ਅਨਭੋਲ ਮਨ ਵਿਚ ਸਾਹਿਤ ਦਾ ਚੁੱਪ-ਚੁਪੀਤਾ ਪ੍ਰਵੇਸ਼ !    ਗੁਰਬਾਣੀ ਤੇ ਸੂਫ਼ੀਆਨਾ ਕਲਾਮ ਗਾਉਂਦਿਆਂ !    ਦਰਗਾਹ ਸ਼ਰੀਫ਼ ਕਾਰਨ ਪ੍ਰਸਿੱਧ ਅਜਮੇਰ !    ਮਾਰਿਆ ਜਾਵੇਂਗਾ ਤੂੰ ਵੀ ਇਕ ਦਿਨ !    ਰਾਮ ਕੁਮਾਰ ਦਾ ‘ਆਵਾਰਾ’ ਆਦਮੀ !    ਕਾਵਿ ਕਿਆਰੀ !    ਗ਼ਦਰ ਲਹਿਰ ਦਾ ਕਾਬੁਲ ਅੱਡਾ !    ਮੌਸਮ ਠੀਕ ਨਹੀਂ !    ਮਾਨਵੀ ਵੇਦਨਾ-ਸੰਵੇਦਨਾ ਦਾ ਪ੍ਰਗਟਾਵਾ !    ਨਵੇਂ ਰੰਗ ਦੀ ਸ਼ਾਇਰੀ !    

ਪਾਠਕਾਂ ਦੇ ਖ਼ਤ

Posted On July - 9 - 2019

ਸ਼੍ਰੋਮਣੀ ਕਮੇਟੀ ਅਤੇ ਸਿੱਖ ਲਹਿਰ
8 ਜੁਲਾਈ ਨੂੰ ਛਪੇ ਮਿਡਲ ਵਿਚ ਸਿੱਖ ਸਰੋਤ ਗ੍ਰੰਥ ਪ੍ਰਾਜੈਕਟ ਦਾ ਸਥਾਨ ਬਦਲਣ ਉੱਤੇ ਕਿੰਤੂ ਕਰਦਿਆਂ ਭਾਈ ਅਸ਼ੋਕ ਸਿੰਘ ਬਾਗੜੀਆਂ ਨੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦਾ ਵੀ ਜ਼ਿਕਰ ਕੀਤਾ ਹੈ। 1972 ਵਿਚ ਸਿੰਘ ਸਭਾ ਲਹਿਰ ਦੀ ਸ਼ਤਾਬਦੀ ਮਨਾਉਣ ਹਿਤ ਸ਼੍ਰੋਮਣੀ ਕਮੇਟੀ ਨੇ ਹੁਕਮ ਸਿੰਘ ਦੀ ਅਗਵਾਈ ਵਿਚ ਸ਼ਤਾਬਦੀ ਕਮੇਟੀ ਬਣਾਈ। ਮਗਰੋਂ ਸਿੱਖ ਲਹਿਰ ਨੂੰ ਪੁਨਰ-ਸੁਰਜੀਤ ਕਰਨ ਵਾਸਤੇ ‘ਸ਼ਤਾਬਦੀ ਕਮੇਟੀ’ ਨੂੰ ‘ਕੇਂਦਰੀ ਸ੍ਰੀ ਗੁਰੂ ਸਿੰਘ ਸਭਾ’ ਦਾ ਰੂਪ ਦਿੱਤਾ ਗਿਆ, ਜਿਸ ਦਾ ਮੁੱਖ ਦਫ਼ਤਰ ਦਰਬਾਰ ਸਾਹਿਬ ਕੰਪਲੈਕਸ ਸੀ। ਗਿਆਨੀ ਗੁਰਦਿੱਤ ਸਿੰਘ ਦੇ ਯਤਨਾਂ ਨਾਲ ਚੰਡੀਗੜ੍ਹ ਵਿਚ ਪਲਾਟ ਮਿਲ ਗਿਆ। ਉਨ੍ਹਾਂ ਦੇ ਦੇਹਾਂਤ ਮਗਰੋਂ ਗਿਆਨੀ ਹਰਿੰਦਰ ਸਿੰਘ (ਸਾਬਕਾ ਐੱਮਐੱਲਸੀ, ਉਤਰ ਪ੍ਰਦੇਸ਼) ਅਤੇ ਸਾਥੀਆਂ ਨੇ ਇਸ ਸਿੱਖ ਸੰਸਥਾ ਨੂੰ ਸੁਸਾਇਟੀ ਤੋਂ ਟਰੱਸਟ ਵਿਚ ਤਬਦੀਲ ਕਰਵਾ ਲਿਆ ਅਤੇ ਇਸ ਉੱਤੇ ਪੱਕਾ ਕਬਜ਼ਾ ਕਰ ਲਿਆ। ਬਾਗੜੀਆਂ ਜੀ ਅਤੇ ਹੋਰ ਚਿੰਤਕਾਂ ਨੂੰ ਇਸ ਪਾਸੇ ਵੀ ਧਿਆਨ ਦੇਣਾ ਚਾਹੀਦਾ ਹੈ।
ਹਰਭਜਨ ਸਿੰਘ, ਡੇਰਾ ਕਲਵਾਣੂ, ਪਟਿਆਲਾ

