ਟਿਕਟ ਖਿੜਕੀ ’ਤੇ ਪਵੇਗਾ ‘ਪੰਗਾ’ !    ਪੰਜਾਬੀ ਫ਼ਿਲਮਾਂ ਦਾ ‘ਨਿਹਾਲਾ ਗਾਰਡ’ ਵਾਸਤੀ !    ਸਥਾਪਤੀ ਵਿਰੋਧੀ ਚਿੱਤਰਕਾਰ ਫਰਾਂਸਿਸਕੋ ਡੀ ਗੋਇਆ !    ਜ਼ਿੰਦਗੀ ਦੀ ਸ਼ਾਮ ’ਚ ਵਿਆਹੁਤਾ ਜੀਵਨ !    ਵਿਰਸੇ ਦੀ ਰੂਹ ਲੰਮੀ ਹੇਕ ਵਾਲੇ ਗੀਤ !    ਗ਼ਲਤੀ ਦਾ ਅਹਿਸਾਸ !    ਪੰਜਾਬੀ ਅਭਿਨੇਤਰੀਆਂ ਦੀ ਮੜਕ !    ਮੇਰੇ ਸਰਦਾਰਾਂ ਨੂੰ ਕੋਈ ਜਾਣਦਾ ਜੇ? !    ਸਿਆਣਪ ਦਾ ਮੁੱਲ !    ਪਾਸਪੋਰਟ ਵਾਲਾ ਗਾਇਕ ਰਣਜੀਤ ਮਣੀ !    

ਨਜ਼ੀਰ ਅਕਬਰਾਬਾਦੀ: ਆਮ ਆਦਮੀ ਦਾ ਸ਼ਾਇਰ

Posted On July - 21 - 2019

ਰਖ਼ਸ਼ੰਦਾ ਜਲੀਲ

ਦਿੱਲੀ ਵਿਚ 1735 ’ਚ ਜਨਮਿਆ ਨਜ਼ੀਰ ਅਕਬਰਾਬਾਦੀ 1745 ਦੇ ਆਸ-ਪਾਸ ਆਗਰੇ ਜਾ ਵਸਿਆ। ਆਗਰਾ ਉਦੋਂ ਅਕਬਰਾਬਾਦ ਵਜੋਂ ਜਾਣਿਆ ਜਾਂਦਾ ਸੀ। ਨਜ਼ੀਰ 1830 ਵਿਚ ਆਪਣੀ ਮੌਤ ਤਕ ਉਸੇ ਸ਼ਹਿਰ ਵਿਚ ਹੀ ਟਿਕਿਆ ਰਿਹਾ। ਬੜਾ ਬੇਨਜ਼ੀਰ ਇਨਸਾਨ ਸੀ; ਉਹ ਵੀ ਇਕ ਨਹੀਂ, ਕਈ ਪੱਖੋਂ। ਨੱਬੇ ਵਰ੍ਹਿਆਂ ਤੋਂ ਵੱਧ ਲੰਮੀ ਜ਼ਿੰਦਗਾਨੀ ਦੌਰਾਨ ਬੜੀ ਹਲਚਲ ਵਾਲਾ ਸਮਾਂ ਦੇਖਿਆ ਉਸ ਨੇ। ਮੁਗ਼ਲ ਕਾਲ ਦੇ ਨਿਘਾਰ ਅਤੇ ਬਸਤੀਵਾਦ ਦੇ ਉਭਾਰ ਦਾ ਸੀ ਇਹ ਸਮਾਂ। ਉਹ ਪੜ੍ਹਿਆ-ਲਿਖਿਆ ਸੀ, ਪਰ ਨੌਕਰੀ ਦੀ ਥਾਂ ਸਵੈ-ਰੁਜ਼ਗਾਰੀ ਨੂੰ ਤਰਜੀਹ ਦਿੱਤੀ। ਇਸ ਤੋਂ ਵੀ ਅਹਿਮ ਪੱਖ ਇਹ ਸੀ, ਉਸ ਨੇ ਆਗਰੇ ਹੀ ਵਸਣਾ ਚੁਣਿਆ; ਲਖਨਊ ਜਾਂ ਦਿੱਲੀ ਨਹੀਂ ਗਿਆ ਜੋ ਕਿ ‘ਉਚੇਰੀ’ ਤਹਿਜ਼ੀਬ ਦੇ ਮਰਕਜ਼ ਸਨ। ਬੜੀ ਆਜ਼ਾਦ ਖ਼ਿਆਲ ਹਸਤੀ ਸੀ ਉਹ, ਆਪਣੇ ਸਮਕਾਲੀ ਉਰਦੂ ਸ਼ਾਇਰਾਂ ਤੋਂ ਬਿਲਕੁਲ ਨਿਆਰੀ।
