ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਨੱਤੀਆਂ ਤੋਂ ਸੱਖਣੇ ਕੰਨਾਂ ਦੀ ਪੀੜ

Posted On July - 20 - 2019

ਸਾਂਵਲ ਧਾਮੀ

ਸੰਤਾਲੀ ਤੋਂ ਪਹਿਲਾਂ ਕੋਟਲੇ ਪਿੰਡ ’ਚ ਰਾਏ ਗੋਤ ਦੇ ਮੁਸਲਮਾਨ ਜੱਟ, ਅਰਾਈਂ, ਹਿੰਦੂ ਪਰਜਾਪਤ ਤੇ ਆਦਿਧਰਮੀ ਵੱਸਦੇ ਸਨ। ਬਾਬਾ ਦਰਸ਼ਣ ਰਾਮ ਦਾ ਦਾਦਾ ਜੀਣ ਦਾਸ ਤੇ ਉਸਦਾ ਭਰਾ ਰਲ਼ਾ, ਜ਼ਿਲ੍ਹਾ ਜਲੰਧਰ ਦੇ ਇਸ ਪਿੰਡ ਤੋਂ ਉੱਠ ਕੇ ਬਹਾਵਲਪੁਰ ਰਿਆਸਤ ’ਚ ਚਲੇ ਗਏ ਸਨ। ਜ਼ਿਲ੍ਹਾ ਸੀ ਬਹਾਵਲ ਨਗਰ, ਮੰਡੀ ਤੇ ਸਟੇਸ਼ਨ ਸੀ ਚਿਸ਼ਤੀਆਂ ਤੇ ਚੱਕ ਨੰਬਰ ਸੀ ਇਕ ਸੌ ਅੱਸੀ।
ਇਹ ਪੂਰਾ ਚੱਕ ਅਰਾਈਆਂ ਦਾ ਸੀ। ਅੱਧਾ ਪਿੰਡ ਬਟਾਲੀਆਂ ਦਾ ਸੀ ਤੇ ਬਾਕੀ ਅੱਧਾ ਜਲੰਧਰੀਆਂ ਤੇ ਹੁਸ਼ਿਆਰਪੁਰੀਆਂ ਦਾ। ਕਰੀਮ ਬਖ਼ਸ਼ ਨੰਬਰਦਾਰ ਬਟਾਲੇ ਤੋਂ ਗਿਆ ਹੋਇਆ ਸੀ। ਪਿੰਡ ਦੇ ਮੋਹਤਬਰ ਬੰਦਿਆਂ ’ਚੋਂ ਇਕ ਸੀ ਸ਼ਰਫ਼ਦੀਨ। ਸ਼ਰਫ਼ਦੀਨ ਦੀਆਂ ਅਖਾਉਤਾਂ ਜਿਹੀਆਂ ਗੱਲਾਂ ਬਾਬੇ ਦਰਸ਼ਣ ਨੂੰ ਅੱਜ ਵੀ ਯਾਦ ਨੇ। ਤਵੇ ਵਾਲੀ ਮਸ਼ੀਨ ਸਿਰਫ਼ ਉਸਦੇ ਕੋਲ ਹੁੰਦੀ ਸੀ। ਹਰ ਘਰ ਵਿਚ ਚਾਲੀ ਤੋਂ ਅੱਸੀ ਤਕ ਪਸ਼ੂ ਹੁੰਦੇ ਸਨ। ਖੇਤੀ-ਬਾੜੀ ਦੇ ਕੰਮ ਤੋਂ ਜਦੋਂ ਸਾਰੇ ਵਿਹਲੇ ਹੁੰਦੇ ਤਾਂ ਸ਼ਰਫ਼ਦੀਨ ਗ੍ਰਾਮੋਫੋਨ ਲਗਾਉਂਦਾ ਕਿ ਹੁਣ ਕਿਸੇ ਦਾ ਵੀ ਕੰਮ ਨਹੀਂ ਰੁਕਣਾ।
