ਪ੍ਰੋ. ਜਸਪ੍ਰੀਤ ਕੌਰ
‘ਲੀਨਿੰਗ ਟਾਵਰ ਆਫ ਪੀਸਾ’ ਅਰਥਾਤ ਪੀਸਾ ਦੀ ਝੁਕੀ ਹੋਈ ਮੀਨਾਰ ਇਟਲੀ ਦੇ ਛੋਟੇ ਸ਼ਹਿਰ ਪੀਸਾ ਵਿਚ ਸਥਿਤ ਹੈ। ਇਹ ਵਾਸਤੂਸ਼ਿਲਪ ਦਾ ਅਦਭੁੱਤ ਨਮੂਨਾ ਹੈ। ਇਸ ਮੀਨਾਰ ਦੇ ਆਲੇ-ਦੁਆਲੇ ਕਈ ਇਮਾਰਤਾਂ ਹਨ ਜੋ ਬਿਲਕੁਲ ਸਿੱਧੀਆਂ ਬਣੀਆਂ ਹੋਈਆਂ ਹਨ ਅਤੇ ਉਨ੍ਹਾਂ ਵਿਚਕਾਰ ਬਣੀ ਇਹ ਟੇਢੀ ਜਿਹੀ ਇਮਾਰਤ ਦੇਖਣ ਵਿਚ ਬਹੁਤ ਅਜੀਬ ਲੱਗਦੀ ਹੈ। ਲਗਪਗ 15 ਫੁੱਟ ਝੁਕੀ ਹੋਈ ਮੀਨਾਰ ਹੁਣ ਤਕ ਕਿਵੇਂ ਖੜ੍ਹੀ ਹੈ, ਇਹ ਦੇਖ ਕੇ ਸਭ ਹੈਰਾਨ ਹੁੰਦੇ ਹਨ। ਜਦੋਂ ਇਸ ਇਮਾਰਤ ਨੂੰ ਉਸਾਰਿਆ ਗਿਆ ਤਾਂ ਇਹ ਉਸਤੋਂ ਬਾਅਦ ਇਕ ਪਾਸੇ ਵੱਲ ਝੁਕਣਾ ਸ਼ੁਰੂ ਹੋ ਗਈ। ਝੁਕਣ ਕਾਰਨ ਹੀ ਇਹ ਸੰਸਾਰ ਭਰ ਵਿਚ ਪ੍ਰਸਿੱਧ ਹੈ। ਦੁਨੀਆਂ ਭਰ ਤੋਂ ਹਜ਼ਾਰਾਂ ਲੋਕ ਇਸ ਮੀਨਾਰ ਨੂੰ ਦੇਖਣ ਲਈ ਪੀਸਾ ਆਉਂਦੇ ਹਨ।
ਇਸ ਮੀਨਾਰ ਦਾ ਨਿਰਮਾਣ ਬੋਨੈਨੋ ਪਿਸਾਨੋ ਨੇ 1173 ਵਿਚ ਸ਼ੁਰੂ ਕਰਵਾਇਆ ਸੀ ਅਤੇ 1372 ਵਿਚ ਤਿੰਨ ਪੱਧਰਾਂ ਵਿਚ 199 ਸਾਲਾਂ ਬਾਅਦ ਇਸ ਦਾ ਨਿਰਮਾਣ ਕਾਰਜ ਪੂਰਾ ਹੋਇਆ। 1178 ’ਚ ਜਦੋਂ ਤੀਜੀ ਮੰਜ਼ਿਲ ਬਣ ਰਹੀ ਸੀ ਤਾਂ ਇਹ ਅਚਾਨਕ ਝੁਕ ਗਈ। ਇਸ ਦੇ ਝੁਕਣ ਦਾ ਕਾਰਨ ਨੀਂਹਾਂ ਦਾ ਸਿਰਫ਼ 3 ਮੀਟਰ ਚੌੜਾ ਹੋਣਾ ਅਤੇ ਢਿੱਲੀ ਅਤੇ ਡੋਲਵੀਂ ਜ਼ਮੀਨ ਸੀ। ਪੀਸਾ ਰਿਹਾਇਸ਼ੀ ਲੋਕਾਂ ਦਾ ਸ਼ਹਿਰ ਹੈ। ਪੀਸਾ ਅਤੇ ਫਲੋਰੈਂਸ ਦੇ ਲੋਕਾਂ ਦੀ ਆਪਸ ਵਿਚ ਕਦੇ ਨਹੀਂ ਬਣਦੀ ਸੀ ਜਿਸ ਕਾਰਨ ਦੋਵੇਂ ਸ਼ਹਿਰਾਂ ਵਿਚ ਕਈ ਜੰਗਾਂ ਹੋਈਆਂ। ਪੀਸਾ ਵਾਸੀਆਂ ਦਾ ਨਾਲ ਦੇ ਇਲਾਕਿਆਂ ਨਾਲ ਲਗਾਤਾਰ ਜੰਗ ਕਰਕੇ ਮੀਨਾਰ ਦਾ ਨਿਰਮਾਣ ਕਈ ਸਾਲ ਬੰਦ ਰਿਹਾ। 1272 ਵਿਚ ਇਸ ਦਾ ਨਿਰਮਾਣ ਦੁਬਾਰਾ ਸ਼ੁਰੂ ਹੋਇਆ। ਹੋਰ ਮੰਜ਼ਿਲਾਂ ਨੂੰ ਇਕ ਪਾਸੇ ਤੋਂ ਉੱਚਾ ਬਣਾਇਆ ਗਿਆ।
