ਅਦਨਿਆਂ ਦੀ ਆਵਾਜ਼ ਅਤਰਜੀਤ !    ਘਿੱਕਾਂ ਪਾਸੇ ਵਾਲਾ ਧੰਨਾ ਸਿੰਘ !    ਸੀਏਏ : ਬੁੱਲ੍ਹੇ ਸ਼ਾਹ ਦੀ ਤਫ਼ਤੀਸ਼ !    ਭਾਰਤ ਦੇ ਪਹਿਲੇ ਅਖ਼ਬਾਰ ਬੰਗਾਲ ਗਜ਼ਟ ਦੀ ਕਹਾਣੀ !    ਕੈਨੇਡਾ ਵਿਚ ਮਿਨੀ ਪੰਜਾਬ !    ਭਾਰਤੀ ਪੱਤਰਕਾਰੀ ਦਾ ਯੁੱਗ ਪੁਰਸ਼ ਆਰ.ਕੇ. ਕਰੰਜੀਆ !    ਆਪਣੀ ਮੱਝ ਦਾ ਦੁੱਧ !    ਕਾਵਿ ਕਿਆਰੀ !    ਜਦੋਂ ਮੈਨੂੰ ਪੁਰਸਕਾਰ ਮਿਲਿਆ! !    ਨਿਆਂ !    

ਪਾਕਿਸਤਾਨੀ ਮਾਂ ਦਾ ਹਿੰਦੋਸਤਾਨੀ ਪੁੱਤ

Posted On July - 6 - 2019

ਵੰਡ ਦੇ ਦੁੱਖੜੇ

ਸਾਂਵਲ ਧਾਮੀ

ਮੇਰਾ ਨਾਂ ਨਾਜ਼ਰ ਮੱਲ ਹੈ। ਮੈਂ ਸਾਰੀ ਉਮਰ ਖੇਤ-ਮਜ਼ਦੂਰ ਰਿਹਾ ਹਾਂ। ਤਲਵੰਡੀ ਅਰਾਈਆਂ ਪਿੰਡ ਹੈ ਮੇਰਾ। ਸੰਤਾਲੀ ’ਚ ਮੇਰੀ ਮਾਂ ਪਾਕਿਸਤਾਨ ਰਹਿ ਗਈ ਸੀ! ਸੰਤਾਲੀ ਤੋਂ ਪਹਿਲਾਂ ਇੱਥੇ ਅਰਾਈਂ ਵੱਸਦੇ ਸਨ। ਇਸ ਪਿੰਡ ਦਾ ਗੁੜ-ਸ਼ੱਕਰ ਪੂਰੇ ਦੁਆਬੇ ’ਚ ਮਸ਼ਹੂਰ ਸੀ। ਘਰ-ਘਰ ਗੰਨੇ ਪੀੜਨ ਵਾਲੇ ਵੇਲਣੇ ਤੇ ਚੁੱਭੇ ਹੁੰਦੇ ਸਨ।
ਮੇਰੀ ਮਾਂ ਦਾ ਨਾਂ ਸੀ ਨਿੰਮੋ। ਕੰਮ ਐਨਾ ਕਰਦੀ ਕਿ ਦਿਨ-ਰਾਤ ਭੰਬੀਰੀ ਬਣੀ ਰਹਿੰਦੀ ਸੀ। ਉਹ ਹਮੀਦੇ ਅਤੇ ਅਕਬਰ ਹੁਰਾਂ ਦੇ ਘਰਾਂ ਦਾ ਗੋਹਾ-ਕੂੜਾ ਵੀ ਕਰਦੀ ਹੁੰਦੀ ਸੀ। ਬੰਦਿਆਂ ਵਾਂਗ ਚੁੱਭਿਆਂ ’ਤੇ ਬਾਲਣ ਵੀ ਝੋਕ ਲੈਂਦੀ। ਗੁੜ ਦੀ ਝੋਲੀ ਭਰ ਕੇ ਅਕਸਰ ਵੱਡੀ ਰਾਤੇ ਘਰ ਮੁੜਦੀ। ਪਹਿਲਾਂ ਤਾਈ ਬੋਲ ਚੁੱਕਦੀ। ਫਿਰ ਤਾਇਆ ਬੁੜ-ਬੁੜ ਕਰਨ ਲੱਗ ਜਾਂਦਾ। ਅੰਤ ਬਾਪੂ ਕੋਈ ਡੰਡਾ ਲੱਭ ਲਿਆਉਂਦਾ। ਭਾਂਤ-ਸੁਭਾਂਤੀਆਂ ਤੁਹਮਤਾਂ ਲਗਾਉਂਦਾ, ਉਹ ਮਾਂ ਨੂੰ ਕੁੱਟਣ ਲੱਗ ਪੈਂਦਾ। ਮਾਂ ਦੀਆਂ ਲੇਰਾਂ ਸੁਣਕੇ ਅਸੀਂ ਵੀ ਵਿਲਕ ਉੱਠਦੇ।
ਫਿਰ ਮਾਮਾ ਉਹਨੂੰ ਆਪਣੇ ਪਿੰਡ ਲੈ ਗਿਆ ਸੀ। ਲਾਇਲਪੁਰ ਜ਼ਿਲ੍ਹੇ ਦੀ ਸਮੁੰਦਰੀ ਤਹਿਸੀਲ ਦੇ ਚੱਕ ਨੰਬਰ ਇਕ ਸੌ ਨੜਿਨਵੇਂ ਵਿਚ। ਮੈਂ ਹੋਵਾਂਗਾ ਉਦੋਂ ਕੋਈ ਸੱਤ-ਅੱਠ ਕੁ ਵਰ੍ਹਿਆਂ ਦਾ। ਸਾਡਾ ਮਾਮਾ ਰੋਂਦੀ-ਵਿਲਕਦੀ ਨੂੰ ਧੂੰਹਦਿਆਂ ਗਲੀ ’ਚ ਲੈ ਗਿਆ ਸੀ। ਮਾਮੇ ਕੋਲੋਂ ਬਾਂਹ ਛੁਡਾ ਕੇ ਮਾਂ ਮੈਨੂੰ ਮਿਲਣ ਲਈ ਤਾਈ ਦੇ ਢਾਰੇ ਮੂਹਰੇ ਆਣ ਖੜ੍ਹੀ ਸੀ ‘ਕੇਸ਼ੋ ਇਕ ਵਾਰ ਮੈਨੂੰ ਆਪਣਾ ਨਾਜ਼ਰ ਵੇਖ ਲੈਣ ਦੇ।’ ਮਸਾਂ ਇਜ਼ਾਜਤ ਮਿਲੀ ਸੀ ਉਸਨੂੰ। ਉਸਨੇ ਮੈਨੂੰ ਘੁੱਟ ਕੇ ਹਿੱਕ ਨਾਲ ਲਾਇਆ, ਮੇਰਾ ਮੁੱਖ ਚੁੰਮਿਆ ਸੀ ਤੇ ਤੁਰ ਗਈ। ਅਸੀਂ ਕਈ ਦਿਨ ਵਿਲਕਦੇ ਰਹੇ।
ਫਿਰ ਦੇਸ ਵੰਡਿਆ ਗਿਆ। ਘੁੱਗ ਵੱਸਦਾ ਸਾਡਾ ਪਿੰਡ ਅੱਖਾਂ ਸਾਹਵਿਓਂ ਉੱਠ ਕੇ ਪਾਕਿਸਤਾਨ ਚਲਾ ਗਿਆ। ਚੌਧਰੀ ਬੰਦਿਆਂ ਦੀਆਂ ਲੋਥਾਂ ਮੈਂ ਕੁੱਤਿਆਂ ਨੂੰ ਘੜੀਸਦਿਆਂ ਵੇਖਿਆ। ਪਰਦਿਆਂ ’ਚ ਰਹਿਣ ਵਾਲੀਆਂ ਕਈ ਔਰਤਾਂ ਨੂੰ ਧਾੜਵੀ ਧੂਹ ਕੇ ਲੈ ਗਏ। ਮਹਿਲਾਂ ਵਰਗੇ ਘਰ ਮਲਬੇ ਹੋ ਗਏ। ਅਸੀਂ ਫਿਰ ਵੀ ਖ਼ੁਸ਼ ਸਾਂ ਕਿ ਹੁਣ ਸਾਡੀ ਮਾਂ ਮੁੜ ਆਏਗੀ। ਅਸੀਂ ਕਈ ਵਰ੍ਹੇ ਉਡੀਕਦੇ ਰਹੇ। ਨਾ ਮਾਂ ਮੁੜੀ, ਨਾ ਮਾਸੀਆਂ ਤੇ ਨਾ ਹੀ ਸਾਡੇ ਮਾਮੇ ਆਏ।
ਦਿਨ, ਮਹੀਨੇ, ਸਾਲ ਬੀਤਦੇ ਗਏ। ਕੋਈ ਬਾਰ੍ਹਾਂ ਵਰ੍ਹਿਆਂ ਬਾਅਦ ਸਾਡੀ ਇਕ ਮਾਸੀ ਪਾਕਿਸਤਾਨੋਂ ਮੁੜ ਆਈ। ਅਸੀਂ ਉਸ ਨਾਲ ਮਾਂ ਦੀਆਂ ਰੱਜ-ਰੱਜ ਗੱਲਾਂ ਕੀਤੀਆਂ। ਜਦੋਂ ਉਸਦੀ ਸਖ਼ਤ ਮਿਹਨਤ ਤੇ ਚੱਤੋ-ਪਹਿਰ ਵਿਲਕਣ ਦੀ ਗੱਲ ਸੁਣੀ ਤਾਂ ਸਾਰਾ ਟੱਬਰ ਰੋ ਪਿਆ। ਉਸ ਦਿਨ ਤਾਂ ਬਾਪੂ ਦੀਆਂ ਅੱਖਾਂ ਵੀ ਛਲਕ ਗਈਆਂ ਸਨ। ਉਦੋਂ ਤਕ ਮੈਂ ਦਿਹਾੜੀ-ਦੱਪਾ ਕਰਨ ਲੱਗ ਪਿਆ ਸਾਂ। ਥੋੜ੍ਹੇ ਦਿਨਾਂ ਬਾਅਦ ਮੈਂ ਬਾਪੂ ਨੂੰ ਕਿਹਾ ਕਿ ਮੈਂ ਮਾਂ ਨੂੰ ਮਿਲਣ ਜਾਣਾ। ਉਹ ਕੁਝ ਨਹੀਂ ਸੀ ਬੋਲਿਆ।
ਅਗਲੇ ਹਫ਼ਤੇ ਮੈਨੂੰ ਕੁੜੀ ਵਾਲੇ ਦੇਖਣ ਆ ਗਏ। ਕੁਝ ਦਿਨਾਂ ਤਕ ਮੇਰਾ ਵਿਆਹ ਬੰਨ੍ਹ ਦਿੱਤਾ ਸੀ। ਵਹੁਟੀ ਆ ਗਈ। ਬੱਚੇ ਵੀ ਹੋ ਗਏ। ਜਦੋਂ ਮੈਂ ਪੂਰੀ ਤਰ੍ਹਾਂ ਕਬੀਲਦਾਰੀ ਦੀ ਦਲਦਲ ਵਿਚ ਫਸ ਗਿਆ ਤਾਂ ਇਕ ਸ਼ਾਮ ਬਾਪੂ ਬੋਲਿਆ ਸੀ,“ਲੈ ਬਈ ਨਾਜ਼ਰਾ ਬਣਾ ਲੈ ਕਾਟ ਪਾਕਿਸਤਾਨ ਜਾਣ ਲਈ। ਹੁਣ ਮੈਨੂੰ ਇਹ ਫ਼ਿਕਰ ਨਹੀਂ ਕਿ ਤੇਰੀ ਮਾਂ ਤੈਨੂੰ ਓਧਰ ਰੱਖ ਲਵੇਗੀ। ਇਨ੍ਹਾਂ ਬੀਵੀ-ਬੱਚਿਆਂ ਲਈ ਤੈਨੂੰ ਮੁੜਨਾ ਹੀ ਪਵੇਗਾ।”
ਮੈਂ ਪਾਸਪੋਰਟ ਬਣਵਾਇਆ। ਦਿੱਲੀ ਗਿਆ। ਉਨ੍ਹਾਂ ਮੈਨੂੰ ਦੋ-ਚਾਰ ਗੱਲਾਂ ਪੁੱਛੀਆਂ ਤੇ ਮਾਂ ਵਾਲੀ ਗੱਲ ਸੁਣਕੇ ਉਨ੍ਹਾਂ ਮੋਹਰ ਲਗਾ ਦਿੱਤੀ। ਜਦੋਂ ਮੈਂ ਤਿਆਰੀ ਖਿੱਚੀ ਤਾਂ ਭੈਣਾਂ ਨੇ ਕਲੇਸ਼ ਪਾ ਲਿਆ। ਉਹ ਆਖਣ ਸਾਨੂੰ ਵੀ ਨਾਲ ਲੈ ਕੇ ਜਾਹ! ਮੈਂ ਕਿਹਾ ਮੰਨ-ਪਿੰਨ ਕੇ ਮੈਂ ਪਤਾ ਨਈਂ ਕਿੱਦਾਂ ਤੁਰਨ ਲੱਗਾਂ! ਇਕ ਵਾਰ ਮੈਨੂੰ ਜਾ ਤਾਂ ਲੈਣ ਦਿਓ! ਮੈਂ ਮਾਂ ਨੂੰ ਇੱਥੇ ਈ ਲੈ ਔਣਾ। ਜਦੋਂ ਮੈਂ ਤੁਰਨ ਲੱਗਿਆਂ ਤਾਂ ਤਾਈ ਵੀ ਮਿਲਣ ਆਈ। ਮੇਰਾ ਕਲਾਵਾ ਭਰ ਕੇ ਡੁਸਕੀ ਜਾਵੇ। ਲੀਰ ਲੜ ਬੱਧੀ ਕੋਈ ਸ਼ੈਅ ਮੇਰੇ ਹੱਥ ’ਚ ਦਿੰਦਿਆਂ ਬੋਲੀ,“ਆਹ ਦੇ ਦਈ ਆਪਣੀ ਮਾਂ ਨੂੰ, ਇਹ ਅਮਾਨਤ ਆ ਓਹਦੀ। ਮਾਫ਼ੀ ਵੀ ਮੰਗ ਲਈਂ ਸਾਡੇ ਪਾਪੀਆਂ ਵੱਲੋਂ। ਆਖੀਂ ਕਿ ਜੋ ਹੋਇਆ ਸੋ ਹੋਇਆ, ਹੁਣ ਗੁੱਸਾ ਥੁੱਕ ਵੀ ਦੇਵੇ!” ਬਾਪੂ ਦੇ ਪੈਰੀਂ ਹੱਥ ਲਗਾ ਕੇ ਜਦੋਂ ਮੈਂ ਟਾਂਗੇ ਵਿਚ ਬੈਠਣ ਲੱਗਾ ਤਾਂ ਉਹ ਮੱਧਮ ਆਵਾਜ਼ ਵਿਚ ਬੋਲਿਆ ਸੀ,“ਓਸ ਜ਼ਿੱਦਣ ਨੂੰ ਆਖੀਂ ਕਿ ਹੁਣ ਤਾਂ ਮੁੜ ਆਵੇ। ਹੁਣ ਤਾਂ ਦੇਸ਼ ਵੀ ਦੋ ਬਣ ਗਏ ਨੇ।”
‘ਉਦੋਂ ਅੰਬਰਸਰੋਂ ਬਾਡਰ ਤੋਂ ਬੱਸ ਲੈ ਕੇ ਲਹੌਰ ਪਹੁੰਚ ਗਿਆ। ਲਹੌਰੋਂ ਰੇਲ ਫੜੀ ਤੇ ਅੱਪੜ ਗਿਆ ਸਿੱਧਾ ਲੈਲਪੁਰ। ਜਦੋਂ ਮੈਂ ਸੰਢਿਆਂਵਾਲੇ ’ਟੇਸ਼ਣ ’ਤੇ ਪਹੁੰਚਿਆ ਤਾਂ ਸੂਰਜ ਅਸਤ ਹੋ ਰਿਹਾ ਸੀ। ਇੱਥੋਂ ਸੱਤ ਮੁਰੱਬੇ ਦੂਰ ਸੀ ਮਾਂ ਵਾਲਾ ਚੱਕ। ਰਾਹ ਵਿਚ ਇਕ ਗੱਡੇ ਵਾਲਾ ਮਿਲ ਗਿਆ। ਮੈਂ ਉਹਨੂੰ ਰਾਹ ਪੁੱਛਿਆ ਤਾਂ ਉਹ ਅੱਗਿਓਂ ਕਹਿੰਦਾ-ਕਿੱਥੋਂ ਆਇਆ? ਜਦੋਂ ਮੈਂ ਹੁਸ਼ਿਆਰਪੁਰ ਦਾ ਨਾਂ ਲਿਆ ਤਾਂ ਉਸਨੇ ਮੈਨੂੰ ਜੱਫੀ ਪਾ ਲਈ। ਲੱਗ ਪਿਆ ਸੀ ਭੁੱਬੀਂ ਰੋਣ। ਉਹ ਬਰੋਟੀ ਪਿੰਡ ਦਾ ਗੁੱਜਰ ਸੀ। ਰੌਲਿਆ ਵੇਲੇ ਪਿੰਡੋਂ ਨਿਕਲਦਿਆਂ ਚੋਅ ਕੰਢੇ ਹਮਲਾ ਹੋ ਗਿਆ ਸੀ। ਆਪਣੇ ਬਿਮਾਰ ਬਾਪ ਨੂੰ ਉਹ ਬੋਹੜ ਥੱਲ੍ਹੇ ਛੱਡ ਗਿਆ ਸੀ। ਉਹ ਬੋਲਿਆ ‘ਉਵੇਂ ਦਿਸਦਾ ਮੈਨੂੰ ਬਾਪੂ ਅੱਜ ਵੀ। ਸੱਜੇ ਹੱਥ ਨਾਲ ਮੈਨੂੰ ਦੂਰ ਦੌੜ ਜਾਣ ਦਾ ਇਸ਼ਾਰਾ ਕਰਦਾ ਹੋਇਆ।’
‘ਪਿੰਡ ਵਿਚ ਵੜਿਆ ਤਾਂ ਮੈਂ ਇਕ ਬੀਬੀ ਨੂੰ ਨਿੰਮੋ ਦਾ ਘਰ ਪੁੱਛਿਆ। ਮੇਰੇ ਮੜੰਗੇ ਤੋਂ ਉਹ ਪੁੱਛਣ ਲੱਗੀ ‘ਤੂੰ ਉਹਦਾ ਪੁੱਤ ਤੇ ਨਹੀਂ ਕਿਧਰੇ?’ ਜਦੋਂ ਮੈਂ ‘ਹਾਂਜੀ’ ਕਿਹਾ ਤਾਂ ਉਹ ਬੋਲ ਪਈ ‘ਹੈ-ਹਾ! ਉਹ ਤਾਂ ਤੈਨੂੰ ਰੋਂਦੀ ਮਰਨ ਵਾਲੀ ਹੋਈ ਪਈ ਏ!’ ਫਿਰ ਉਹ ਮੈਨੂੰ ਮਾਂ ਦੇ ਘਰ ਵੱਲ ਲੈ ਤੁਰੀ। ਓਥੇ ਮਾਂ ਦਾ ਨਿੱਕਾ ਜਿਹਾ ਢਾਰਾ ਸੀ। ਆਪ ਵਿਚਾਰੀ ਕਿਧਰੇ ਕੰਮ ’ਤੇ ਗਈ ਹੋਈ ਸੀ। ਸਾਡੀ ਬਰਾਦਰੀ ਦੇ ਈ ਸੀ ਗਵਾਂਢੀ ਵੀ। ਉਨ੍ਹਾਂ ਦਾ ਮੁੰਡਾ ਮੈਨੂੰ ਆਪਣੇ ਘਰ ਲੈ ਗਿਆ। ਮੂਹਰੇ ਰੋਟੀ ਲਿਆ ਰੱਖੀ। ਮਸਾਂ ਇਕ ਰੋਟੀ ਖਾਧੀ ਸੀ ਮੈਂ। ਬੜੀ ਤਾਂਘ ਸੀ ਮਾਂ ਨੂੰ ਮਿਲਣ ਦੀ। ਫਿਰ ਮਾਂ ਵੀ ਆ ਗਈ। ਮੇਰਾ ਕਲਾਵਾ ਭਰ ਲਿਆ ਉਸਨੇ। ਫਿਰ ਅਸੀਂ ਦੋਵੇਂ ਧਾਹਾਂ ਮਾਰ ਕੇ ਰੋਏ। ਪੱਚੀ-ਤੀਹ ਸਾਲਾਂ ਵਿਚ ਸ਼ਕਲਾਂ ਤਾਂ ਬਦਲ ਈ ਜਾਂਦੀਆਂ ਨੇ। ਮਾਂ ਨੇ ਮੈਨੂੰ ਬੁੱਲ੍ਹ ਦੇ ਨਿਸ਼ਾਨ ਤੋਂ ਪਛਾਣਿਆ ਸੀ। ਕਿਤੇ ਨਿੱਕੇ ਹੁੰਦਿਆਂ ਕੱਚ ਲੱਗ ਗਿਆ ਸੀ।
“ਉਹ ਨਹੀਂ ਸੀ ਕਹਿੰਦੇ ਔਣ ਲਈ!” ਮਾਂ ਨੇ ਬਾਪੂ ਬਾਰੇ ਵੀ ਪੁੱਛਿਆ ਸੀ।
“ਤੁਸੀਂ ਇੱਥੇ ਗੁੱਸੇ ਵਿਚ ਬੈਠੇ ਹੋ, ਉਹ ਓਥੇ ਬੈਠੇ ਨੇ। ਤੁਸੀਂ ਆਪਣੀਆਂ ਅੜੀਆਂ ਪੁਗਾਓ, ਹਿੰਦੋਸਤਾਨ ਤੇ ਪਾਕਿਸਤਾਨ ’ਚ ਬੈਠ ਕੇ। ਬੱਚਿਆਂ ਬਾਰੇ ਨਾ ਤੁਸੀਂ ਕਦੇ ਸੋਚਿਆ, ਨਾ ਤੁਹਾਡੇ ਕੋਲੋਂ ਕੋਈ ਉਮੀਦ ਏ ਸਾਨੂੰ!” ਮਨ ’ਤੇ ਪਿਆ ਵਰ੍ਹਿਆਂ ਦਾ ਬੋਝ ਮੈਂ ਵੀ ਉਤਾਰ ਦਿੱਤਾ ਸੀ।
ਪੂਰੇ ਪੰਦਰਾਂ ਦਿਨ ਮਾਂ ਮੈਨੂੰ ਆਪਣੇ ਦੁੱਖਾਂ ਦੀਆਂ ਕਹਾਣੀਆਂ ਸੁਣਾਉਂਦੀ ਰਹੀ। ਆਖ਼ਰ ਉਹ ਭਾਰਤ ਆਉਣ ਲਈ ਤਿਆਰ ਹੋ ਗਈ। ਲੈਲਪੁਰ ਜਾ ਕੇ ਮੈਂ ਉਸਦਾ ਪਾਸਪੋਰਟ ਵੀ ਅਪਲਾਈ ਕਰ ਆਇਆ। ਫਿਰ ਸਾਡੀ ਮਾਸੀ ਦੇ ਪੁੱਤ ਨੂੰ ਪਤਾ ਲੱਗ ਗਿਆ ਸੀ। ਉਹ ਜਾ ਕੇ ਪਾਸਪੋਰਟ ਦੀ ਦਰਖ਼ਾਸਤ ਈ ਕੈਂਸਲ ਕਰਵਾ ਆਇਆ। ਦਰਅਸਲ, ਉਹ ਵਿਹਲੜ ਸੀ। ਮੇਰੀ ਮਾਂ ਵਿਚਾਰੀ ਦਿਨ-ਰਾਤ ਕੰਮ ਕਰਦੀ। ਕਿਸੇ ਬੁੜੀ ਦਾ ਪੇਟ ਮਲ਼ ਦੇਣਾ। ਕਿਸੇ ਦਾ ਸਿਰ ਝੱਸ ਦੇਣਾ। ਕਪਾਹ ਵੀ ਚੁਗ ਲੈਣੀ। ਲੋੜ ਵੇਲੇ ਕਿਸੇ ਦਾ ਗੋਹਾ-ਕੂੜਾ ਵੀ ਕਰ ਦੇਣਾ! ਕੀ ਮਾਸੀ ਤੇ ਕੀ ਮਾਮੇ ਦੇ ਪੁੱਤ, ਉਹ ਸਾਰੇ ਉਸਦੀ ਕਮਾਈ ਨੂੰ ਪਏ ਹੋਏ ਸੀ। ਉਨ੍ਹਾਂ ਕਿੱਥੇ ਆਉਣ ਦੇਣੀ ਸੀ ਭਾਰਤ।
ਮੈਂ ਆਪਣੇ ਪਿੰਡ ਵਾਲੇ ਅਰਾਈਆਂ ਨੂੰ ਵੀ ਮਿਲਣ ਗਿਆ। ਬਹੁਤੇ ਨੂਰਪੁਰ ਬੈਠੇ ਸਨ। ਕੁਝ ਤਾਂ ਹਾਲੇ ਵੀ ਗੁੱਸੇ ’ਚ ਸਨ। ਅਖੇ ਤੁਸੀਂ ਸਾਨੂੰ ਓਧਰੋਂ ਵੱਢ-ਟੁੱਕ ਕੇ ਕੱਢਿਆ। ਕਈ ਗਲ਼ ਲੱਗ ਕੇ ਧਾਹਾਂ ਮਾਰ-ਮਾਰ ਰੋਏ। ਕਬਰਾਂ ਤੇ ਘਰਾਂ ਦਾ ਹਾਲ ਤਾਂ ਤਕਰੀਬਨ ਸਾਰਿਆਂ ਨੇ ਹੀ ਪੁੱਛਿਆ। ਬਚਪਨ ਦਾ ਯਾਰ ਸਮੈਲ ਵੀ ਮਿਲਿਆ। ਦੋ ਦਿਨ ਉਹ ਪਿੰਡ ਦੀਆਂ ਗੱਲਾਂ ਕਰਦਾ ਰਿਹਾ। ਫਿਰ ਪੁੱਛਣ ਲੱਗਾ ਕਿ ਨਾਜ਼ਰਾ ਤੈਨੂੰ ਪਤਾ ਕਿ ਮੇਰੀ ਮਾਂ ਕਿਸ ਪਿੰਡ ’ਚ ਵੱਸਦੀ ਏ? ਸੰਤਾਲੀ ਦੀਆਂ ਉਧਾਲੀਆਂ, ਸਾਡੇ ਪਿੰਡ ਦੀਆਂ ਮੁਸਲਮਾਨ ਔਰਤਾਂ, ਤਿੰਨ-ਚਾਰ ਪਿੰਡਾਂ ’ਚ ਵੱਸਦੀਆਂ ਸਨ। ਮੈਂ ਉਨ੍ਹਾਂ ਪਿੰਡਾਂ ਦੇ ਨਾਂ ਲਏ ਤਾਂ ਉਹ ਬੜੀ ਦੇਰ ਚੁੱਪ-ਚਾਪ ਜ਼ਮੀਨ ਵੱਲ ਵੇਖਦਾ ਰਿਹਾ। ਫਿਰ ਬੋਲਿਆ,“ਕਦੇ ਮੇਰੀ ਮਾਂ ਮਿਲੇ ਤਾਂ ਉਹਨੂੰ ਕਹਿਣਾ ਕਿ ਸਮੈਲ ਨੇ ਭੁਲਾਇਆ ਨਈਂ ਉਹਨੂੰ। ਮੈਂ ਆਪਣੀ ਧੀ ਦਾ ਨਾਂ ਵੀ ਜੈਨਬ ਬੀਬੀ ਹੀ ਰੱਖਿਆ ਏ। ਮਾਂ ਵਾਲਾ!”
