ਪੰਜ ਬੇਰੁਜ਼ਗਾਰ ਅਧਿਆਪਕ 79 ਦਿਨਾਂ ਮਗਰੋਂ ਟੈਂਕੀ ਤੋਂ ਉਤਰੇ !    ਨੌਜਵਾਨ ਸੋਚ:ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਪੰਜਾਬੀ ਸਮਾਜ ਵਿਚ ਜਾਤ ਪਾਤ ਦਾ ਘਿਨਾਉਣਾ ਰੂਪ !    ਸੋਸ਼ਲ ਮੀਡੀਆ: ਨੌਜਵਾਨਾਂ ਦੀ ਬੋਲੀ ਤੇ ਪੜ੍ਹਾਈ ਉਤੇ ਮਾੜਾ ਅਸਰ !    ਖੰਡ ਮਿੱਲਾਂ ਕਿਸਾਨਾਂ ਨੂੰ ਆਪਣੇ ਕੋਲੋਂ ਕਰਨ ਅਦਾਇਗੀ: ਰੰਧਾਵਾ !    ਪਰਵਾਸੀ ਮਜ਼ਦੂਰ ਨੂੰ ਨੂੜਣ ਦੀ ਵੀਡੀਓ ਵਾਇਰਲ ਹੋਣ ’ਤੇ ਦੋ ਖ਼ਿਲਾਫ਼ ਕੇਸ !    ‘ਪਵਿੱਤਰ ਗੈਂਗ’ ਨੇ ਲਈ ਪੰਡੋਰੀ ਤੇ ਜੀਜੇਆਣੀ ’ਚ ਦੋ ਨੌਜਵਾਨਾਂ ਨੂੰ ਗੋਲੀ ਮਾਰਨ ਦੀ ਜ਼ਿੰਮੇਵਾਰੀ !    ਡੋਪ ਟੈਸਟ ਮਾਮਲਾ: ਵਿਧਾਇਕ ਵੱਲੋਂ ਸਿਵਲ ਹਸਪਤਾਲ ਦੀ ਚੈਕਿੰਗ !    ਜਰਮਨੀ ਦੇ ਸਾਬਕਾ ਰਾਸ਼ਟਰਪਤੀ ਦੇ ਪੁੱਤਰ ਦੀ ਹੱਤਿਆ !    ਕਾਂਗਰਸ ਨੇ ਹਿਮਾਚਲ ਵਿੱਚ ਪਾਰਟੀ ਇਕਾਈ ਭੰਗ ਕੀਤੀ !    

ਪਾਠਕਾਂ ਦੇ ਖ਼ਤ

Posted On July - 12 - 2019

ਸਿੱਖਿਆ ਵਾਲੀ ਰਚਨਾ
11 ਜੁਲਾਈ ਨੂੰ ਨਜ਼ਰੀਆ ਪੰਨੇ ਉੱਤੇ ਇੰਦਰਜੀਤ ਭਲਿਆਣ ਦਾ ਮਿਡਲ ‘ਨਹੀਂ ਲਊਂਗਾ ਫਾਹਾ’ ਸਿੱਖਿਆਦਾਇਕ ਹੈ। ਇਹ ਸੁਨੇਹਾ ਦਿੰਦਾ ਹੈ ਕਿ ਜੇ ਬੇਜ਼ਮੀਨੇ ਲੋਕ ਔਖ ਵਿਚ ਜੀਵਨ ਬਿਤਾ ਸਕਦੇ ਹਨ ਤਾਂ ਛੋਟੇ ਕਿਸਾਨ ਕਿਉਂ ਨਹੀਂ? ਨਾਲ ਹੀ ਮਾਪਿਆਂ ਦਾ ਆਪਣੇ ਪੁੱਤਰਾਂ ਨਾਲ ਵਿਤਕਰੇ ਕਰਨਾ ਮਾੜੀ ਗੱਲ ਹੈ। ਬਹੁਤੇ ਬਾਪ ਉਸ ਨੂੰ ਬੁੜ੍ਹਾ ਕਹਿਣ ਵਾਲਿਆਂ ਤੋਂ ਡਰਦੇ ਜ਼ਿਆਦਾਤਰ ਧਨ ਅਤੇ ਜਾਇਦਾਦ ਉਸ ਨੂੰ ਦਿੰਦੇ ਹਨ।
ਪ੍ਰਿੰ. ਗੁਰਮੁਖ ਸਿੰਘ, ਪੋਹੀੜ (ਲੁਧਿਆਣਾ)
(2)
ਮਿਡਲ ਵਿਚ ਜ਼ਿੰਦਗੀ ਧੜਕਦੀ ਹੈ। ਔਖੇ ਹਾਲਾਤ ਨਾਲ ਜੂਝਣਾ ਮਨੁੱਖ ਦੇ ਹਿੱਸੇ ਆਇਆ ਹੈ। ਇਹ ਰਚਨਾ ਔਖ ਵਿਚੋਂ ਲੰਘਣ ਵਾਲਿਆਂ ਨੂੰ ਪ੍ਰੇਰਨ ਵਾਲੀ ਹੈ।
ਸ਼ਿਵਦੇਵ ਸਿੰਘ, ਜਲੰਧਰ

ਆਰਫ਼ ਕਾ ਵਾਜਾ
ਹਰ ਬੁੱਧਵਾਰ ਛਪਦਾ ਕਾਲਮ ‘ਆਰਫ਼ ਕਾ ਸੁਣ ਵਾਜਾ ਰੇ’ ਸ਼ੁਰੂ ਤੋਂ ਹੁਣ ਤਕ ਕੋਈ ਜ਼ਿਕਰਯੋਗ ਥਾਂ ਨਹੀਂ ਬਣਾ ਸਕਿਆ। ਕੀ ਪੰਜਾਬੀ ਲੋਕ ਸਾਹਿਤ ਦੇ ਖ਼ਜ਼ਾਨੇ ਦੀ ਹਾਲਤ ਇੰਨੀ ਖਸਤਾ ਹੈ ਕਿ ਮਾਮੂਲੀ ਟੋਟਕੇ ਲੱਭਣ ਲਈ ਸਾਡੇ ਲੇਖਕਾਂ ਨੂੰ ਹਰ ਹਫ਼ਤੇ ਜਪਾਨ ਜਾਣਾ ਪੈਂਦਾ ਹੈ?
ਜਸਵੰਤ ਸੇਖੋਂ, ਕੈਨੇਡਾ

ਪੁਸਤਕਾਂ ਦੀ ਪ੍ਰੇਰਨਾ
10 ਜੁਲਾਈ ਨੂੰ ਨਜ਼ਰੀਆ ਪੰਨੇ ’ਤੇ ਰਾਮ ਸਵਰਨ ਲੱਖੇਵਾਲੀ ਦਾ ਮਿਡਲ ‘ਪੁਸਤਕਾਂ ਵਿਚਲਾ ਮੰਤਰ’ ਪੜ੍ਹਿਆ। ਲੇਖਕ ਨੇ ਇਸ ਲੇਖ ਰਾਹੀਂ ਅੱਜ ਦੇ ਨੌਜਵਾਨਾਂ ਨੂੰ ਪੁਸਤਕਾਂ ਪੜ੍ਹਨ ਦੀ ਪ੍ਰੇਰਨਾ ਦਿੱਤੀ ਹੈ ਕਿ ਕਿਸ ਤਰ੍ਹਾਂ ਕੋਈ ਸ਼ਰਾਬੀ ਬੰਦਾ ਕਿਤਾਬਾਂ ਨਾਲ ਜੁੜ ਕੇ ਨਸ਼ਿਆਂ ਤੋਂ ਦੂਰ ਹੋ ਗਿਆ। ਅੱਜ ਸਮੇਂ ਦੀ ਲੋੜ ਹੈ ਕਿ ਅਧਿਆਪਕਾਂ, ਸਮਾਜ ਸੇਵੀ ਸੰਸਥਾਵਾਂ, ਮਾਪਿਆਂ ਨੂੰ ਨੌਜਵਾਨ ਪੀੜ੍ਹੀ ਅੰਦਰ ਕਿਤਾਬਾਂ ਪੜ੍ਹਨ ਦੀ ਰੁਚੀ ਪੈਦਾ ਕਰਨੀ ਚਾਹੀਦੀ ਹੈ ਤਾਂ ਕਿ ਨੌਜਵਾਨ ਨਸ਼ਿਆਂ ਤੋਂ ਦੂਰ ਹੋਣ ਅਤੇ ਉਨ੍ਹਾਂ ਦੀ ਕਿਤਾਬਾਂ ਨਾਲ ਦੋਸਤੀ ਪਵੇ।
ਗੁਰਤੇਜ ਸੇਖੋਂ, ਮੁਹਾਲੀ
(2)
ਰਾਮ ਸਵਰਨ ਲੱਖੇਵਾਲੀ ਦਾ ਮਿਡਲ ਸੇਧ ਭਰਪੂਰ ਹੈ। ਅੱਜ ਸਾਡੇ ਸਮਾਜ ਵਿਚ ਬਹੁਗਿਣਤੀ ਲੋਕ ਅਨਪੜ੍ਹਤਾ, ਅਗਿਆਨਤਾ, ਵਹਿਮਾਂ-ਭਰਮਾਂ, ਨਸ਼ਿਆਂ ਆਦਿ ਅਲਾਮਤਾਂ ਵਿਚ ਘਿਰੇ ਹੋਏ ਹਨ। ਇਨ੍ਹਾਂ ਅਲਾਮਤਾਂ ਤੋਂ ਛੁਟਕਾਰੇ ਲਈ ਪੁਸਤਕਾਂ ਹੀ ਸਰਵ ਰੋਗ ਨਿਵਾਰਕ ਦਾ ਕੰਮ ਕਰ ਸਕਦੀਆਂ ਹਨ। ਕਿਤਾਬਾਂ ਜਿੱਥੇ ਸੁਚੱਜੀ ਜੀਵਨ ਸੇਧ ਰਾਹੀਂ ਸਾਡਾ ਰਾਹ ਰੁਸ਼ਨਾਉਂਦੀਆਂ ਹਨ, ਉੱਥੇ ਸਾਨੂੰ ਮਾਨਸਿਕ ਤਣਾਅ ਤੋਂ ਵੀ ਛੁਟਕਾਰਾ ਦਿੰਦੀਆਂ ਹਨ। ਅੱਜ ਖ਼ੁਦਕੁਸ਼ੀਆਂ ਕਰ ਰਹੀ ਕਿਸਾਨੀ ਅਤੇ ਨਸ਼ਿਆਂ ਹੱਥੋਂ ਮੰਦਹਾਲ ਜਵਾਨੀ ਜੇਕਰ ਪੁਸਤਕਾਂ ਦੇ ਲੜ ਲੱਗ ਜਾਏ ਤਾਂ ਸਾਡੇ ਸਮਾਜ ਦੇ ਹਾਲਾਤ ਯਕੀਨਨ ਹੀ ਇਕ ਸੁਖਾਵਾਂ ਮੋੜ ਕੱਟ ਸਕਦੇ ਹਨ। 10 ਜੁਲਾਈ ਨੂੰ ਹੀ ਛਪਿਆ ਡਾ. ਗਿਆਨ ਸਿੰਘ ਦਾ ਕੇਂਦਰੀ ਬਜਟ ਅਤੇ ਖੇਤੀ ਖੇਤਰ ਬਾਰੇ ਲੇਖ ਸਰਕਾਰ ਦੇ ਗਾਉਂ (ਪਿੰਡਾਂ), ਗ਼ਰੀਬਾਂ ਅਤੇ ਕਿਸਾਨਾਂ ਦਾ ਧਿਆਨ ਰੱਖਣ ਦੇ ਫੋਕੇ ਦਾਅਵਿਆਂ ਦੀ ਫੂਕ ਕੱਢਦਾ ਹੈ।