ਪੀਸਾ ਦੀ ਮੀਨਾਰ ਦੀ ਵਾਸਤੂਕਲਾ ਸ਼ੈਲੀ ਬਾਰੇ ਤੱਥ ਬਹੁਤ ਦਿਲਚਸਪ ਹਨ। ਇਸ ਨੂੰ ਰੇਤ ਅਤੇ ਚਿਕਣੀ ਮਿੱਟੀ ਵਾਲੇ ਸਥਾਨ ’ਤੇ ਲੱਕੜ ਦੇ ਲੱਠਾਂ ਨੂੰ ਜ਼ਮੀਨ ਵਿਚ ਗੱਡ ਕੇ ਉਸ ਉੱਪਰ ਬਣਾਇਆ ਗਿਆ ਹੈ। ਇਸ ਮੀਨਾਰ ਦੇ ਬਾਹਰੀ ਭਾਗ ਨੂੰ ਬਣਾਉਣ ਲਈ ਸੰਗਮਰਮਰ ਦੀ ਵਰਤੋਂ ਕੀਤੀ ਗਈ ਹੈ। ਇਸ ਦੀਆਂ ਕੁੱਲ 8 ਮੰਜ਼ਿਲਾਂ ਹਨ। ਇਸ ਦੇ ਆਧਾਰ ’ਤੇ ਕੰਧਾਂ ਦੀ ਚੌੜਾਈ 2.44 ਮੀਟਰ (8 ਫੁੱਟ 0.06 ਇੰਚ) ਹੈ। ਇਸਦਾ ਅੰਦਾਜ਼ਨ ਭਾਰ 14,500 ਮੀਟ੍ਰਿਕ ਟਨ ਹੈ। ਇਸ ਟਾਵਰ ਵਿਚ 296 ਪੌੜੀਆਂ ਹਨ। ਇਹ ਆਧਾਰ ਤੋਂ ਤਕਰੀਬਨ 5 ਡਿਗਰੀ ਦੇ ਖ਼ਤਰਨਾਕ ਕੋਣ ’ਤੇ ਝੁਕੀ ਹੋਈ ਹੈ। ਸਾਲ 1987 ਵਿਚ ਯੂਨੈਸਕੋ ਵੱਲੋਂ ਇਸ ਮੀਨਾਰ ਦੀ ਵਿਸ਼ਵ ਵਿਰਾਸਤੀ ਸਥਾਨ ਵਜੋਂ ਚੋਣ ਕੀਤੀ ਗਈ। ਅੱਜ ਤਕ ਵੱਡੇ ਯਤਨਾਂ ਨਾਲ ਇਸ ਮੀਨਾਰ ਨੂੰ ਡਿੱਗਣ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿਛਲੇ ਦਹਾਕੇ ਤੋਂ ਵੀ ਪਹਿਲਾਂ ਦਾ ਇਕ ਵਿਸ਼ੇਸ਼ ਪ੍ਰਾਜੈਕਟ ਚੱਲ ਰਿਹਾ ਹੈ, ਜਿਸਦਾ ਮਕਸਦ ਪੀਸਾ ਦੇ ਲੀਨਿੰਗ ਟਾਵਰ ਨੂੰ ਸਥਾਈਤਵ ਦੇਣਾ ਹੈ। ਇਸ ਤਹਿਤ ਮੀਨਾਰ ਦੇ ਉੱਤਰ ਵੱਲ ਜ਼ਮੀਨ ਵਿਚੋਂ 70 ਟਨ ਮਿੱਟੀ ਖੋਦੀ ਗਈ ਹੈ ਤਾਂ ਕਿ ਇਹ ਸਿੱਧਾ ਖੜ੍ਹਾ ਹੋ ਸਕੇ। ਦੇਖ-ਰੇਖ ਤੋਂ ਬਾਅਦ ਪੀਸਾ ਦਾ ਝੁਕਿਆ ਹੋਇਆ ਮੀਨਾਰ ਹੁਣ ਸਥਿਰ ਅਤੇ ਸਿੱਧਾ ਹੁੰਦਾ ਨਜ਼ਰ ਆਇਆ ਹੈ। ਇਸ ਦਾ ਝੁਕਾਅ ਪਹਿਲਾਂ ਨਾਲੋਂ ਘੱਟ ਹੋ ਗਿਆ ਹੈ ਤੇ ਇਹ 48 ਸੈਂਟੀਮੀਟਰ ਸਿੱਧੀ ਹੋਈ ਹੈ। ਮੀਨਾਰ ਦੀ ਬੁਨਿਆਦ ਅਤੇ ਮੀਨਾਰ ਦੇ ਅੰਦਰ ਇਕ ਹਾਈਟੈਕ ਕੈਮਰਾ ਲਗਾਇਆ ਗਿਆ ਹੈ, ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਮੀਨਾਰ ਝੁਕਣੋਂ ਬੰਦ ਹੋ ਗਈ ਹੈ। 1990 ਵਿਚ ਮੀਨਾਰ ਨੂੰ ਡਿੱਗਣ ਦੇ ਖ਼ਤਰੇ ਕਰਕੇ ਬੰਦ ਕਰ ਦਿੱਤਾ ਗਿਆ ਸੀ, ਪਰ 11 ਸਾਲਾਂ ਬਾਅਦ ਇਸ ਨੂੰ ਦਸੰਬਰ 2009 ਵਿਚ ਜਨਤਾ ਲਈ ਮੁੜ ਤੋਂ ਖੋਲ੍ਹਿਆ ਗਿਆ।
ਸੰਪਰਕ: 94178-31583