ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਪਰਮਾਣੂ ਪਲਾਂਟ ਮਨੁੱਖੀ ਸਿਹਤ ਲਈ ਖ਼ਤਰਾ

Posted On July - 29 - 2019

ਡਾ. ਅਰੁਣ ਮਿੱਤਰਾ

ਪੰਜਾਬ ਵਿਚ ਪਰਮਾਣੂ ਬਿਜਲੀ ਪੈਦਾ ਕਰਨ ਲਈ ਪਲਾਂਟ ਲਾਉਣ ਦੀ ਗੱਲ ਕਾਰਨ ਇਹ ਵਿਸ਼ਾ ਇਕ ਵਾਰ ਫਿਰ ਚਰਚਾ ਵਿਚ ਆ ਗਿਆ ਹੈ। ਭਾਰਤ ਵਿਕਾਸਸ਼ੀਲ ਮੁਲਕ ਹੈ ਤੇ ਸਾਨੂੰ ਵੱਡੀ ਮਾਤਰਾ ਵਿਚ ਊਰਜਾ ਦੀ ਲੋੜ ਹੈ। ਇਹ ਊਰਜਾ ਬਿਜਲੀ ਦੇ ਰੂਪ ਵਿਚ ਸਾਨੂੰ ਕੋਲਾ, ਡੀਜ਼ਲ, ਡੈਮਾਂ, ਸੂਰਜੀ ਊਰਜਾ, ਵਾਯੂ ਤੇ ਪਰਮਾਣੂ ਊਰਜਾ ਤੋਂ ਪ੍ਰਾਪਤ ਹੁੰਦੀ ਹੈ। ਇਸ ਵਿਚ ਥਰਮਲ ਤੋਂ ਕੁੱਲ ਬਿਜਲੀ ਉਤਪਾਦਨ 63.4 ਫ਼ੀਸਦੀ, ਡੈਮਾਂ ਤੋਂ 12.7 ਫ਼ੀਸਦੀ ਤੇ ਪਰਮਾਣੂ ਤੋਂ ਸਿਰਫ਼ 1.9 ਫ਼ੀਸਦੀ ਹੈ। ਹੁਣ ਇਸ ਗੱਲ ’ਤੇ ਜ਼ਿਆਦਾ ਵਿਚਾਰ ਕੀਤਾ ਜਾ ਰਿਹਾ ਹੈ ਕਿ ਬਿਜਲੀ ਪੈਦਾ ਕਰਨ ਵਾਲੇ ਪਲਾਂਟ ਇਸ ਕਿਸਮ ਦੇ ਹੋਣੇ ਚਾਹੀਦੇ ਹਨ ਜਿਨ੍ਹਾਂ ਕਾਰਨ ਪ੍ਰਦੂਸ਼ਣ ਨਾ ਹੋਵੇ। ਥਰਮਲ ਪਲਾਂਟਾਂ ਤੋਂ ਪ੍ਰਦੂਸ਼ਣ ਬਹੁਤ ਹੁੰਦਾ ਹੈ। ਇਸ ਲਈ ਹੁਣ ਦੂਜੇ ਸੋਮਿਆਂ ਵੱਲ ਵਧੇਰੇ ਧਿਆਨ ਦਿੱਤਾ ਜਾ ਰਿਹਾ ਹੈ। ਕੋਈ ਵੀ ਪਲਾਂਟ ਲਗਾਉਣ ਤੋਂ ਪਹਿਲਾਂ ਕੁਝ ਕੁ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ; ਜਿਵੇਂ ਇਨ੍ਹਾਂ ਪਲਾਂਟਾਂ ਦੇ ਮਨੁੱਖੀ ਸਿਹਤ ਤੇ ਵਾਤਾਵਰਣ ਉੱਤੇ ਪ੍ਰਭਾਵ, ਇਨ੍ਹਾਂ ਨੂੰ ਲਗਾਉਣ ਦਾ ਖਰਚ, ਬਿਜਲੀ ਪੈਦਾ ਕਰਨ ਉੱਤੇ ਆਉਣ ਵਾਲਾ ਖਰਚ ਅਤੇ ਇਨ੍ਹਾਂ ਵਿਚੋਂ ਨਿਕਲਣ ਵਾਲੇ ਕੂੜਾ ਕਰਕਟ ਦੀ ਸੰਭਾਲ ਆਦਿ।
