ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਪੁਸਤਕਾਂ ਵਿਚਲਾ ਮੰਤਰ…

Posted On July - 10 - 2019

ਰਾਮ ਸਵਰਨ ਲੱਖੇਵਾਲੀ

ਮਾਂ ਬੋਲੀ ਦਾ ਅਧਿਆਪਕ ਹੁੰਦਿਆਂ ਦਹਾਕਾ ਭਰ ਸਕੂਲ ਲਾਇਬ੍ਰੇਰੀ ਦਾ ਇੰਚਾਰਜ ਰਿਹਾ। ਵਿਦਿਆਰਥਣਾਂ ਨੂੰ ਪੁਸਤਕਾਂ ਪੜ੍ਹਨ ਲਈ ਪ੍ਰੇਰਨਾ ਮੇਰਾ ਕਰਮ ਸੀ। ਉਹ ਪੁਸਤਕ ਸਾਥ ਦੇ ਵਹਿਣ ਵਿਚ ਤੁਰਨ ਲੱਗੀਆਂ। ਮੇਰੇ ਸੁਝਾਅ ਉੱਤੇ ਸੈਕੰਡਰੀ ਕਲਾਸਾਂ ਦੀਆਂ ਲੜਕੀਆਂ ਨੇ ਆਪੋ-ਆਪਣੇ ਘਰਾਂ ਵਿਚ ਵੀ ਪੁਸਤਕਾਂ ਰੱਖਣੀਆਂ ਸ਼ੁਰੂ ਕਰ ਲਈਆਂ। ਲਾਇਬ੍ਰੇਰੀ ਦੇ ਪੀਰੀਅਡ ਵੇਲੇ ਇਹ ਵਿਦਿਆਰਥਣਾਂ ਪੁਸਤਕਾਂ ਬਾਰੇ ਆਪਣੇ ਵਿਚਾਰ, ਪ੍ਰਭਾਵ ਦੱਸਦੀਆਂ। ਇਕ ਦਿਨ ਬਾਰ੍ਹਵੀਂ ਕਲਾਸ ਦੀ ਵਿਦਿਆਰਥਣ ਨੇ ਆਪਣੀ ਹੱਡ ਬੀਤੀ ਸੁਣਾਈ…
… ਅਸੀਂ ਪਿੰਡੋਂ ਬਾਹਰ ਆਪਣੇ ਖੇਤ ਢਾਣੀ ਤੇ ਰਹਿੰਦੇ ਹਾਂ। ਸਾਡੇ ਘਰਾਂ ਵਿਚ ਕੁੜੀਆਂ ਅਤੇ ਪੁਸਤਕਾਂ ਦੀ ਬਹੁਤੀ ਪੁੱਛ-ਪ੍ਰਤੀਤ ਨਹੀਂ ਹੁੰਦੀ। ਇਕ ਦਿਨ ਮੈਂ ਆਪਣੀ ਮਨਪਸੰਦ ਪੁਸਤਕ ‘ਮਾਲਾ ਮਣਕੇ’ ਆਪਣੇ ਘਰ ਦੇ ਅੰਦਰਲੇ ਕਮਰੇ ਵਿਚ ਰੱਖ ਕੇ ਭੁੱਲ ਗਈ। ਉਸ ਕਮਰੇ ਵਿਚ ਸ਼ਾਮ ਨੂੰ ਮੇਰੇ ਪਾਪਾ ਜੀ ਪੈੱਗ ਲਾ ਕੇ ਨਿਹਾਲ ਹੁੰਦੇ ਸਨ। ਉਨ੍ਹਾਂ ਇਕ ਅੱਧਾ ਪੈੱਗ ਹੀ ਪੀਤਾ ਹੋਵੇਗਾ ਕਿ ਉਹ ਪੁਸਤਕ ਉਨ੍ਹਾਂ ਦੇ ਹੱਥ ਲੱਗ ਗਈ। ਉਨ੍ਹਾਂ ਨੇ ਪੁਸਤਕ ਚੁੱਕੀ ਅਤੇ ਵਗ੍ਹਾ ਕੇ ਬਾਹਰ ਮਾਰੀ। ਨਾਲ ਹੀ ਉਹ ਗੁੱਸੇ ਵਿਚ ਮੰਦਾ ਚੰਗਾ ਬੋਲਣ ਲੱਗੇ; ਅਖੇ, ਮੇਰੇ ਇਸ ਕਮਰੇ ਵਿਚ ਪੁਸਤਕਾਂ ਦਾ ਕੀ ਕੰਮ? ਆਵਦੀਆਂ ਪੁਸਤਕਾਂ ਆਪੋ-ਆਪਣੇ ਬੈਗਾਂ ਵਿਚ ਰੱਖਿਆ ਕਰੋ। ਉਨ੍ਹਾਂ ਉਹ ਪੁਸਤਕ ਰੱਖਣ ਬਦਲੇ ਮੇਰੀ ਕਾਫ਼ੀ ਹੱਬ ਦੱਬ ਕੀਤੀ ਅਤੇ ਮੈਨੂੰ ਰੁਆ ਕੇ ਹੀ ਸਾਹ ਲਿਆ।
ਘਰ ਅਕਸਰ ਲੜਾਈ ਝਗੜਾ ਰਹਿੰਦਾ ਸੀ। ਇਸ ਝਗੜੇ ਦੀ ਜੜ੍ਹ ਸ਼ਰਾਬ ਹੀ ਸੀ। ਹਰ ਸ਼ਾਮ ਪਾਪਾ ਘਰ ਦੀ ਕੱਢੀ ਸ਼ਰਾਬ ਪੀਣ ਬਹਿ ਜਾਂਦੇ। ਜੇ ਮੰਮਾ ਕੁਸ਼ ਬੋਲਦੇ ਤਾਂ ਗਾਲ੍ਹ ਮੰਦਾ ਸ਼ੁਰੂ ਹੋ ਜਾਂਦਾ। ਫਿਰ ਸਾਰਾ ਗੁੱਸਾ ਘਰੇ ਕੰਮ ਕਰਦੇ ਸੀਰੀਆਂ, ਕਾਮਿਆਂ ਉੱਤੇ ਨਿਕਲਦਾ। ਪਾਪਾ ਦੇ ਸ਼ਰਾਬ ਪੀਣ ਤੋਂ ਬਾਅਦ ਕਲੇਸ਼ ਸਾਡੇ ਘਰ ਆਮ ਗੱਲ ਸੀ। ਟੱਬਰ ਦੇ ਸਾਰੇ ਜੀਅ ਦੁਖੀ ਸਨ ਤੇ ਬੇਵੱਸ ਵੀ। ਕੋਈ ਰਿਸ਼ਤੇਦਾਰ ਵੀ ਮਦਦ ਨਹੀਂ ਸੀ ਕਰਦਾ। ਕਹਿੰਦੇ, ਆਵਦੀ ਬਣੀ ਆਪੇ ਨਿਬੇੜੋ ਬਈ, ਅਸੀਂ ਕਾਹਤੋਂ ਕਿਸੇ ਤੋਂ ਬੁਰੇ ਬਣੀਏ। ਇੱਕ ਦਿਨ ਫਿਰ ਮੈਂ ਸੋਚ ਸਮਝ ਕੇ ਉਹੋ ਪੁਸਤਕ ਉਨ੍ਹਾਂ ਦੇ ਪੀਣ ਕਮਰੇ ਵਿਚ ਰੱਖ ਆਈ। ਉਨ੍ਹਾਂ ਪੈੱਗਾਂ ਪਿੱਛੋਂ ਉਹ ਪੁਸਤਕ ਚੁੱਕੀ ਹੋਵੇਗੀ ਅਤੇ ਫਿਰ ਵਗ੍ਹਾ ਕੇ ਮਾਰਨ ਦੀ ਥਾਂ ਖੋਲ੍ਹ ਲਈ। ਮੁੱਲਵਾਨ ਵਿਚਾਰਾਂ ਵਾਲੀ ਪੁਸਤਕ ਦਾ ਅਸਰ ਉਸੇ ਵਕਤ ਸ਼ੁਰੂ ਹੋ ਗਿਆ। ਉਸ ਰਾਤ ਸਾਡੇ ਘਰ ਕਲੇਸ਼ ਨਹੀਂ ਹੋਇਆ। ਅਸੀਂ ਸਾਰੇ ਹੈਰਾਨ ਸਾਂ ਅਤੇ ਅੰਦਰੋ-ਅੰਦਰੀ ਖੁਸ਼ ਵੀ।
