ਰਸੋਈ ਗੈਸ ਸਿਲੰਡਰ 11.5 ਰੁਪਏ ਹੋਇਆ ਮਹਿੰਗਾ !    ਸੰਜੇ ਗਾਂਧੀ ਪੀਜੀਆਈ ਨੇ ਕਰੋਨਾ ਜਾਂਚ ਲਈ ਵਿਸ਼ੇਸ਼ ਤਕਨੀਕ ਬਣਾਈ !    ਪੁਲੀਸ ਨੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਹਿਰਾਸਤ ਵਿੱਚ ਲਿਆ !    ਕੰਡਿਆਲੀ ਤਾਰ ਨੇੜਿਉਂ ਸ਼ੱਕੀ ਕਾਬੂ !    ਰਾਜਸਥਾਨ ਵਿੱਚ ਕਾਰ ਤੇ ਟਰਾਲੇ ਵਿਚਾਲੇ ਟੱਕਰ; ਪੰਜ ਹਲਾਕ !    ਸੀਏਪੀਐਫ ਕੰਟੀਨਾਂ ਵਿੱਚੋਂ ਬਾਹਰ ਹੋਏ ਇਕ ਹਜ਼ਾਰ ਤੋਂ ਵੱਧ ‘ਗੈਰ ਸਵਦੇਸ਼ੀ ਉਤਪਾਦ’ !    ਭਾਰਤ ਨਾਲ ਲੱਗਦੀ ਸਰਹੱਦ ’ਤੇ ਸਥਿਤੀ ਸਥਿਰ ਅਤੇ ਕਾਬੂ ਹੇਠ: ਚੀਨ !    ਚੰਡੀਗੜ੍ਹ ਵਿੱਚ ਗਰਭਵਤੀ ਔਰਤ ਨੂੰ ਹੋਇਆ ਕਰੋਨਾ !    ਕੇਰਲ ਪੁੱਜਿਆ ਮੌਨਸੂਨ !    ਪ੍ਰਦਰਸ਼ਨਕਾਰੀਆਂ ਨੇ ਵਾੲ੍ਹੀਟ ਹਾਊਸ ਨੇੜੇ ਅੱਗ ਲਾਈ !    