ਪਰਮਾਣੂ ਊਰਜਾ ਪੈਦਾ ਕਰਨ ਦੀ ਕਿਰਿਆ ਖਾਣਾਂ ਵਿਚੋਂ ਯੂਰੇਨੀਅਮ ਕੱਢਣ ਵੇਲੇ ਤੋਂ ਸ਼ੁਰੂ ਹੋ ਜਾਂਦੀ ਹੈ। ਸਾਡੇ ਦੇਸ਼ ਵਿਚ ਯੂਰੇਨੀਅਮ ਦੀ ਪ੍ਰਮੁੱਖ ਖਾਣ ਝਾਰਖੰਡ ਦੇ ਜਾਦੂਗੋਡਾ ਵਿਚ ਸਥਿਤ ਹੈ। ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ (ਆਈਡੀਪੀਡੀ) ਵੱਲੋਂ ਇਸ ਖੇਤਰ ਵਿਚ ਖਾਣ ਦੇ 30 ਕਿਲੋਮੀਟਰ ਦੇ ਘੇਰੇ ’ਚ ਰਹਿਣ ਵਾਲੇ ਲੋਕਾਂ ਦੀ ਸਿਹਤ ਸਥਿਤੀ ਦਾ ਅਧਿਐਨ ਕਰਕੇ ਇਸ ਦੀ 30 ਕਿਲੋਮੀਟਰ ਤੋਂ ਪਰ੍ਹੇ ਰਹਿਣ ਵਾਲੇ ਲੋਕਾਂ ਦੀ ਸਿਹਤ ਨਾਲ ਤੁਲਨਾ ਕੀਤੀ ਗਈ। ਇਸ ਅਧਿਐਨ ਵਿਚ ਸਾਹਮਣੇ ਆਇਆ ਕਿ ਇਨ੍ਹਾਂ ਲੋਕਾਂ ਵਿਚ ਬਾਂਝਪਣ, ਦਿਵਿਆਂਗ ਬੱਚੇ ਪੈਦਾ ਹੋਣੇ, ਕੁੱਲ ਜ਼ਿੰਦਗੀ ਦੀ ਸੰਭਾਵਨਾ ਦਾ ਘੱਟ ਹੋਣਾ ਅਤੇ ਕੈਂਸਰ ਵਰਗੇ ਰੋਗ ਵੱਡੀ ਗਿਣਤੀ ਵਿਚ ਪਾਏ ਗਏ। ਇਸ ਖਾਣ ਵਿਚੋਂ ਨਿਕਲੇ ਕਿਰਨਾਂ ਨਾਲ ਭਰੇ ਹੋਏ ਕੂੜੇ ਦੀ ਕੋਈ ਸਹੀ ਸੰਭਾਲ ਨਹੀਂ ਹੈ ਤੇ ਇਹ ਸੜਕਾਂ ਦੁਆਲੇ ਖਿਲਰਿਆ ਪਿਆ ਹੈ। ਬੱਚੇ ਇਸ ਵਿਚ ਖੇਡਦੇ ਫਿਰਦੇ ਹਨ ਤੇ ਉਹ ਪਰਮਾਣੂ ਕਿਰਨਾਂ ਦਾ ਸ਼ਿਕਾਰ ਹੋ ਜਾਂਦੇ ਹਨ। ਕੁਝ ਸਮਾਂ ਪਹਿਲਾਂ 24 ਦਸੰਬਰ 2006 ਨੂੰ ਕਿਰਨਾਂ ਨਾਲ ਭਰੇ ਕੂੜੇ ਦੇ ਪਾਈਪ ਫਟਣ ਕਾਰਨ ਇਹ ਕੂੜਾ ਰਿਸ ਕੇ ਦੂਰ ਤਕ ਵਹਿ ਗਿਆ ਤੇ ਸੁਬਰਨਾਰੇਖਾ ਨਦੀ ਤਕ ਜਾ ਪੁੱਜਾ। ਇਸ ਕਾਰਨ ਅਨੇਕਾਂ ਜੀਵ ਜਿਵੇਂ ਮੱਛੀਆਂ ਤੇ ਡੱਡੂ ਆਦਿ ਮਰ ਗਏ ਤੇ ਮਨੁੱਖਾਂ ਦੀ ਸਿਹਤ ’ਤੇ ਵੀ ਬੁਰਾ ਪ੍ਰਭਾਵ ਪਿਆ। ਖਾਣ ਦੇ ਪ੍ਰਬੰਧਕਾਂ ਨੂੰ ਇਸ ਦਾ ਪਤਾ ਤਕ ਨਾ ਲੱਗਿਆ। ਲੋਕਾਂ ਨੇ ਇਸ ਰਿਸਾਅ ਦਾ ਪਤਾ ਲੱਗਣ ’ਤੇ ਪ੍ਰਬੰਧਕਾਂ ਨੂੰ ਇਸ ਬਾਰੇ ਦੱਸਿਆ ਜਿਸ ਕਾਰਨ ਇਸ ਦੀ ਸੰਭਾਲ ਵਿਚ ਦੇਰ ਹੋ ਗਈ। ਇਉਂ ਪਹਿਲੀ ਵਾਰ ਨਹੀਂ ਸੀ ਹੋਇਆ।
ਦੁਨੀਆਂ ਭਰ ਵਿਚ ਪਰਮਾਣੂ ਕੇਂਦਰਾਂ ਦਾ ਹਾਲ ਇਹੋ ਜਿਹਾ ਹੀ ਹੈ। ਇਨ੍ਹਾਂ ਵਿਚ ਆਏ ਦਿਨ ਛੋਟੀਆਂ ਮੋਟੀਆਂ ਦੁਰਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਭਾਰਤ ਵਿਚ ਰਿਪੋਰਟਾਂ ਮੁਤਾਬਿਕ 300 ਦੇ ਕਰੀਬ ਦੁਰਘਟਨਾਵਾਂ ਹੋਈਆਂ ਹਨ, ਪਰ ਇਹ ਗੱਲ ਦੱਬ ਲਈ ਜਾਂਦੀ ਹੈ। ਇਹ ਪਲਾਂਟ ਸੁਰੱਖਿਆ ਕਾਰਨਾਂ ਕਰਕੇ ਸੂਚਨਾ ਦੇ ਅਧਿਕਾਰ ਕਾਨੂੰਨ ਦੇ ਘੇਰੇ ਵਿਚ ਨਹੀਂ ਅਉਂਦੇ। ਦੁਨੀਆਂ ਵਿਚ ਪਰਮਾਣੂ ਪਲਾਂਟਾਂ ਵਿਚ ਤਿੰਨ ਵੱਡੀਆਂ ਦੁਰਘਟਨਾਵਾਂ ਹੋਈਆਂ ਹਨ: 29 ਮਾਰਚ 1979 ਨੂੰ ਥ੍ਰੀ ਮਾਈਲ ਆਈਲੈਂਡ ਅਮਰੀਕਾ, 26 ਅਪਰੈਲ 1986 ਨੂੰ ਯੂਕਰੇਨ ਦੇ ਚਰਨੋਬਿਲ ਅਤੇ 11 ਮਾਰਚ 2011 ਨੂੰ ਜਪਾਨ ਦੇ ਫੁਕੂਸ਼ੀਮਾ ਵਿਚ। ਸਭ ਤੋਂ ਵਧੇਰੇ ਨੁਕਸਾਨ ਚਰਨੋਬਿਲ ਵਿਚ ਹੋਇਆ ਜਿੱਥੇ 93,000 ਤੋਂ ਵੀ ਵੱਧ ਲੋਕ ਮਾਰੇ ਗਏ। ਉੱਥੇ ਸਫ਼ਾਈ ਕਰਨ ਵਾਲੇ ਕਾਮਿਆਂ ਵਿਚੋਂ 10 ਫ਼ੀਸਦੀ ਮਰ ਚੁੱਕੇ ਹਨ ਤੇ 83,000 ਬੱਚੇ ਪੈਦਾਇਸ਼ੀ ਨੁਕਸ ਨਾਲ ਪੈਦਾ ਹੋਏ ਹਨ।
ਯੂਰੇਨੀਅਮ ਪਰਮਾਣੂ ਹਥਿਆਰ ਬਣਾਉਣ ਦੇ ਕੰਮ ਵੀ ਆਉਂਦਾ ਹੈ। ਇਸ ਲਈ ਇਨ੍ਹਾਂ ਪਲਾਟਾਂ ਵਿਚ ਯੂਰੇਨੀਅਮ ਪੈਦਾ ਹੋਣ ਦੇ ਨਾਲ ਪਰਮਾਣੂ ਹਥਿਆਰ ਬਣਾਉਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਯੂਰੇਨੀਅਮ 24,000 ਸਾਲ ਵਿਚ ਘਟ ਕੇ ਅੱਧਾ ਰਹਿ ਜਾਂਦਾ ਹੈ ਅਤੇ ਇਸ ਮੁਤਾਬਿਕ ਇਹ ਕਦੇ ਵੀ ਨਹੀਂ ਮੁੱਕੇਗਾ। ਅੱਜ ਪਰਮਾਣੂ ਪਲਾਂਟ ਨੂੰ ਸਾਬੋਤਾਜ ਕਰਨ ਲਈ ਕਿਸੇ ਮਿਜ਼ਾਈਲ ਦੀ ਲੋੜ ਨਹੀਂ। ਹੈਕ ਕਰਨ ਵਾਲਾ ਕੋਈ ਵੀ ਮਾਹਿਰ ਇਸ ਕੰਮ ਨੂੰ ਘਰ ਬੈਠਿਆਂ ਹੀ ਕੰਪਿਊਟਰ ’ਤੇ ਕਰ ਸਕਦਾ ਹੈ।
ਭਾਰਤ ਵਿਚ ਡਿਜ਼ਾਈਨ ਕੀਤੇ ਪਰਮਾਣੂ ਪਲਾਂਟ ਲਗਾਉਣ ’ਤੇ ਲਗਭਗ 16.5 ਕਰੋੜ ਰੁਪਏ ਖਰਚ ਆਉਂਦਾ ਹੈ ਅਤੇ ਬਿਜਲੀ ਪੈਦਾ ਕਰਨ ਦਾ ਖਰਚ ਕਰੀਬ 5 ਰੁਪਏ ਪ੍ਰਤੀ ਕਿਲੋਵਾਟ ਘੰਟਾ ਆਉਂਦਾ ਹੈ ਜੋ 2023-24 ਵਿਚ ਵਧ ਕੇ 6.5 ਰੁਪਏ ਹੋਣ ਦਾ ਖ਼ਦਸ਼ਾ ਹੈ। ਥਰਮਲ ਪਲਾਂਟ ਤੋਂ ਪੈਦਾ ਬਿਜਲੀ ਇਸ ਤੋਂ ਮਹਿੰਗੀ ਪੈਂਦੀ ਹੈ। ਸੂਰਜੀ ਊਰਜਾ ਨਾਲ ਪੈਦਾ ਹੋਣ ਵਾਲੀ ਬਿਜਲੀ ਦੀ ਕੀਮਤ ਕੁੱਲ ਮਿਲਾ ਕੇ 4.5 ਰੁਪਏ ਪ੍ਰਤੀ ਕਿਲੋਵਾਟ ਘੰਟੇ ਪੈਂਦੀ ਹੈ। ਟਾਟਾ ਊਰਜਾ ਖੋਜ ਸੰਸਥਾ ਮੁਤਾਬਿਕ ਨਵੀਆਂ ਤਕਨੀਕਾਂ ਵਿਕਸਿਤ ਹੋਣ ਕਾਰਨ 2030 ਤਕ ਸੂਰਜੀ ਊਰਜਾ ਤੋਂ ਪੈਦਾ ਹੋਣ ਵਾਲੀ ਬਿਜਲੀ ਦੀ ਕੀਮਤ 1.9 ਰੁਪਏ ਅਤੇ ਵਾਯੂ ਊਰਜਾ ਤੋਂ ਪੈਦਾ ਹੋਣ ਵਾਲੀ ਬਿਜਲੀ ਦੀ ਕੀਮਤ 2.26 ਰੁਪਏ ਪ੍ਰਤੀ ਕਿਲੋਵਾਟ ਘੰਟਾ ਹੋ ਜਾਏਗੀ।
