ਦਮਨ ਸਿੰਘ ਨੇ 50 ਕਿਲੋਮੀਟਰ ਪੈਦਲ ਚਾਲ ਟਰਾਫ਼ੀ ਜਿੱਤੀ !    ਅਦਨਿਆਂ ਦੀ ਆਵਾਜ਼ ਅਤਰਜੀਤ !    ਘਿੱਕਾਂ ਪਾਸੇ ਵਾਲਾ ਧੰਨਾ ਸਿੰਘ !    ਸੀਏਏ : ਬੁੱਲ੍ਹੇ ਸ਼ਾਹ ਦੀ ਤਫ਼ਤੀਸ਼ !    ਭਾਰਤ ਦੇ ਪਹਿਲੇ ਅਖ਼ਬਾਰ ਬੰਗਾਲ ਗਜ਼ਟ ਦੀ ਕਹਾਣੀ !    ਕੈਨੇਡਾ ਵਿਚ ਮਿਨੀ ਪੰਜਾਬ !    ਭਾਰਤੀ ਪੱਤਰਕਾਰੀ ਦਾ ਯੁੱਗ ਪੁਰਸ਼ ਆਰ.ਕੇ. ਕਰੰਜੀਆ !    ਆਪਣੀ ਮੱਝ ਦਾ ਦੁੱਧ !    ਕਾਵਿ ਕਿਆਰੀ !    ਜਦੋਂ ਮੈਨੂੰ ਪੁਰਸਕਾਰ ਮਿਲਿਆ! !    

ਪੇਂਡੂ ਸੱਭਿਆਚਾਰ ਦਾ ਅਹਿਮ ਅੰਗ ਛੜੇ

Posted On July - 6 - 2019

ਸੁਖਵਿੰਦਰ ਸਿੰਘ ਸਿੱਧੂ

ਪੰਜਾਬ ਦੇ ਪੇਂਡੂ ਸੱਭਿਆਚਾਰ ਨੂੰ ਚਾਰ ਚੰਨ ਲਾਉਣ ਲਈ ਹਰ ਵੰਨਗੀ ਤੇ ਹਰ ਪਾਤਰ ਦੀ ਆਪੋ ਆਪਣੀ ਮਹੱਤਤਾ ਹੈ। ਪੰਜਾਬੀ ਪੇਂਡੂ ਸੱਭਿਅਚਾਰ ਦੇ ਪਾਤਰਾਂ ਵਿਚੋਂ ਇਕ ਅਹਿਮ ਪਾਤਰ ਹੈ ਛੜਾ। ਛੜੇ ਨਾਂ ਦੇ ਇਸ ਪਾਤਰ ਦੁਆਲੇ ਪੇਂਡੂ ਸੱਭਿਆਚਾਰ ਹੀ ਨਹੀਂ ਪੰਜਾਬੀ ਲੋਕ ਗਾਇਕੀ ਅਤੇ ਲੋਕ ਬੋਲੀਆਂ ਵੀ ਘੁੰਮਦੀਆਂ ਨਜ਼ਰ ਆਉਂਦੀਆਂ ਹਨ। ਜਿਵੇਂ ਲੋਕ ਬੋਲੀ ਦਰਸਾਉਂਦੀ ਹੈ:
ਛੜਿਆਂ ਦੇ ਦੋ ਦੋ ਚੱਕੀਆਂ
ਕੋਈ ਡਰਦੀ ਪੀਹਣ ਨਾ ਜਾਵੇ,
ਛੜੇ ਦੀ ਤਾਂ ਅੱਖ ’ਤੇ ਭਰਿੰਡ ਲੜ ਜੇ
ਨੀਂ ਸਾਡੀ ਕੰਧ ਤੇ ਝਾਤੀਆਂ ਮਾਰੇ