ਬਾਬਾ ਦਰਸ਼ਣ ਰਾਮ ਦੇ ਬਜ਼ੁਰਗ ਪਹਿਲਾਂ ਕੱਪੜਾ ਬੁਣਦੇ ਸਨ। ਇਹ ਉਨ੍ਹਾਂ ਸਮਿਆਂ ਦੀ ਗੱਲ ਏ ਜਦੋਂ ਆਮ ਬੰਦਾ ਪੰਜ ਰੁਪਏ ਮਹੀਨੇ ’ਤੇ ਨੌਕਰੀ ਕਰਦਾ ਹੁੰਦਾ ਸੀ, ਦੋ ਰੁਪਏ ਦੀ ਕਣਕ ਦੀ ਬੋਰੀ ਆ ਜਾਂਦੀ ਸੀ ਤੇ ਫ਼ੌਜੀ ਦੀ ਤਨਖ਼ਾਹ ਪੰਦਰਾਂ-ਸੋਲ੍ਹਾਂ ਰੁਪਏ ਹੁੰਦੀ ਸੀ। ਉਦੋਂ ਇਹ ਟੱਬਰ ਨਿੱਤ ਇਕ ਰੁਪਈਆ ਕਮਾਉਂਦਾ ਹੁੰਦਾ ਸੀ।
‘ਅਸੀਂ ਮੌਜ-ਮੇਲੇ ’ਚ ਹੀ ਰਹੇ। ਬੜੀ ਬਾਦਸ਼ਾਹਤ ਮਾਣੀ ਓਥੇ।’ ਬਾਬਾ ਪੁਰਾਣੇ ਦਿਨਾਂ ਨੂੰ ਯਾਦ ਕਰਦਾ ਹੋਇਆ ਹਉਕਾ ਭਰਦਾ ਹੈ। ਖੱਡੀਆਂ ਵਾਲਾ ਕੰਮ ਛੱਡ ਕੇ ਇਹ ਟੱਬਰ ਚਮੜਾ ਖ਼ਰੀਦਣ ਲੱਗਾ। ਨੇੜਲੇ ਪਿੰਡਾਂ ’ਚੋਂ ਮੋਏ ਪਸ਼ੂਆਂ ਦੀਆਂ ਖੱਲਾਂ ਖ਼ਰੀਦ, ਇਹ ਚਿਸ਼ਤੀਆਂ ਮੰਡੀ ’ਚ ਵੇਚਣ ਜਾਂਦੇ। ਪਿੰਡ ਦਾ ਬਜ਼ੁਰਗ ਗੌਹਰ ਇਕ ਦਿਨ ਕਹਿਣ ਲੱਗਾ,‘ਦੁਨੀਆਂ ’ਤੇ ਕੰਮ ਹੁੰਦੇ ਆਏ ਨੇ ਤੇ ਹੁੰਦੇ ਰਹਿਣੇ ਨੇ, ਪਰ ਘਰੋਂ ਤੁਰਨ ਲੱਗੇ ਤੁਸੀਂ ਇਹੋ ਸੋਚਦੇ ਹੋਵੋਗੇ ਕਿ ਮਾਲ ਮਿਲੇ। ਮਾਲ ਤਾਂ ਤਦ ਮਿਲੂ, ਜੇ ਕਿਸੇ ਦਾ ਡੰਗਰ ਮਰੂ। ਮੌਤ ਮੰਗਣੀ ਕੋਈ ਸਵਾਬ ਦਾ ਕੰਮ ਨਹੀਂ ਹੁੰਦਾ!’