ਅਗਲੇ ਦਿਨ ਸਵੇਰੇ ਖੇਤ ਮੋਟਰ ਤੇ ਜਾਣ ਸਮੇਂ ਉਹ ਪੁਸਤਕ ਪਾਪਾ ਜੀ ਦੇ ਹੱਥ ਵਿਚ ਦੇਖ ਬਹੁਤ ਸਕੂਨ ਮਿਲਿਆ। ਦੋ ਤਿੰਨ ਦਿਨਾਂ ਵਿਚ ਉਨ੍ਹਾਂ ਉਹ ਪੂਰੀ ਪੁਸਤਕ ਪੜ੍ਹ ਲਈ। ਫਿਰ ਇਕ ਸ਼ਾਮ ਮੈਨੂੰ ਬੁਲਾ ਕੇ ਬੜੇ ਪਿਆਰ ਨਾਲ ਪੁੱਛਿਆ, “ਪੁੱਤ, ਇਹ ਪੁਸਤਕ ਤੈਨੂੰ ਕਿਸ ਨੇ ਪੜ੍ਹਨ ਨੂੰ ਦਿੱਤੀ ਏ? ਜੇ ਕੋਈ ਹੋਰ ਵੀ ਏ, ਤਾਂ ਮੈਨੂੰ ਦੇਵੀਂ।” ਮੇਰੀਆਂ ਤਾਂ ਵਾਛਾਂ ਖਿੜ ਗਈਆਂ। ਉਸੇ ਪਲ ‘ਪਹਿਲਾ ਅਧਿਆਪਕ’ (ਲੇਖਕ ਚੰਗੇਜ਼ ਆਇਤਮਾਤੋਵ) ਲਿਆ ਪਾਪਾ ਦੇ ਹੱਥ ਫੜਾਈ। ਨਾਲ ਹੀ ਆਖਿਆ- ‘ਸਾਡੇ ਸਕੂਲ ਦੇ ਅਧਿਆਪਕ ਸਾਨੂੰ ਪੁਸਤਕਾਂ ਪੜ੍ਹਨ ਲਈ ਪ੍ਰੇਰਦੇ ਨੇ’।
ਉਸ ਦਿਨ ਤੋਂ ਬਾਅਦ ਪਾਪਾ ਪੁਸਤਕਾਂ ਪੜ੍ਹਨ ਲੱਗ ਪਏ। ਇਕ ਦਿਨ ਫਿਰ ਮੈਨੂੰ ਕਹਿਣ ਲੱਗੇ, “ਇਨ੍ਹਾਂ ਪੁਸਤਕਾਂ ਦਾ ਸਾਥ ਬਹੁਤ ਚੰਗਾ ਏ, ਕਾਲਜ ਪੜ੍ਹਦਿਆਂ ਮੈਨੂੰ ਵੀ ਥੋੜ੍ਹਾ ਬਹੁਤ ਸ਼ੌਕ ਸੀ ਪਰ ਘਰ ਦੀ ਕਬੀਲਦਾਰੀ ਤੇ ਮਾੜੀ ਸੰਗਤ ਨੇ ਉਸ ਰਾਹ ਨਹੀਂ ਤੁਰਨ ਦਿੱਤਾ।” ਫਿਰ ਕੀ ਸੀ, ਪਾਪਾ ਜੀ ‘ਪਗਡੰਡੀਆਂ’, ‘ਅਸਲੀ ਇਨਸਾਨ ਦੀ ਕਹਾਣੀ’, ‘ਮੜ੍ਹੀ ਦਾ ਦੀਵਾ’, ‘ਮੇਰਾ ਦਾਗਿਸਤਾਨ’ ਆਦਿ ਪੁਸਤਕਾਂ ਮੈਂਥੋਂ ਲੈ ਲੈ ਕੇ ਸ਼ਬਦਾਂ ਦੀ ਸੰਗਤ ਮਾਣਦੇ ਰਹੇ। ਉਨ੍ਹਾਂ ਦੀ ਪੁਸਤਕਾਂ ਨਾਲ ਮਿਲਣੀ ਨੇ ਆਪਣਾ ਰੰਗ ਦਿਖਾਇਆ। ਗਰਮੀ ਦੀਆਂ ਛੁੱਟੀਆਂ ਮੁੱਕਣ ਤੱਕ ਸਾਡੇ ਘਰ ਦਾ ਮਾਹੌਲ ਬਿਲਕੁਲ ਤਬਦੀਲ ਹੋ ਗਿਆ। ਘਰੇ ਹੁੰਦਾ ਨਿੱਤ ਦਾ ਕਲੇਸ਼ ਬਿਲਕੁਲ ਮੁੱਕ ਗਿਆ। ਪਾਪਾ, ਸ਼ਾਮ ਨੂੰ ਸੰਕੋਚ ਨਾਲ ਦਾਰੂ ਪੀਣ ਲੱਗੇ। ਪੀ ਕੇ ਮੰਦਾ ਚੰਗਾ ਬੋਲਣਾ ਬੰਦ ਹੋ ਗਿਆ ਹੈ। ਉਨ੍ਹਾਂ ਦਾ ਸਾਡੇ ਨਾਲ ਵਿਹਾਰ ਵੀ ਅਪਣੱਤ ਭਰਿਆ ਹੋ ਗਿਆ। ਘਰ ਦੇ ਵਿਹੜੇ ਵਿਚ ਹਾਸਾ ਅਤੇ ਖੁਸ਼ੀ ਨੱਚਣ ਲੱਗ ਪਏ।
ਅੱਜ ਸਕੂਲ ਆਉਂਦੇ ਵਕਤ ਉਨ੍ਹਾਂ ਮੈਨੂੰ ਆਖਿਆ, “ਪੁੱਤਰ, ਹੋਰ ਚੰਗੀਆਂ ਪੁਸਤਕਾਂ ਲੈਂਦੀ ਆਵੀਂ। ਇਨ੍ਹਾਂ ਮੈਨੂੰ ਨਵਾਂ ਰਾਹ ਦਿਖਾਇਆ ਏ।” ਮੇਰੇ ਮੰਮਾ ਦੀ ਖੁਸ਼ੀ ਦਾ ਤਾਂ ਕੋਈ ਟਿਕਾਣਾ ਹੀ ਨਹੀਂ ਸੀ। ਉਹ ਕਹਿੰਦੇ, ਤੇਰੇ ਪਾਪਾ ਨੂੰ ਸਿੱਧੇ ਰਾਹ ਲਿਆਉਣ ਲਈ ਕੀ ਨਹੀਂ ਕੀਤਾ; ਕੋਈ ਡੇਰਾ, ਤਾਂਤਰਿਕ, ਪੁੱਛਾਂ ਦੇਣ ਵਾਲਾ, ਕਾਲਾ ਇਲਮ ਜਾਣਨ ਵਾਲਾ, ਕੋਈ ਨਹੀਂ ਛੱਡਿਆ ਜਿਸ ਦੇ ਦਰ ਉੱਤੇ ਜਾ ਕੇ ਅਰਜ਼ੋਈ ਨਾ ਕੀਤੀ ਹੋਵੇ ਪਰ ਕਿਸੇ ਦਾ ਤਵੀਤ, ਮੰਤਰ ਕੰਮ ਨਹੀਂ ਆਇਆ। ਤੇਰਾ ਤਰੀਕਾ ਕਾਰਗਰ ਨਿਕਲਿਆ। ਮੇਰਾ ਜੁਆਬ ਸੀ: ਇਹ ਪੁਸਤਕਾਂ ਵਿਚਲਾ ‘ਮੰਤਰ’ ਹੈ ਜਿਹੜਾ ਸਾਨੂੰ ਜੀਣ ਦੀ ਜਾਚ ਦੱਸਦਾ ਅਤੇ ਰਾਹ ਰੁਸ਼ਨਾਉਂਦਾ ਹੈ।
ਸਕੂਲ ਦੀ ਲਾਇਬ੍ਰੇਰੀ ਵਿਚ ਬੈਠੀ ਪੁਸਤਕਾਂ ਵਾਚਦੀ ਮੈਂ ਇਸ ਗੱਲ ਲਈ ਆਸਵੰਦ ਸਾਂ ਕਿ ਪੁਸਤਕਾਂ ਦਾ ਸਾਥ ਸਾਡੇ ਘਰ ਇਕ ਦਿਨ ਜ਼ਰੂਰ ਚਾਨਣ ਕਰੇਗਾ।…

ਸੰਪਰਕ: 95010-06626


Comments Off on ਪੁਸਤਕਾਂ ਵਿਚਲਾ ਮੰਤਰ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.