ਰਸੋਈ ਗੈਸ ਸਿਲੰਡਰ 11.5 ਰੁਪਏ ਹੋਇਆ ਮਹਿੰਗਾ !    ਸੰਜੇ ਗਾਂਧੀ ਪੀਜੀਆਈ ਨੇ ਕਰੋਨਾ ਜਾਂਚ ਲਈ ਵਿਸ਼ੇਸ਼ ਤਕਨੀਕ ਬਣਾਈ !    ਪੁਲੀਸ ਨੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਹਿਰਾਸਤ ਵਿੱਚ ਲਿਆ !    ਕੰਡਿਆਲੀ ਤਾਰ ਨੇੜਿਉਂ ਸ਼ੱਕੀ ਕਾਬੂ !    ਰਾਜਸਥਾਨ ਵਿੱਚ ਕਾਰ ਤੇ ਟਰਾਲੇ ਵਿਚਾਲੇ ਟੱਕਰ; ਪੰਜ ਹਲਾਕ !    ਸੀਏਪੀਐਫ ਕੰਟੀਨਾਂ ਵਿੱਚੋਂ ਬਾਹਰ ਹੋਏ ਇਕ ਹਜ਼ਾਰ ਤੋਂ ਵੱਧ ‘ਗੈਰ ਸਵਦੇਸ਼ੀ ਉਤਪਾਦ’ !    ਭਾਰਤ ਨਾਲ ਲੱਗਦੀ ਸਰਹੱਦ ’ਤੇ ਸਥਿਤੀ ਸਥਿਰ ਅਤੇ ਕਾਬੂ ਹੇਠ: ਚੀਨ !    ਚੰਡੀਗੜ੍ਹ ਵਿੱਚ ਗਰਭਵਤੀ ਔਰਤ ਨੂੰ ਹੋਇਆ ਕਰੋਨਾ !    ਕੇਰਲ ਪੁੱਜਿਆ ਮੌਨਸੂਨ !    ਪ੍ਰਦਰਸ਼ਨਕਾਰੀਆਂ ਨੇ ਵਾੲ੍ਹੀਟ ਹਾਊਸ ਨੇੜੇ ਅੱਗ ਲਾਈ !    

ਪੰਜਾਬੀ ਦਾ ਸਿਰਮੌਰ ਨਾਵਲਕਾਰ ਨਾਨਕ ਸਿੰਘ

Posted On July - 3 - 2019

ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਤੇ ਨਾਟਕਕਾਰ ਗੁਰਬਖਸ਼ ਸਿੰਘ ਪ੍ਰੀਤਲੜੀ ਅਤੇ ਨਾਵਲਕਾਰ ਨਾਨਕ ਸਿੰਘ ਸਮਕਾਲੀ ਸਨ। ਨਾਨਕ ਸਿੰਘ ਨੇ ਗੁਰਬਖਸ਼ ਸਿੰਘ ਦੇ ਵਸਾਏ ਪਿੰਡ ਪ੍ਰੀਤ ਨਗਰ ਵਿਚ ਘਰ ਬਣਾਇਆ। ਪੰਜਾਬੀ ਸਾਹਿਤ ਦੇ ਇਹ ਯੁੱਗ-ਪੁਰਸ਼ ਗੂੜ੍ਹੇ ਦੋਸਤ ਵੀ ਸਨ।

ਗੁਰਬਖ਼ਸ਼ ਸਿੰਘ ਪ੍ਰੀਤਲੜੀ

ਨਾਨਕ ਸਿੰਘ 1961 ਵਿਚ ਨਾਵਲ ‘ਇਕ ਮਿਆਨ ਦੋ ਤਲਵਾਰਾਂ’ ਲਈ ਰਾਸ਼ਟਰਪਤੀ ਸਰਵਪੱਲੀ ਰਾਧਾਕ੍ਰਿਸ਼ਨਨ ਤੋਂ ‘ਸਾਹਿਤ ਅਕੈਡਮੀ ਐਵਾਰਡ’ ਹਾਸਲ ਕਰਦੇ ਹੋਏ।

ਪੰਜਾਬੀ ਨਾਵਲ-ਕਲਾ ਵਿਚ ਨਾਨਕ ਸਿੰਘ ਸਿਰਮੌਰ ਹਨ। ਉਨ੍ਹਾਂ ਤੋਂ ਪਹਿਲਾਂ ਪੰਜਾਬੀ ਵਿਚ ਭਾਵੇਂ ਕਈ ਨਾਵਲ ਲਿਖੇ ਗਏ, ਪਰ ਉਨ੍ਹਾਂ ’ਚੋਂ ਬਹੁਤ ਥੋੜੇ ਹੀ ਸਫਲ ਸਮਝੇ ਜਾ ਸਕਦੇ ਹਨ ਤੇ ਜਿਹੜੇ ਥੋੜੇ ਬਹੁਤ ਸਫਲ ਵੀ ਹੋਏ, ਉਨ੍ਹਾਂ ਵਿਚ ਸਾਧਾਰਨ ਪਾਠਕ ਦੀ ਕੋਈ ਦਿਲਚਸਪੀ ਨਹੀਂ ਸੀ, ਕਿਉਂਕਿ ਬਹੁਤਾ ਕਰਕੇ ਉਨ੍ਹਾਂ ਦਾ ਵਿਸ਼ਾ ਧਾਰਮਿਕ ਹੁੰਦਾ ਸੀ। ਧਾਰਮਿਕ ਵਿਸ਼ੇ ਨੂੰ ਸਿਰਫ਼ ਉਸੇ ਧਾਰਮਿਕ ਫ਼ਿਰਕੇ ਦੇ ਕੁਝ ਲੋਕ ਪੜ੍ਹਦੇ ਹਨ, ਜਿਸ ਫ਼ਿਰਕੇ ਨੂੰ ਉਸ ਵਿਚ ਸਲਾਹਿਆ ਗਿਆ ਹੁੰਦਾ ਹੈ। ਕਿੱਸੇ ਲਿਖਣ ਵਾਲਿਆਂ ਅਤੇ ਧਨੀਰਾਮ ਚਾਤ੍ਰਿਕ ਦੀ ਕਵਿਤਾ ਤੋਂ ਛੁੱਟ ਨਾਨਕ ਸਿੰਘ ਤੋਂ ਪਹਿਲਾਂ ਕਿਸੇ ਨੇ ਵੀ ਆਮ ਲੋਕਾਂ ਲਈ ਪੰਜਾਬੀ ਵਿਚ ਕੁਝ ਨਹੀਂ ਸੀ ਲਿਖਿਆ।
4 ਜੁਲਾਈ 1897 ਨੂੰ ਜਨਮੇ ਨਾਨਕ ਸਿੰਘ ਨੇ ਕਿਸੇ ਫ਼ਿਰਕੇ ਦਾ ਮੁਖਤਾਰਨਾਮਾ ਨਾ ਕਬੂਲਿਆ। ਇਨ੍ਹਾਂ ਦੀਆਂ ਕਹਾਣੀਆਂ ਸਿੱਖ, ਹਿੰਦੂ, ਮੁਸਲਮਾਨ ਦੀ ਦੁਨੀਆਂ ਦੀਆਂ ਕਹਾਣੀਆਂ ਸਨ। ਇਨ੍ਹਾਂ ਸਾਰਿਆਂ ਵਿਚ ਗੁਣ-ਔਗੁਣ ਨਾਨਕ ਸਿੰਘ ਇਨਸਾਫ਼ ਨਾਲ ਵੰਡਦੇ ਸਨ।
