ਪੰਜ ਬੇਰੁਜ਼ਗਾਰ ਅਧਿਆਪਕ 79 ਦਿਨਾਂ ਮਗਰੋਂ ਟੈਂਕੀ ਤੋਂ ਉਤਰੇ !    ਨੌਜਵਾਨ ਸੋਚ:ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਪੰਜਾਬੀ ਸਮਾਜ ਵਿਚ ਜਾਤ ਪਾਤ ਦਾ ਘਿਨਾਉਣਾ ਰੂਪ !    ਸੋਸ਼ਲ ਮੀਡੀਆ: ਨੌਜਵਾਨਾਂ ਦੀ ਬੋਲੀ ਤੇ ਪੜ੍ਹਾਈ ਉਤੇ ਮਾੜਾ ਅਸਰ !    ਖੰਡ ਮਿੱਲਾਂ ਕਿਸਾਨਾਂ ਨੂੰ ਆਪਣੇ ਕੋਲੋਂ ਕਰਨ ਅਦਾਇਗੀ: ਰੰਧਾਵਾ !    ਪਰਵਾਸੀ ਮਜ਼ਦੂਰ ਨੂੰ ਨੂੜਣ ਦੀ ਵੀਡੀਓ ਵਾਇਰਲ ਹੋਣ ’ਤੇ ਦੋ ਖ਼ਿਲਾਫ਼ ਕੇਸ !    ‘ਪਵਿੱਤਰ ਗੈਂਗ’ ਨੇ ਲਈ ਪੰਡੋਰੀ ਤੇ ਜੀਜੇਆਣੀ ’ਚ ਦੋ ਨੌਜਵਾਨਾਂ ਨੂੰ ਗੋਲੀ ਮਾਰਨ ਦੀ ਜ਼ਿੰਮੇਵਾਰੀ !    ਡੋਪ ਟੈਸਟ ਮਾਮਲਾ: ਵਿਧਾਇਕ ਵੱਲੋਂ ਸਿਵਲ ਹਸਪਤਾਲ ਦੀ ਚੈਕਿੰਗ !    ਜਰਮਨੀ ਦੇ ਸਾਬਕਾ ਰਾਸ਼ਟਰਪਤੀ ਦੇ ਪੁੱਤਰ ਦੀ ਹੱਤਿਆ !    ਕਾਂਗਰਸ ਨੇ ਹਿਮਾਚਲ ਵਿੱਚ ਪਾਰਟੀ ਇਕਾਈ ਭੰਗ ਕੀਤੀ !    

ਪਾਠਕਾਂ ਦੇ ਖ਼ਤ

Posted On July - 10 - 2019

ਜਲ ਸੰਕਟ ਦੇ ਉਪਾਅ

9 ਜੁਲਾਈ ਨੂੰ ਨਜ਼ਰੀਆ ਪੰਨੇ ’ਤੇ ਡਾ. ਗੁਰਿੰਦਰ ਕੌਰ ਦੀ ਰਚਨਾ ‘ਮੁਲਕ ਦਾ ਪਾਣੀ ਸੰਕਟ ਅਤੇ ਸਰਕਾਰ ਦੀ ਪਹੁੰਚ’ ਪੜ੍ਹੀ। ਲੇਖਕ ਨੇ ਜਲ ਸੰਕਟ ਬਾਰੇ ਵਿਸਥਾਰ ਪੂਰਵਕ ਲਿਖ ਕੇ ਚਿੰਤਾ ਜਤਾਈ ਹੈ। ਇਸ ਬਾਰੇ ਸਰਕਾਰੀ ਪਹਿਲਕਦਮੀ ਅਤੇ ਲੋਕਾਂ ਅੰਦਰ ਚੇਤਨਾ ਜਗਾਉਣ ਦੀ ਲੋੜ ਹੈ। ਧਾਰਮਿਕ ਸਥਾਨਾਂ ਉੱਤੇ ਆਸਥਾ ਦੇ ਨਾਂ ਉੱਤੇ ਪਾਣੀ ਦੀ ਦੁਰਵਰਤੋਂ ਬੰਦ ਹੋਣੀ ਚਾਹੀਦੀ ਹੈ। ਕਿਸਾਨਾਂ ਨੂੰ ਟਿਊਬਵੈੱਲ ਕੁਨੈਕਸ਼ਨ ਦੇਣ ਵੇਲੇ ਦਰਖ਼ਤ ਲਾਉਣ ਦਾ ਹੁਕਮ ਹੋਣਾ ਚਾਹੀਦਾ ਹੈ। ਅਜਿਹੇ ਹੋਰ ਢੰਗ-ਤਰੀਕਿਆਂ ਬਾਰੇ ਵੀ ਸੋਚਣਾ ਚਾਹੀਦਾ ਹੈ ਤਾਂ ਹੀ ਇਸ ਸੰਕਟ ਦਾ ਸਮੇਂ ਸਿਰ ਉਪਾਅ ਹੋ ਸਕਦਾ ਹੈ।
ਗੁਰਮੀਤ ਸਿੰਘ, ਵੇਰਕਾ

ਧੀਆਂ, ਪੁੱਤ ਤੇ ਰੁੱਖ

9 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਤਰਲੋਚਨ ਸਿੰਘ ਦਾ ਮਿਡਲ ‘ਰੁੱਖਾਂ ਵਿਚੋਂ ਝਾਕਦੇ ਨਕਸ਼…’ ਪੜ੍ਹਿਆ। ਲੇਖਕ ਨੇ ਇਸ ਲੇਖ ਰਾਹੀਂ ਰੁੱਖਾਂ ਦੀ ਮਨੁੱਖਤਾ ਨਾਲ ਅਨੋਖੀ ਸਾਂਝ ਨੂੰ ਸਨਮੁੱਖ ਕੀਤਾ ਹੈ। ਰੁੱਖਾਂ ਦੀ ਇਹ ਸਾਂਝ ਧੀਆਂ-ਪੁੱਤਰਾਂ ਨਾਲ ਕੀਤੇ ਗਏ ਮੋਹ ਤੋਂ ਘੱਟ ਨਹੀਂ ਹੁੰਦੀ। ਇਹ ਕੁਦਰਤ ਦਾ ਅਨਮੋਲ ਤੋਹਫ਼ਾ ਹਨ। ਰੁੱਖਾਂ ਦਾ ਮਨੁੱਖ ਲਈ ਕੀਤਾ ਗਿਆ ਅਹਿਸਾਨ ਮੋੜਨਾ ਇੰਨਾ ਸੁਖਾਲਾ ਨਹੀਂ।
ਸੁਰਿੰਦਰ ਸਿੰਘ, ਕਾਸਮ ਭੱਟੀ (ਫਰੀਦਕੋਟ)

(2)

ਤਰਲੋਚਨ ਸਿੰਘ ਦੇ ਮਿਡਲ ‘ਰੁੱਖਾਂ ਵਿਚੋਂ ਝਾਕਦੇ ਨਕਸ਼…’ ਦਾ ਸੁਨੇਹਾ ਬੜਾ ਸਾਰਥਿਕ ਹੈ। ਜ਼ਿੰਦਗੀ ਦੇ ਬਹੁਤ ਸਾਰੇ ਪੱਖ ਹਨ। ਹਰ ਕੋਈ ਆਪੋ-ਆਪਣੇ ਹਿਸਾਬ ਨਾਲ ਜ਼ਿੰਦਗੀ ਬਤੀਤ ਕਰਦਾ ਜਾਂਦਾ ਹੈ ਪਰ ਜੇ ਇਸ ਸਫ਼ਰ ਵਿਚ ਮਨੁੱਖਤਾ ਦਾ ਪੱਲਾ ਘੁੱਟ ਕੇ ਫੜੀ ਰੱਖਿਆ ਜਾਵੇ ਤਾਂ ਸਚਮੁੱਚ ਰੁੱਖਾਂ ਵਿਚੋਂ ਵੀ ਆਪਣਿਆਂ ਦੇ ਨਕਸ਼ ਉਘੜਨੇ ਸ਼ੁਰੂ ਹੋ ਜਾਂਦੇ ਹਨ।
ਕਸ਼ਮੀਰ ਕੌਰ, ਪਟਿਆਲਾ

