ਅਨਭੋਲ ਮਨ ਵਿਚ ਸਾਹਿਤ ਦਾ ਚੁੱਪ-ਚੁਪੀਤਾ ਪ੍ਰਵੇਸ਼ !    ਗੁਰਬਾਣੀ ਤੇ ਸੂਫ਼ੀਆਨਾ ਕਲਾਮ ਗਾਉਂਦਿਆਂ !    ਦਰਗਾਹ ਸ਼ਰੀਫ਼ ਕਾਰਨ ਪ੍ਰਸਿੱਧ ਅਜਮੇਰ !    ਮਾਰਿਆ ਜਾਵੇਂਗਾ ਤੂੰ ਵੀ ਇਕ ਦਿਨ !    ਰਾਮ ਕੁਮਾਰ ਦਾ ‘ਆਵਾਰਾ’ ਆਦਮੀ !    ਕਾਵਿ ਕਿਆਰੀ !    ਗ਼ਦਰ ਲਹਿਰ ਦਾ ਕਾਬੁਲ ਅੱਡਾ !    ਮੌਸਮ ਠੀਕ ਨਹੀਂ !    ਮਾਨਵੀ ਵੇਦਨਾ-ਸੰਵੇਦਨਾ ਦਾ ਪ੍ਰਗਟਾਵਾ !    ਨਵੇਂ ਰੰਗ ਦੀ ਸ਼ਾਇਰੀ !    

ਪਾਠਕਾਂ ਦੇ ਖ਼ਤ

Posted On July - 11 - 2019

ਕਿਸਾਨੀ ਦਾ ਹਾਲ

10 ਜੁਲਾਈ ਦੇ ਸੰਪਾਦਕੀ ‘ਕਿਸਾਨ ਖ਼ੁਦਕੁਸ਼ੀਆਂ’ ਵਿਚ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖ਼ੁਦਕੁਸ਼ੀਆਂ ਬਾਰੇ ਚਾਨਣਾ ਪਾਇਆ ਗਿਆ ਹੈ। ਅੰਕੜਿਆਂ ਮੁਤਾਬਿਕ ਤਕਰੀਬਨ ਪੰਦਰਾਂ ਸਾਲ ਵਿਚ ਸਾਢੇ ਸੋਲ੍ਹਾਂ ਹਜ਼ਾਰ ਕਿਸਾਨ-ਮਜ਼ਦੂਰ ਮੌਤ ਨੂੰ ਗਲੇ ਲਗਾ ਚੁੱਕਾ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਖ਼ੁਦਕੁਸ਼ੀਆਂ ਬਾਰੇ ਰਾਹਤ ਪੱਖੋਂ ਦਿੱਤੀ ਜਾਣ ਵਾਲੀ ਸਹਾਇਤਾ ਜਾਰੀ ਕਰਨ ਲਈ ਨੋਟਿਸ ਦਿੱਤਾ ਹੈ।
ਬਲਜੀਤ ਗਰੇਵਾਲ, ਰੌਂਤਾ