ਨਾਨਕ ਸਿੰਘ ਆਮ ਕਰਕੇ ਦੁਨੀਆਂ ਚੰਗੀ ਬਣਾਉਣ ਦੀ ਪ੍ਰੇਰਨਾ ਨਾਲ ਨਾਵਲ ਲਿਖਦੇ ਸਨ। ਵਿਦਵਤਾ, ਲੱਛੇਦਾਰ ਬੋਲੀ ਜਾਂ ਲਿਖਣ-ਤਕਨੀਕ ਦਾ ਵਖਾਵਾ ਇਨ੍ਹਾਂ ਨੂੰ ਕਦੇ ਨਹੀਂ ਭਾਇਆ ਪਰ ਪਾਠਕਾਂ ਦੇ ਦਿਲ-ਪਰਚਾਵੇ ਤੇ ਉਨ੍ਹਾਂ ਦੀ ਸੋਚ ਨੂੰ ਚੰਗਾ ਸੁਝਾਅ ਦੇਣ ਲਈ ਉਹ ਪੂਰੀ ਕੋਸ਼ਿਸ਼ ਕਰਦੇ ਰਹੇ। ਇਨ੍ਹਾਂ ਦੀ ਲੇਖਣੀ ਵਿਚ ਹਾਸ-ਰਸ ਵੀ ਚੋਖਾ ਹੁੰਦਾ ਹੈ। ਫ਼ਿਰਕੂ ਜ਼ਹਿਨੀਅਤ ਨੂੰ ਨਿਰਾਰਥਕ ਸਾਬਤ ਕਰਨ ਵਿਚ ਨਾਨਕ ਸਿੰਘ ਬੜੇ ਸਫ਼ਲ ਹੋਏ। ਨਾ ਤਾਂ ਇਨ੍ਹਾਂ ਦੀ ਲੇਖਣੀ ਵਿਚ ਫਿਰਕੇਦਾਰੀ ਦਾ ਕੋਈ ਅੰਸ਼ ਹੈ ਤੇ ਨਾ ਹੀ ਰੋਜ਼ਾਨਾ ਜ਼ਿੰਦਗੀ ਵਿਚ।
ਜੇ ਵਤਨ-ਪਿਆਰ ਸਾਡੀ ਲੋੜ ਹੈ ਤਾਂ ਉਸ ਤੋਂ ਵੀ ਵਡੇਰੀ ਲੋੜ, ਮੇਰੇ ਖ਼ਿਆਲ ਵਿਚ ਇਹ ਹੈ ਕਿ ਪਾਖੰਡੀ ਸਾਧੂਆਂ-ਸੰਤਾਂ ਦੇ ਖ਼ਤਰਨਾਕ ਅਸਰ ਹੇਠੋਂ ਨੌਜਵਾਨ ਇਸਤਰੀਆਂ ਨੂੰ ਕੱਢਿਆ ਜਾਏ। ਇਨ੍ਹਾਂ ਪਾਖੰਡੀਆਂ ਦੇ ਅਸਰ ਹੇਠ ਆਈਆਂ ਇਸਤਰੀਆਂ ਦੀ ਸੰਤਾਨ ਦੇਸ਼ ਦੀ ਉਸਾਰੀ ਵਿਚ ਕੋਈ ਪੱਕੀਆਂ ਤੇ ਸਿੱਧੀਆਂ ਇੱਟਾਂ ਨਹੀਂ ਜੋੜ ਸਕਦੀ। ਏਸੇ ਕਰਕੇ ਸਾਡਾ ਉੱਚੇ ਵਿਰਸੇ ਵਾਲਾ ਨੌਜਵਾਨ ਉਹ ਕੁਝ ਨਹੀਂ ਕਰ ਸਕਿਆ, ਜੋ ਕੁਝ ਸਾਡੇ ਗੁਆਂਢੀ ਜਾਪਾਨ ਦੇ ਜਵਾਨ ਨੇ ਕਰ ਦਿਖਾਇਆ ਹੈ। ਨਾਨਕ ਸਿੰਘ ਨੇ ਪਾਖੰਡ ਦੀ ਪਲੇਗ ਵਰਗੀ ਗਿਲਟੀ ਉੱਤੇ ਜ਼ੋਰ ਨਾਲ ਉਂਗਲ ਰੱਖੀ। ਭਾਵੇਂ ਇਹ ਗਿਲਟੀ ਪੂਰੀ ਤਰ੍ਹਾਂ ਫਿੱਸੀ ਨਹੀਂ, ਪਰ ਇਸ ਦੇ ਮਾਰੂ ਖ਼ਤਰੇ ਤੋਂ ਸਾਨੂੰ ਝੰਜੋੜ ਕੇ ਖ਼ਬਰਦਾਰ ਕਰਾਇਆ ਗਿਆ ਹੈ।