ਬਜ਼ੁਰਗਾਂ ਨਾਲ ਵਧੀਕੀ

9 ਜੁਲਾਈ ਦੇ ਪੰਨਾ ਦੋ ’ਤੇ ਛਪੀ ਖ਼ਬਰ ‘ਬਜ਼ੁਰਗਾਂ ਦਾ ਸਵੈਮਾਣ ਨਹੀਂ ਵਧਾ ਰਹੀ ਪੰਜਾਬ ਸਰਕਾਰ’ ਪੜ੍ਹੀ। ਇਹ ਬਹੁਤ ਮੰਦਭਾਗੀ ਗੱਲ ਹੈ ਕਿ ਪੰਜਾਬ ਵਿਚੋਂ ਹੀ ਬਣੇ ਰਾਜਾਂ ਹਰਿਆਣਾ ਤੇ ਹਿਮਾਚਲ ਅਤੇ ਦਿੱਲੀ ਵਿਚ ਪੈਨਸ਼ਨ ਪੰਜਾਬ ਨਾਲੋਂ ਕਿਤੇ ਜ਼ਿਆਦਾ ਹੈ ਅਤੇ ਲਗਾਤਾਰ ਹਰ ਮਹੀਨੇ ਲਾਭਪਾਤਰੀਆਂ ਨੂੰ ਮਿਲ ਜਾਂਦੀ ਹੈ। ਹਰਿਆਣਾ ਵਰਗੇ ਸੂਬਿਆਂ ਵਿਚ ਵਸਦੇ ਰਿਸ਼ਤੇਦਾਰ ਪੰਜਾਬ ਵਾਲਿਆਂ ਨੂੰ ਅਕਸਰ ਮਖੌਲ ਕਰਦੇ ਹਨ ਕਿ ਅਸੀਂ ਵੀ ਹਰਿਆਣੇ ਵਿਚ ਰਹਿਣ ਲੱਗ ਪਈਏ। ਸਰਕਾਰ ਸਚਮੁੱਚ ਬਜ਼ੁਰਗਾਂ, ਅੰਗਹੀਣਾਂ, ਵਿਧਵਾਵਾਂ ਨਾਲ ਧੱਕਾ ਕਰ ਰਹੀ ਹੈ ਕਿਉਂਕਿ ਇਹ ਵਰਗ, ਸੰਘਰਸ਼ ਕਰਕੇ ਸਰਕਾਰ ਨੂੰ ਮਜਬੂਰ ਨਹੀਂ ਕਰਦੇ।
ਓਮਕਾਰ ਸ਼ਰਮਾ, ਪਟਿਆਲਾ