ਤਾਈ ਵੱਲੋਂ ਦਿੱਤੀ ਉਹ ਲੀਰਾਂ ਦੀ ਗੱਠ ਜਦੋਂ ਮੈ ਮਾਂ ਨੂੰ ਫੜਾਈ ਤਾਂ ਉਸਨੂੰ ਖੋਲ੍ਹਦਿਆਂ ਉਹ ਵਿਲਕ ਉੱਠੀ ਸੀ। ਉਸ ਵਿਚ ਮਾਂ ਦੀਆਂ ਮੁਰਕੀਆਂ ਸਨ, ਪਰ ਉਸਨੇ ਉਹ ਕਬੂਲ ਨਹੀਂ ਕੀਤੀਆਂ। ਮੇਰੇ ਹੱਥ ’ਤੇ ਧਰਦਿਆਂ ਬੋਲੀ,“ਮੋੜ ਦਈਂ ਇਹ ਆਪਣੀ ਤਾਈ ਨੂੰ। ਤੇਰੇ ਤਾਏ ਨੇ ਮੇਰੇ ਕੰਨਾਂ ’ਚੋਂ ਧਰੂਹ ਲਈਆਂ ਸੀ ਇਹ। ਇਨ੍ਹਾਂ ਮੁਰਕੀਆਂ ਨਾਲ ਮੈਂ ਤੈਨੂੰ ਆਖ਼ਰੀ ਵਾਰ ਹਿੱਕ ਨਾਲ ਲਾਉਣ ਦੀ ਕੀਮਤ ਤਾਰੀ ਸੀ ਪੁੱਤਰਾ।”
ਵਿਛੜਨ ਲੱਗਿਆਂ ਮੇਰੀ ਮਾਂ ਨੇ ਮੇਰੇ ਗਲ਼ ਵਿਚ ਤਵੀਤੜੀ ਪਾਈ। ਮੇਰੇ ਬੱਚਿਆਂ ਤੇ ਆਪਣੀਆਂ ਧੀਆਂ ਲਈ ਸੂਟ ਭੇਜੇ। ਆਪਣੀ ਨੂੰਹ ਲਈ ਸੂਟਾਂ ਦੇ ਨਾਲ ਥੋੜ੍ਹਾ ਗਹਿਣਾ-ਗੱਟਾ ਵੀ ਭੇਜਿਆ। ਬਾਪੂ ਲਈ ਕੁਝ ਨਹੀਂ ਸੀ ਭੇਜਿਆ ਉਹਨੇ। ਪਿੰਡ ਦੇ ਮੁਸਲਮਾਨਾਂ ਨੇ ਮੈਨੂੰ ਮੇਵੇ ਦਿੱਤੇ ਸਨ। ਬਾਪੂ ਦਾ ਦਿਲ ਰੱਖਣ ਲਈ ਮੈਂ ਝੂਠ ਬੋਲਿਆ ਸੀ। ਮਾਂ ਵੱਲੋਂ ਭੇਜੇ ਆਖ ਕੇ ਉਸਨੂੰ ਫੜਾਏ ਤਾਂ ਉਹ ਰੋਂਦਾ-ਰੋਂਦਾ ਕੋਠੜੀ ’ਚ ਜਾ ਵੜਿਆ ਸੀ। ਕਈ ਦਿਨ ਉਦਾਸ ਰਿਹਾ ਸੀ ਉਹ।
ਮਾਂ ਵਿਚਾਰੀ ਨੇ ਮੇਰੇ ਕੋਲੋਂ ਮਾਫ਼ੀ ਵੀ ਮੰਗੀ ਸੀ। ਉਹਨੂੰ ਇਉਂ ਲੱਗਦਾ ਸੀ ਕਿ ਉਹਨੇ ਪੇਕੇ ਘਰ ਰਹਿਣ ਦਾ ਫ਼ੈਸਲਾ ਲੈ ਕੇ ਸਾਡਾ ਬਚਪਨ ਰੋਲ਼ਿਆ ਸੀ। ਚੰਗਾ ਹੋਇਆ ਮੈਂ ਮਿਲ ਆਇਆ ਉਹਨੂੰ। ਉਹ ਮੁੜ ਛੇਤੀ ਮਗਰੋਂ ਤੁਰ ਗਈ ਸੀ।

ਸੰਪਰਕ: 97818-43444


Comments Off on ਪਾਕਿਸਤਾਨੀ ਮਾਂ ਦਾ ਹਿੰਦੋਸਤਾਨੀ ਪੁੱਤ
1 Star2 Stars3 Stars4 Stars5 Stars (1 votes, average: 5.00 out of 5)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.