ਨਾਨਕ ਸਿੰਘ ਆਪਣੀ ਕਹਾਣੀ ਦੇ ਹਰ ਮੋੜ ’ਤੇ ਦਿਲਚਸਪੀ ਕਾਇਮ ਰੱਖਣ ਲਈ ਖਰੇ ਉੱਤਰਦੇ ਹਨ। ਪਾਠਕ ਦੀ ਇਕ ਹੈਰਾਨੀ ਮੁੱਕਦੀ ਨਹੀਂ ਕਿ ਦੂਜੀ ਸ਼ੁਰੂ ਹੋ ਜਾਂਦੀ ਹੈ। ਮੈਨੂੰ ਤਾਂ ਇਨ੍ਹਾਂ ਦੀ ਲੇਖਣੀ ਪੜ੍ਹਦਿਆਂ ਕਿਤੇ ਕਿਤੇ ਸਾਹ ਲੈਣ ਦੀ ਲੋੜ ਪੈ ਜਾਂਦੀ ਹੈ, ਕਿਉਂਕਿ ਇਨ੍ਹਾਂ ਦੀ ਕਹਾਣੀ ਪਹਾੜੀ ਨਾਲੇ ਦੇ ਪਾਣੀ ਵਾਂਗ ਹੜ੍ਹੀ ਆਉਂਦੀ ਜਾਪਦੀ ਹੈ। ਇਸ ਦੀ ਤੇਜ਼ੀ ਕਰਕੇ ਕਿਸੇ ਕਿਸੇ ਪਾਤਰ ਦੀ ਚਿੱਤਰ-ਉਸਾਰੀ ਵੀ ਰਹਿ ਜਾਂਦੀ ਹੈ, ਪਰ ਉਸ ਦੀ ਕਸਰ ਕਹਾਣੀ ਦੀ ਅਣਟੁੱਟ ਉਤਸੁਕਤਾ ਪੂਰਦੀ ਜਾਂਦੀ ਹੈ।
ਨਾਨਕ ਸਿੰਘ ਦੀ ਬੋਲੀ ਜਨਤਾ ਦੀ ਬੋਲੀ ਹੁੰਦੀ ਹੈ, ਜਿਸ ਕਰਕੇ ਇਹ ਸਭ ਤੋਂ ਜ਼ਿਆਦਾ ਪੜ੍ਹੇ ਜਾਂਦੇ ਹਨ। ਨਾਨਕ ਸਿੰਘ ਨੂੰ ਪੰਜਾਬੀ ਅਖਾਣਾਂ ਦਾ ਹੈਰਾਨ ਕਰ ਦੇਣ ਵਾਲਾ ਗਿਆਨ ਸੀ। ਅਖਾਣ ਕਿਸੇ ਕੌਮ ਦੀ ਜ਼ਿੰਦਗੀ ਦਾ ਖ਼ੁਲਾਸਾ ਹੁੰਦੇ ਹਨ। ਹਰ ਅਖਾਣ ਕੌਮ ਦੇ ਕਿਸੇ ਵਿਸ਼ੇਸ਼ ਚਰਿੱਤਰ ਨੂੰ ਉਘਾੜਦਾ ਹੈ। ਇੰਨੇ ਢੁਕਵੇਂ ਢੰਗ ਨਾਲ ਅਖਾਣਾਂ ਦੀ ਵਰਤੋਂ ਕਰ ਸਕਣਾ ਜਤਾਉਂਦਾ ਹੈ ਕਿ ਨਾਨਕ ਸਿੰਘ ਨੂੰ ਪੰਜਾਬੀ ਜ਼ਿੰਦਗੀ ਦੀ ਅੰਤਰ-ਦ੍ਰਿਸ਼ਟੀ ਪ੍ਰਾਪਤ ਸੀ।