ਬੱਚਿਆਂ ਦੇ ਸਵਾਲ

6 ਜੁਲਾਈ ਨੂੰ ਨਜ਼ਰੀਆ ਪੰਨੇ ’ਤੇ ਡਾ. ਮਹਿੰਦਰ ਸਿੰਘ ਦਾ ਮਿਡਲ ‘ਮੇਰੀ ਧੀ ਮੇਰੀ ਅਧਿਆਪਕ’ ਧੀ ਦਾ ਆਪਣੇ ਮਾਪਿਆਂ ਨਾਲ ਸਹਿਯੋਗ, ਮਮਤਾ ਅਤੇ ਲਗਾਓ ਦੀ ਦਾਸਤਾਨ ਨੂੰ ਦਰਸਾਉਂਦਾ ਹੈ। ਬੱਚੇ ਅਕਸਰ ਸਵਾਲ-ਜਵਾਬ ਪੁੱਛਦੇ ਰਹਿੰਦੇ ਹਨ। ਅੱਜ ਭਾਵੇਂ ਜ਼ਮਾਨਾ ਬਦਲ ਚੁੱਕਿਆ ਹੈ ਪਰ ਕੁਝ ਪ੍ਰਸ਼ਨਾਂ ਦੇ ਉੱਤਰ ਅੱਜ ਵੀ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਦੱਸ ਸਕਦੇ। ਉਨ੍ਹਾਂ ਵਿਚੋਂ ਇਕ ਪ੍ਰਸ਼ਨ ਹੈ: ਉਹ ਕਿੱਥੋਂ ਆਏ ਹਨ? ਉਨ੍ਹਾਂ ਦਾ ਜਨਮ ਕਿਵੇਂ ਹੋਇਆ? ਖ਼ੈਰ! ਇਹ ਤਾਂ ਸਮੇਂ ਅਨੁਸਾਰ ਸਮਝ ਆਉਣ ਵਾਲੀਆਂ ਗੱਲਾਂ ਹਨ ਪਰ ਬੱਚਿਆਂ ਨੂੰ ਸਮਾਜਿਕ, ਸਰੀਰਕ ਅਤੇ ਅਧਿਆਤਮਿਕ ਮੁੱਦਿਆਂ ਨਾਲ ਰੂ-ਬ-ਰੂ ਕਰਵਾਉਣਾ ਬਹੁਤ ਜ਼ਰੂਰੀ ਹੈ।
ਭਾਵਨਾ, ਰਾਜਪੁਰਾ

(2)

ਡਾ. ਮਹਿੰਦਰ ਸਿੰਘ ਦੀ ਲਿਖਤ ‘ਮੇਰੀ ਧੀ ਮੇਰੀ ਅਧਿਆਪਕ’ ਪੜ੍ਹੀ। ਵਧੀਆ ਲੱਗਿਆ ਕਿ ਦੂਜੀ ਧੀ ਜੰਮਣ ‘ਤੇ ਵੀ ਪੁੱਤਰ ਨਾਲੋਂ ਵੱਧ ਖੁਸ਼ੀ ਮਨਾਈ ਗਈ। ਧੀਆਂ ਆਪਣੀ ਆਮਦ ’ਤੇ ਇਹੋ ਜਿਹੇ ਚਾਅ ਮਨਾਏ ਜਾਣ ਦੀਆਂ ਹੱਕਦਾਰ ਹਨ। ਪਰਿਵਾਰ ਵਿਚ ਜਿੰਨਾ ਵਧੀਆ ਮਾਹੌਲ ਬੱਚਿਆਂ ਨੂੰ ਮਿਲੇਗਾ, ਓਨਾ ਹੀ ਵਧੀਆ ਉਨ੍ਹਾਂ ਦਾ ਬੌਧਿਕ ਵਿਕਾਸ ਹੋਵੇਗਾ। ਧੀ ਦੀ ਤਿੱਖੀ ਨੀਝ ਅਤੇ ਉੱਚੀ ਸੂਝ ਨੇ ਅੰਗਰੇਜ਼ੀ ਦੀ ਕਹਾਵਤ ‘ਬੱਚਾ ਮਨੁੱਖ ਦਾ ਪਿਤਾ ਹੁੰਦਾ ਹੈ’ ਨੂੰ ਸੱਚ ਸਾਬਤ ਕਰ ਦਿਖਾਇਆ ਹੈ। ਇਸੇ ਦਿਨ ਖੇਤੀ/ਖੇਡਾਂ ਪੰਨੇ ‘ਤੇ ਮਹਿੰਦਰ ਸਿੰਘ ਦੁਸਾਂਝ ਦਾ ਲੇਖ ‘ਐ ਦਿਲ … ਹਿੰਮਤ ਨਾ ਹਾਰਨਾ’ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ। ਲੇਖਕ ਦਾ ਦ੍ਰਿੜ੍ਹ ਇਰਾਦਾ, ਆਪਣੀ ਮਿਹਨਤ ’ਤੇ ਭਰੋਸਾ, ਸਰਕਾਰੀ ਮੁਆਵਜ਼ੇ ਦੇ ਤਿਆਗ ਦਾ ਹੌਸਲਾ ਅਤੇ ਕਾਮਿਆਂ ਬਾਰੇ ਸੁਹਿਰਦਤਾ ਆਪਣੇ ਆਪ ਵਿਚ ਮਿਸਾਲ ਹੈ।
ਜਗਦੀਪ ਸਿੰਘ, ਰਾਏਕੋਟ