ਕਿਰਤੀ ਬਨਾਮ ਨਿੱਤਨੇਮ
5 ਜੁਲਾਈ ਦੇ ਅੰਕ ’ਚ ਡਾ. ਗਿਆਨ ਸਿੰਘ ਦੇ ਲੇਖ ‘ਨਿਤਨੇਮੀ ਕਿਰਤੀ’ ਵਿਚਲੀ ਘਟਨਾ ਉਨ੍ਹਾਂ ਅਖੌਤੀ ਧਾਰਮਿਕ ਲੋਕਾਂ ਲਈ ਸਬਕ ਹੈ ਜਿਹੜੇ ਸਵੇਰੇ ਸ਼ਾਮ ਧਾਰਮਿਕ ਸਥਾਨਾਂ ਵਿਚ ਸਿਰਫ਼ ਨੱਕ ਮੱਥੇ ਰਗੜਨ ਅਤੇ ਪਾਠ ਪੂਜਾ ਕਰਕੇ ਪਰਮਾਤਮਾ ਤੋਂ ਸਰਬੱਤ ਦਾ ਭਲਾ ਮੰਗਣ ਦੀ ਅਰਦਾਸ ਤਾਂ ਕਰਦੇ ਹਨ ਪਰ ਲੋੜ ਪੈਣ ’ਤੇ ਅਮਲਾਂ ਵਿਚ ਖ਼ੁਦ ਕਿਸੇ ਦਾ ਭਲਾ ਕਰਨ ਤੋਂ ਦੂਰ ਭੱਜਦੇ ਹਨ। ਇਸ ਦੇ ਉਲਟ ਮਿਹਨਤ ਕਰਕੇ ਜੀਵਨ ਵਿਚ ਵਿਗਿਆਨਕ ਸੋਚ ਅਤੇ ਇਮਾਨਦਾਰੀ ਨਾਲ ਲੋੜਵੰਦਾਂ ਦੀ ਮਦਦ ਕਰਨ ਵਾਲੇ ਅਸਲ ਨਿੱਤਨੇਮੀ ਕਿਰਤੀ ਲੋਕ ਇਨਸਾਨੀਅਤ ਅਤੇ ਸਮਾਜ ਦੇ ਅਸਲ ਰਖਵਾਲੇ ਹਨ।
ਸੁਮੀਤ ਸਿੰਘ, ਅੰਮ੍ਰਿਤਸਰ

(2)
ਅਸਲ ਵਿਚ ਧਰਤੀ ਉੱਪਰ ਸਾਰੀ ਸਿਰਜਣਾ ਜੋ ਅਸੀਂ ਦੇਖ ਰਹੇ ਹਾਂ, ਇਸ ਪਿੱਛੇ ਹਮੇਸ਼ਾਂ ਕਿਰਤੀ ਮਨੁੱਖਾਂ ਦਾ ਖ਼ੂਨ ਪਸੀਨਾ ਇਕਮਿਕ ਹੋਇਆ ਹੈ। ਕਿਰਤੀ ਹਮੇਸ਼ਾਂ ਆਪਣੇ ਦੁੱਖ ਭੁੱਲ ਕੇ ਦੂਜਿਆਂ ਦੀ ਸਹਾਇਤਾ ਵਿਚ ਪ੍ਰਸੰਨਤਾ ਹਾਸਲ ਕਰਦੇ ਹਨ ਜਦਕਿ ਅਖੌਤੀ ਪੜ੍ਹੇ-ਲਿਖੇ ਲੋਕਾਂ ਕੋਲ ਤਾਂ ਕਿਸੇ ਦੁਖੀ ਬੰਦੇ ਦੀ ਬਾਂਹ ਫੜਨ ਦਾ ਨਾ ਤਾਂ ਸਮਾਂ ਹੈ ਤੇ ਨਾ ਹੀ ਜਜ਼ਬਾ ਹੈ। ਧਾਰਮਿਕ ਲੋਕ ਵੀ ਮਨੁੱਖਤਾ ਤੋਂ ਸੱਖਣੇ ਹੋ ਕੇ ਦਿਖਾਵਾ ਕਰਨ ਵਾਲੇ ਹੋ ਗਏ ਹਨ।
ਕੁਲਦੀਪ ਸ਼ਰਮਾ, ਖੁੱਡੀਆਂ ਗੁਲਾਬ ਸਿੰਘ (ਮੁਕਤਸਰ)

