ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਪਿੰਡ ਦੀ ਆਵਾਜ਼ ਬਣਦੀ ਸੱਥ

Posted On July - 27 - 2019

ਡਾ. ਪ੍ਰਿਤਪਾਲ ਸਿੰਘ ਮਹਿਰੋਕ
ਸੱਥ ਪਿੰਡ ਦੀ ਸਾਂਝੀ ਤੇ ਜਾਣੀ-ਪਛਾਣੀ ਥਾਂ ਹੁੰਦੀ ਹੈ, ਜਿੱਥੇ ਪਿੰਡ ਦੀ ਰੂਹ ਧੜਕਦੀ ਰਹਿੰਦੀ ਹੈ। ਪਿੰਡਾਂ ਵਿਚ ਅਕਸਰ ਕੋਈ ਨਾ ਕੋਈ ਸਾਂਝੀ ਥਾਂ ਹੁੰਦੀ ਹੀ ਹੈ। ਬਹੁਤੀਆਂ ਸਥਿਤੀਆਂ ਤੇ ਆਮ ਹਾਲਤਾਂ ਵਿਚ ਇਹ ਕਿਸੇ ਵੱਡੇ ਰੁੱਖ ਹੇਠਾਂ ਉਸ ਦੇ ਮੁੱਢ ਦੇ ਆਲੇ-ਦੁਆਲੇ ਬਣੇ ਥੜ੍ਹੇ ਵਾਲੀ ਥਾਂ ਹੁੰਦੀ ਹੈ, ਜਿੱਥੇ ਲੋਕ ਆਪਣੇ ਵਿਹਲ ਦੇ ਪਲ ਲੰਘਾਉਣ ਲਈ, ਗੱਪ-ਸ਼ੱਪ ਮਾਰਨ ਲਈ, ਕੁਝ ਕਹਿਣ-ਸੁਣਨ ਲਈ ਆ ਬੈਠਦੇ ਹਨ। ਉਂਜ ਤਾਂ ਲੋਕਾਂ ਨੂੰ ਆਪਣੇ ਖੇਤਾਂ-ਬੰਨ੍ਹਿਆਂ ਦੇ, ਘਰਾਂ ਦੇ, ਮਾਲ-ਡੰਗਰ ਨੂੰ ਸਾਂਭਣ ਦੇ ਕੰਮਾਂ ਤੋਂ ਵਿਹਲ ਹੀ ਘੱਟ ਮਿਲਦੀ ਹੈ, ਪਰ ਰੋਜ਼ਾਨਾ ਜੀਵਨ ਦੇ ਅਜਿਹੇ ਕੰੰਮਾਂ ਤੋਂ ਵਿਹਲ ਕੱਢ ਕੇ ਲੋਕ ਪਿੰਡ ਦੀ ਸੱਥ ਵਿਚ ਆ ਕੇ ਬੈਠਣਾ ਪਸੰਦ ਕਰਦੇ ਹਨ। ਸਰਸਰੀ ਤੇ ਓਪਰੀ ਨਜ਼ਰੇ ਵੇਖਿਆਂ ਕਈ ਵਾਰ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਪਿੰਡ ਦੇ ਬਜ਼ੁਰਗ, ਕੰਮਾਂ-ਕਾਰਾਂ ਤੋਂ ਵਿਹਲੇ ਹੋ ਕੇ ਆਏ ਲੋਕ ਤੇ ਵਿਹਲੜ ਇਸ ਥਾਂ ’ਤੇ ਆ ਕੇ ਬੈਠਦੇ ਹਨ ਤੇ ਆਪਣੇ ਵਿਹਲ ਦੇ ਪਲਾਂ ਨੂੰ ਦਿਲਚਸਪ ਤੇ ਮਨੋਰੰਜਕ ਬਣਾ ਕੇ ਗੁਜ਼ਾਰਦੇ ਹਨ। ਵੱਡੇ/ਬੁੱਢੇ ਬੋਹੜ ਹੇਠਾਂ ਜੁੜ ਬੈਠੇ, ਗੱਲਾਂ-ਬਾਤਾਂ ਕਰਦੇ, ਹਾਸਾ ਮਜ਼ਾਕ ਕਰਦੇ, ਆਪਣੇ ਤਜਰਬੇ ਸਾਂਝੇ ਕਰਦੇ ਲੋਕ ਖੇਤਾਂ, ਫ਼ਸਲਾਂ, ਪਸ਼ੂਆਂ, ਖੇਤੀ ਸੰਦਾਂ, ਮੰਡੀਆਂ, ਆੜ੍ਹਤੀਆਂ, ਜਿਣਸਾਂ ਦੇ ਭਾਅ, ਨਫ਼ੇ-ਨੁਕਸਾਨ, ਪਿੰਡ ਦੇ ਲੜਾਈ-ਝਗੜਿਆਂ, ਪੰਚਾਇਤਾਂ ਆਦਿ ਦੀਆਂ ਗੱਲਾਂ ਕਰਨ ਵਿਚ ਮਸਤ ਰਹਿੰਦੇ ਹਨ। ਅਖ਼ਬਾਰਾਂ ਦੀਆਂ ਖ਼ਬਰਾਂ, ਚਲੰਤ ਮਾਮਲਿਆਂ ਦੇਸ਼/ਪ੍ਰਾਂਤ ਦੀਆਂ ਸਰਕਾਰਾਂ, ਰਾਜਨੀਤੀ, ਕਿਸੇ ਦੀ ਬਹਾਦਰੀ, ਕਿਸੇ ਖੇਤਰ ਵਿਚ ਪਿੰਡ ਦਾ ਨਾਂ ਰੌਸ਼ਨ ਕਰਨ ਵਾਲੇ ਲੋਕਾਂ ਦੀਆਂ ਗੱਲਾਂ ਆਦਿ ਅਕਸਰ ਸੱਥ ਵਿਚ ਚਰਚਾ ਦੇ ਵਿਸ਼ੇ ਬਣਦੀਆਂ ਹਨ।
ਸੱਥ ਵਿਚ ਬੈਠ ਕੇ ਲੋਕ ਇਕ ਦੂਜੇ ਨਾਲ ਦੁਖ-ਸੁਖ ਸਾਂਝੇ ਕਰਦੇ ਹਨ। ਮਨ ਦੇ ਬੋਝ ਨੂੰ ਹਲਕਾ ਕਰਦੇ ਹਨ ਤੇ ਜੀਵਨ ਵਿਚ ਰੰਗ ਭਰਨ ਦੇ ਆਹਰ ਵਿਚ ਜੁਟੇ ਰਹਿੰਦੇ ਹਨ। ਪੰਜਾਬੀ ਸੱਭਿਆਚਾਰ ਵਿਚ ਇਹ ਥਾਂ ਰਮਣੀਕ ਥਾਂ ਬਣਨ ਦਾ ਰੁਤਬਾ ਰੱਖਦੀ ਹੈ, ਇਹ ਸੱਥ ਵਿਚ ਬੈਠਦੇ ਲੋਕ ਬਿਹਤਰ ਜਾਣਦੇ ਹਨ।

ਡਾ. ਪ੍ਰਿਤਪਾਲ ਸਿੰਘ ਮਹਿਰੋਕ

ਗਪੌੜੀ, ਅਮਲੀ, ਚੁਟਕਲੇ ਸੁਣਾਉਣ ਵਾਲੇ ਅਤੇ ਗੱਲਾਂ ਨੂੰ ਰੌਚਕ ਬਿਰਤਾਂਤ ਬਣਾ ਕੇ ਪੇਸ਼ ਕਰਨ ਵਾਲੇ ਲੋਕ ਸੱਥ ਵਿਚ ਮਾਣ-ਸਨਮਾਨ ਹਾਸਲ ਕਰਦੇ ਹਨ। ਜ਼ਿੰਦਗੀ ਦੇ ਕਿੱਸਿਆਂ ਨੂੰ ਉਤਸੁਕਤਾ ਭਰਪੂਰ ਰਸ ਰੰਗ ਨਾਲ ਸ਼ਿੰਗਾਰ ਕੇ ਬਿਆਨ ਕਰਨ ਦੀ ਕਲਾ ਵਿਚ ਮਾਹਿਰ ਲੋਕ ਸੱਥ ਵਿਚ ਆਪਣੀ ਵਿਸ਼ੇਸ਼ ਪਛਾਣ ਬਣਾ ਲੈਂਦੇ ਹਨ। ਸੱਥ ਵਿਚ ਮਹਿਫ਼ਲ ਸੱਜਦੀ ਹੈ। ਬਿਨਾਂ ਕਿਸੇ ਸੰਗ-ਸੰਕੋਚ ਤੋਂ ਲੋਕ ਆਪਣੀ ਗੱਲ ਕਹਿ ਸੁਣਾਉਂਦੇ ਹਨ। ਉੱਥੇ ਬਾਤ ਦਾ ਬਤੰਗੜ ਬਣਦਾ ਹੈ, ਰਾਈ ਦਾ ਪਹਾੜ ਬਣਾ ਕੇ ਤੇ ਰੱਸੀਆਂ ਦੇ ਸੱਪ ਬਣਾ ਕੇ ਪੇਸ਼ ਕੀਤੇ ਜਾ ਸਕਦੇ ਹਨ। ਬੂੰਦ ਦਾ ਸਮੁੰਦਰ ਬਣਾਇਆ ਜਾ ਸਕਦਾ ਹੈ, ਸਮੁੰਦਰ ਨੂੰ ਕੁੱਜੇ ਵਿਚ ਬੰਦ ਕੀਤਾ ਜਾ ਸਕਦਾ ਹੈ। ਸੌ ਹੱਥ ਰੱਸਾ ਸਿਰੇ ’ਤੇ ਗੰਢ ਕਹਿ ਕੇ ਕਿਸੇ ਗੱਲ/ਬਹਿਸ ਦਾ ਨਿਪਟਾਰਾ ਕੀਤਾ ਜਾ ਸਕਦਾ ਹੈ। ਸੱਥਾਂ ਵਿਚ ਗੱਲਾਂ ਕਰਦੇ ਗਾਲੜੀ ਪਿੰਡ ਦੀਆਂ ਛੋਟੀਆਂ-ਵੱਡੀਆਂ ਖ਼ਬਰਾਂ/ਸੂਚਨਾਵਾਂ ਨੂੰ ਮਿਰਚ ਮਸਾਲੇ ਲਗਾ ਕੇ ਸਾਂਝਾ ਕਰਦੇ ਹਨ। ਉਹ ਗੱਲਾਂ ਦੀ ਲੜੀ ਟੁੱਟਣ ਨਹੀਂ ਦਿੰਦੇ। ਸੱਥ ਵਿਚ ਦੇਸ਼ ਦੇ, ਰਾਜ ਦੇ, ਇਲਾਕੇ ਦੇ, ਲੋਕਾਂ ਦੇ ਸਾਂਝੇ ਮਸਲਿਆਂ ਉੱਪਰ ਖੁੰਢ ਚਰਚਾ ਛਿੜਦੀ ਹੈ। ਕਈ ਵਾਰ ਗੰਭੀਰ ਮਸਲੇ ਵੀ ਵਿਚਾਰ ਅਧੀਨ ਲਿਆਂਦੇ ਜਾਂਦੇ ਹਨ। ਪਿੰਡ ਦੇ ਕੇਂਦਰੀ ਸਥਾਨ ਸੱਥ ਵਿਚ ਪਿੰਡ ਦਾ ਦਿਲ ਧੜਕਦਾ ਹੈ। ਲੋਕ ਮਨ ਬੋਲਦਾ ਹੈ। ਸੱਥ ਵਿਚੋਂ ਪਿੰਡ ਦੀ ਆਵਾਜ਼ ਸੁਣੀ ਜਾ ਸਕਦੀ ਹੈ। ਪਿੰਡ ਦੀ ਨਬਜ਼ ਟਟੋਲੀ ਜਾ ਸਕਦੀ ਹੈ। ਪਿੰਡ ਦੇ ਗਲੀ-ਮੁਹੱਲੇ ਤੋਂ ਲੈ ਕੇ ਰਾਸ਼ਟਰਪਤੀ, ਅੰਤਰਾਸ਼ਟਰੀ ਸਮੱਸਿਆਵਾਂ ਦਾ ਜ਼ਿਕਰ ਛਿੜਦਾ ਹੈ। ਸੱਥ ਵਿਚੋਂ ਪਿੰਡ ਦਾ ਸੁਭਾਅ, ਸਮੁੱਚੇ ਪਿੰਡ ਦੇ ਚਰਿੱਤਰ ਦੇ ਕਈ ਪਹਿਲੂਆਂ ਨੂੰ ਸੁਣਿਆ, ਸਮਝਿਆ, ਜਾਣਿਆ ਜਾ ਸਕਦਾ ਹੈ। ਮੁੱਛ ਫੁਟ ਗੱਭਰੂ ਵੀ ਕੁਝ ਨਵਾਂ ਸੁਣਨ ਵਾਸਤੇ ਸੱਥ ਵਿਚ ਗੇੜਾ ਲਾ ਆਉਂਦੇ ਹਨ। ਕਈ ਵਾਰ ਉੱਥੋਂ ਸੁਣੀਆਂ ਗੱਲਾਂ ਉਨ੍ਹਾਂ ਦੇ ਮਾਨਸਿਕ ਤੇ ਬੌਧਿਕ ਵਿਕਾਸ ਵਿਚ ਸਹਾਈ ਹੋ ਸਕਦੀਆਂ ਹਨ। ਸੱਥ ਵਿਚੋਂ ਉਨ੍ਹਾਂ ਨੂੰ ਜੀਵਨ ਜਾਚ ਦੇ ਨੁਕਤੇ ਤੇ ਨੈਤਿਕ ਕਦਰਾਂ-ਕੀਮਤਾਂ ਵਾਲੀਆਂ ਗੱਲਾਂ ਵੀ ਸੁਣਨ ਨੂੰ ਮਿਲ ਸਕਦੀਆਂ ਹਨ। ਦੇਸ਼, ਰਾਜ ਅਤੇ ਇਲਾਕੇ ਦੇ ਨੇਤਾਵਾਂ ਦੇ ਵਿਵਹਾਰ, ਉਨ੍ਹਾਂ ਦੇ ਕੰਮਾਂ, ਉਨ੍ਹਾਂ ਦੇ ਗੁਣ-ਔਗੁਣ ਵੀ ਸੱਥ ਵਿਚ ਚਰਚਾ ਦਾ ਵਿਸ਼ਾ ਬਣਦੇ ਹਨ। ਹੁਣ ਦੇ ਅਤੇ ਪੁਰਾਣੇ ਨੇਤਾਵਾਂ ਦੀ ਤੁਲਨਾ ਵੀ ਕੀਤੀ ਜਾਂਦੀ ਹੈ। ਕਿਸਾਨ ਜਥੇਬੰਦੀਆਂ ਦੀਆਂ ਗੱਲਾਂ, ਸਾਂਝੇ ਘੋਲਾਂ/ਅੰਦੋਲਨਾਂ ਦੀਆਂ ਗੱਲਾਂ, ਕਰਜ਼ੇ ਦੀਆਂ ਖ਼ਰਾਬੀਆਂ, ਵਿਆਹਾਂ ਦੇ ਖ਼ਰਚਿਆਂ, ਦਫ਼ਤਰਾਂ ਵਿਚ ਕੰਮ ਕਰਵਾਉਣ ਵੇਲੇ ਆਉਂਦੀਆਂ ਕਠਿਨਾਈਆਂ/ਰੁਕਾਵਟਾਂ, ਭ੍ਰਿਸ਼ਟਾਚਾਰ ਆਦਿ ਬਾਰੇ ਵੀ ਗੱਲਾਂ ਛਿੜਦੀਆਂ ਹਨ। ਲਾਈ ਲੱਗਾਂ ਦੀਆਂ ਗੱਲਾਂ ਵੀ ਕਹੀਆਂ-ਸੁਣੀਆਂ ਜਾਂਦੀਆਂ ਹਨ। ਨਕਲਾਂ ਕਰਨ ਵਾਲੇ, ਭੰਡ, ਰਾਸ ਧਾਰੀਏ ਤੇ ਲੋਕਾਂ ਦਾ ਹਲਕਾ-ਫੁਲਕਾ ਮਨੋਰੰਜਨ ਕਰਨ ਵਾਲੇ ਲੋਕ ਕਲਾਕਾਰ ਵੀ ਸੱਥ ਵਿਚ ਆ ਕੇ ਆਪਣੀ ਕਲਾ ਦੇ ਰੰਗ ਬਿਖੇਰਦੇ ਹਨ। ਸੱਥ ਵਿਚ ਅਸਲ ਦੁਨੀਆਂ ਦੇ ਸਮਾਨਾਂਤਰ ਇਕ ਦੁਨੀਆਂ ਵਾਸਾ ਕਰਦੀ ਪ੍ਰਤੀਤ ਹੁੰਦੀ ਹੈ। ਸੱਚ-ਮੁਚ ਪਿੰਡ ਦੀ ਆਵਾਜ਼ ਬਣਦੀ ਹੈ। ਸਮੇਂ ਦੇ ਫੇਰ-ਬਦਲ ਨਾਲ ਸੱਥ ਦੇ ਸੁਭਾਅ ਤੇ ਰੌਣਕ ਵਿਚ ਤਬਦੀਲੀ ਦਾ ਵਾਪਰਨਾ ਸਹਿਜ ਕਿਸਮ ਦਾ ਵਰਤਾਰਾ ਹੈ।
ਸੰਪਰਕ: 98885-10185


Comments Off on ਪਿੰਡ ਦੀ ਆਵਾਜ਼ ਬਣਦੀ ਸੱਥ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.