(3)

ਡਾ. ਮਹਿੰਦਰ ਸਿੰਘ ਦਾ ਮਿਡਲ ਪੜ੍ਹ ਕੇ ਡਾ. ਨਾਹਰ ਸਿੰਘ ਦੇ ਬੋਲ ਚੇਤੇ ਆ ਗਏ ਜੋ ਐੱਮਏ ਪੜ੍ਹਾਉਂਦਿਆਂ ਉਹ ਅਕਸਰ ਆਖਦੇ ਹੁੰਦੇ ਸਨ। ਉਨ੍ਹਾਂ ਅਨੁਸਾਰ, ਅਸੀਂ ਆਪਣੇ ਅਮੀਰ ਵਿਰਸੇ ਨੂੰ ਦੇਖੀਏ ਜਾਂ ਮਿਥਿਹਾਸ ‘ਤੇ ਨਜ਼ਰ ਮਾਰੀਏ ਤਾਂ ਧਰੂ ਭਗਤ, ਪ੍ਰਹਿਲਾਦ ਭਗਤ ਆਦਿ ਅਜਿਹੇ ਪੁਰਖ ਸਾਹਮਣੇ ਆਉਂਦੇ ਹਨ, ਜਿਨ੍ਹਾਂ ਦੀ ਉਮਰ ਭਾਵੇਂ ਨਿੱਕੀ ਸੀ ਪਰ ਸਮਝ ਬਹੁਤ ਵੱਡੀ ਸੀ। ਜ਼ਾਹਿਰ ਹੈ ਕਿ ਅਕਲ ਦਾ ਉਮਰ ਨਾਲ ਕੋਈ ਸਬੰਧ ਨਹੀਂ ਹੁੰਦਾ। ਇਸ ਲਈ ਜੇ ਹਰ ਬੱਚੇ ਦੀ ਪਾਲਣਾ ਵੱਲ ਲੋੜੀਂਦਾ ਧਿਆਨ ਦਿੱਤਾ ਜਾਵੇ ਤਾਂ ਉਸ ਅੰਦਰ ਜਗਿਆਸੂ ਬਿਰਤੀਆਂ ਆ ਸਕਦੀਆਂ ਹਨ ਜੋ ਪਰਿਵਾਰਕ ਮਾਹੌਲ ‘ਤੇ ਵੀ ਨਿਰਭਰ ਕਰਦੀਆਂ ਹਨ। ਰਚਨਾ ਦਾ ਅਖੀਰਲਾ ਭਾਗ ਪੜ੍ਹਦਿਆਂ ਦੁੱਖ ਹੋਇਆ ਕਿ ਜਗਿਆਸੂ ਸੁਭਾਅ ਦੀ ਰੂਬੀ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਕਾਰਨ ਵਿਛੜ ਗਈ। ਇਸ ਦਾ ਦੁਖ ਮਾਪਿਆਂ ਨੂੰ ਉਮਰ ਭਰ ਰਹਿੰਦਾ ਹੈ।
ਗੁਰਬਿੰਦਰ ਸਿੰਘ, ਈਮੇਲ

(4)