ਜੇਕਰ ਉਸ ਸਮੇਂ ਉਰਦੂ ਵਿਚ ਕੋਈ ਲੋਕ ਕਵੀ ਸੀ ਤਾਂ ਉਹ ਵਲੀ ਮੁਹੰਮਦ ਨਜ਼ੀਰ ਅਕਬਰਾਬਾਦੀ ਹੀ ਸੀ। ਉਸ ਦੀ ਸ਼ਾਇਰੀ ਲੋਕਾਂ ਦੀ ਜ਼ੁਬਾਨ ’ਤੇ ਉਸੇ ਤਰ੍ਹਾਂ ਚੜ੍ਹੀ ਜਿਵੇਂ ਕਬੀਰ, ਸੂਰਦਾਸ ਤੇ ਮੀਰਾ ਦੇ ਦੋਹੇ। ਵਿਸ਼ਿਆਂ ਤੇ ਸ਼ੈਲੀ ਦੀ ਚੋਣ ਪੱਖੋਂ ਵੀ ਉਹ ਇਨ੍ਹਾਂ ਦੇ ਹੀ ਕਰੀਬ ਸੀ। ਆਮ ਆਦਮੀ ਦੀ ਜ਼ੁਬਾਨ ਬੋਲਦਿਆਂ ਅਤੇ ਹਿੰਦੋਸਤਾਨੀ ਵਿਚ ਨਿੱਤ ਵਰਤੇ ਜਾਣ ਵਾਲੇ ਸ਼ਬਦਾਂ ਤਕ ਹੀ ਮਹਿਦੂਦ ਰਹਿੰਦਿਆਂ ਉਸ ਨੇ ਸਰਬ-ਧਰਮ ਸਮਭਾਵ ਦਾ ਪਰਚਮ ਆਪਣੀ ਸ਼ਾਇਰੀ ਰਾਹੀਂ ਬੁਲੰਦ ਕੀਤਾ। ਇਕ ਪਾਸੇ ਉਸ ਨੇ ਦੀਵਾਲੀ, ਹੋਲੀ ਤੇ ਕ੍ਰਿਸ਼ਨ ਜਨਮਅਸ਼ਟਮੀ ਅਤੇ ਗੁਰੂ ਨਾਨਕ ਤੇ ਹਜ਼ਰਤ ਅਲੀ ਬਾਰੇ ਸ਼ਾਇਰੀ ਕੀਤੀ, ਦੂਜੇ ਪਾਸੇ ਆਗਰਾ ਦੇ ਬਾਜ਼ਾਰ ਵਿਚ ਤਰਾਂ-ਖੀਰੇ ਵੇਚਣ ਵਾਲਿਆਂ, ਮਦਾਰੀ ਦੇ ਡੰਡੇ ਦੀਆਂ ਹਦਾਇਤਾਂ ਮੁਤਾਬਿਕ ਨੱਚਣ ਵਾਲੇ ਭਾਲੂ ਦੇ ਬੱਚੇ ਦੀ ਦਸ਼ਾ ਅਤੇ ਮੁੱਲਾਵਾਂ, ਪੰਡਿਤਾਂ, ਉਸਤਾਦਾਂ, ਕੋਤਵਾਲ, ਤਵਾਇਫ਼ ਤੇ ‘ਅਸਲ’ ਜੀਵਨ ਦੇ ‘ਅਸਲ’ ਚਿਹਰਿਆਂ ਦੀਆਂ ‘ਅਸਲ’ ਸਮੱਸਿਆਵਾਂ ਨੂੰ ਆਪਣੀਆਂ ਨਜ਼ਮਾਂ ਦੇ ਵਿਸ਼ੇ ਬਣਾਇਆ। ਉਸ ਦੀਆਂ ਕੁਝ ਅਜਿਹੀਆਂ ਕਵਿਤਾਵਾਂ, ਜਿਵੇਂ ਕਿ ‘ਬੰਜਾਰਾਨਾਮਾ’, ‘ਰੋਟੀਨਾਮਾ’ ਅਤੇ ‘ਆਦਮੀਨਾਮਾ’ ਨੂੰ ਤਕਰੀਬਨ 200 ਵਰ੍ਹਿਆਂ ਬਾਅਦ ਹੁਣ ਵੀ ਗਾਇਆ-ਸੁਣਿਆ ਜਾਂਦਾ ਹੈ। ਉਸ ਜ਼ਮਾਨੇ ਦੀ ਸ਼ਾਇਰੀ ਦੇ ਕੁਲੀਨਵਾਦੀ ਸੁਭਾਅ ਤੇ ਸੁਹਜ ਤੋਂ ਉਲਟ ਜਾਂਦਿਆਂ ਨਜ਼ੀਰ ਨੇ ਨਿੱਤ ਦੀਆਂ ਜੱਦੋਜਹਿਦਾਂ, ਦੁਸ਼ਵਾਰੀਆਂ ਤੇ ਨਾਕਾਮੀਆਂ ਦੀ ਗੱਲ ਕੀਤੀ; ਉਹ ਵੀ ਉਪਭਾਵੁਕਤਾ ਦਾ ਸਹਾਰਾ ਲਏ ਬਿਨਾਂ। ਆਪਣੇ ਸਮਕਾਲੀਆਂ ਨਾਲੋਂ ਉਸ ਦਾ ਨਜ਼ਰੀਆ ਵੱਖਰਾ ਸੀ; ਉਸ ਨੇ ਅਤੀਤ ਦੀ ਸ਼ਾਨ-ਸ਼ੌਕਤ ਦੇ ਕਸੀਦੇ ਪੜ੍ਹਨ ਦੀ ਥਾਂ ਆਪਣੇ ਸਮੇਂ ਦੀਆਂ ਸਮਾਜਿਕ ਬੁਰਾਈਆਂ ’ਤੇ ਉਂਗਲ ਰੱਖੀ। ਇਸ ਪੱਖੋਂ ਉਹ ਸਹੀ ਮਾਅਨਿਆਂ ਵਿਚ ‘ਇਬਨ-ਉਲ-ਵਕਤ’ ਸੀ, ਸਮੇਂ ਦਾ ਬੰਦਾ। ਕਮਾਲ ਦੀ ਗੱਲ ਇਹ ਰਹੀ ਕਿ ਸਮਕਾਲ ਦੇ ਅਜਿਹੇ ਚਿਤਰਣ ਦੇ ਬਾਵਜੂਦ ਉਸ ਦੀ ਸ਼ਾਇਰੀ ਸਮੇਂ ਦੀਆਂ ਵਲਗਣਾਂ ਤੋਂ ਉਚੇਰੀ ਸਾਬਤ ਹੋਈ ਕਿਉਂਕਿ ਇਸ ਰਾਹੀਂ ਨਜ਼ੀਰ ਨੇ ਜਿਹੜੀਆਂ ਚਿੰਤਾਵਾਂ ਦੀ ਗੱਲ ਕੀਤੀ ਜਾਂ ਜਿਹੜੇ ਮੌਜ਼ੂਆਂ ਨੂੰ ਉਠਾਇਆ, ਉਹ ਸਦੀਵੀ ਹਨ। ਨਜ਼ੀਰ ਦੀਆਂ ਲੇਖਣੀਆਂ ਤੇ ਵਿਸ਼ਿਆਂ ਦਾ ਵਸੀਹਾ ਦਾਇਰਾ ਮੁਗ਼ਲ ਕਾਲ ਦੀ ਢਲਾਣ ਸਮੇਂ ਉਰਦੂ ਅਦਬ ਵਿਚ ਸੋਧਵਾਦ ਤੇ ਜਨਵਾਦ ਦੀ ਆਮਦ ਤੇ ਮੌਜੂਦਗੀ ਦਾ ਸੂਚਕ ਹੈ।
ਨਜ਼ੀਰ ਨੇ ਸਭਿਆਚਾਰਕ ਜ਼ਿੰਦਗੀ ਦੇ ਉਨ੍ਹਾਂ ਸ਼ੋਹਬਿਆਂ ਦਾ ਗੁਣ-ਗਾਇਨ ਕੀਤਾ ਜਿਨ੍ਹਾਂ ਨੂੰ ਉਸ ਦੇ ਸਮੇਂ ਦੇ ਦਰਬਾਰੀ-ਅਹਿਲਕਾਰੀ ਸ਼ਾਇਰਾਂ ਨੇ ਵਿਸਾਰਨਾ ਵਾਜਬ ਸਮਝਿਆ। ਇਹ ਸੁਭਾਵਿਕ ਹੀ ਸੀ ਕਿ ਅਕਲ-ਲਤੀਫ਼ਾਂ ਨੇ ਉਸ ਦੀ ਸ਼ਾਇਰੀ ਨੂੰ ਗ਼ੈਰ-ਮਿਆਰੀ ਤੇ ਸਨਸਨੀਖੇਜ਼ ਦੱਸਿਆ ਅਤੇ ਉਸ ਦੀ ਨੁਕਤਾ-ਇ-ਨਿਗਾਹ ਨੂੰ ਸਤਹੀ ਤੇ ਗ਼ੈਰ-ਦਿਲਚਸਪ ਮੰਨਿਆ। ਲੋਕ ਪਰੰਪਰਾਵਾਂ ਦੇ ਕਵੀ ਵਾਂਗ ਉਸ ਨੇ ਆਮ ਲੋਕਾਂ ਬਾਰੇ ਲਿਖਣ ਨੂੰ ਤਰਜੀਹ ਦਿੱਤੀ ਅਤੇ ਉਸ ਦੇ ਅਸ਼ਰਾਤ ਦੀ ਭਾਸ਼ਾ ਵੀ ਸਰਲ ਤੇ ਸੁਭਾਵਿਕ ਕਿਸਮ ਦੀ ਰਹੀ। ਅਦਬੀ ਭਾਈਚਾਰੇ ਵੱਲੋਂ ਉਸ ਦੇ ਅਦਬ ਨੂੰ ਆਪਣੇ ਦਾਇਰੇ ਵਿਚੋਂ ਛੇਕੇ ਜਾਣ ਦੇ ਬਾਵਜੂਦ ਨਜ਼ੀਰ ਦੇ ਕਾਵਿ ਨੂੰ ਨਾ ਸਿਰਫ਼ ਉਸ ਦੇ ਸਮੇਂ ਦੌਰਾਨ ਲਗਾਤਾਰ ਮਕਬੂਲੀਅਤ ਹਾਸਲ ਹੁੰਦੀ ਰਹੀ ਸਗੋਂ ਦੋ ਸਦੀਆਂ ਤੋਂ ਵੱਧ ਸਮੇਂ ਬਾਅਦ ਵੀ ਇਹ ਲੋਕਧਾਰਾ ਦਾ ਅੰਗ ਬਣਿਆ ਹੋਇਆ ਹੈ।
ਨਜ਼ੀਰ ਨੇ ਤੇਜ਼ੀ ਨਾਲ ਬਦਲਦੀ ਜਾ ਰਹੀ ਦੁਨੀਆਂ ਤੇ ਜ਼ਮਾਨੇ ਦਾ ਚਿਤਰਣ ਨਾ ਸਿਰਫ਼ ਮਜ਼ਾਹੀਆ ਤੇ ਪੁਰਖ਼ਲੂਸ ਅੰਦਾਜ਼ ਰਾਹੀਂ ਕੀਤਾ ਸਗੋਂ ਇਸ ਵਿਚ ਇਨਸਾਨੀਪ੍ਰਸਤੀ ਵਾਲਾ ਮਾਦਾ ਵੀ ਲਗਾਤਾਰ ਬਰਕਰਾਰ ਰੱਖਿਆ। ਇਨਸਾਨੀ ਨਾਲਾਇਕੀਆਂ ਤੇ ਕਮਜ਼ੋਰੀਆਂ ਪ੍ਰਤੀ ਉਸ ਦਾ ਰੁਖ਼ ਸਦਾ ਸਹਿਣਸ਼ੀਲਤਾ ਵਾਲਾ ਰਿਹਾ। ਰਵਾਇਤੀ ਗ਼ਜ਼ਲਗੋਆਂ ਵਾਂਗ ਸਾਕੀ ਤੇ ਸ਼ਰਾਬ, ਆਸ਼ਕ ਤੇ ਮਾਸ਼ੂਕ, ਮੈਅਖਾਨੇ ਜਾਂ ਦੌਲਤਖਾਨੇ ਵਾਲੀ ਦੁਨੀਆਂ ਤਕ ਸੀਮਤ ਰਹਿਣ ਦੀ ਥਾਂ ਉਸ ਨੇ ਤਵਾਇਫ਼ਾਂ ਤੇ ਭੜਵਿਆਂ, ਵਪਾਰੀਆਂ ਤੇ ਕਾਰੋਬਾਰੀਆਂ, ਸੂਫ਼ੀਆਂ ਤੇ ਫ਼ਕੀਰਾਂ, ਚੋਰਾਂ ਤੇ ਖਾਨਾਬਦੋਸ਼ਾਂ ਅਤੇ ਚਾਕੂਬਾਜ਼ਾਂ ਤੇ ਪਤੰਗਬਾਜ਼ਾਂ ਦੀਆਂ ਚਿੰਤਾਵਾਂ, ਸਿਰਦਰਦੀਆਂ, ਸ਼ੌਕਾਂ ਤੇ ਸ਼ੁਗਲਾਂ ਨੂੰ ਆਪਣੀ ਸ਼ਾਇਰੀ ਰਾਹੀਂ ਜ਼ੁਬਾਨ ਬਖ਼ਸ਼ੀ। ਉਸ ਨੇ ਨਾ ਸਿਰਫ਼ ਬੰਦਿਆਂ ਬਾਰੇ ਲਿਖਿਆ ਸਗੋਂ ‘ਪੰਖੇ’ ਜਾਂ ‘ਤਰਬੂਜ਼’ ਦੀ ਵਿਅਥਾ-ਕਥਾ ਵੀ ਬਿਆਨ ਕੀਤੀ। ਉਸ ਦੀ ਨਜ਼ਮ ‘ਚੂਹੇ ਕਾ ਆਚਾਰ’ ਕਰਿਆਨਾਫਰੋਸ਼ਾਂ ਵੱਲੋਂ ਘਟੀਆ ਵਸਤਾਂ ਮਹਿੰਗੇ ਭਾਅ ਵੇਚਣ ਦੀਆਂ ਵਿਧੀਆਂ ਉੱਤੇ ਤਿੱਖੀ ਤਨਜ਼ ਹੈ।
ਫ਼ਾਰਸੀਨੁਮਾ ਉਰਦੂ ਦਾ ਸਹਾਰਾ ਲਏ ਬਿਨਾਂ ਨਜ਼ੀਰ ਨੇ ਗੰਭੀਰ ਤੋਂ ਗੰਭੀਰ ਵਿਸ਼ੇ ਨੂੰ ਵੀ ਸਰਲ ਹਿੰਦੋਸਤਾਨੀ ਰਾਹੀਂ ਬਿਆਨ ਕਰਨਾ ਆਪਣਾ ਅੰਦਾਜ਼-ਇ-ਅਦਬ ਬਣਾਇਆ। ਉਸ ਦੀ ਜ਼ੁਬਾਨ ਵਿਚੋਂ ਜੇਕਰ ਅਮੀਰ ਖ਼ੁਸਰੋ ਤੇ ਕਬੀਰ ਦੀ ਕਾਵਿਕਤਾ ਵਾਲਾ ਜ਼ਾਇਕਾ ਆਉਂਦਾ ਹੈ ਤਾਂ ਇਸ ਦੀ ਵਜ੍ਹਾ ਹੈ ਵਿਚਾਰਾਂ ਦੇ ਪ੍ਰਗਟਾਵੇ ਦੀ ਸਰਲਤਾ ਤੇ ਸਪਸ਼ਟਤਾ। ਉਸ ਨੇ ਉਰਦੂ ਨੂੰ ਫ਼ੌਜੀ ਖੇਮਿਆਂ ਤੇ ਦਰਬਾਰਾਂ ਵਿਚੋਂ ਕੱਢ ਕੇ ਗਲੀਆਂ-ਕੂਚਿਆਂ ਤੇ ਬਾਜ਼ਾਰਾਂ ਦੀ ਭਾਸ਼ਾ ਵਾਲਾ ਧਰਾਤਲ ਪ੍ਰਦਾਨ ਕੀਤਾ। ਉਸ ਵੱਲੋਂ ਇਜਾਦ ਕੀਤੇ ਜਾਂ ਵਰਤੇ ਗਏ ਨਵੇਂ ਸ਼ਬਦਾਂ ਸਦਕਾ ਉਰਦੂ ਦਾ ਸ਼ਬਦ-ਭੰਡਾਰ ਖ਼ੂਬ ਵਧਿਆ-ਫੁੱਲਿਆ। ਉਸ ਨੇ ਲੋਕਧਾਰਾ ਦਾ ਪੱਲਾ ਕਦੇ ਨਹੀਂ ਛੱਡਿਆ ਤੇ ਇਸ ਦੇ ਪ੍ਰਭਾਵਾਂ ਨੂੰ ਆਪਣੀ ਸ਼ਾਇਰੀ ਦਾ ਸ਼ਿੰਗਾਰ ਬਣਾਇਆ। ਹੋਲੀ ਦੌਰਾਨ ਯਮੁਨਾ ਦੇ ਘਾਟਾਂ ਦੇ ਨਜ਼ਾਰੇ ਨੂੰ ਉਹ ਇੰਜ ਬਿਆਨ ਕਰਦਾ ਹੈ:
ਯਾ ਸਵਾਂਗ ਕਹੂੰ ਯਾ ਰੰਗ ਕਹੂੰ
ਯਾ ਹੁਸਨ ਬਤਾਊਂ ਹੋਲੀ ਕਾ,
ਸਭ ਅਬਰਨ ਤਨ ਪਰ ਚਮਕ ਰਹਾ
ਔਰ ਕੇਸਰ ਕਾ ਮਾਥੇ ਟੀਕਾ।
ਇਸੇ ਤਰ੍ਹਾਂ ‘ਮਹਾਦੇਵ ਜੀ ਕਾ ਬਿਆਹ’ ਨਜ਼ਮ ਵਿਚ ਉਹ ਸ਼ਿਵ ਜੀ ਦੇ ਵਿਆਹ ਦੇ ਦ੍ਰਿਸ਼ ਚਿਤਰਣ ਤੋਂ ਪਹਿਲਾਂ ਸ਼ੁਰੂਆਤ ਇਉਂ ਕਰਦਾ ਹੈ:
ਪਹਿਲੇ ਨਾਮ ਗਣੇਸ਼ ਕਾ,
ਲੀਜੀਏ ਸੀਸ ਨਵਾਏ
ਜਾ ਸੇ ਕਾਰਜ ਸਿੱਧ ਹੋਂ,
ਸਦਾ ਮੁਹੂਰਤ ਲਾਇ।
‘ਰੋਟੀਨਾਮਾ’ ਕਵਿਤਾ ਵਿਚ ਉਹ ਰੋਟੀਆਂ ਨਾਲ ਭਰੇ ਢਿੱਡ ਨਾਲ ਜੁੜੀਆਂ ‘ਖ਼ੁਸ਼ੀਆਂ’ ਦਾ ਵਰਨਣ ਇੰਜ ਕਰਦਾ ਹੈ:
ਜਬ ਆਦਮੀ ਕੇ ਪੇਟ ਮੇਂ ਆਤੀ ਹੈਂ ਰੋਟੀਆਂ,
ਫੂਲੀ ਨਹੀਂ ਬਦਨ ਮੇਂ ਸਮਾਤੀ ਹੈਂ ਰੋਟੀਆਂ।
ਇਸੇ ਤਰ੍ਹਾਂ ਮੁਫ਼ਲਿਸੀ (ਗ਼ਰੀਬੀ) ਬਾਰੇ ਉਸ ਦਾ ਅੰਦਾਜ਼-ਏ-ਬਿਆਂ ਹੈ:
ਜਬ ਆਦਮੀ ਕੇ ਹਾਲ ਪੇ ਆਤੀ ਹੈ ਮੁਫ਼ਲਿਸੀ,
ਕਿਸ ਕਿਸ ਤਰਹ ਸੇ ਉਸ ਕੋ ਸਤਾਤੀ ਹੈ ਮੁਫ਼ਲਿਸੀ।
ਇਕ ਪਾਸੇ ‘ਮੁਫ਼ਲਿਸੀ’ ਜਾਂ ‘ਸ਼ਹਿਰ ਅਸ਼ੋਬ’ ਵਰਗੀਆਂ ਨਜ਼ਮਾਂ ਨਿੱਤ ਦੇ ਜੀਵਨ ਦੇ ਆਪਾ-ਵਿਰੋਧਾਂ ਦੀ ਤਰਜਮਾਨੀ ਕਰਦੀਆਂ ਹਨ, ਦੂਜੇ ਪਾਸੇ ‘ਪਰੀ ਕਾ ਸਰਾਪਾ’ ਉਸ ਸਮੇਂ ਦੀਆਂ ਔਰਤਾਂ ਦੇ ਫੈਸ਼ਨ, ਜ਼ੇਵਰਾਤ ਤੇ ਰਹਿਣ-ਸਹਿਣ ਉੱਤੇ ਤਬਸਰਾ ਹਨ। ਦਰਅਸਲ, ਨਜ਼ੀਰ ਦੀਆਂ ਨਜ਼ਮਾਂ ਤੇ ਗ਼ਜ਼ਲਾਂ ਦਾ ਵਿਆਪਕ ਜ਼ਖ਼ੀਰਾ ਇਨਸਾਨੀ ਮੂਡਾਂ ਤੇ ਜਜ਼ਬਾਤ ਦਾ ਹਰ ਰੰਗ ਪੇਸ਼ ਕਰਦਾ ਹੈ।