(3)
‘ਨਿੱਤਨੇਮੀ ਕਿਰਤੀ’ ਪੜ੍ਹ ਕੇ ਇੰਜ ਲੱਗਿਆ ਜਿਵੇਂ ਇਨਸਾਨੀਅਤ ਮਰ ਰਹੀ ਹੋਵੇ। ਕਹਿੰਦੇ ਹਨ ਪਰਮਾਤਮਾ ਵੀ ਉਨ੍ਹਾਂ ਦੀ ਮਦਦ ਕਰਦਾ ਹੈ ਜੋ ਦੂਜਿਆਂ ਦੀ ਮਦਦ ਕਰਦੇ ਹਨ। ਧਾਰਮਿਕ ਨਿੱਤਨੇਮ ਦਾ ਕੋਈ ਫ਼ਾਇਦਾ ਨਹੀਂ, ਜੇਕਰ ਅਸੀਂ ਕਿਸੇ ਦੀ ਮਦਦ ਹੀ ਨਾ ਕਰ ਸਕੇ।
ਨਵਕਿਰਨ ਕੌਰ, ਦਿਉਣ (ਬਠਿੰਡਾ)

ਨੌਜਵਾਨ ਅਤੇ ਇਤਿਹਾਸ
4 ਜੁਲਾਈ ਨੂੰ ਜਵਾਂ ਤਰੰਗ ਪੰਨੇ ’ਤੇ ਨਿਰਮਲ ਸਿੰਘ ਘੱਲ ਕਲਾਂ ਦਾ ਲੇਖ ‘ਹੋਰ ਸਾਰਥਿਕ ਹੋਵੇ ਸਾਡੇ ਨੌਜਵਾਨ ਵਰਗ ਦੀ ਭੂਮਿਕਾ’ ਨੌਜਵਾਨ ਵਰਗ ਦੀ ਸਰਗਰਮ ਭੂਮਿਕਾ ਨੂੰ ਪੇਸ਼ ਕਰਦਾ ਹੈ। ਵਰਤਮਾਨ ਤੇ ਭਵਿੱਖ ਦੀ ਨੁਹਾਰ ਬਦਲਣ ਲਈ ਨੌਜਵਾਨਾਂ ਨੂੰ ਸਿਆਸੀ, ਆਰਥਿਕ, ਸਮਾਜਿਕ ਅਤੇ ਸਭਿਆਚਾਰਕ ਮਸਲਿਆਂ ’ਤੇ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਇਤਿਹਾਸ ’ਤੇ ਝਾਤ ਮਾਰੀਏ ਤਾਂ ਸਮਾਜਿਕ ਤਬਦੀਲੀ ਵਿਚ ਨੌਜਵਾਨਾਂ ਦੀ ਅਹਿਮ ਭੂਮਿਕਾ ਰਹੀ ਹੈ।
ਰੁਪਿੰਦਰ ਕੌਰ, ਰਾਮਗੜ੍ਹ ਚੂੰਘਾ