ਡਾ. ਮਹਿੰਦਰ ਸਿੰਘ ਦਾ ਲੇਖ ‘ਮੇਰੀ ਧੀ ਮੇਰੀ ਅਧਿਆਪਕ’ ਪੜ੍ਹਿਆ। ਲੇਖ ਪਿਤਾ ਤੇ ਧੀ ਦੇ ਪਿਆਰ ਭਰੇ ਰਿਸ਼ਤੇ ਨੂੰ ਦਿਖਾਉਂਦਾ ਹੈ। ਧੀਆਂ ਵਿਹੜੇ ਦੀ ਰੌਣਕ ਹੁੰਦੀਆਂ ਹਨ। ਲੇਖ ਵਿਚ ਪੜ੍ਹਿਆ, ਕਿਵੇਂ ਧੀ ਵੱਡੀ ਹੋ ਕੇ ਪਿਤਾ ਨਾਲੋਂ ਕਿਤੇ ਵੱਧ ਸਿਆਣੀ ਤੇ ਸਮਝਦਾਰ ਨਿਕਲਦੀ ਹੈ ਅਤੇ ਪਿਤਾ ਦੀ ਅਧਿਆਪਕ ਬਣ ਜਾਂਦੀ ਹੈ। ਜੇਕਰ ਹਰ ਪਿਤਾ ਆਪਣੀ ਧੀ ਦੇ ਜੰਮਣ ’ਤੇ ਇਸੇ ਤਰ੍ਹਾਂ ਖੁਸ਼ੀ ਮਨਾਉਣ ਲੱਗ ਜਾਵੇ ਤਾਂ ਸਾਡੇ ਸਮਾਜ ਵਿਚ ਸਿਫ਼ਤੀ ਤਬਦੀਲੀ ਲਾਜ਼ਮੀ ਹੈ।
ਜਗਪ੍ਰੀਤ ਸਿੰਘ, ਮੁਹਾਲੀ

ਦਲਿਤਾਂ ਨਾਲ ਬੇਇਨਸਾਫ਼ੀ

ਪਹਿਲੀ ਜੁਲਾਈ ਨੂੰ ਨਜ਼ਰੀਆ ਪੰਨੇ ’ਤੇ ਪ੍ਰੋ. ਜਤਿੰਦਰ ਸਿੰਘ ਦਾ ਲੇਖ ‘ਦਲਿਤ ਸਮਾਜ ਦੇ ਜ਼ਮੀਨ ਪ੍ਰਾਪਤੀ ਘੋਲ ਦੇ ਮਾਇਨੇ’ ਦਲਿਤ ਵਰਗ ਨਾਲ ਸਦੀਆਂ ਤੋਂ ਹੁੰਦੀ ਆ ਰਹੀ ਬੇਇਨਸਾਫ਼ੀ ਨੂੰ ਦਰਸਾਉਂਦਾ ਹੈ। ਇਸ ਵਰਗ ਨੂੰ ਭਾਰਤੀ ਸੰਵਿਧਾਨ ਅਨੁਸਾਰ ਸਿਆਸੀ ਅਧਿਕਾਰ ਤਾਂ ਪ੍ਰਾਪਤ ਹਨ ਜਦੋਂਕਿ ਉਹ ਅੱਜ ਵੀ ਆਰਥਿਕ ਤੇ ਸਮਾਜਿਕ ਨਾ-ਬਰਾਬਰੀ ਵਾਲਾ ਜੀਵਨ ਜੀਣ ਲਈ ਮਜਬੂਰ ਹੈ। ਜ਼ਮੀਨ ਪ੍ਰਾਪਤੀ ਸੰਘਰਸ਼ ਦੁਆਰਾ ਦਲਿਤ ਔਰਤਾਂ ਆਪਣੇ ਆਰਥਿਕ, ਸਮਾਜਿਕ ਤੇ ਸਰੀਰਕ ਸ਼ੋਸ਼ਣ ਤੋਂ ਮੁਕਤੀ ਪਾਉਣੀ ਚਾਹੁੰਦੀਆਂ ਹਨ।
ਕੁਲਵਿੰਦਰ ਸਿੰਘ, ਈਮੇਲ

