’ਚ ਹੈ। ਪੰਜਾਬੀ ਫ਼ਿਲਮਾਂ ਦੀ ਚਰਚਾ ਹਕੀਕੀ ਰੂਪ ’ਚ ਕੌਮਾਂਤਰੀ ਪੱਧਰ ’ਤੇ ਕਰਵਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ, ਪਰ ਫਿਲਹਾਲ ਪੰਜਾਬੀ ਫ਼ਿਲਮਾਂ ਦੀ ਹੋਂਦ ਧੁੰਦ ’ਚ ਲਿਪਟੇ ਬੱਦਲਾਂ ਵਾਂਗ ਹੈ।


Comments Off on ਪੰਜਾਬੀ ਸਿਨਮਾ ਦੀ ਚੜ੍ਹਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.