(2)
ਲੇਖ ਵਧੀਆ ਲੱਗਿਆ। ਠੀਕ ਹੀ ਸਾਡੀ ਨੌਜਵਾਨ ਪੀੜ੍ਹੀ ਸਿਆਸਦਾਨਾਂ ਦੇ ਢਹੇ ਚੜ੍ਹ ਕੇ ਪਾਰਟੀਆਂ ਅਤੇ ਵਰਗਾਂ ਵਿਚ ਵੰਡੀ ਗਈ ਹੈ। ਵੱਖ ਵੱਖ ਸਿਆਸੀ ਪਾਰਟੀਆਂ ਨੇ ਯੂਥ ਵਿੰਗ ਬਣਾ ਕੇ ਨੌਜਵਾਨ ਸ਼ਕਤੀ ਨੂੰ ਗੁਮਰਾਹ ਕਰਕੇ ਆਪਣੇ ਹਿੱਤਾਂ ਲਈ ਵਰਤਿਆ ਹੈ। ਪੜ੍ਹੇ-ਲਿਖੇ ਸਿਖਿਅਤ ਡਿਗਰੀ ਵਾਲੇ ਨੌਜਵਾਨਾਂ ਦਾ ਵਿਦੇਸ਼ਾਂ ਵਿਚ ਜਾਣਾ ਚਿੰਤਾ ਦਾ ਵਿਸ਼ਾ ਹੈ। ਭਵਿੱਖ ਹਨੇਰੇ ਵਿਚ ਦਿਸਦਾ ਹੋਣ ਕਰਕੇ ਅਜੋਕੀ ਨੌਜਵਾਨ ਪੀੜ੍ਹੀ ਦੀ ਸੋਚ ਵਿਦੇਸ਼ੀ ਜਾਣ ਵਾਲੀ ਹੋ ਗਈ ਹੈ।
ਸਤਵੰਤ ਸਿੰਘ, ਈਮੇਲ

ਬਿੱਲੀ ਤੇ ਬੰਦੇ ਦੀ ਮੌਤ
3 ਜੁਲਾਈ ਵਾਲੇ ਮਿਡਲ ‘ਏਹੁ ਹਮਾਰਾ ਜੀਵਣਾ’ (ਲੇਖਕ ਐੱਸਆਰ ਲੱਧੜ) ਨੇ ਰੋਣ ਹਾਕਾ ਕਰ ਦਿੱਤਾ; ਹੁਣੇ ਹੁਣੇ ਬਿੱਲੀ ਦੀ ਮੌਤ ਦੇਖ ਕੇ ਆਇਆ ਹਾਂ। ਚਾਲੀ ਕੁ ਮੀਲ ਦੀ ਰਫ਼ਤਾਰ ਨਾਲ ਕਾਰ ਚਲਾਉਂਦਾ ਜਾ ਰਿਹਾ ਸਾਂ, ਅਚਾਨਕ ਸੜਕ ਪਾਰ ਕਰ ਰਹੀ ਬਿੱਲੀ ਕਾਰ ਥੱਲੇ ਆ ਗਈ। ਕਾਰ ਸੜਕ ਦੇ ਇਕ ਪਾਸੇ ਲਾ ਕੇ ਆਪਣੇ ਭਾਣਜੇ ਨੂੰ ਪੁੱਛਿਆ: ਹੁਣ ਮੈਨੂੰ ਕੀ ਕਰਨਾ ਚਾਹੀਦਾ? ਉਸ ਨੇ ਸਖ਼ਤ ਹਦਾਇਤ ਦਿੱਤੀ ਕਿ ਮੈਂ ਘਟਨਾ ਵਾਲੀ ਥਾਂ ਤੋਂ ਭੱਜਾਂ ਨਾ। ਉਹਦੇ ਕਹਿਣ ਅਨੁਸਾਰ, ਮੈਂ ਐਮਰਜੈਂਸੀ ਲਾਈਟਾਂ ਜਗ੍ਹਾ ਕੇ ਖੜ੍ਹ ਗਿਆ। ਦਸਾਂ ਕੁ ਮਿੰਟਾਂ ਵਿਚ ਪੁਲੀਸ ਦੀ ਗੱਡੀ ਕੋਲ ਆ ਕੇ ਰੁਕੀ, ਮੈਂ ਪੁਲੀਸਮੈਨ ਨੂੰ ਬਿੱਲੀ ਬਾਰੇ ਦੱਸਿਆ। ਅਫ਼ਸੋਸ ਜਤਾਉਂਦਿਆਂ ਉਸ ਨੇ ਮੇਰੀ ਉਸ ਵਕਤ ਦੀ ਸਪੀਡ ਪੁੱਛੀ ਤੇ ਮੇਰਾ ਲਾਇਸੈਂਸ ਮੰਗਿਆ। ਕੰਪਿਊਟਰ ਰਾਹੀਂ ਮੇਰੀ ਡਰਾਈਵਿੰਗ ਦਾ ਅਗਲਾ ਪਿਛਲਾ ਰਿਕਾਰਡ ਚੈੱਕ ਕਰਕੇ ਉਸ ਨੇ ਮੈਨੂੰ ਵੀਹ ਕੁ ਮਿੰਟ ਪੰਛੀਆਂ ਜਾਨਵਰਾਂ ਦੇ ‘ਹੱਕਾਂ’ ਬਾਰੇ ਸੰਵੇਦਨਸ਼ੀਲ ਨੁਕਤੇ ਸਮਝਾਏ ਅਤੇ ਫਿਰ ਮੈਨੂੰ ਜਾਣ ਦਿੱਤਾ।… ਇਸੇ ਧਰਤੀ ਦੇ ਇਕ ਖਿੱਤੇ ਵਿਚ ਬਿੱਲੀ ਮਰਨ ’ਤੇ ਪੁਲੀਸ ਕਾਰਵਾਈ ਕਰਦੀ ਹੈ ਪਰ ਦੂਸਰੇ ਖਿੱਤੇ ਵਿਚ ਢਿੱਡ ਨੂੰ ਝੁਲਕਾ ਦੇਣ ਲਈ ਸਭ ਤੋਂ ਨਖਿੱਧ ਕਿੱਤਾ ਕਰਦੇ ਗ਼ਰੀਬੜੇ ਬੰਦੇ ਆਏ ਦਿਨ ਮਰ ਰਹੇ ਹਨ! ਮੁਲਕ ਵਿਚ ਸੰਸਾਰ ਦੇ ਸਭ ਤੋਂ ਉੱਚੇ ਬੁੱਤ ਬਣ ਗਏ, ਬ੍ਰਹਿਮੰਡ ਵਿਚ ਕਈ ਕਈ ਟਨ ਭਾਰੇ ਚੰਦਰਯਾਨ ਛੱਡ ਦਿੱਤੇ ਪਰ ‘ਨਰਕ’ ਦੀ ਸਫ਼ਾਈ ਕਰਨ ਵਾਲਿਆਂ ਲਈ ਵਿਗਿਆਨ ਦੀ ਤਰੱਕੀ ਖ਼ਾਮੋਸ਼ ਹੈ! ਜਿਵੇਂ ਸਰਕਾਰਾਂ, ਪ੍ਰਸ਼ਾਸਨ ਤੇ ਉੱਚ ਜਾਤੀ ਵਾਲੇ ਲੋਕ ਸਫ਼ਾਈ ਸੇਵਕਾਂ ਨੂੰ ਕੀੜੇ ਮਕੌੜੇ ਹੀ ਸਮਝਦੇ ਹੋਣ! ਇਹ ਘੋਰ ਬੇਇਨਸਾਫ਼ੀ ਕਦੇ ਬੰਦ ਹੋਵੇਗੀ?
ਤਰਲੋਚਨ ਸਿੰਘ ਦੁਪਾਲਪੁਰ, ਕੈਲੀਫੋਰਨੀਆ (ਅਮਰੀਕਾ)

(2)
ਲੇਖ ਭਾਰਤ ਵਿਚ ਜਾਤੀਵਾਦ ਦੇ ਢਾਂਚੇ ਨੂੰ ਸਿੱਧੇ ਸ਼ਬਦਾਂ ਵਿਚ ਬਿਆਨ ਕਰ ਰਿਹਾ ਹੈ। ਆਦਿ ਕਾਲ ਤੋਂ ਲੈ ਕੇ ਹੁਣ ਤਕ ਅਨੇਕਾਂ ਲੋਕਾਂ ਨੇ ਸਮਾਜ ਤੋਂ ਉੱਚਾ ਉੱਠ ਕੇ ਜਾਤੀਵਾਦ ਦੇ ਖ਼ਿਲਾਫ਼ ਲਿਖਿਆ ਅਤੇ ਬੋਲਿਆ ਪਰ ਸਾਡੇ ਦੇਸ਼ ਵਿਚ ਸਿਰਫ਼ ਨਾਂਮਾਤਰ ਹੀ ਪਿਆ ਹੈ।
ਹਰਪ੍ਰੀਤ ਸਿੰਘ, ਚਕੇਰੀਆਂ (ਸਿਰਸਾ)

(3)
ਮਿਡਲ ‘ਏਹੁ ਹਮਾਰਾ ਜੀਵਣਾ’ ਪੜ੍ਹਿਆ। ਆਖ਼ਰ ਕਿਉਂ, ਇਕ ਹੀ ਜਾਤੀ ਵਾਲਿਆਂ ਨੂੰ ਅਜਿਹੀ ਗੰਦਗੀ ਸਾਫ਼ ਕਰਨ ਲਈ ਕਿਹਾ ਗਿਆ ਹੈ ਜਿੱਥੋਂ ਆਮ ਆਦਮੀ ਤਾਂ ਨੱਕ ’ਤੇ ਰੁਮਾਲ ਰੱਖ ਕੇ ਲੰਘ ਜਾਂਦੇ ਹਨ ਪਰ ਇਨ੍ਹਾਂ ਕਾਮਿਆਂ ਨੂੰ ਹੇਠੋਂ ਖ਼ਤਰਨਾਕ ਜ਼ਹਿਰੀਲੀਆਂ ਗੈਸਾਂ ਵਿਚ ਵਿਚਰਨਾ ਪੈਂਦਾ ਹੈ। ਹਾਦਸਿਆਂ ਕਾਰਨ ਬਹੁਤ ਸਾਰੇ ਮੌਤ ਦੇ ਮੂੰਹ ਜਾ ਚੁੱਕੇ ਹਨ। ਫਿਰ ਉਨ੍ਹਾਂ ਲਈ ਕੋਈ ਸੁਰੱਖਿਆ ਪ੍ਰਬੰਧ ਕਿਉਂ ਨਹੀਂ ਹਨ? ਇਸ ਦਾ ਹੋਰ ਕੋਈ ਬਦਲ ਜ਼ਰੂਰ ਹੋਣਾ ਚਾਹੀਦਾ ਹੈ।
ਜਸਬੀਰ ਕੌਰ, ਅੰਮ੍ਰਿਤਸਰ

ਅਸੀਂ ਲਾਸ਼ਾਂ ਢੋਅ ਰਹੇ ਹਾਂ…
8 ਜੁਲਾਈ ਨੂੰ ਨਜ਼ਰੀਆ ਪੰਨੇ ਉੱਤੇ ‘ਸਿਆਸਤ ਤੇ ਸਿਹਤ ਦੀ ਮੰਡੀ ਵਿਚ ਬੱਚੇ’ ਲੇਖ ਵਿਚ ਡਾ. ਕੁਲਦੀਪ ਕੌਰ ਨੇ ਮਹੱਤਵਪੂਰਨ ਮੁੱਦਾ ਭਾਵਪੂਰਤ ਸ਼ਬਦਾਂ ਵਿਚ ਬਿਆਨ ਕੀਤਾ ਹੈ। ਉਸ ਨੇ ਨੋਟ ਕੀਤਾ ਹੈ ਕਿ ਮਾੜੇ ਪ੍ਰਬੰਧਾਂ ਅਤੇ ਗ਼ੈਰ ਮਨੁੱਖੀ ਹਾਲਾਤ ਨੇ ਬੇਥਵੇ ਪਰਵਾਸ, ਮਨੁੱਖੀ ਤਸਕਰੀ, ਹਥਿਆਰਾਂ ਅਤੇ ਨਸ਼ਿਆਂ ਦੇ ਜ਼ਹਿਰੀਲੇ ਕੁਚੱਕਰ ਨੂੰ ਜਨਮ ਦਿੱਤਾ ਹੈ। ਹੁਣ ਹਰ ਘਰ ਮੁਜ਼ੱਫ਼ਰਪੁਰ ਬਣ ਸਕਦਾ ਹੈ। ਅਸੀਂ ਹੀ ਤੈਅ ਕਰਨਾ ਹੈ ਕਿ ਅਸੀਂ ਕਿੰਨੀਆਂ ਹੋਰ ਲਾਸ਼ਾਂ ਢੋਅ ਸਕਦੇ ਹਾਂ।
ਡਾ. ਹਜ਼ਾਰਾ ਸਿੰਘ ਚੀਮਾ, ਮੁਹਾਲੀ


Comments Off on ਪਾਠਕਾਂ ਦੇ ਖ਼ਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.