ਹਜੂਮੀ ਹਿੰਸਾ ਕਿਹੜੀ ਦੇਸ਼ਭਗਤੀ?
1 ਜੁਲਾਈ ਦੇ ਸੰਪਾਦਕੀ ’ਚ ਹਜੂਮੀ ਹਿੰਸਾ ਦੇ ਰੁਝਾਨ ਬਾਰੇ ਫ਼ਿਕਰ ਕੀਤਾ ਗਿਆ ਹੈ। ਇਹ ਫ਼ਿਕਰ ਸੱਚਾ ਹੈ। ਹਜੂਮੀ ਹਿੰਸਾ ’ਚ ਫਿਰਕੂ ਰੰਗਤ ਦੀ ਬੂ ਆਉਂਦੀ ਹੈ। 30 ਜੂਨ ਦੇ ਅੰਕ ਦੇ ਪੰਨਾ 10 ਉੱਤੇ ਸਾਡੇ ਕੇਂਦਰੀ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਸੁਝਾਇਆ ਹੈ ਕਿ ਹਜੂਮੀ ਕਤਲਾਂ ਨੂੰ ਫ਼ਿਰਕੂ ਰੰਗਤ ਨਹੀਂ ਦੇਣੀ ਚਾਹੀਦੀ ਪਰ ਇਕ ਖ਼ਾਸ ਧਰਮ ਦੇ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਬਹਾਨੇ ਲਾ ਕੇ ਕੁੱਟਮਾਰ ਕਰਨੀ ਅਤੇ ‘ਜੈ ਸ੍ਰੀ ਰਾਮ’ ਦੇ ਨਾਅਰੇ ਲਵਾਉਣਾ ਫਿਰਕੂ ਰੰਗਤ ਨਹੀਂ ਤਾਂ ਹੋਰ ਕੀ ਹੈ? ਅਜਿਹੇ ਦੇਸ਼ ਭਗਤ ਜਿਸ ਰਾਮ ਦੀ ਜ਼ਬਰਦਸਤੀ ਜੈ ਕਰਾ ਰਹੇ ਹਨ, ਉਸ ਰਾਮ ਨੇ ਤਾਂ ਰਮਾਇਣ ਮਹਾਂਕਾਵਿ ਵਿਚ ਦਰਸਾਏ ਮੁਤਾਬਿਕ, ਕਿਤੇ ਵੀ ਮਰਿਆਦਾ ਦਾ ਉਲੰਘਣ ਨਹੀਂ ਕੀਤਾ। ਜੇ ਦੇਸ਼ ’ਚ ਹਜੂਮੀ ਹਿੰਸਾ ਦਾ ਰੁਝਾਨ ਜ਼ੋਰ ਫੜ ਗਿਆ ਤਾਂ ਦੇਸ਼ ਫਿਰਕਾਪ੍ਰਸਤੀ ਦੀ ਅੱਗ ’ਚ ਝੁਲਸ ਜਾਏਗਾ। ਸਮੇਂ ਦੇ ਹਾਕਮਾਂ ਨੂੰ ਇਸ ਬਾਰੇ ਫ਼ਿਕਰ ਕਰਨੀ ਚਾਹੀਦੀ ਹੈ ਅਤੇ ਧਰਮਨਿਰਪੱਖ ਲੋਕਾਂ ਨੂੰ ਇਸ ਹਿੰਸਾ ਖ਼ਿਲਾਫ਼ ਲਾਮਬੰਦ ਹੋਣਾ ਚਾਹੀਦਾ ਹੈ।
ਅਮਰਜੀਤ ਜੋਸ਼ੀ, ਨਾਹਨ (ਹਿਮਾਚਲ ਪ੍ਰਦੇਸ਼)


Comments Off on ਪਾਠਕਾਂ ਦੇ ਖ਼ਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.