ਨਾਭਾ ਜੇਲ੍ਹ ’ਚ ਬੇਅਦਬੀ ਖ਼ਿਲਾਫ਼ ਬੰਦੀ ਸਿੰਘਾਂ ਵੱਲੋਂ ਭੁੱਖ ਹੜਤਾਲ !    ਜਾਨ੍ਹਵੀ ਕਪੂਰ ਨੇ ਆਪਣੀ ਮਾਂ ਨੂੰ ਯਾਦ ਕੀਤਾ !    ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    

ਪੰਜਾਬੀ ਅਪਣਾਈਏ ਪੰਜਾਬੀਅਤ ਬਚਾਈਏ

Posted On July - 15 - 2019

ਡਾ. ਰਣਜੀਤ ਸਿੰਘ

ਡਾ. ਰਣਜੀਤ ਸਿੰਘ

ਮਾਤ ਭਾਸ਼ਾ ਰਾਹੀਂ ਮਨੁੱਖ ਆਪਣੀ ਸੋਚ ਨੂੰ ਸਹੀ ਢੰਗ ਨਾਲ ਪ੍ਰਦਰਸ਼ਿਤ ਕਰਦਾ ਹੈ। ਮਾਤ ਭਾਸ਼ਾ ਰਾਹੀਂ ਹੀ ਆਪਣੇ ਵਿਰਸੇ ਅਤੇ ਸਮਾਜਿਕ ਕਦਰਾਂ ਕੀਮਤਾਂ ਦੀ ਸੋਝੀ ਹੁੰਦੀ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਿਕ ਭਵਿੱਖ ਵਿਚ ਸੰਭਾਵੀ ਤੌਰ ’ਤੇ ਲੋਪ ਹੋਣ ਵਾਲੀਆਂ ਭਾਸ਼ਾਵਾਂ ਵਿਚ ਪੰਜਾਬੀ ਵੀ ਸ਼ਾਮਿਲ ਹੈ ਕਿਉਂਕਿ ਬਹੁਤੇ ਪੰਜਾਬੀ ਪਰਿਵਾਰ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਾਉਣ ਦੀ ਓਟ ਵਿਚ ਪੰਜਾਬੀ ਤੋਂ ਦੂਰ ਕਰ ਰਹੇ ਹਨ।
ਪੰਜਾਬੀ ਅਜਿਹੀ ਭਾਸ਼ਾ ਹੈ ਜਿਸ ਨੂੰ ਪੰਜਾਬੀਆਂ ਨੇ ਹੀ ਨਕਾਰਿਆ ਹੈ। ਇਹ ਬਹੁਤ ਪੁਰਾਣੀ ਅਤੇ ਸਮਰੱਥ ਭਾਸ਼ਾ ਹੈ, ਪਰ ਇਸ ਨੂੰ ਕਦੇ ਕਿਸੇ ਸਰਕਾਰ ਦੀ ਸਰਪ੍ਰਸਤੀ ਹਾਸਲ ਨਹੀਂ ਹੋਈ। ਇਹ ਖੁਸ਼ਕਿਸਮਤੀ ਹੈ ਕਿ ਪੰਜਾਬੀ ਨੂੰ ਪੀਰਾਂ, ਫ਼ਕੀਰਾਂ, ਪੈਗੰਬਰਾਂ ਅਤੇ ਗੁਰੂਆਂ ਦੀ ਸਰਪ੍ਰਸਤੀ ਪ੍ਰਾਪਤ ਹੋਈ ਹੈ, ਸ਼ਾਇਦ ਇਸੇ ਕਰਕੇ ਆਪਣਿਆਂ ਵੱਲੋਂ ਨਕਾਰਨ ਪਿੱਛੋਂ ਵੀ ਇਹ ਵਧਦੀ-ਫੁਲਦੀ ਰਹੀ ਹੈ। ਦਰਅਸਲ, ਇਸ ਬੋਲੀ ਅਤੇ ਪੰਜਾਬੀ ਸੱਭਿਆਚਾਰ ਨੂੰ ਪੰਜਾਬ ਦੇ ਪਿੰਡਾਂ ਨੇ ਹੀ ਸੰਭਾਲਿਆ ਸੀ, ਪਰ ਆਰਥਿਕ ਵਿਕਾਸ ਦੇ ਸ਼ਹਿਰੀ ਪ੍ਰਭਾਵ ਹੇਠ ਅਤੇ ਵਿਦੇਸ਼ਾਂ ਦੀ ਖਿੱਚ ਕਰਕੇ ਹੁਣ ਪਿੰਡ ਵਾਸੀਆਂ ਨੇ ਵੀ ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਤੋਂ ਦੂਰ ਹੋਣਾ ਸ਼ੁਰੂ ਕਰ ਦਿੱਤਾ ਹੈ। ਹੁਣ ਪਿੰਡਾਂ ਵਿਚ ਵੀ ਥਾਂ ਥਾਂ ਅਖੌਤੀ ਅੰਗਰੇਜ਼ੀ ਸਕੂਲ ਖੁੱਲ੍ਹ ਗਏ ਹਨ।
ਆਪਣੀ ਪੁਸਤਕ ‘ਪੰਜਾਬੀ ਸਦੀ’ ਵਿਚ ਟੰਡਨ ਲਿਖਦਾ ਹੈ ਕਿ ਪੰਜਾਬ ਦੇ ਵਾਸੀ ਅਜੀਬ ਲੋਕ ਹਨ ਜਿਹੜੇ ਗੱਲਬਾਤ ਪੰਜਾਬੀ ਵਿਚ, ਸਰਕਾਰੀ ਕੰਮਕਾਜ ਉਰਦੂ ਵਿਚ ਤੇ ਨਿੱਜੀ ਲਿਖਤ ਪੜ੍ਹਤ ਹਿੰਦੀ ਵਿਚ ਕਰਦੇ ਹਨ। ਪੰਜਾਬੀਆਂ ਦਾ ਇਕ ਹਿੱਸਾ ਹੁਣ ਵੀ ਲਿਖਤ ਪੜ੍ਹਤ, ਧਾਰਮਿਕ ਰਸਮੋਂ ਰਿਵਾਜ ਅਤੇ ਆਪਣੇ ਧਾਰਮਿਕ ਸਥਾਨਾਂ ਉੱਤੇ ਹਿੰਦੀ ਦੀ ਹੀ ਵਰਤੋਂ ਕਰਦਾ ਹੈ। ਅਸਲ ਵਿਚ ਅਸੀਂ ਪੰਜਾਬੀ ਬੋਲਣ ਦੀ ਥਾਂ ਟੁੱਟੀ ਫੁੱਟੀ ਹਿੰਦੋਸਤਾਨੀ ਬੋਲਣ ਵਿਚ ਮਾਣ ਮਹਿਸੂਸ ਕਰਦੇ ਹਾਂ।
ਸਾਡੇ ਗੁਆਂਢ ਵਿਚ ਯੂਪੀ ਤੋਂ ਆ ਕੇ ਇਕ ਵਿਅਕਤੀ ਨੇ ਪਿਛਲੇ ਚਾਰ ਦਹਾਕਿਆਂ ਤੋਂ ਸਬਜ਼ੀ ਦੀ ਦੁਕਾਨ ਪਾਈ ਹੋਈ ਹੈ। ਇਕ ਦਿਨ ਮੈਂ ਸਬਜ਼ੀ ਲੈਣ ਗਿਆ ਤਾਂ ਉਸ ਦਾ ਪੋਤਾ ਪੰਜਾਬੀ ਦਾ ਹੋਮਵਰਕ ਕਰ ਰਿਹਾ ਸੀ। ਮੈਂ ਆਖਿਆ, ‘‘ਹੁਣ ਤਾਂ ਤੁਸੀਂ ਚੰਗੀ ਤਰ੍ਹਾਂ ਪੰਜਾਬੀ ਬੋਲ ਲੈਂਦੇ ਹੋਣੇ ਹੋ?’’ ਉਸ ਦਾ ਉੱਤਰ ਸੀ, ‘‘ਅਸੀਂ ਤਾਂ ਪੰਜਾਬੀ ਬੋਲਦੇ ਹਾਂ, ਪਰ ਸਾਡੇ ਨਾਲ ਕੋਈ ਪੰਜਾਬੀ ਨਹੀਂ ਬੋਲਦਾ।’’
ਸਾਰੇ ਦੇਸ਼ ਵਿਚ ਸੂਬਿਆਂ ਦੀ ਹੱਦਬੰਦੀ ਬੋਲੀ ’ਤੇ ਆਧਾਰਿਤ ਹੋਈ ਸੀ, ਪਰ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਲੰਬਾਂ ਸਮਾਂ ਸੰਘਰਸ਼ ਕਰਨਾ ਪਿਆ ਤੇ ਬਹੁਤ ਕੁਰਬਾਨੀਆਂ ਦੇਣੀਆਂ ਪਈਆਂ। ਇਸ ਦੇ ਬਾਵਜੂਦ ਪੰਜਾਬ ਵਿਚ ਪੰਜਾਬੀ ਨੂੰ ਬਣਦਾ ਮਾਣ ਸਨਮਾਨ ਦਿਵਾਉਣ ਲਈ ਪੰਜਾਬੀ ਹਿਤੈਸ਼ੀਆਂ ਨੂੰ ਧਰਨੇ ਮਾਰਨੇ ਪੈ ਰਹੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਬੋਲੀ ਅਤੇ ਸੱਭਿਆਚਾਰ ਦੇ ਵਿਕਾਸ ਲਈ ਸਰਕਾਰੀ ਸਰਪ੍ਰਸਤੀ ਦੀ ਲੋੜ ਹੈ, ਪਰ ਇਹ ਵੀ ਜ਼ਰੂਰੀ ਹੈ ਕਿ ਲੋਕ ਆਪਣੀ ਭਾਸ਼ਾ ਨੂੰ ਅਪਨਾਉਣ ਲਈ ਆਪ ਪਹਿਲ ਕਰਨ। ਇਹ ਪੰਜਾਬ ਹੀ ਹੈ ਜਿੱਥੇ ਘਰਾਂ, ਦੁਕਾਨਾਂ ਤੇ ਦਫ਼ਤਰਾਂ ਦੇ ਬਾਹਰ ਬੋਰਡ ਅੰਗਰੇਜ਼ੀ ਵਿਚ ਲੱਗੇ ਹੋਏ ਹਨ। ਸਰਕਾਰ ਨਾਲ ਚਿੱਠੀ ਪੱਤਰ ਲਈ ਅਸੀਂ ਅੰਗਰੇਜ਼ੀ ਦੀ ਵਰਤੋਂ ਕਰਦੇ ਹਾਂ। ਬੈਂਕਾਂ, ਡਾਕਘਰਾਂ ਤੇ ਦਫ਼ਤਰਾਂ ਵਿਚ ਫਾਰਮ ਅੰਗਰੇਜ਼ੀ ਵਿਚ ਭਰਦੇ ਹਾਂ। ਫਿਰ ਅਸੀਂ ਇਕੱਲੀ ਸਰਕਾਰ ਨੂੰ ਦੋਸ਼ੀ ਕਿਵੇਂ ਆਖ ਸਕਦੇ ਹਾਂ? ਰੱਜਵੀਂ ਰੋਟੀ ਖਾਣ ਵਾਲੇ ਘਰਾਂ ਦੇ ਬੱਚੇ ਪੰਜਾਬੀ ਪੜ੍ਹਦੇ ਹੀ ਨਹੀਂ। ਉਨ੍ਹਾਂ ਨਾਲ ਅਸੀਂ ਘਰਾਂ ਤੇ ਸਕੂਲਾਂ ਅੰਦਰ ਅੰਗਰੇਜ਼ੀ ਜਾਂ ਹਿੰਦੀ ਵਿਚ ਗੱਲ ਕਰਦੇ ਹਾਂ। ਦਰਅਸਲ, ਅੰਗਰੇਜ਼ੀ ਦੇ ਪ੍ਰਭਾਵ ਵਿਚ ਆਏ ਮਾਪੇ ਬੱਚਿਆਂ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਹੋਣ ਹੀ ਨਹੀਂ ਦਿੰਦੇ। ਸੋਚ ਦੀਆਂ ਉਡਾਰੀਆਂ ਤੇ ਮੁੱਢਲਾ ਗਿਆਨ ਆਪਣੀ ਮਾਂ ਬੋਲੀ ਰਾਹੀਂ ਪ੍ਰਾਪਤ ਹੋ ਸਕਦੇ ਹਨ। ਪੰਜਵੀਂ ਜਮਾਤ ਵਿਚ ਪਹੁੰਚ ਬੱਚੇ ਨੂੰ ਸੋਝੀ ਆ ਜਾਂਦੀ ਹੈ ਤੇ ਵਿਦੇਸ਼ੀ ਭਾਸ਼ਾ ਉਹ ਸਹਿਜ ਨਾਲ ਸਿੱਖ ਸਕਦਾ ਹੈ। ਦੇਸ਼ ਦੇ ਵੱਡੇ ਵੱਡੇ ਆਗੂਆਂ ਨੇ ਵੀ ਅੰਗਰੇਜ਼ੀ ਵੀ ਪੰਜਵੀਂ ਜਮਾਤ ਵਿਚ ਆ ਕੇ ਹੀ ਸਿੱਖਣੀ ਸ਼ੁਰੂ ਕੀਤੀ, ਪਰ ਉਹ ਅੰਗਰੇਜ਼ੀ ਵਿਚ ਕਿਸੇ ਪਾਸਿਉਂ ਘੱਟ ਨਹੀਂ ਹਨ। ਅੱਜ ਦੇ ਅੰਗਰੇਜ਼ੀ ਸਕੂਲਾਂ ਵਿਚ ਪੜ੍ਹੇ ਬੱਚੇ ਅੰਗਰੇਜ਼ੀ ਬੋਲ ਤਾਂ ਸਕਦੇ ਹਨ, ਪਰ ਸ਼ੁੱਧ ਅੰਗਰੇਜ਼ੀ ਲਿਖਣ ਤੋਂ ਅਸਮਰੱਥ ਹਨ। ਦਰਅਸਲ, ਉਹ ਆਪਣੀਆਂ ਸੋਚਾਂ ਤੇ ਭਾਵਨਾਵਾਂ ਨੂੰ ਉਜਾਗਰ ਕਰ ਹੀ ਨਹੀਂ ਸਕਦੇ ਕਿਉਂਕਿ ਅੰਗਰੇਜ਼ੀ ਵਿਚ ਇਹ ਹੋਣਾ ਔਖਾ ਹੈ ਤੇ ਆਪਣੀ ਬੋਲੀ ਉਨ੍ਹਾਂ ਨੂੰ ਆਉਂਦੀ ਨਹੀਂ।
ਇਸੇ ਕਰਕੇ ਅਸੀਂ ਜੁਗਾੜੀ ਤਾਂ ਬਣ ਗਏ ਹਾਂ, ਪਰ ਵਧੀਆ ਵਿਗਿਆਨੀ ਨਹੀਂ ਬਣ ਸਕੇ। ਸੂਬੇ ਦੀਆਂ ਬਹੁਤੀਆਂ ਮੁਸ਼ਕਿਲਾਂ ਦਾ ਇਕ ਕਾਰਨ ਇਹ ਵੀ ਹੈ ਕਿ ਅਸੀਂ ਆਪਣੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਢੁਕਵੇਂ ਵਿਗਿਆਨਕ ਢੰਗ ਵਿਕਸਿਤ ਨਹੀਂ ਕਰ ਸਕੇ। ਪੰਜਾਬ ਨੂੰ ਵਿਕਾਸ ਦੇ ਅਗਲੇ ਪੜਾਅ ’ਤੇ ਲਿਜਾਣ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਬੋਲੀ ਵਿਚ ਸੋਚੀਏ ਤੇ ਆਪਣੇ ਸੱਭਿਆਚਾਰ ਆਧਾਰਿਤ ਵਿਕਾਸ ਦੀਆਂ ਯੋਜਨਾਵਾਂ ਉਲੀਕੀਏ।
ਇਸ ਦੇ ਨਾਲ ਹੀ ਬੋਲੀ ਦੇ ਆਧਾਰ ’ਤੇ ਬਣੇ ਸੂਬੇ ਦੀ ਸਰਕਾਰ ਦਾ ਫ਼ਰਜ਼ ਹੈ ਕਿ ਉਹ ਪੰਜਾਬੀ ਬੋਲੀ ਅਤੇ ਸੱਭਿਆਚਾਰ ਨੂੰ ਵਿਕਸਿਤ ਕਰੇ। ਸਾਰੇ ਸਰਕਾਰੀ ਕੰਮਕਾਜ ਪੰਜਾਬੀ ਵਿਚ ਕੀਤੇ ਜਾਣ ਅਤੇ ਪੰਜਾਬੀ ਗੀਤ ਸੰਗੀਤ ਵਿਚ ਵਧ ਰਹੇ ਲੱਚਰਪੁਣੇ ਨੂੰ ਠੱਲ੍ਹ ਪਾਈ ਜਾਵੇ। ਪਰ ਬੋਲੀ ਅਤੇ ਸੱਭਿਆਚਾਰ ਉਦੋੋਂ ਹੀ ਵਿਕਸਿਤ ਹੋ ਸਕਣਗੇ ਜਦੋਂ ਪੰਜਾਬੀ ਆਪ ਆਪਣੀ ਬੋਲੀ ਤੇ ਸੱਭਿਆਚਾਰ ਨੂੰ ਅਪਨਾਉਣਗੇ ਅਤੇ ਇਸ ਉੱਤੇ ਮਾਣ ਕਰਨਗੇ। ਆਪਣੇ ਰੋਜ਼ਾਨਾ ਦੇ ਕੰਮਕਾਜ ਵਿਚ ਪੰਜਾਬੀ ਦੀ ਵਰਤੋਂ ਕਰੀਏ। ਘਰਾਂ, ਦਫ਼ਤਰਾਂ ਅਤੇ ਦੁਕਾਨਾਂ ਦੇ ਬਾਹਰ ਬੋਰਡ ਪੰਜਾਬੀ ਵਿਚ ਲਗਾਏ ਜਾਣ। ਸਰਕਾਰੀ ਫਾਰਮ ਅਤੇ ਹੋਰ ਚਿੱਠੀ ਪੱਤਰ ਪੰਜਾਬੀ ਵਿਚ ਕੀਤਾ ਜਾਵੇ। ਬੈਂਕਾਂ ਤੇ ਡਾਕਘਰਾਂ ਵਿਚ ਫਾਰਮ ਤੇ ਚੈੱਕ ਪੰਜਾਬੀ ਵਿਚ ਲਿਖੇ ਜਾਣ।
ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਭੇਜੀਏ। ਬੇਸ਼ੱਕ ਇਨ੍ਹਾਂ ਸਕੂਲਾਂ ਵਿਚ ਸਹੂਲਤਾਂ ਦੀ ਘਾਟ ਹੈ, ਪਰ ਅਧਿਆਪਕ ਵੱਧ ਪੜ੍ਹੇ ਲਿਖੇ ਅਤੇ ਵੱਧ ਤਨਖ਼ਾਹ ਲੈਂਦੇ ਹਨ। ਜੇਕਰ ਵੱਡੇ ਘਰਾਂ ਦੇ ਬੱਚੇ ਇਨ੍ਹਾਂ ਸਕੂਲਾਂ ਵਿਚ ਜਾਣਗੇ ਤਾਂ ਅਧਿਆਪਕ ਵੀ ਪੂਰੀ ਸੰਜੀਦਗੀ ਨਾਲ ਆਪਣੀ ਡਿਊਟੀ ਨਿਭਾਉਣਗੇ। ਬੱਚਿਆਂ ਨੂੰ ਲੋੜ ਤੋਂ ਵੱਧ ਸਹੂਲਤਾਂ ਦੇਣਾ ਵੀ ਠੀਕ ਨਹੀਂ, ਉਹ ਸੋਹਲ ਬਣ ਰਹੇ ਹਨ ਤੇ ਮਿਹਨਤ ਕਰਨ ਤੋਂ ਕੰਨੀ ਕਤਰਾਉਣ ਲੱਗੇ ਹਨ। ਸਰਕਾਰ ਵੀ ਸਰਕਾਰੀ ਸਕੂਲਾਂ ਵੱਲ ਵਿਸ਼ੇਸ਼ ਧਿਆਨ ਦੇਵੇ ਤਾਂ ਜੋ ਅਖੌਤੀ ਅੰਗਰੇਜ਼ੀ ਸਕੂਲਾਂ ਵੱਲੋਂ ਮਾਪਿਆਂ ਦਾ ਮੁਖ ਮੋੜਿਆ ਜਾ ਸਕੇ। ਆਪਣੀ ਭਾਸ਼ਾ ਨੂੰ ਬਚਾ ਕੇ ਆਪਣਾ ਸੱਭਿਆਚਾਰ ਬਚਾਇਆ ਜਾ ਸਕੇ।
ਸੰਪਰਕ: 94170-87328


Comments Off on ਪੰਜਾਬੀ ਅਪਣਾਈਏ ਪੰਜਾਬੀਅਤ ਬਚਾਈਏ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.