ਛੜਾ ਕੀ ਹੁੰਦਾ ਹੈ? ਕਿਸੇ ਕਾਰਨ ਵਸ ਜਿਸ ਵਿਅਕਤੀ ਦਾ ਵਿਆਹ ਨਹੀਂ ਸੀ ਹੁੰਦਾ ਜਾਂ ਉਹ ਆਪਣੇ ਵਿਆਹ ਦੀ ਉਮਰ ਲੰਘਾ ਚੁੱਕਾ ਹੁੰਦਾ ਜਾਂ ਕਿਸੇ ਘਰੇਲੂ ਮਜਬੂਰੀ ਵਸ ਵਿਆਹ ਨਹੀਂ ਕਰਾਉਂਦਾ, ਤਾਂ ਉਸ ਨੂੰ ਛੜਾ ਕਿਹਾ ਜਾਂਦਾ ਹੈ। ਪਹਿਲੇ ਸਮਿਆਂ ਵਿਚ ਤਾਂ ਹਰ ਘਰ ਵਿਚ ਇਕ ਜਾਂ ਦੋ ਜਣਿਆਂ ਨੂੰ ਵਿਆਹ ਲਿਆ ਜਾਂਦਾ ਸੀ, ਬਾਕੀ ਵਿਚਾਰੇ ਐਦਾਂ ਹੀ ਸਾਰੀ ਜ਼ਿੰਦਗੀ ਕੱਢਦੇ ਅਤੇ ਛੜੇ ਕਹਾਉਂਦੇ। ਵੱਡੇ ਪਰਿਵਾਰਾਂ ਵਿਚ ਕੁਝ ਅਜਿਹੇ ਨੌਜਵਾਨ ਵੀ ਹੁੰਦੇ ਸਨ ਜਿਨ੍ਹਾਂ ਦੇ ਮਾਂ ਬਾਪ ਗੁਜ਼ਰ ਗਏ ਤਾਂ ਉਹ ਬਾਕੀ ਪਰਿਵਾਰ ਦੀ ਜ਼ਿੰਮੇਵਾਰੀ ਨਿਭਾਉਂਦੇ ਵਿਆਹ ਦੀ ਉਮਰ ਲੰਘਾ ਦਿੰਦੇ। ਛੜਿਆਂ ਨੂੰ ਭਾਵੇਂ ਸਮਾਜ ਵਿਚ ਹਮੇਸ਼ਾਂ ਹੀ ਟੇਢੀ ਨਜ਼ਰ ਨਾਲ ਵੇਖਿਆ ਜਾਂਦਾ ਰਿਹਾ ਹੈ, ਪਰ ਸਾਰੇ ਛੜਿਆਂ ਨੂੰ ਇਕੋ ਰੱਸੀ ਬੰਨ੍ਹਣਾ ਵੀ ਠੀਕ ਨਹੀਂ।
ਮੇਰੇ ਹਿਸਾਬ ਨਾਲ ਸਾਡੇ ਸਮਾਜ ਵਿਚ ਛੜਿਆਂ ਦੀਆਂ ਚਾਰ ਕਿਸਮਾਂ ਪਾਈਆਂ ਜਾਂਦੀਆਂ ਹਨ। ਪਹਿਲੀ ਕਿਸਮ ਦੇ ਛੜੇ ਉਹ ਹੁੰਦੇ ਹਨ ਜੋ ਪਰਿਵਾਰਕ ਜ਼ਿੰਮੇਵਾਰੀ ਵਿਚ ਲੀਨ ਹੋ ਕੇ ਆਪਣੇ ਛੋਟੇ ਭੈਣ ਭਰਾਵਾਂ ਦਾ ਪਾਲਣ ਪੋਸ਼ਣ ਕਰਦੇ ਹੋਏ ਆਪਣੀ ਵਿਆਹ ਦੀ ਉਮਰ ਲੰਘਾ ਲੈਂਦੇ ਸਨ ਅਤੇ ਆਪ ਛੜੇ ਰਹਿ ਜਾਂਦੇ ਸਨ। ਦੂਜੀ ਕਿਸਮ ਦੇ ਛੜੇ ਉਹ ਹੁੰਦੇ ਹਨ ਜੋ ਧਾਰਮਿਕ ਆਸਥਾ ਵਸ ਵਿਆਹ ਦਾ ਵਿਚਾਰ ਤਿਆਗ ਦਿੰਦੇ ਸਨ ਅਤੇ ਤੀਜੀ ਕਿਸਮ ਦੇ ਛੜੇ ਉਹ ਹੁੰਦੇ ਹਨ ਜੋ ਪਿੰਡ ਵਿਚ ਸਿਰੇ ਦੇ ਵੈਲੀ ਅਤੇ ਬਗੜੈਲਾਂ ਵਿਚ ਸ਼ਾਮਲ ਹੁੰਦੇ ਸਨ ਤੇ ਉਨ੍ਹਾਂ ਦੀਆਂ ਅਜਿਹੀਆਂ ਹਰਕਤਾਂ ਹੀ ਸ਼ਾਇਦ ਉਨ੍ਹਾਂ ਨੂੰ ਵਿਆਹ ਦੇ ਬੰਧਨ ਵਿਚ ਬੱਝਣ ਦੀ ਰੁਕਾਵਟ ਬਣਦੀਆਂ ਹੋਣਗੀਆਂ। ਚੌਥੀ ਕਿਸਮ ਵਿਚ ਪਰਿਵਾਰਕ ਆਰਥਿਕ ਤੰਗੀ ਕਾਰਨ, ਜ਼ਮੀਨ ਘੱਟ ਹੋਣ ਕਾਰਨ ਤਿੰਨ ਚਾਰ ਭਰਾਵਾਂ ਵਿਚੋਂ ਇਕ ਜਾਂ ਦੋ ਨੂੰ ਵਿਆਹ ਲਿਆ ਜਾਂਦਾ ਅਤੇ ਬਾਕੀ ਦੋ ਤਿੰਨ ਨੂੰ ਛੜੇ ਰਹਿਣਾ ਪੈਂਦਾ ਸੀ। ਇਸ ਤਰ੍ਹਾਂ ਨਾਲ ਨੌਜਵਾਨਾਂ ਦੇ ਛੜੇ ਰਹਿਣ ਦੇ ਵੱਖ ਵੱਖ ਕਾਰਨ ਹੁੰਦੇ ਸਨ।
ਇਸ ਤਰ੍ਹਾਂ ਇਹ ਛੜੇ ਆਪੋ ਆਪਣੀ ਕਿਸਮ ਮੁਤਾਬਕ ਸਮਾਜ ਵਿਚ ਵਿਚਰਦੇ ਸਨ। ਚੰਗੇ ਸਮਾਜਿਕ ਜੀਵਨ ਵਾਲੇ ਨੂੰ ਲੋਕ ਚੰਗੀਆਂ ਨਜ਼ਰਾਂ ਨਾਲ ਤੱਕਦੇ ਹਨ। ਕੁਝ ਛੜੇ ਆਪਣੇ ਭਤੀਜੇ ਭਤੀਜਿਆਂ ਦਾ ਆਪਣੇ ਬੱਚਿਆਂ ਵਾਂਗ ਪਾਲਣ ਪੋਸ਼ਣ ਕਰਦੇ ਜਿਸ ਕਾਰਨ ਇਹ ਛੜੇ ਸਾਊ ਸ਼ਰੀਫ਼ ਬਣਕੇ ਖੇਤੀਬਾੜੀ ਅਤੇ ਘਰ ਦੇ ਕੰਮ ਵਿਚ ਪੂਰਾ ਹੱਥ ਵਟਾਉਂਦੇ ਸਨ ਅਤੇ ਆਪਣੀ ਉਮਰ ਸਹੀ ਤਰੀਕੇ ਨਾਲ ਬਸਰ ਕਰਦੇ ਅਤੇ ਬੱਚਿਆਂ ਵਿਚ ਵੀ ਹਰਮਨ ਪਿਆਰੇ ਹੁੰਦੇ। ਪਰ ਕੁਝ ਛੜੇ, ਸ਼ਰਾਬੀ, ਵੈਲੀ, ਲੜਾਕੂ ਕਿਸਮ ਦੇ ਹੁੰਦੇ ਸਨ ਜਿਨ੍ਹਾਂ ਦੀ ਘਰਦਿਆਂ ਨਾਲ ਨਾ ਬਣਨਾ ਮੁੱਖ ਕਾਰਨ ਹੁੰਦਾ ਸੀ, ਉਹ ਫਿਰ ਘਰਦਿਆਂ ਤੋਂ ਅਲੱਗ ਆਪਣੇ ਚੁਬਾਰੇ ਜਾਂ ਕੋਠੜੀ ਵਿਚ ਹੀ ਡੰਗ ਟਪਾਉਂਦੇ। ਇਹ ਆਪਣੇ ਹੀ ਰੰਗ ਵਿਚ ਰੰਗੇ ਰਹਿੰਦੇ ਤੇ ਇਨ੍ਹਾਂ ਨੂੰ ਕਿਸੇ ਨਾਲ ਕੋਈ ਵਾਅ ਵਾਸਤਾ ਨਾ ਹੁੰਦਾ। ਇਹ ਛੜੇ ਡੱਬੀ ਦਾਰ ਸਾਫੇ, ਚਾਦਰੇ ਬੰਨ੍ਹਦੇ, ਖਤ ਕਰਾ ਜੇਬ ਵਿਚ ਸ਼ੀਸ਼ਾ ਮੋਚਨਾ ਰੱਖਣਾ ਇਨ੍ਹਾਂ ਦਾ ਸ਼ੌਕ ਸੀ। ਮੇਲਿਆਂ, ਇਕੱਠਾਂ ਵਿਚ ਰੰਗ ਬੰਨ੍ਹਣਾ, ਰੋਅਬ ਦਿਖਾਉਣਾ, ਲੜਾਈ ਝਗੜੇ ਕਰਨੇ ਇਨ੍ਹਾਂ ਦੀ ਆਦਤ ਹੁੰਦੀ ਸੀ। ਅਜਿਹੇ ਛੜਿਆਂ ਨੂੰ ਲੋਕ ਨਫ਼ਰਤ ਦੀ ਨਜ਼ਰ ਨਾਲ ਵੀ ਵੇਖਦੇ। ਇਹ ਛੜੇ ਜਿਨ੍ਹਾਂ ਦੇ ਹਿੱਸੇ ਮਾੜੀ ਮੋਟੀ ਜ਼ਮੀਨ ਆਉਂਦੀ, ਉਹ ਜ਼ਮੀਨ ਵੇਚ ਕੇ ਆਪਣੀ ਐਸ਼ ਕਰਦੇ। ਚਿੱਟੇ ਕੱਪੜੇ ਪਾ ਕੇ ਦਾੜ੍ਹੀ ਨੂੰ ਰੰਗ ਲਾ ਕੇ ਅਤੇ ਖਤ ਕਰਕੇ ਬਣ ਠਣਕੇ ਰਹਿੰਦੇ ਸਨ। ਇਨ੍ਹਾਂ ਨੂੰ ਸ਼ਾਇਦ ਇਹ ਆਸ ਹੁੰਦੀ ਸੀ ਕਿ ਕਿਸੇ ਨਾ ਕਿਸੇ ਪਾਸਿਓਂ ਉਨ੍ਹਾਂ ਨੂੰ ਕੋਈ ਰਿਸ਼ਤਾ ਆ ਜਾਵੇ। ਇਨ੍ਹਾਂ ਛੜਿਆਂ ਨੂੰ ਰੂਪਮਾਨ ਕਰਦੀ ਬੋਲੀ:
ਛੜਾ ਛੜੇ ਨੂੰ ਦੇਵੇ ਦਿਲਾਸਾ
ਮੌਜ ਭਰਾਵੋ ਰਹਿੰਦੀ
ਦੋ ਡੱਕਿਆਂ ਨਾਲ ਅੱਗ ਬਲ ਪੈਂਦੀ
ਰੋਟੀ ਸੇਕ ਨਾਲ ਲਹਿੰਦੀ
ਇਕ ਦੁੱਖ ਲੈ ਬੈਠਦਾ
ਝਾਕ ਰੰਨਾਂ ਦੀ ਰਹਿੰਦੀ
ਉਨ੍ਹਾਂ ਸਮਿਆਂ ਵਿਚ ਜ਼ਿਆਦਾਤਰ ਵਿਆਹੀਆਂ ਔਰਤਾਂ ਦੇ ਜੇਠ ਛੜੇ ਹੁੰਦੇ ਸਨ। ਜਿਨ੍ਹਾਂ ਦੀ ਘਰ ਵਿਚ ਪੂਰੀ ਚੌਧਰ ਹੁੰਦੀ ਸੀ। ਉਹ ਭਾਵੇਂ ਘਰ ਦਾ ਕੰਮ ਕਾਰ ਵੀ ਕਰਦੇ ਸਨ, ਪਰ ਭਤੀਜੇ-ਭਤੀਜੀਆਂ, ਭਾਈਆਂ-ਭਰਜਾਈਆਂ ’ਤੇ ਉਨ੍ਹਾਂ ਦਾ ਪੂਰਾ ਰੋਅਬ ਹੁੰਦਾ ਸੀ। ਅਜਿਹੇ ਪਰਿਵਾਰਾਂ ਵਿਚ ਛੜੇ ਆਪ ਲਾਣੇਦਾਰੀ ਕਰਦੇ ਤੇ ਆਪਣੇ ਛੋਟੇ ਭਰਾਵਾਂ ਨੂੰ ਕੰਮ ਕਾਰ ’ਤੇ ਲਾਈਂ ਰੱਖਦੇ ਸਨ। ਜਿਨ੍ਹਾਂ ਦੀ ਗਵਾਹੀ ਇਹ ਬੋਲ ਭਰਦੇ ਹਨ;