ਇਕ ਹੋਰ ਤੱਥ ਜਾਣਨਾ ਜ਼ਰੂਰੀ ਹੈ ਕਿ ਪਰਮਾਣੂ ਮੁਆਵਜ਼ਾ ਕਾਨੂੰਨ ਮੁਤਾਬਿਕ ਦੁਰਘਟਨਾ ਦੀ ਹਾਲਤ ਵਿਚ ਮਿਲਣ ਵਾਲਾ ਮੁਆਵਜ਼ਾ ਤਕਰੀਬਨ 3,000 ਕਰੋੜ ਰੁਪਏ ਹੈ। ਇਹ ਭੋਪਾਲ ਗੈਸ ਕਾਂਡ ਵਿਚ ਮਿਲੇ ਮੁਆਵਜ਼ੇ ਨਾਲੋਂ ਵੀ ਘੱਟ ਹੈ ਜਦੋਂਕਿ ਪਰਮਾਣੂ ਦੁਰਘਟਨਾ ਵਿਚ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ।
ਅੱਜ ਇਹ ਜ਼ਰੂਰੀ ਹੈ ਕਿ ਸਾਡੇ ਪਰਮਾਣੂ ਪਲਾਂਟਾਂ ਦਾ ਬਾਕਾਇਦਾ ਸਮਾਜਿਕ ਆਡਿਟ ਹੋਵੇ ਜਿਸ ਵਿਚ ਪਰਮਾਣੂ ਊਰਜਾ ਵਿਭਾਗ ਤੋਂ ਬਾਹਰ ਦੇ ਮਾਹਿਰ ਲੋਕਾਂ ਨੂੰ ਵੀ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ। ਜਿੱਥੇ ਪਲਾਂਟ ਲੱਗੇ ਹੋਏ ਹਨ ਉਨ੍ਹਾਂ ਇਲਾਕਿਆਂ ਦੇ ਲੋਕਾਂ ਦਾ ਸਿਹਤ ਸਰਵੇਖਣ ਹੋਣਾ ਚਾਹੀਦਾ ਹੈ। ਜਿੱਥੇ ਪਲਾਂਟ ਲੱਗਣੇ ਹਨ, ਉਸ ਦੇ ਆਲੇ-ਦੁਆਲੇ 20 ਕਿਲੋਮੀਟਰ ਦੇ ਦਾਇਰੇ ਵਿਚ ਆਬਾਦੀ ਦਾ ਨਾ ਹੋਣਾ ਯਕੀਨੀ ਬਣਾਇਆ ਜਾਵੇ। ਪਲਾਂਟ ਲਈ ਪਾਣੀ ਦੀ ਖੁੱਲ੍ਹੀ ਸਪਲਾਈ ਹੋਣਾ ਯਕੀਨੀ ਬਣਾਇਆ ਜਾਵੇ।
ਪਰਮਾਣੂ ਪਲਾਂਟਾਂ ਦੇ ਨਾਂਹ-ਪੱਖੀ ਪ੍ਰਭਾਵਾਂ ਦੇ ਮੱਦੇਨਜ਼ਰ ਮੁੜ ਵਰਤੇ ਜਾ ਸਕਣ ਵਾਲੇ ਸੋਮਿਆਂ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਉਪਰੋਕਤ ਤੱਥਾਂ ਤੋਂ ਪਤਾ ਲੱਗਦਾ ਹੈ ਕਿ ਪਰਮਾਣੂ ਪਲਾਂਟਾਂ ਬਾਰੇ ਖੁਸ਼ਫ਼ਹਿਮੀ ਨਹੀਂ ਰੱਖਣੀ ਚਾਹੀਦੀ। ਇਸ ਲਈ ਪੰਜਾਬ ਸਰਕਾਰ ਨੂੰ ਪਰਮਾਣੂ ਪਲਾਂਟ ਇੱਥੇ ਲੱਗਣ ਦਾ ਵਿਰੋਧ ਕਰਨਾ ਚਾਹੀਦਾ ਹੈ।

ਸੰਪਰਕ: 94170-00360


Comments Off on ਪਰਮਾਣੂ ਪਲਾਂਟ ਮਨੁੱਖੀ ਸਿਹਤ ਲਈ ਖ਼ਤਰਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.