ਵੋਟਾਂ ਦੀ ਸਿਆਸਤ

9 ਜੁਲਾਈ ਨੂੰ ਲੋਕ ਸੰਵਾਦ ਪੰਨੇ ਉੱਤੇ ਯਾਦਵਿੰਦਰ ਕਰਫਿਊ ਦਾ ਲੇਖ ‘ਅਤਿ ਕੇਂਦਰੀਕਰਨ…’ ਪੰਜਾਬ ਦੀ ਵੋਟ ਸਿਆਸਤ ਬਾਰੇ ਸਵਾਲ ਖੜ੍ਹੇ ਕਰਦਾ ਹੈ। ਪੰਜਾਬ ਵਿਚ ਤੀਜੇ ਬਦਲ ਦੇ ਮੋਢੀ ਅਰਵਿੰਦ ਕੇਜਰੀਵਾਲ ਦੀ ਸਿਆਸਤ ਦੀਆਂ ਖ਼ਾਮੀਆਂ ਤੇ ਨੌਜਵਾਨਾਂ ਨੂੰ ਕਾਲਜਾਂ ਆਦਿ ਵਿਚ ਵੋਟਾਂ ਤੋਂ ਵਿਰਵੇ ਰੱਖ ਕੇ ਸਮੇਂ ਦੀਆਂ ਸਰਕਾਰਾਂ ਪੰਜਾਬ ਦੀ ਨਵੀਂ ਪੀੜ੍ਹੀ ਨੂੰ ਸਿਆਸੀ ਚੇਤਨਾ ਤੋਂ ਪਹਿਲਾਂ ਹੀ ਇਸ ਤੋਂ ਦੂਰ ਕਰ ਰਹੀਆਂ ਹਨ। ਰਹਿੰਦੀ ਕਸਰ ਵਿਦੇਸ਼ ਦੀ ਲਾਲਸਾ ਨੇ ਪੂਰੀ ਕਰ ਦਿੱਤੀ ਹੈ।
ਵਿਸ਼ਵਦੀਪ ਬਰਾੜ, ਮਾਨਸਾ

ਜੇ ਨੀਅਤ ਸਾਫ਼ ਹੋਵੇ…

9 ਜੁਲਾਈ ਦੇ ਮੁੱਖ ਪੰਨੇ ’ਤੇ ਛਪੀ ਖ਼ਬਰ ‘ਚੰਡੀਗੜ੍ਹ ਦਾ ਸਾਰਾ ਮਾਲੀਆ ਪੰਜਾਬ ਨੂੰ ਮਿਲੇ’ ਪੜ੍ਹੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਇਹ ਬੜਾ ਹਾਸੋਹੀਣਾ ਬਿਆਨ ਹੈ। ਪੰਜਾਬ ਵਿਚ ਇਨ੍ਹਾਂ ਪਿਓ ਪੁੱਤਰ ਦੀ ਸਰਕਾਰ ਪੂਰੇ ਦਸ ਸਾਲ ਰਹੀ, ਉਸ ਸਮੇਂ ਸੁਖਬੀਰ ਸਿੰਘ ਬਾਦਲ ਨੂੰ ਮਾਲੀਆ ਲੈਣ ਦੀ ਗੱਲ ਕਿਉਂ ਨਾ ਸੁੱਝੀ? ਜਦੋਂ ਇਹ ਲੋਕ ਸੱਤਾ ਵਿਚ ਨਹੀਂ ਹੁੰਦੇ ਤਾਂ ਇਨ੍ਹਾਂ ਨੂੰ ਚੰਡੀਗੜ੍ਹ, ਐੱਸਵਾਈਐੱਲ ਯਾਦ ਆ ਜਾਂਦੀ ਹੈ। ਚੰਗਾ ਹੁੰਦਾ ਜੇਕਰ ਪੰਜਾਬ ਦੇ ਭਖਦੇ ਮਸਲਿਆਂ ਜਿਵੇਂ ਬੇਰੁਜ਼ਗਾਰੀ, ਕਿਸਾਨੀ ਕਰਜ਼ੇ ਨੂੰ ਕੇਂਦਰ ਤੋਂ ਮੁਆਫ਼ ਕਰਾਉਣ ਦੀ ਗੱਲ ਕੀਤੀ ਜਾਂਦੀ।
ਪਵਨ ਕੁਮਾਰ, ਸੋਗਲਪੁਰ (ਪਟਿਆਲਾ)

ਅਗਲੀ ਪੀੜ੍ਹੀ ਨੂੰ ਕਿਵੇਂ ਸਮਝਾਈਏ?

9 ਜੁਲਾਈ ਨੂੰ ਲੋਕ ਸੰਵਾਦ ਪੰਨੇ ਉੱਤੇ ਬੀਰ ਦਵਿੰਦਰ ਸਿੰਘ ਨੇ ‘ਦੇਸ਼ ਦੀ ਅਜੋਕੀ ਰਾਜਨੀਤੀ…’ ਲੇਖ ’ਚ ਚੰਗਾ ਵਿਸ਼ਲੇਸ਼ਣ ਕੀਤਾ ਹੈ। ਉਨ੍ਹਾਂ ਹਾਲਾਤ ਦੀ ਦਰਜਾਬੰਦੀ ਕਰਕੇ ਇਸ ਨੂੰ ਬਦ ਤੋਂ ਬਦਤਰ ਬਣਾਉਣ ਵਾਲਿਆਂ ’ਤੇ ਨਿਸ਼ਾਨਾ ਸਾਧਿਆ ਹੈ। ਰਾਜਨੀਤੀ ’ਚੋਂ ਗਾਇਬ ਹੋ ਰਹੀ ਇਨਸਾਨੀਅਤ ’ਤੇ ਭਾਰੂ ਹੋ ਰਿਹਾ ਦਲਾਲਪੁਣਾ ਸਾਨੂੰ ਲੈ ਡੁੱਬੇਗਾ। ਛੋਕਰਿਆਂ ਨੇ ਅਸਫ਼ਲ ਹੋਣਾ ਹੀ ਹੈ ਜਦੋਂ ਉਨ੍ਹਾਂ ਨੂੰ ਪਤਾ ਹੈ ਕਿ ਸਭ ਤੋਂ ਮੁਨਾਫ਼ੇ ਵਾਲਾ ਕਿੱਤਾ ਬਾਪ-ਦਾਦਿਆਂ ਨੇ ਰੋਕ ਰੱਖਿਆ ਹੈ। ਹੁਣ ਤਾਂ ਲੋਕਤੰਤਰ ਜੱਦੀ ਪੁਸ਼ਤੀ ਹੋ ਗਿਆ ਹੈ। ਇਸ ਸਿਆਸੀ ਅਧੋਗਤੀ ਦੇ ਸਮੇਂ ਵਿਚ ਸਮਝ ਨਹੀਂ ਆਉਂਦੀ ਕਿ ਆਜ਼ਾਦੀ ਦੇ ਅਰਥ ਤੇ ਫ਼ਾਇਦੇ ਅਗਲੀ ਪੀੜ੍ਹੀ ਨੂੰ ਕਿਵੇਂ ਸਮਝਾਈਏ?
ਕੁਲਵਿੰਦਰ ਸਿੰਘ ਸਰਾਂ, ਗੋਨਿਆਣਾ ਮੰਡੀ (ਬਠਿੰਡਾ)