ਇਨ੍ਹਾਂ ਦੇ ਬਜ਼ੁਰਗ ਨੇ ਪੁੱਛਿਆ,‘ਦੱਸ ਮੇਹਰ, ਫਿਰ ਕਿਹੜਾ ਕੰਮ ਕਰੀਏ?’ ਉਸਨੇ ਸਲਾਹ ਦਿੱਤੀ ਕਿ ਮੱਝਾਂ ਖ਼ਰੀਦੋ ਤੇ ਵੇਚੋ। ਸ਼ਾਹੂਕਾਰ ਸਦਵਾਓਗੇ ਤੇ ਸ਼ਾਹੂਕਾਰ ਹੋ ਜਾਓਗੇ। ਇਨ੍ਹਾਂ ਗੌਹਰ ਦਾ ਆਖਾ ਮੰਨ ਲਿਆ। ਗੌਹਰ ਦੇ ਬੋਲ ਸੱਚ ਸਾਬਤ ਹੋਏ।
‘ਅਰਾਈਂ ਜ਼ਿਮੀਂਦਾਰ ਤਾਂ ਵੱਡੇ ਸੀ, ਪਰ ਗ਼ੁਰਬਤ ਦੀ ਜ਼ਿੰਦਗੀ ਹੰਢਾਉਂਦੇ ਸਨ। ਫ਼ਸਲਾਂ ਦਾ ਬਹੁਤਾ ਭਾਅ ਨਹੀਂ ਸੀ ਹੁੰਦਾ। ਸਾਡੇ ਟੱਬਰ ਕੋਲ ਪੈਸੇ ਵਪਾਰ ਨਾਲ ਆਏ ਸਨ। ਅਰਾਈਂ ਸਾਡੇ ਕੋਲੋਂ ਸੌ-ਸੌ ਰੁਪਏ ਤਕ ਉਧਾਰ ਮੰਗ ਲੈਂਦੇ। ਉਦੋਂ ਕਿਸੇ ਪਚਵੰਜਾ ਰੁਪਈਆਂ ਦੀ ਮੱਝ ਲਿਆਉਣੀ ਤਾਂ ਲੋਕਾਂ ਕਹਿਣਾ-‘ਵਾਹ ਜੀ ਵਾਹ! ਇਸ ਮੱਝ ਨਾਲੋਂ ਦੋ ਮੁਰੱਬੇ ਕਿਉਂ ਨਾ ਖ਼ਰੀਦ ਲੈਂਦੇ!’ ਬਾਬੇ ਦਰਸ਼ਣ ਨੇ ਮਾਣ ਨਾਲ ਦੱਸਿਆ।
ਸੰਤਾਲੀ ਆਇਆ ਤਾਂ ਇਸ ਚੱਕ ਵਾਲਿਆਂ ਦੇ ਵੀ ਸਾਹ ਸੂਤੇ ਗਏ। ਪਹਿਲਾਂ ਤਾਂ ਇਹ ਚਰਚਾ ਸੀ ਕਿ ਇਹ ਵੰਡ ਸਿਰਫ਼ ਅੰਗਰੇਜ਼ੀ ਰਾਜ ’ਚ ਹੀ ਹੋਣੀ ਹੈ ਤੇ ਰਿਆਸਤਾਂ ’ਚ ਰੌਲਾ ਨਹੀਂ ਪੈਣਾ, ਪਰ ਚਾਣਚਕ ਇਸ ਇਲਾਕੇ ’ਚ ਪਠਾਣਾਂ ਦੀਆਂ ਸੈਆਂ ਪੱਖੀਆਂ ਉੱਗ ਆਈਆਂ। ਹਰੇਕ ਪਠਾਣ ਕੋਲ ਰਫਲ ਹੁੰਦੀ ਸੀ।
‘ਲੋਕ ਧਾੜਵੀਆਂ ਨੂੰ ਕਹਿੰਦੇ-ਬਹੁਤੀ ਦੁਨੀਆਂ ਨਾ ਲੁੱਟੋ। ਅੱਸੀ ਵਾਲੇ ਆਦਿ-ਧਰਮੀਆਂ ਦੇ ਤਿੰਨ ਘਰ ਲੁੱਟ ਲਓ। ਲਓ ਜੀ ਸ਼ਹਿਦ ਨੂੰ ਮੱਖੀਆਂ ਆ ਗਈਆਂ। ਸਾਡੀ ਚੜ੍ਹਤ ਨੇ ਮਰਵਾਇਆ ਸਾਨੂੰ। ਮੁਸਲਮਾਨ ਕਹਿਣ ਲੱਗੇ ਕਿ ਦੇਸ਼ ਤੋਂ ਰਿਆਸਤ ਤਕ ਸਾਡੇ ਪਿਉ-ਦਾਦੇ ਇਕੱਠੇ ਰਹਿ ਰਹੇ ਨੇ। ਉਨ੍ਹਾਂ ਸਾਨੂੰ ਰਲ ਕੇ ਤੋਰਿਆ। ਬਟਾਲੀਆ ਨਿਜ਼ਾਮ ਬੇਇਮਾਨੀ ਕਰ ਗਿਆ। ਉਸਨੇ ਪਠਾਣਾਂ ਤੇ ਬਲੋਚਾਂ ਨੂੰ ਜਾ ਦੱਸਿਆ। ਜਦੋਂ ਤਾਰਾ ਚੜ੍ਹਿਆ, ਅਸੀਂ ਸਤਾਨਵੇਂ ਤੇ ਅਠਾਨਵੇਂ ਚੱਕਾਂ ਵਿਚਕਾਰੋਂ ਲੰਘ ਰਹੇ ਸੀ। ਪਿੰਡ ਇਕ ਬਲੋਚਾਂ ਦਾ ਸੀ ਤੇ ਦੂਜਾ ਸੀ ਪਠਾਣਾਂ ਦਾ। ਡੂਢ-ਡੂਢ ਮੀਲ ’ਤੇ ਦੋਵੇਂ ਪਿੰਡ ਸਨ। ਦੁਆਲੇ ਟਿੱਬੇ ਸਨ, ਬਹੁਤ ਵੱਡੇ-ਵੱਡੇ। ਓਥੇ ਉਨ੍ਹਾਂ ਸਾਨੂੰ ਆਣ ਘੇਰਿਆ। ਉਨ੍ਹਾਂ ਕੋਲ ਬਰਛੇ ਸਨ। ਜਿੱਥੇ ਸਾਨੂੰ ਲੁੱਟਿਆ, ਓਥੋਂ ਸਾਡਾ ਚੱਕ ਕੋਈ ਤੇਰ੍ਹਾਂ ਕੋਹ ਦੂਰ ਸੀ। ਸਾਡੇ ਨਾਲ ਅੱਲੜੀਆਂ ਦਾ ਸਾਦਿਕ ਗਿਆ ਸੀ। ਉਹ ਘੋੜੀ ’ਤੇ ਸੀ। ਉਹ ਤਾਂ ਜਾਨ ਬਚਾ ਕੇ ਨੱਠ ਤੁਰਿਆ। ਉਹ ਕਹਿਣ ਲੱਗੇ- ਇੱਥੇ ਬਿਠਾ ਲਓ ਊਠ। ਕੁੱਲ ਸਤਾਰਾਂ ਊਠ ਸਨ। ਨੇੜਲੇ ਪਿੰਡਾਂ ਦੇ ਹੋਰ ਬੰਦੇ ਤੇ ਸਾਡੇ ਪਿੰਡ ਦੇ ਤਿੰਨ ਘਰ ਖੱਤਰੀਆਂ ਦੇ ਵੀ ਸਾਡੇ ਨਾਲ ਸਨ। ਉਹ ਬੋਲੇ- ਜਿਸ ਕਿਸੇ ਨੇ ਕੋਈ ਪੈਸਾ ਜਾਂ ਟੂੰਮ ਰੱਖੀ, ਉਹ ਬੰਦਾ ਨਹੀਂ ਛੱਡਣਾ। ਕੱਪੜਾ ਅਸੀਂ ਕੋਈ ਲੈਣਾ ਨਹੀਂ। ਉਨ੍ਹਾਂ ਖੇਸੀਆਂ ਵਿਛਾ ਦਿੱਤੀਆਂ। ਉਦੋਂ ਦੇ ਕੰਗਣ ਲਾਹੇ, ਉਦੋਂ ਦੀਆਂ ਨੱਤੀਆਂ ਲਾਹੀਆਂ, ਮੈਨੂੰ ਮੁੜ ਨਹੀਂ ਜੁੜੀਆਂ। ਦੋ ਕੁ ਬੰਦਿਆਂ ਦੇ ਰੁਪਏ ਰਹਿ ਗਏ ਸਨ। ਉਹ ਉਨ੍ਹਾਂ ਜੁੱਤੀਆਂ ਦੇ ਤਲਿਆਂ ਦੇ ਥੱਲੇ ਸੀਅ ਲਏ ਸਨ। ਊਠਾਂ ਵਾਲੇ ਤਾਂ ਚਲੇ ਗਏ ਫਟਾ-ਫਟ ਸਾਮਾਨ ਲਾਹ ਕੇ। ਲਾਗੇ ਸੀ ਚੱਕ ਨੰਬਰ ਤੇਤੀ। ਅਸੀਂ ਸਾਰੇ ਓਥੇ ਪਹੁੰਚ ਗਏ। ਮੁਰਾਦ ਨੇ ਪਿੰਡ ਜਾ ਕੇ ਦੱਸਿਆ ਤਾਂ ਸਾਰਾ ਪਿੰਡ ਘੋੜੀਆਂ-ਊਠਾਂ ’ਤੇ ਸਵਾਰ ਹੋ ਕੇ ਸਾਨੂੰ ਲੱਭਣ ਤੁਰ ਪਿਆ। ਸਾਨੂੰ ਦੋ ਦਿਨਾਂ ਬਾਅਦ ਪਿੰਡ ਵਾਲਿਆਂ ਲੱਭ ਲਿਆ।’
ਲੁੱਟ-ਪੁੱਟ ਕੇ ਜਦੋਂ ਇਹ ਆਪਣੇ ਚੱਕ ਨੂੰ ਮੁੜੇ ਤਾਂ ਹਿੰਮਤ ਹਾਰ ਚੁੱਕੇ ਸਨ। ਬਸ ਕੰਮ ਕਰ ਲੈਣਾ ਤੇ ਰੋਟੀ ਖਾ ਲੈਣੀ। ਜ਼ਿੰਦਗੀ ਬੇਰਸ ਜਿਹੀ ਹੋ ਕੇ ਰਹਿ ਗਈ। ਇਨ੍ਹਾਂ ਨੇ ਇਸ ਤਰ੍ਹਾਂ ਕੋਈ ਪੰਜ-ਛੇ ਮਹੀਨੇ ਗੁਜ਼ਾਰੇ। ਚੜ੍ਹਦੇ ਪੰਜਾਬੋਂ ਉੱਜੜ ਕੇ ਆਏ ਮੁਸਲਮਾਨ ਇਕ ਸੌ ਅੱਸੀ ਚੱਕ ਵਾਲੇ ਮੁਸਲਮਾਨਾਂ ’ਤੇ ਦਬਾਅ ਬਣਾਉਣ ਲੱਗੇ ਕਿ ਇਨ੍ਹਾਂ ਹਿੰਦੂਆਂ ਨੂੰ ਉਠਾ ਲਓ। ਬੇਗ਼ਮਪੁਰ-ਜੰਡਿਆਲੇ ਵਾਲੇ ਮੌਲਵੀ ਦੇ ਭਰਾ-ਭਤੀਜੇ ਵੀ ਉਸ ਚੱਕ ’ਚ ਪਹੁੰਚ ਗਏ। ਉਹ ਕਹਿਣ ਲੱਗੇ ਕਿ ਸਾਨੂੰ ਓਧਰ ਇਨ੍ਹਾਂ ਆਦਿ-ਧਰਮੀਆਂ ਨੇ ਹੀ ਬਹੁਤਾ ਲੁੱਟਿਆ-ਮਾਰਿਆ ਏ। ਨੂਰ ਮੁਹਮੰਦ ਤੇ ਇਸਮਾਈਲ ਹੁਰਾਂ ਜਵਾਬ ਦਿੱਤਾ ਕਿ ਜੋ ਕਰਨਾ ਓਥੇ ਜਾ ਕੇ ਕਰੋ। ਇਹ ਤਾਂ ਵਿਚਾਰੇ ਇੱਥੇ ਆਪ ਲੁੱਟੇ ਗਏ ਨੇ।
‘ਦੂਜੀ ਵਾਰ ਮੁਸਲਮਾਨ ਤਾਂ ਕਹਿੰਦੇ ਸਨ ਕਿ ਚਿਸ਼ਤੀਆਂ ਸਟੇਸ਼ਨ ਤਕ ਛੱਡ ਕੇ ਆਵਾਂਗੇ। ਅਸੀਂ ਲੁਕ-ਛਿਪ ਕੇ ਪੈਦਲ ਚਿਸ਼ਤੀਆਂ ਤਕ ਪਹੁੰਚੇ। ਲੋਹੜੀ ਤੋਂ ਬਾਅਦ ਵਿਸਾਖੀ ਤਕ ਅਸੀਂ ਬਹਾਵਲਪੁਰ ਮੰਡੀ ਵਾਲੇ ਕੈਂਪ ’ਚ ਰਹੇ। ਓਥੇ ਲੁਧਿਆਣਾ ਦੇ ਆਦਿ-ਧਰਮੀ ਹਾਲੇ ਵੀ ਵੱਸ ਰਹੇ ਸਨ। ਉਹ ਜੁੱਤੀਆਂ ਸੀਂਦੇ ਸੀ। ਉਨ੍ਹਾਂ ਕੋਲ ਛੇ-ਛੇ ਕਨਾਲ ਦੇ ਅਹਾਤੇ ਸਨ। ਉਹ ਕਹਿਣ ਲੱਗੇ ਕਿ ਕੱਠਾ ਕਰ ਲਓ ਮੁਲਕ। ਕੋਈ ਬੰਦਾ ਰਹਿ ਨਾ ਜਾਏ। ਉਨ੍ਹਾਂ ਦੇ ਹਰਨਾਮ ਦਾਸ, ਮਾਹੀ ਦਿੱਤਾ ਤੇ ਦੌਲਤ ਰਾਮ ਨਾਂ ਸਨ। ਲੁਧਿਆਣਾ ਆ ਕੇ ਉਨ੍ਹਾਂ ’ਚੋਂ ਦੌਲਤ ਰਾਮ ਐੱਮ.ਐੱਲ.ਏ. ਵੀ ਬਣਿਆ।’
‘ਉਹ ਪਿੰਡ, ਉਹ ਇਲਾਕਾ ਕਿੰਨਾਂ ਕੁ ਯਾਦ ਆਉਂਦਾ?’ ਮੈਂ ਅਗਲਾ ਸਵਾਲ ਕੀਤਾ।
ਬੁੱਲੇ ਲੁੱਟੇ ਅਸੀਂ ਜ਼ਿੰਦਗੀ ਦੇ ਓਥੇ! ਫਿਰ ਤਾਂ ਗ਼ਰੀਬੀ ਈ ਨਹੀਂ ਮੁੱਕੀ। ਮੁੜ ਕੇ ਪੈਰਾਂ ’ਤੇ ਨਹੀਂ ਆਏ ਕੁੱਲ ਜ਼ਿੰਦਗੀ!’ ਉਹ ਪਛਤਾਵੇ ’ਚ ਸਿਰ ਮਾਰਦਾ ਹੋਇਆ ਬੋਲਿਆ।
‘ਪਿੰਡ ਵਾਲਿਆਂ ਲਈ ਕੋਈ ਸੁਨੇਹਾ?’ ਮੈਂ ਆਖਰੀ ਸਵਾਲ ਕੀਤਾ ਤਾਂ ਉਸ ਦੀਆਂ ਅੱਖਾਂ ਚਮਕ ਉੱਠੀਆਂ।
‘ਰੱਬ ਉਨ੍ਹਾਂ ਦੇ ਘਰੀਂ ਸੁੱਖ ਰੱਖੇ। ਚੰਗੀ ਮੱਤ ਦੇਵੇ ਰੱਬ ਹਰ ਇਕ ਨੂੰ। ਸ਼ਰਫਦੀਨ ਕਹਿੰਦਾ ਹੁੰਦਾ ਸੀ ਕਿ ਜੇ ਕੋਈ ਚੰਗੀ ਮੱਤ ਦੇ ਕੇ ਪੰਜ ਜੁੱਤੀਆਂ ਵੀ ਮਾਰ ਲਏ ਤਾਂ ਉੁਸਨੂੰ ਮੱਥਾ ਟੇਕਿਓ। ਰਾਜ ਕਰੋਗੇ। ਉਹ ਬਹੁਤ ਅਕਲ ਵਾਲਾ ਸੀ। ਉਹ ਕਹਿੰਦਾ ਹੁੰਦਾ ਸੀ ਕਿ ਜੇ ਕਦੇ ਤੁਹਾਨੂੰ ਕੋਈ ਘਿਉ-ਸ਼ੱਕਰ ਖੁਆ ਕੇ ਮਾੜੀ ਮੱਤ ਦੇਵੇ ਤਾਂ ਤੁਸੀਂ ਤਾਂ ਕੀ ਤੁਹਾਡੇ ਮਾਂ-ਪਿਓ, ਭੈਣ ਭਰਾ ਵੀ ਰੋ-ਰੋ ਕੇ ਮਰ ਜਾਣਗੇ। ਆਉਣ ਵਾਲੀ ਔਲਾਦ ਵੀ ਰੋਂਦੀ ਰਹੇਗੀ। ਉਂਜ ਸ਼ਰਫ਼ਦੀਨ ਬੰਦਾ ਤਾਂ ਸਿਆਣਾ ਸੀ। ਉਹ ਜੋ ਕਹਿੰਦਾ ਸੱਚ ਹੋ ਜਾਂਦਾ। ਬਸ ਉਸਦੀ ਇਕ ਗੱਲ ਸੱਚੀ ਸਾਬਤ ਨਾ ਹੋ ਸਕੀ।’ ਬਾਬਾ ਉਦਾਸ ਹੋ ਗਿਆ।
‘ਉਹ ਕਿਹੜੀ?’ ਮੈਂ ਉਤਾਵਲੇ ਹੁੰਦਿਆਂ ਪੁੱਛਿਆ।
‘ਜਦੋਂ ਅਸੀਂ ਲੁੱਟ-ਪੁੱਟ ਕੇ ਪਿੰਡ ਮੁੜੇ ਤਾਂ ਅਸੀਂ ਅੰਦਰੋਂ-ਬਾਹਰੋਂ ਟੁੱਟੇ ਹੋਏ ਸਾਂ। ਸ਼ਰਫ਼ਦੀਨ ਨੇ ਬੜਾ ਹੌਸਲਾ ਦਿੱਤਾ। ਸਾਡੇ ਲਈ ਰਾਸ਼ਨ-ਪਾਣੀ ਦਾ ਵੀ ਇੰਤਜ਼ਾਮ ਕੀਤਾ। ਸਾਨੂੰ ਮੁੜ ਤੋਂ ਜਿਉਣ ਜੋਗੇ ਕਰ ਦਿੱਤਾ। ਮੈਨੂੰ ਕਹਿਣ ਲੱਗਾ, ‘ਦਰਸ਼ਣਾ ਕੰਨ ਸਲਾਮਤ ਨੇ ਨਾ ਤੇਰੇ, ਤੂੰ ਨੱਤੀਆਂ ਦਾ ਵਿਗੋਚਾ ਨਾ ਕਰ। ਬੜੀ ਜ਼ਿੰਦਗੀ ਪਈ ਏ ਸੋਹਣਿਆ। ਮਿਹਨਤ ਕਰੀਂ, ਬੜੀਆਂ ਨੱਤੀਆਂ ਮਿਲਣਗੀਆਂ ਤੈਨੂੰ। ਮਿਹਨਤ ਵੀ ਬੜੀ ਕੀਤੀ। ਜ਼ਿੰਦਗੀ ਵੀ ਕਿਨਾਰੇ ਲੱਗੀ ਪਈ ਏ। ਬਹੱਤਰ ਵਰ੍ਹੇ ਬੀਤ ਗਏ ਨੇ ਉਸ ਗੱਲ ਨੂੰ। ਅੱਜ ਤਕ ਕੰਨ ਉਵੇਂ ਨੇ, ਸੱਖਣੇ ਦੇ ਸੱਖਣੇ। ਹੁਣ ਤਾਂ ਲੱਗਦੈ, ਇਹ ਇਉਂ ਸੱਖਣੇ ਹੀ ਜਾਣਗੇ ਸਿਵਿਆਂ ਨੂੰ!’ ਬਾਬੇ ਦਰਸ਼ਣ ਨੇ ਖਾਲੀ ਕੰਨਾਂ ’ਤੇ ਹੱਥ ਫੇਰਦਿਆਂ ਦਰਦੀਲਾ ਜਿਹਾ ਹਾਸਾ ਹੱਸਿਆ।

ਸੰਪਰਕ: 97818-43444


Comments Off on ਨੱਤੀਆਂ ਤੋਂ ਸੱਖਣੇ ਕੰਨਾਂ ਦੀ ਪੀੜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.