ਮੇਰਾ ਰਾਂਝਾ ਬੱਕਰੀਆਂ ਚਾਰੇ
ਨੀਂ ਘਰ ਛੜੇ ਜੇਠ ਦੀ ਚੱਲੇ
ਛੜੇ ਵਿਚਾਰੇ ਕਈ ਵਾਰ ਵਿਆਹ ਦਾ ਲੱਡੂ ਖਾਣ ਦੇ ਲਾਲਚ ਵਿਚ ਠੱਗਾਂ ਦੀ ਲੁੱਟ ਦਾ ਸ਼ਿਕਾਰ ਵੀ ਹੋ ਜਾਂਦੇ ਸਨ। ਅਜਿਹੇ ਵਿਅਕਤੀਆਂ ਦੀਆਂ ਪਿੰਡਾਂ ਵਿਚ ਬਹੁਤ ਕਹਾਣੀਆਂ ਮੌਜੂਦ ਹਨ। ਛੜੇ ਪੰਜਾਬੀ ਗੀਤਾਂ ਅਤੇ ਲੋਕ ਬੋਲੀਆਂ ਦਾ ਵੀ ਸ਼ਿੰਗਾਰ ਬਣੇ ਹਨ। ਪੰਜਾਬੀ ਗਾਇਕੀ ਦਾ ਕੋਈ ਵੀ ਪੁਰਾਤਨ ਗਾਇਕ ਅਜਿਹਾ ਨਹੀਂ ਹੋਵੇਗਾ ਜਿਸ ਨੇ ਛੜਿਆਂ ਦਾ ਗੀਤ ਨਾ ਗਾਇਆ ਹੋਵੇ। ਛੜਿਆਂ ਦੇ ਸ਼ੌਕ ਵੀ ਅਵੱਲੇ ਹੁੰਦੇ ਸਨ। ਜਿਵੇਂ ਇਕ ਗੀਤ ਹੈ:
ਬੱਕਰੀ ਵੇਚ ਛੜੇ ਜੇਠ ਨੇ ਟੇਪ ਰਿਕਾਰਡ ਲਿਆਂਦੀ
ਨੀਂ ਚੰਦਰਾ ਸ਼ੌਕੀਨ ਹੋ ਗਿਆ ਉਹਦੀ ਮੜਕ ਝੱਲੀ ਨਾ ਜਾਂਦੀ
ਅੱਗੋਂ ਛੜਾ ਕੀ ਕਹਿੰਦੈ:
ਬੱਕਰੀ ਸਣੇ ਪਠੋਰੀ ਵੇਚੀ
ਨਕਦ ਚਾਰ ਸੌ ਲੈ ਕੇ
ਨੀਂ ਮੁੰਡੇ ਖੁੰਡੇ ਗੀਤ ਸੁਣਦੇ
ਮੇਰੀ ਮੰਜੀ ਦੇ ਸਰਾਹਣੇ ਬਹਿ ਕੇ
ਇਸ ਤਰ੍ਹਾਂ ਦੇ ਕਿੱਤੇ ਛੜਿਆਂ ਦੇ ਆਮ ਮਸ਼ਹੂਰ ਹੁੰਦੇ ਸਨ। ਇਸੇ ਤਰ੍ਹਾਂ ਪੁਰਾਤਨ ਪੰਜਾਬੀ ਫ਼ਿਲਮਾਂ ਵਿਚ ਵੀ ਛੜਿਆਂ ਦੀ ਅਹਿਮ ਭੂਮਿਕਾ ਰਹੀ ਹੈ। ਇਹ ਛੜੇ ਜਿੱਥੇ ਪੇਂਡੂ ਸਮਾਜ ਵਿਚ ਅਹਿਮ ਪਾਤਰ ਵਜੋਂ ਵਿਚਰਦੇ ਸਨ, ਉੱਥੇ ਇਨ੍ਹਾਂ ਨੇ ਪੰਜਾਬੀ ਗਾਇਕੀ, ਲੋਕ ਬੋਲੀਆਂ ਨੂੰ ਵੀ ਚਾਰ ਚੰਨ ਲਾਏ ਹਨ। ਵਿਆਹ ਸ਼ਾਦੀਆਂ ਵਿਚ ਔਰਤਾਂ ਬੋਲੀਆਂ ਰਾਹੀਂ ਛੜਿਆਂ ਪ੍ਰਤੀ ਆਪਣੇ ਮਨ ਦਾ ਗੁਬਾਰ ਕੱਢਦੀਆਂ ਸਨ। ਵਿਆਹ ਵਾਲੇ ਘਰ ਅਤੇ ਰਿਸ਼ਤੇਦਾਰ ਵਿਚੋਂ ਕਈ ਛੜੇ ਇਕੱਠੇ ਹੁੰਦੇ ਤੇ ਫਿਰ ਬੋਲੀਆਂ ਦਾ ਦੌਰ ਸ਼ੁਰੂ ਹੁੰਦਾ। ਪੰਜਾਬੀ ਵਿਆਹ ਖ਼ਾਸ ਕਰਕੇ ਮਾਲਵੇ ਦੇ ਪਿੰਡਾਂ ਦੇ ਵਿਆਹਾਂ ਵਿਚਲਾ ਗਿੱਧਾ ਤੇ ਭੰਗੜਾ ਉਦੋਂ ਤਕ ਸਫਲ ਨਹੀਂ ਸੀ ਮੰਨਿਆ ਜਾਂਦਾ ਜਦੋਂ ਤਕ ਛੜਿਆਂ ਦੀ ਬੋਲੀ ਨਾ ਪੈਂਦੀ। ਛੜਿਆਂ ਦੀਆਂ ਬੋਲੀਆਂ ਨਾਲ ਗਿੱਧਾ ਮਘ ਉਠਦਾ ਅਤੇ ਜੋਬਨ ’ਤੇ ਆ ਜਾਂਦਾ। ਛੜਿਆਂ ਦੀਆਂ ਭਰਜਾਈਆਂ ਫੇਰ ਉਨ੍ਹਾਂ ਨੂੰ ਖੂਬ ਝਹੇਡਾਂ ਕਰਦੀਆਂ:
ਛੜਿਆਂ ਦੇ ਘਰ ਅੱਗ
ਨਾ ਘੜੇ ਦੇ ਵਿਚ ਪਾਣੀ
ਕੋਈ ਦਿਸਦੀ ਨਾ ਬਹੂ ਰਾਣੀ
ਜਿਹੜੀ ਧਰੇ ਮਸਰਾਂ ਦੀ ਦਾਲ ਕੁੜੇ
ਬੂ ਛੜਿਆਂ ਦਾ
ਛੜਿਆਂ ਦਾ ਮੰਦੜਾ ਹਾਲ ਕੁੜੇ
ਇਸੇ ਦੌਰਾਨ ਛੜਿਆਂ ਦੀ ਟੋਲੀ ਵਿਚੋਂ ਵੀ ਜਵਾਬੀ ਬੋਲੀਆਂ ਪਾਈਆਂ ਜਾਂਦੀਆਂ ਸਨ:
ਛੜਾ ਛੜਾ ਨਾ ਕਰਿਆ ਕਰ ਨੀਂ
ਵੇਖ ਛੜੇ ਨਾਲ ਲਾ ਕੇ
ਨੀਂ ਪਹਿਲਾਂ ਤੇਰੇ ਭਾਂਡੇ ਮਾਂਜੂ
ਫੇਰ ਦਊਗਾ ਟੁੱਕ ਪਕਾ ਕੇ
ਨੀਂ ਫੇਰ ਛੜਾ ਰਗੜੂ ਚਟਨੀ
ਖੱਟੀ ਅੰਬੀ ਪਾ ਕੇ
ਨੀਂ ਫੁੱਲ ਵਾਂਗੂ ਤਰ ਜਾਏਂਗੀ
ਵੇਖ ਲੈ ਛੜੇ ਨਾਲ ਲਾ ਕੇ
ਅਜੋਕੇ ਸਮਾਜ ਵਿਚ ਹਰ ਕੋਈ ਇਕ ਜਾਂ ਦੋ ਬੱਚਿਆਂ ਤਕ ਸੀਮਤ ਹੋ ਗਿਆ ਹੈ ਜਿਸ ਕਾਰਨ ਹੁਣ ਪਿੰਡਾਂ ਵਿਚੋਂ ਛੜੇ ਲੋਪ ਹੁੰਦੇ ਜਾ ਰਹੇ ਹਨ।

ਸੰਪਰਕ: 94635-28494


Comments Off on ਪੇਂਡੂ ਸੱਭਿਆਚਾਰ ਦਾ ਅਹਿਮ ਅੰਗ ਛੜੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.