ਨਸ਼ਿਆਂ ਦੀ ਮਾਰ

8 ਜੁਲਾਈ ਨੂੰ ਸੋਮਵਾਰੀ ਸੰਵਾਦ (ਪੰਨਾ 2) ਦੀਆਂ ਸਾਰੀਆਂ ਰਿਪੋਰਟਾਂ ਪੰਜਾਬ ਅੰਦਰ ਨਸ਼ਿਆਂ ਦੇ ਕੱਚ-ਸੱਚ ਨੂੰ ਬਾਖ਼ੂਬੀ ਬਿਆਨ ਕਰ ਰਹੀਆਂ ਸਨ। ਕੈਪਟਨ ਸਰਕਾਰ ਨੇ ਭਾਵੇਂ ਪੰਜਾਬ ਅੰਦਰੋਂ ਚਾਰ ਹਫ਼ਤਿਆਂ ’ਚ ਨਸ਼ੇ ਦੀਆਂ ਜੜ੍ਹਾਂ ਪੁੱਟਣ ਦੇ ਵਾਅਦੇ ਨਾਲ ਸੱਤਾ ਦੀ ਵਾਗਡੋਰ ਸੰਭਾਲੀ ਸੀ ਪਰ ਸਵਾ ਦੋ ਸਾਲ ਬੀਤਣ ਦੇ ਬਾਵਜੂਦ ਨਸ਼ਿਆਂ ਨੂੰ ਠੱਲ੍ਹ ਨਹੀਂ ਪਈ ਸਗੋਂ ਨਸ਼ਿਆਂ ਦੀਆਂ ਜੜ੍ਹਾਂ ਹੋਰ ਡੂੰਘੀਆਂ ਹੋਈਆਂ ਹਨ। ਤਕੜੇ ਜੁੱਸੇ, ਹਿੰਮਤ ਅਤੇ ਦਲੇਰੀ ਕਰਕੇ ਜਾਣੇ ਜਾਂਦੇ ਪੰਜਾਬੀਆਂ ਦੇ ਅੱਜ 10 ਲੱਖ ਤੋਂ ਜ਼ਿਆਦਾ ਪੁੱਤ ਨਸ਼ਿਆਂ ਦੀ ਗ੍ਰਿਫ਼ਤ ’ਚ ਫਸੇ ਤੁਰਨੋਂ ਤਰਸਦੇ ਹਨ। ਨਸ਼ਿਆਂ ਦੀ ਓਵਰਡੋਜ਼ ਨਾਲ ਮਰਨ ਵਾਲੇ ਨੌਜਵਾਨਾਂ ਦੀਆਂ ਮਾਵਾਂ ਦੇ ਕੀਰਨੇ ਸੁਣੇ ਨਹੀਂ ਜਾਂਦੇ, ਜਿਨ੍ਹਾਂ ਦੇ ਬੁਢਾਪੇ ਦੀ ਡੰਗੋਰੀ ਅੱਧ-ਵਿਚਕਾਰੋਂ ਹੀ ਟੁੱਟ ਗਈ ਹੈ। ਅਜਿਹੇ ਹਾਲਾਤ ਵਿਚ ਸਰਕਾਰ ਵੱਲੋਂ ਪੁਲੀਸ, ਨਸ਼ਾ ਤਸਕਰ ਅਤੇ ਲੀਡਰਾਂ ਦੀ ਤਿਕੜੀ ਨੂੰ ਤੋੜ ਕੇ ਨਸ਼ਿਆਂ ਦੀ ਦਲਦਲ ਵਿਚ ਡੁੱਬ ਰਹੇ ਪੰਜਾਬ ਨੂੰ ਬਚਾਉਣ ਲਈ ਸੰਜੀਦਗੀ ਨਾਲ ਕਦਮ ਚੁੱਕਣ ਦੀ ਲੋੜ ਹੈ।
ਸੁਖਵਿੰਦਰ ਅਟਵਾਲ, ਈਮੇਲ

(2)

ਅੱਜ ਤੋਂ ਕੁਝ ਸਮਾਂ ਪਹਿਲਾਂ ਪੰਜਾਬ ਅੰਦਰ ਭੁੱਕੀ, ਅਫ਼ੀਮ ਅਤੇ ਸ਼ਰਾਬ ਆਦਿ ਨਸ਼ਿਆਂ ਦੀ ਵਰਤੋਂ ਹੁੰਦੀ ਸੀ ਪਰ ਹੁਣ ਚਿੱਟਾ, ਸਮੈਕ ਅਤੇ ਹੋਰ ਕਈ ਕੈਮੀਕਲ ਨਸ਼ਿਆਂ ਦੀ ਵਰਤੋਂ ਹੋਣ ਲੱਗੀ ਹੈ। ਇਹ ਨਸ਼ੇ ਕਿੱਥੋਂ ਆਉਂਦੇ ਹਨ, ਸੋਚਣ ਦਾ ਵਿਸ਼ਾ ਹੈ। ਸਮਾਜ ਅੰਦਰ ਮੁਨਾਫ਼ੇ ਦੀ ਦੌੜ ਨੇ ਅਜਿਹੀ ਹਾਲਤ ਪੈਦਾ ਕਰ ਦਿੱਤੀ ਹੈ ਕਿ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਸਰਕਾਰਾਂ ਸੁਹਿਰਦ ਨਹੀਂ ਹਨ। ਪੁਲੀਸ ਪ੍ਰਸ਼ਾਸਨ ਦੇ ਕਈ ਅਧਿਕਾਰੀ ਤਾਂ ਖ਼ੁਦ ਇਸ ਦਲਦਲ ਵਿਚ ਫਸੇ ਹੋਏ ਹਨ। ਅੱਜ ਨਸ਼ਿਆਂ ਦੀ ਰੋਕਥਾਮ ਲਈ ਲਾਏ ਜਾ ਰਹੇ ਕੈਂਪ ਖ਼ਾਨਾਪੂਰਤੀ ਹੀ ਭਾਸਦੇ ਹਨ। ਹੁਣ ਮੁੱਖ ਲੋੜ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਹੈ ਤਾਂ ਜੋ ਉਹ ਆਪਣੇ ਭਵਿੱਖ ਨੂੰ ਸੁਰੱਖਿਅਤ ਸਮਝਣ ਅਤੇ ਨਸ਼ਿਆਂ ਵੱਲ ਮੂੰਹ ਨਾ ਕਰਨ।
ਗੁਰਬਖਸ਼ ਸਿੰਘ, ਈਮੇਲ

ਢਹਿੰਦਾ ਕਿਰਦਾਰ

ਕ੍ਰਿਕਟ ਦੇ ਸ਼ੌਕੀਨ ਲੋਕਾਂ ਦੀਆਂ ਨਜ਼ਰਾਂ ਇੰਗਲੈਂਡ ਵਿਚ ਚੱਲ ਰਹੇ ਸੰਸਾਰ ਕ੍ਰਿਕਟ ਕੱਪ ’ਤੇ ਹਨ ਅਤੇ ਸਿਆਸਤ ਵਿਚ ਰੁਚੀ ਰੱਖਣ ਵਾਲੇ ਕਰਨਾਟਕ ਵਿਚ ਚੱਲ ਰਹੀ ਸਿਆਸੀ ਖੇਡ ’ਤੇ ਅੱਖਾਂ ਗੱਡੀ ਬੈਠੇ ਹਨ। ਸਭ ਤੋਂ ਅਹਿਮ ਸਵਾਲ ਇਹ ਹੈ: ਕੀ ਇਸ ਸੰਕਟ ਲਈ ਭਾਜਪਾ ਕਸੂਰਵਾਰ ਹੈ ਜਾਂ ਗੱਠਜੋੜ ਦੀ ਆਪਣੀ ਲੀਡਰਸ਼ਿਪ ਜਿਹੜੀ ਇਸ ਨੂੰ ਸਫ਼ਲਤਾ ਨਾਲ ਨਹੀਂ ਚਲਾ ਸਕੀ? ਭਾਜਪਾ ਨੂੰ ਭਾਵੇਂ ਕੋਈ ਵੀ ਬੰਦਾ ਬਰੀ ਤਾਂ ਨਹੀਂ ਕਰੇਗਾ ਪਰ ਆਪਣਾ ਘਰ ਸੰਭਾਲਣਾ ਗੁਆਂਢੀਆਂ ਦੀ ਜ਼ਿੰਮੇਵਾਰੀ ਨਹੀਂ ਹੁੰਦੀ। ਗੱਠਜੋੜ ਚਲਾਉਣਾ ਸੂਲਾਂ ਦੀ ਸੇਜ ਹੈ। ਸੱਤਾ ਦੀ ਲਲ੍ਹਕ ਇੰਨੀ ਵਧ ਗਈ ਹੈ ਕਿ ਹਰ ਕੋਈ ਮੰਤਰੀ ਬਣਨਾ ਲੋਚਦਾ ਹੈ ਪਰ ਅਜਿਹੇ ਲੋਕ ਮੰਤਰੀ ਦੇ ਅਹੁਦੇ ਨਾਲ ਵੀ ਸੰਤੁਸ਼ਟ ਨਹੀਂ ਹੁੰਦੇ, ਉਹ ਹੋਰ ਚੰਗੇ ਮਹਿਕਮਿਆਂ ਦੀ ਭਾਲ ਕਰਦੇ ਹਨ। ਸਪੀਕਰ ਹੱਥ ਹੁਣ ਰੈਫ਼ਰੀ ਦਾ ਰੋਲ ਹੈ। ਸਰਕਾਰ ਢਹੇ ਜਾਂ ਨਾ, ਕਿਰਦਾਰ ਤਾਂ ਢਹਿ ਹੀ ਰਿਹਾ ਹੈ, ਹੋਰ ਢਹਿ ਜਾਵੇਗਾ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ

ਪੁਸਤਕਾਂ ਨਾਲ ਦੋਸਤੀ

10 ਜੁਲਾਈ ਨੂੰ ਨਜ਼ਰੀਆ ਪੰਨੇ ’ਤੇ ਰਾਮ ਸਵਰਨ ਲੱਖੇਵਾਲੀ ਦੀ ਲਿਖਤ ‘ਪੁਸਤਕਾਂ ਵਿਚਲਾ ਮੰਤਰ’ ਬਹੁਤ ਵਧੀਆ ਲੱਗੀ। ਇਸ ਨੂੰ ਪੜ੍ਹ ਕੇ ਸਮਝ ਲੱਗੀ ਕਿ ਕਿਵੇਂ ਪੁਸਤਕਾਂ ਮਨੁੱਖ ਦੀ ਸਮੁੱਚੀ ਜ਼ਿੰਦਗੀ ਵਿਚ ਤਬਦੀਲੀ ਲਿਆ ਦਿੰਦੀਆਂ ਹਨ। ਪੁਸਤਕ ਹੀ ਸਾਡੀ ਸੱਚੀ ਦੋਸਤ ਹੁੰਦੀ ਹੈ। ਸਾਨੂੰ ਪੁਸਤਕਾਂ ਪੜ੍ਹਨ ਨੂੰ ਆਪਣੀ ਜ਼ਿੰਦਗੀ ਦਾ ਨਿਯਮ ਬਣਾਉਣਾ ਚਾਹੀਦਾ ਹੈ। ਸਫ਼ਾ 3 ਉੱਤੇ ‘ਸਟੱਡੀ ਵੀਜ਼ਾ’ ਵਾਲੀ ਖ਼ਬਰ ਵੀ ਖ਼ੂਬ ਸੀ। ਅੱਜ ਹਰ ਆਦਮੀ ਇਹੋ ਚਾਹੁੰਦਾ ਹੈ ਕਿ ਉਸ ਦਾ ਬੱਚਾ ਵਿਦੇਸ਼ ਚਲਾ ਜਾਵੇ। ਲੋਕ ਲੱਖਾਂ ਰੁਪਏ ਦਾ ਕਰਜ਼ਾ ਲੈ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜ ਰਹੇ ਹਨ ਪਰ ਇਸ ਲਈ ਅਸਲ ਕਸੂਰਵਾਰ ਸਾਡੀਆਂ ਸਰਕਾਰਾਂ ਹੀ ਹਨ। ਜੇ ਨੌਜਵਾਨਾਂ ਨੂੰ ਇੱਥੇ ਹੀ ਨੌਕਰੀਆਂ ਮਿਲ ਜਾਣ ਜਾਂ ਨਸ਼ਿਆਂ ਤੋਂ ਮੁਕਤ ਸਮਾਜ ਮਿਲ ਜਾਵੇ ਤਾਂ ਸ਼ਾਇਦ ਕੋਈ ਮਾਪਾ ਆਪਣੇ ਬੱਚਿਆਂ ਨੂੰ ਵਿਦੇਸ਼ ਨਾ ਤੋਰੇ।
ਵਿਸ਼ਾਲੀ, ਗੜ੍ਹਸ਼ੰਕਰ (ਹੁਸ਼ਿਆਰਪੁਰ)


Comments Off on ਪਾਠਕਾਂ ਦੇ ਖ਼ਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.