ਕੁਲਦੀਪ ਸ਼ਰਮਾ, ਖੁੱਡੀਆਂ ਗੁਲਾਬ ਸਿੰਘ (ਮੁਕਤਸਰ ਸਾਹਿਬ)

ਰੁੱਖਾਂ ਦੀ ਖ਼ਿਦਮਤ
9 ਜੁਲਾਈ ਨੂੰ ਨਜ਼ਰੀਆ ਪੰਨੇ ਉੱਤੇ ਤਰਲੋਚਨ ਸਿੰਘ ਦਾ ‘ਰੁੱਖਾਂ ਵਿਚੋਂ ਝਾਕਦੇ ਨਕਸ਼’ ਵਿਚ ਲੇਖਕ ਦੀ ਰੁੱਖਾਂ ਨਾਲ ਧੀਆਂ ਪੁੱਤਾਂ ਵਰਗੀ ਭਾਵਨਾਤਮਕ ਸਾਂਝ ਦਿਲੋਂ ਮਹਿਸੂਸ ਹੋਈ। ਰੁੱਖ ਹੀ ਸੁੰਨੇ ਵਿਹੜਿਆਂ ਵਿਚ ਰੌਣਕਾਂ ਲਾਉਂਦੇ ਹਨ ਅਤੇ ਦੂਰ ਗਿਆਂ ਦੀ ਨੇੜਤਾ ਦਾ ਅਹਿਸਾਸ ਕਰਾਉਂਦੇ ਹਨ। ਆਓ ਵੱਧ ਤੋਂ ਵੱਧ ਰੁੱਖ ਲਾਈਏ ਅਤੇ ਰੁੱਖਾਂ ਨੂੰ ਧੀਆਂ ਪੁੱਤਾਂ ਵਾਂਗੂ ਪਾਲੀਏ!
ਅਮਨਦੀਪ ਕੌਰ, ਬਠਿੰਡਾ
(2)
ਮਿਡਲ ‘ਰੁੱਖਾਂ ਵਿਚੋਂ ਝਾਕਦੇ ਨਕਸ਼’ ਵਿਚ ਤਰਲੋਚਨ ਸਿੰਘ ਨੇ ਬੜੀ ਸੰਜੀਦਗੀ ਨਾਲ ਆਈਲੈੱਟਸ ਰਾਹੀਂ ਵਧਦੇ ਪਰਵਾਸ ਰਾਹੀਂ ਵਿਦੇਸ਼ ਜਾਣ ਦੀ ਕੜੀ ਵਿਚ ਹੋ ਰਹੇ ਲਗਾਤਾਰ ਵਾਧੇ ਕਾਰਨ ਇਕੱਲਤਾ ਭੋਗ ਰਹੇ ਮਾਪਿਆਂ ਦਾ ਵਰਨਣ ਕੀਤਾ ਹੈ। ਆਪਣੇ ਪਾਲੇ ਹੋਏ ਰੁੱਖ ਆਪਣੇ ਬੱਚਿਆਂ ਵਾਂਗ ਲੱਗਦੇ ਹਨ। ਖਿੜਕੀ ਰਾਹੀਂ ਬਾਹਰ ਦਿਸਦੇ ਰੁੱਖ ਸ਼ਾਇਦ ਦਿਮਾਗ ਅਤੇ ਦਿਲ ’ਤੇ ਪੈ ਰਹੇ ਇਕੱਲਤਾ ਦੇ ਦਬਾਅ ਨੂੰ ਥੋੜ੍ਹਾ ਘੱਟ ਕਰਦੇ ਹਨ।
ਲਖਵੀਰ ਸਿੰਘ, ਪਿੰਡ ਉਦੇਕਰਨ (ਸ੍ਰੀ ਮੁਕਤਸਰ ਸਾਹਿਬ)
(3)