ਪੈਪਸੂ ਮੁਜ਼ਾਰਾ ਘੋਲ ਦੀ ਪੇਸ਼ਕਾਰੀ

Posted On July - 7 - 2019

ਕੇ.ਐਲ. ਗਰਗ

ਡਾ. ਜਗਜੀਤ ਸਿੰਘ ਕੋਮਲ ਨੇ ਦਰਜਨਾਂ ਨਾਟਕ ਲਿਖ ਕੇ ਪੰਜਾਬੀ ਪਾਠਕਾਂ ਤੇ ਆਲੋਚਕਾਂ ਵਿਚ ਆਪਣੀ ਚੰਗੀ ਭੱਲ ਬਣਾਲਈ ਹੈ। ‘ਖੇਤੀਂ ਉੱਗੇ ਸੁਰਖ਼ ਸਵੇਰੇ’ (ਕੀਮਤ: 250 ਰੁਪਏ; ਸਾਹਿਬਦੀਪ ਪਬਲੀਕੇਸ਼ਨਜ਼, ਭੀਖੀ, ਮਾਨਸਾ) ਉਸ ਦਾ ਚਹੁੰ ਖੰਡਾਂ ਵਿਚ ਰਚਿਆ ਵੱਡ-ਆਕਾਰੀ ਨਾਟਕ ਹੈ ਜਿਸ ਵਿਚ ਕੁੱਲ ਪੰਜ ਦ੍ਰਿਸ਼ ਅਤੇ ਛਪੰਜਾ ਪਾਤਰ ਹਨ। ਲੇਖਕ ਦਾ ਯਤਨ ਹੈ ਕਿ ਉਹ ਇਨ੍ਹਾਂ ਚਾਰ ਖੰਡਾਂ ਰਾਹੀਂ ਕਿਸ਼ਨਗੜ੍ਹ ਦੇ ਮੁਜ਼ਾਰਾ ਘੋਲ ਦੇ ਸ਼ਾਨਦਾਰ ਇਤਿਹਾਸਕ ਬਿਰਤਾਂਤ ਨੂੰ ਪਾਠਕਾਂ ਲਈ ਪੇਸ਼ ਕਰੇ। ਆਕਾਰ ਪੱਖੋਂ ਇਸ ਨੂੰ ਮਹਾਂ-ਨਾਟ ਵੀ ਆਖਿਆ ਜਾ ਸਕਦਾ ਹੈ। ਇਸ ਇਤਿਹਾਸਕ ਘੋਲ ਦਾ ਪੂਰਾ ਬਿਰਤਾਂਤ ਪੇਸ਼ ਕਰਨ ਲਈ ਲੇਖਕ ਨੇ ਆਪਣੇ ਪੂਰੇ ਨਾਟਕ ਨੂੰ ਚਾਰ ਖੰਡਾਂ ਵਿਚ ਵੰਡਿਆ ਹੈ ਜਿਨ੍ਹਾਂ ਦੇ ਨਾਂ ਕਹਾਣੀ ਦੇ ਬਿਰਤਾਂਤ ਮੁਤਾਬਿਕ ਰੱਖੇ ਹੋਏ ਹਨ। ਇਹ ਖੰਡ ਹਨ: ਪਹੁ-ਫੁਟਾਲਾ, ਕਿਸ਼ਨਗੜ੍ਹ ਕਮਿਊਨ, ਸਿਸਕਦੀ ਸ਼ਹਿਨਾਈ ਅਤੇ ਬਿਸਵੇਦਾਰੀ ਛੂ-ਮੰਤਰ।
ਜ਼ਮੀਨ ਦੇ ਬਿਸਵੇਦਾਰੀ ਸਿਸਟਮ ਅਨੁਸਾਰ ਪੰਜਾਬ ਦੇ 784 ਪਿੰਡਾਂ ਦੇ ਕਿਸਾਨ ਅੰਗਰੇਜ਼ਾਂ, ਰਜਵਾੜਿਆਂ, ਉਨ੍ਹਾਂ ਦੇ ਪਿੱਠੂਆਂ ਦੀ ਤੀਹਰੀ ਗੁਲਾਮੀ ਝੱਲਦੇ ਹਨ। ਮਾਮਲਾ ਭਰਦੇ ਹੋਏ, ਉਹ ਉਨ੍ਹਾਂ ਦੇ ਜ਼ੁਲਮ ਅਤੇ ਤਸ਼ੱਦਦ ਦਾ ਸ਼ਿਕਾਰ ਹੁੰਦੇ ਹਨ। ਬਿਸਵੇਦਾਰੀ ਅਗਾਂਹ ਪੂੰਜੀਵਾਦ ਨੂੰ ਜਨਮ ਦਿੰਦੀ ਪ੍ਰਤੀਤ ਹੁੰਦੀ ਹੈ। ਆਪਣੇ ਹੱਕ ਇਨ੍ਹਾਂ ਬਿਸਵੇਦਾਰਾਂ ਤੋਂ ਖੋਹਣ ਲਈ ਕਿਸ਼ਨਗੜ੍ਹ ਦੇ ਕਿਸਾਨ ਤੇਜਾ ਸਿੰਘ ਸੁਤੰਤਰ ਦੀ ਲਾਲ ਪਾਰਟੀ ਦੇ ਝੰਡੇ ਹੇਠ ਹਥਿਆਰਬੰਦ ਲੜਾਈ ਲੜਦੇ ਹਨ। ਹਕੂਮਤ ਅਤੇ ਰਜਵਾੜਾਸ਼ਾਹੀ ਪੁਲੀਸ ਦੀ ਮਦਦ ਲੈਂਦੀ ਹੈ। ਜਦੋਂ ਪੁਲੀਸ ਅਸਫ਼ਲ ਹੋ ਜਾਂਦੀ ਹੈ ਤਾਂ ਉਹ ਫ਼ੌਜ ਦੀ ਆੜ ’ਚ ਐਕਸ਼ਨ ਕਰਦੇ ਹਨ। ਮੁਜ਼ਾਰੇ ਹਥਿਆਰਬੰਦ ਲੜਾਈ ਦੇ ਨਾਲ ਨਾਲ ਬਾਬੂ ਬ੍ਰਿਸ਼ਭਾਨ ਅਤੇ ਦੇਸਰਾਜ ਰਾਹੀਂ ਕਾਨੂੰਨੀ ਲੜਾਈ ਵੀ ਲੜਦੇ ਹਨ। ਇੰਜ ਇਸ ਸ਼ਾਨਦਾਰ ਸੰਘਰਸ਼ ਵਿਚ ਬਿਸਵੇਦਾਰ ਮੂੰਹ ਦੀ ਖਾਂਦੇ ਹਨ ਤੇ ਮੁਜ਼ਾਰਿਆਂ ਨੂੰ ਭਾਰੀ ਸਫ਼ਲਤਾ ਮਿਲਦੀ ਹੈ।
ਨਾਟਕਕਾਰ ਨੇ ਇਤਿਹਾਸਕ ਪਾਤਰਾਂ ਜਿਵੇਂ ਤੇਜਾ ਸਿੰਘ ਸੁਤੰਤਰ, ਜੰਗੀਰ ਸਿੰਘ ਜੋਗਾ, ਧਰਮ ਸਿੰਘ ਫੱਕਰ, ਛੱਜੂ ਮੱਲ ਵੈਦ, ਬਾਬੂ ਬ੍ਰਿਸ਼ਭਾਨ, ਰਾਮ ਸਿੰਘ ਬਾਗ਼ੀ ਦੇ ਨਾਲ ਨਾਲ ਕਹਾਣੀ ਨੂੰ ਰੌਚਕ ਬਣਾਉਣ ਲਈ ਕੁਝ ਕਾਲਪਨਿਕ ਪਾਤਰਾਂ ਦੀ ਉਸਾਰੀ ਵੀ ਕੀਤੀ ਹੈ ਜਿਵੇਂ ਝੋਟੇ ਕੁੱਟ, ਟਾਂਡੇ ਭੰਨ, ਤੋਪੇ ਤੋੜ ਆਦਿ ਜੋ ਇਸ ਨਾਟਕ ਵਿਚ ਹਾਸ-ਰਸ ਅਤੇ ਵਿਅੰਗ ਦੀ ਸਿਰਜਣਾ ਵੀ ਕਰਦੇ ਹਨ।
ਨਾਟਕਕਾਰ ਦਾ ਦ੍ਰਿਸ਼ਟੀਕੋਣ ਮਾਨਵਵਾਦੀ ਹੈ। ਉਹ ਹਿੰਸਾ ਦੀ ਚੋਣ ਕਰਦਾ ਹੋਇਆ ਵੀ ਅਹਿੰਸਾ ਦਾ ਅਨੁਸਾਰੀ ਹੈ। ਕਈ ਥਾਵਾਂ ’ਤੇ ਉਹ ਮਾਨਵਵਾਦੀ ਕਦਰਾਂ-ਕੀਮਤਾਂ ਦਾ ਧਾਰਨੀ ਨਜ਼ਰੀਂ ਪੈਂਦਾ ਹੈ। ਪੰਜਾਬੀ ਸਭਿਆਚਾਰ ਦੇ ਕਈ ਚਿੱਤਰ ਨਾਟਕ ਵਿਚ ਉੱਭਰਵੇਂ ਰੂਪ ਵਿਚ ਪੇਸ਼ ਹੋਏ ਹਨ। ਮੰਚਨ ਪੱਖੋਂ ਵੀ ਉਸ ਨੇ ਸੰਕੇਤਾਂ, ਸੰਵਾਦਾਂ ਅਤੇ ਇਸ਼ਾਰਿਆਂ ਰਾਹੀਂ ਯਥਾਰਥ ਨੂੰ ਉਘਾੜਣ ਵਿਚ ਪੂਰੀ ਚੇਤਨਤਾ ਵਰਤੀ ਹੈ।
ਇਸੇ ਲਈ ਇਹ ਨਾਟਕ ਪਾਠ ਵਜੋਂ ਵੀ ਤੇ ਮੰਚਨ ਪੱਖੋਂ ਵੀ ਪੂਰੀ ਤਰ੍ਹਾਂ ਵਿਉਂਤਬੱਧ ਹੈ। ਇਸ ਨੂੰ ਕੁਝ ਕੁ ਮੁਸ਼ਕਿਲਾਂ ਦੇ ਬਾਵਜੂਦ ਮੰਚ ’ਤੇ ਖੇਡਿਆ ਜਾ ਸਕਦਾ ਹੈ। ਮੁਜ਼ਾਰਾ ਘੋਲ ਬਾਰੇ ਇਹ ਇਕ ਦਸਤਾਵੇਜ਼ੀ ਰਚਨਾ ਹੈ।
ਸੰਪਰਕ: 94635-37050


Comments Off on ਪੈਪਸੂ ਮੁਜ਼ਾਰਾ ਘੋਲ ਦੀ ਪੇਸ਼ਕਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.