ਪੰਜਾਬੀਅਤ ਨੂੰ ਨਾਨਕ ਸਿੰਘ ਦੀ ਇਕ ਦੇਣ ਹੋਰ ਵੀ ਵੱਡੀ ਹੈ। ਇਨ੍ਹਾਂ ਦੇ ਨਾਵਲ ਹਿੰਦੀ, ਉਰਦੂ, ਮਰਾਠੀ, ਰੂਸੀ ਜ਼ਬਾਨਾਂ ਵਿਚ ਅਨੁਵਾਦ ਕੀਤੇ ਗਏ ਹਨ। ਇਨ੍ਹਾਂ ਦੇ ਨਾਵਲ ਪਵਿੱਤਰ ਪਾਪੀ ਦੀ ਫ਼ਿਲਮ ਵੀ ਬਣਾਈ ਗਈ ਹੈ। ਇਸ ਤਰ੍ਹਾਂ ਹੋਰ ਸੂਬਿਆਂ ਤੇ ਦੇਸ਼ਾਂ ਦੇ ਲੋਕਾਂ ਨੂੰ ਵੀ ਪੰਜਾਬੀ ਸੱਭਿਆਚਾਰ ਦੀ ਪਛਾਣ ਹੋਈ।
ਨਾਨਕ ਸਿੰਘ ਬੜੇ ਜਜ਼ਬਾਤੀ ਇਨਸਾਨ ਸਨ। ਜਦੋਂ ਮੈਂ ‘ਪ੍ਰੀaਤਲੜੀ’ ਦਾ ਪਹਿਲਾ ਅੰਕ ਲਿਖਿਆ, ਓਦੋਂ ਇਕ ਰੇੜ੍ਹੀ ਉੱਤੇ ਲੱਦੀਆਂ ਨਾਨਕ ਸਿੰਘ ਦੀਆਂ ਪੁਸਤਕਾਂ ਦਾ ਇਸ਼ਤਿਹਾਰ ਛਪਦਾ ਹੁੰਦਾ ਸੀ। ਮੈਨੂੰ ਕੋਈ ਜਾਣਦਾ ਤਕ ਨਹੀਂ ਸੀ। ਪਰ ਨਾਨਕ ਸਿੰਘ ਨੇ ‘ਪ੍ਰੀਤਲੜੀ’ ਦੇ ਪਹਿਲੇ ਇਕ-ਦੋ ਪਰਚੇ ਪੜ੍ਹ ਕੇ ਮੈਨੂੰ ਇੰਨਾ ਪਿਆਰਾ ਖ਼ਤ ਲਿਖਿਆ ਕਿ ਮੇਰਾ ਹੌਸਲਾ ਅਸਮਾਨੇ ਚੜ੍ਹ ਗਿਆ ਤੇ ਜਦੋਂ ਮੈਂ ਪ੍ਰੀਤ ਸੈਨਾ ਤੇ ਪ੍ਰੀਤ ਨਗਰ ਦਾ ਸੰਕਲਪ ਪੇਸ਼ ਕੀਤਾ ਤਾਂ ਨਾਨਕ ਸਿੰਘ ਇਕਦਮ ਅੰਮ੍ਰਿਤਸਰ ਤੋਂ ਪਰਿਵਾਰ ਸਮੇਤ ਮੇਰੇ ਕੋਲ ਮਾਡਲ ਟਾਊਨ, ਲਾਹੌਰ ਆ ਗਏ।
ਉਨ੍ਹਾਂ ਦੀ ਸਫ਼ਲਤਾ ਦਾ ਮੁੱਖ ਕਾਰਨ ਇਹ ਹੈ ਕਿ ਇਨ੍ਹਾਂ ਨੇ ਆਪਣੀ ਰਚਨਾ ਵਿਚ ਆਪਣਾ ਸਾਰਾ ਕੁਝ ਪਾ ਦਿੱਤਾ ਹੈ ਤੇ ਇਹੋ ਜਿਹੇ ਸਾਹਿਤਕਾਰ ਦੀ ਲਿਖਣ-ਕਲਾ ਵਿਚ ਭਾਵੇਂ ਕਈ ਤਰੁਟੀਆਂ ਵੀ ਰਹਿ ਜਾਣ, ਉਹ ਸਦਾ ਪੜ੍ਹਿਆ ਤੇ ਸਤਿਕਾਰਿਆ ਜਾਏਗਾ।


Comments Off on ਪੰਜਾਬੀ ਦਾ ਸਿਰਮੌਰ ਨਾਵਲਕਾਰ ਨਾਨਕ ਸਿੰਘ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.