ਤਰਲੋਚਨ ਸਿੰਘ ਨੇ ਆਪਣੀ ਰਚਨਾ ਵਿਚ ਉੱਜਲ ਭਵਿੱਖ ਖਾਤਰ ਬੇਗ਼ਾਨੇ ਮੁਲਕ ਤੋਰੇ ਜਿਗਰ ਦੇ ਟੋਟਿਆਂ, ਉਪਰੰਤ ਉਪਜੀ ਇਕੱਲਤਾ ਦੀ ਭਰਪਾਈ ਲਈ ਮਾਪਿਆਂ ਵੱਲੋਂ ਰੁੱਖਾਂ ਵਿਚੋਂ ਲਾਡਲਿਆਂ ਨੂੰ ਦੇਖਣ ਦਾ ਭਾਵੁਕ ਸਤਰਾਂ ਵਿਚ ਲਾਜਵਾਬ ਵਰਨਣ ਕੀਤਾ ਹੈ। ਪਹਿਲੀ ਜੁਲਾਈ ਨੂੰ ਵੀਹਵੀਂ ਸਦੀ ਵਿਚ ਵੀ ਵਹਿਮਾਂ-ਭਰਮਾਂ ਵਿਚ ਜਕੜੇ ਅਖੌਤੀ ਸਾਧੂਆਂ ਦੇ ਜੰਜਾਲ ਵਿਚ ਫਸੇ ਲੋਕਾਂ ਦੁਆਲੇ ਘੁੰਮਦੀ ਸੁਰਜੀਤ ਭਗਤ ਦੀ ਰਚਨਾ ‘ਤਵੀਤ ਦੀ ਤਾਕਤ’ ਪੜ੍ਹੀ। ਇਹ ਰਚਨਾ ਬੰਦੇ ਨੂੰ ਧਾਗੇ ਤਵੀਤਾਂ ਦੇ ਗੇੜ ਛੱਡ ਕੇ ਮਿਹਨਤ ਕਰਨ ਲਈ ਪ੍ਰੇਰਦੀ ਹੈ।
ਜਗਦੀਸ਼ ਸਿੰਘ ਜੱਗੀ, ਚੰਡੀਗੜ੍ਹ

ਬਾਬਾ ਨਾਨਕ ਤੇ ਕਰਾਮਾਤਾਂ
ਵਿਰਾਸਤ ਪੰਨੇ ’ਤੇ 3 ਜੁਲਾਈ ਨੂੰ ਲੇਖ ‘ਗੁਰਦੁਆਰਾ ਸੰਤ ਘਾਟ ਸਾਹਿਬ-ਸੁਲਤਾਨਪੁਰ ਲੋਧੀ’ (ਜਗਦੀਸ਼ ਸਿੰਘ ਢਿੱਲੋਂ) ਪੜ੍ਹ ਕੇ ਦੁੱਖ ਹੋਇਆ। ਲਿਖਿਆ ਹੈ ਕਿ ਬਾਬਾ ਨਾਨਕ ਕਾਲੀ ਵੇਈਂ ਵਿਚ ਟੁੱਭੀ ਮਾਰ ਕੇ ਤਿੰਨ ਦਿਨ ਲੋਪ ਰਹੇ, ਤਿੰਨ ਦਿਨ ਬਾਅਦ ਪ੍ਰਗਟ ਹੋ ਕੇ ‘ਨਾ ਕੋਈ ਹਿੰਦੂ ਨਾ ਕੋ ਮੁਸਲਮਾਨ’ ਦਾ ਸੰਦੇਸ਼ ਦਿੱਤਾ। ਗੁਰੂ ਨਾਨਕ ਦੇਵ ਜੀ ਅਜਿਹੀ ਕਰਾਮਾਤ ਦੀ ਗੱਲ ਆਪਣੀ ਬਾਣੀ ਵਿਚ ਕਿਤੇ ਵੀ ਨਹੀਂ ਕਰਦੇ ਸਗੋਂ ਉਨ੍ਹਾਂ ਤਾਂ ਪਖੰਡ, ਕਰਾਮਾਤ, ਗ਼ੈਰ ਵਿਗਿਆਨਕ ਗੱਲਾਂ ਦਾ ਰੱਜ ਕੇ ਵਿਰੋਧ ਕੀਤਾ। ਇਸ ਤਰ੍ਹਾਂ ਦੀਆਂ ਕਥਾ-ਕਹਾਣੀਆਂ ਸੁਣਾ ਪੜ੍ਹਾ ਕੇ ਹੀ ਸਾਨੂੰ ਗੁਰੂ ਦੀ ਬਾਣੀ ਤੋਂ ਦੂਰ ਰੱਖਿਆ ਜਾ ਰਿਹਾ ਹੈ। ਜੇ ਗੁਰੂ ਗ੍ਰੰਥ ਸਾਹਿਬ ਦੀ ਅਸਲ ਵਿਆਖਿਆ ਲੋਕਾਂ ਵਿਚ ਪਹੁੰਚ ਜਾਂਦੀ ਤਾਂ ਪਖੰਡ, ਦੇਵੀ, ਦੇਵਤੇ, ਭੂਤ-ਪ੍ਰੇਤ, ਕਰਾਮਾਤ ਅਤੇ ਦੇਹਧਾਰੀ ਬਾਬੇ ਜੋ ਬਾਣੀ ਦੇ ਨਾਮ ’ਤੇ ਲੋਕਾਂ ਦੀ ਲੁੱਟ ਖਸੁੱਟ ਕਰ ਰਹੇ ਹਨ, ਨੂੰ ਠੱਲ੍ਹ ਪੈ ਜਾਂਦੀ।
ਮੇਜਰ ਸਿੰਘ, ਚੁੱਘੇ ਕਲਾਂ (ਬਠਿੰਡਾ)

ਮੋਬਾਈਲ ਪੀੜਤਾਂ ਲਈ ਕੇਂਦਰ?
ਕੋਈ ਬੱਚਾ ਹੈ, ਨੌਜਵਾਨ ਜਾਂ ਫਿਰ ਕੋਈ ਵੱਡੀ ਉਮਰ ਦਾ ਹੈ, ਮੋਬਾਈਲ ਦੀ ਆਦਤ ਅੱਜਕੱਲ੍ਹ ਸਾਰਿਆਂ ਨੂੰ ਹੈ। ਮੋਬਾਈਲ ਪੀੜਤਾਂ ਦੇ ਇਲਾਜ ਲਈ ਆਪਣੇ ਦੇਸ਼ ਵਿਚ ਤਾਂ ਪਹਿਲਾਂ ਹੀ ਸੈਂਟਰ ਖੁੱਲ੍ਹੇ ਹੋਏ ਹਨ, ਹੁਣ ਅੰਮ੍ਰਿਤਸਰ ਵਿਚ ਖੁੱਲ੍ਹੇ ਪਹਿਲੇ ਸੈਂਟਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਸ ਬਿਮਾਰੀ ਤੋਂ ਆਪਣੇ ਬੱਚਿਆਂ ਤੋਂ ਲੈ ਕੇ ਵੱਡੇ ਸਭ ਪੀੜਤ ਹਨ। ਬੱਚਿਆਂ ’ਤੇ ਇਸ ਦਾ ਅਸਰ ਸਭ ਤੋਂ ਵੱਧ ਹੈ ਜਿਸ ਦੇ ਕਈ ਕਾਰਨ ਹਨ: ਜਿਵੇਂ ਪ੍ਰਾਈਵੇਟ ਸਕੂਲਾਂ ਵੱਲੋਂ ਹੋਮ ਵਰਕ ਜਾਂ ਹੋਰ ਕੰਮਾਂ ਲਈ ਮੋਬਾਈਲ ਦੀ ਵਰਤੋਂ ਕਰਾਉਣੀ, ਸਕੂਲਾਂ ਵਿਚ ਤੇ ਸਮਾਜ ਵਿਚ ਲਾਇਬ੍ਰੇਰੀ ਦੀ ਘਟ ਰਹੀ ਵਰਤੋਂ, ਕਿਤਾਬਾਂ ਪੜ੍ਹਨ ਦਾ ਘਟ ਰਿਹਾ ਰੁਝਾਨ ਆਦਿ। ਇਸ ਬਿਮਾਰੀ ਦਾ ਇਕੋ ਇਕ ਇਲਾਜ ਮੋਬਾਈਲ ਫ਼ੋਨ ਤੋਂ ਖ਼ੁਦ ਨੂੰ ਦੂਰ ਲਿਜਾਣ ਨਾਲ ਹੀ ਹੋ ਸਕਦਾ ਹੈ। ਬੱਚਿਆਂ ਨੂੰ ਰੋਕਣ ਤੋਂ ਪਹਿਲਾਂ ਖ਼ੁਦ ’ਤੇ ਕੰਟਰੋਲ ਕਰਕੇ ਉਨ੍ਹਾਂ ਅੱਗੇ ਰੋਲ ਮਾਡਲ ਬਣਨਾ ਹੋਵੇਗਾ ਤੇ ਕਿਤਾਬਾਂ ਨੂੰ ਆਪਣੇ ਹੱਥਾਂ ਅਤੇ ਘਰਾਂ ਦਾ ਸ਼ਿੰਗਾਰ ਬਣਾਉਣਾ ਪਵੇਗਾ।
ਮਹਿੰਦਰ ਪ੍ਰਤਾਪ, ਸ਼ੇਰਪੁਰ (ਸੰਗਰੂਰ)

ਅਸਲ ਜਾਇਦਾਦ
11 ਜੁਲਾਈ ਨੂੰ ਜਵਾਂ ਤਰੰਗ ਪੰਨੇ ’ਤੇ ਜੀਵਨਪ੍ਰੀਤ ਕੌਰ ਨੇ ਸਮਾਰਟਫ਼ੋਨ ਦੇ ਮਾਰੂ ਪ੍ਰਭਾਵ ਬਾਰੇ ਵਿਸਥਾਰ ਸਹਿਤ ਦੱਸਿਆ। ਮਾਪੇ ਆਪਣਾ ਕੁਝ ਸਮਾਂ ਵਿਹਲੇ ਰਹਿਣ ਲਈ ਆਪਣੇ ਬੱਚਿਆਂ ਨੂੰ ਖ਼ਤਰਨਾਕ ਚੀਜ਼ ਫ਼ੋਨ ਫੜਾਉਣ ਤੋਂ ਵੀ ਨਹੀਂ ਝਿਜਕਦੇ। ਉਹ ਬੱਚੇ ਨੂੰ ਹੋਣ ਵਾਲੇ ਨੁਕਸਾਨ ਦਾ ਉਸ ਸਮੇਂ ਅੰਦਾਜ਼ਾ ਨਹੀਂ ਲਗਾਉਂਦੇ। ਅਸੀਂ ਆਪਣੇ ਫ਼ੋਨ ਉੱਪਰ ਬੱਚਿਆਂ ’ਤੇ ਮਾਰੂ ਪ੍ਰਭਾਵ ਵਾਲੀ ਪੋਸਟ ਦੇ ਦੇਖਣ ਸਾਰ ਅੱਗੇ ਤਾਂ ਤੁਰੰਤ ਭੇਜ ਦਿੰਦੇ ਹਾਂ ਪਰ ਆਪਣੇ ’ਤੇ ਲਾਗੂ ਨਹੀਂ ਕਰਦੇ। ਸਾਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਕਿਉਂਕਿ ਬੱਚੇ ਹੀ ਸਾਡੀ ਅਸਲ ਜਾਇਦਾਦ ਹਨ।
ਜਸਦੀਪ ਸਿੰਘ ਢਿੱਲੋਂ, ਫਰੀਦਕੋਟ


Comments Off on ਪਾਠਕਾਂ ਦੇ ਖ਼ਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.