ਉਰਦੂ ਸਮਾਲੋਚਕਾਂ ਦੀ ਕੁਲੀਨਵਾਦੀ ਪੀੜ੍ਹੀ ਨੇ ਅੱਧੀ ਸਦੀ ਤੋਂ ਵੱਧ ਸਮੇਂ ਤਕ ਨਜ਼ੀਰ ਨੂੰ ਉਰਦੂ ਦੇ ਨਾਮਵਰ ਸ਼ਾਇਰਾਂ ਦੀ ਫਹਿਰਿਸਤ ਤੋਂ ਬਾਹਰ ਰੱਖਿਆ। ਨਜ਼ੀਰ ਦੀ ਇਸ ਬਿਰਾਦਰੀ ’ਚ ਸ਼ਮੂਲੀਅਤ ਆਧੁਨਿਕਤਾਵਾਦੀਆਂ ਨੇ ਸੰਭਵ ਬਣਾਈ। 1930ਵਿਆਂ ਵਿਚ ਤਰੱਕੀਪਸੰਦ ਲੇਖਣ ਲਹਿਰ ਉਦੈਮਾਨ ਹੋਣ ਨਾਲ ਇਹ ਅਹਿਸਾਸ ਜੜ੍ਹ ਫੜਨ ਲੱਗਾ ਕਿ ਅਦਬੀ ਹਲਕਿਆਂ ਦੀ ਥਾਂ ਆਮ ਲੋਕਾਂ ਵਿਚ ਮਕਬੂਲ ਹੋਣ ਦਾ ਮਤਲਬ ਇਹ ਨਹੀਂ ਕਿ ਅਜਿਹਾ ਸਾਹਿਤ, ਅਦਬੀ ਮਿਆਰਾਂ ਤੇ ਰੰਗਤ ਤੋਂ ਮਹਿਰੂਮ ਹੈ। ਦਰਅਸਲ, ਤਰੱਕੀਪਸੰਦ ਤਹਿਜ਼ੀਬ ਦੀ ਸ਼ੁਰੂਆਤ ਤੋਂ ਪਹਿਲਾਂ ਨਜ਼ੀਰ ਹੀ ਇਕੋ-ਇਕ ਅਜਿਹਾ ਉਰਦੂ ਅਦੀਬ ਸੀ ਜਿਸ ਨੇ ਆਮ ਲੋਕਾਂ ਨਾਲ ਜੁੜਨਾ ਤੇ ਉਨ੍ਹਾਂ ਦੀਆਂ ਨਿੱਕੀਆਂ-ਨਿੱਕੀਆਂ ਖ਼ੁਸ਼ੀਆਂ ’ਚ ਆਪਣੀ ਵਿਧਾ ਰਾਹੀਂ ਸ਼ਰੀਕ ਹੋਣਾ ਆਪਣਾ ਕਸਬ ਤੇ ਅਕੀਦਾ ਬਣਾਇਆ।
ਤੰਗਨਜ਼ਰੀ ਦੀ ਥਾਂ ਫਰਾਖ਼ਦਿਲੀ ਦਾ ਰਾਹ ਚੁਣਨ, ਇਕ ਖਿਆਲਵਾਦੀ ਹੋਣ ਦੀ ਥਾਂ ਬਹੁਲਵਾਦੀ ਹੋਣ ਅਤੇ ਨੱਕ-ਮੂੰਹ ਵੱਟਣ ਦੀ ਥਾਂ ਹਰ ਸੋਚ ਤੇ ਸੁਹਜ ਨੂੰ ਕਲਾਵੇ ਵਿਚ ਲੈਣ ਵਾਲੇ ਨਜ਼ੀਰ ਨੇ ਅੱਜ ਤੋਂ ਢਾਈ ਸਦੀਆਂ ਪਹਿਲਾਂ ਹੀ ਆਧੁਨਿਕਤਾਵਾਦ ਤੇ ਉਦਾਰਵਾਦ ਦੇ ਲੱਛਣ ਦਰਸਾਏ। ਜ਼ਿੰਦਗੀ ਦੇ ਹਰ ਰੰਗ ਦਾ ਆਪਣੇ ਕਾਵਿ ਰਾਹੀਂ ਜਸ਼ਨ ਮਨਾਉਣ ਦੇ ਬਾਵਜੂਦ ਨਜ਼ੀਰ ਨੇ ਤਰਕਸ਼ੀਲਤਾ, ਜਾਗਰੂਕਤਾ ਤੇ ਨਿਆਰਤਾ ਦੀ ਅਹਿਮੀਅਤ ਨੂੰ ਸਮਝਿਆ ਅਤੇ ਅਸਲਵਾਦ ਦਾ ਪੱਲਾ ਹਮੇਸ਼ਾ ਫੜੀ ਰੱਖਣ ਦਾ ਸੁਨੇਹਾ ਆਪਣੀ ਨਜ਼ਮ ‘ਆਦਮੀਨਾਮਾ’ ਦੇ ਇਸ ਬੰਦ ਰਾਹੀਂ ਇਨ੍ਹਾਂ ਸ਼ਬਦਾਂ ਨਾਲ ਦਿੱਤਾ:
ਅੱਛਾ ਭੀ ਆਦਮੀ ਹੀ ਕਹਿਤਾ ਹੈ, ਐ ਨਜ਼ੀਰ
ਔਰ ਸਭ ਮੇਂ ਜੋ ਬੁਰਾ ਹੈ, ਸੋ ਹੈ ਵੋਹ ਭੀ ਆਦਮੀ।
(ਅੰਗਰੇਜ਼ੀ ਪੁਸਤਕ ‘ਬੱਟ ਯੂ ਡੋਂਟ ਲੁੱਕ ਲਾਈਕ ਏ ਮੁਸਲਿਮ’ ਵਿਚੋਂ)

ਗੁਰੂ ਨਾਨਕ

ਕਹਿਤੇ ਹੈਂ ਨਾਨਕ ਸ਼ਾਹ ਜਿਨਹੇਂ ਵੋ ਪੂਰੇ ਹੈਂ ਆਗਾਹ1 ਗੁਰੂ
ਵੋ ਕਾਮਿਲ2 ਰਹਿਬਰ3 ਜਗ ਮੇਂ ਹੈਂ ਯੂੰ ਰੌਸ਼ਨ ਜੈਸੇ ਮਾਹ4 ਗੁਰੂ
ਮਕਸੂਦ5 ਮੁਰਾਦ ਉਮੀਦ ਸਭੀ ਬਰ ਲਾਤੇ ਹੈਂ ਦਿਲਖ਼ਵਾਹ ਗੁਰੂ
ਨਿਤ ਲੁਤਫ਼ੋ-ਕਰਮ6 ਸੇ ਕਰਤੇ ਹੈਂ ਹਮ ਲੋਗੋਂ ਕਾ ਨਿਰਵਾਹ ਗੁਰੂ
ਇਸ ਬਖ਼ਸ਼ਿਸ਼ ਕੇ ਇਸ ਅਜ਼ਮਤ7 ਕੇ ਹੈ ਬਾਬਾ ਨਾਨਕ ਸ਼ਾਹ ਗੁਰੂ
ਸਬ ਸੀਸ ਝੁਕਾ ਅਰਦਾਸ ਕਰੋ ਔਰ ਹਰਦਮ ਬੋਲੋ ਵਾਹ ਗੁਰੂ

ਹਰ ਆਨ ਦਿਲੋਂ ਵਿਚ ਯਾਂ ਅਪਨੇ ਜੋ ਧਿਆਨ ਗੁਰੂ ਕਾ ਲਾਤੇ ਹੈਂ
ਔਰ ਸੇਵਕ ਹੋਕਰ ਉਨਕੇ ਹੀ ਹਰ ਸੂਰਤ ਬੀਚ ਕਹਾਤੇ ਹੈਂ
ਗੁਰੂ ਅਪਨੀ ਲੁਤਫ਼ੋ-ਇਨਾਇਤ ਸੇ ਸੁਖ-ਚੈਨ ਉਸੇ ਦਿਲਵਾਤੇ ਹੈਂ
ਖੁਸ਼ ਰਖਤੇ ਹੈਂ ਹਰ ਉਨਹੇਂ ਸਬ ਉਨਕੇ ਕਾਜ ਬਨਾਤੇ ਹੈਂ
ਇਸ ਬਖ਼ਸ਼ਿਸ਼ ਕੇ ਇਸ ਅਜ਼ਮਤ ਕੇ ਹੈ ਬਾਬਾ ਨਾਨਕ ਸ਼ਾਹ ਗੁਰੂ
ਸਬ ਸੀਸ ਝੁਕਾ ਅਰਦਾਸ ਕਰੋ ਔਰ ਹਰਦਮ ਬੋਲੋ ਵਾਹ ਗੁਰੂ
– ਨਜ਼ੀਰ ਅਕਬਰਾਬਾਦੀ ਦੀ ਲੰਬੀ ਕਵਿਤਾ ਦਾ ਹਿੱਸਾ
ਔਖੇ ਸ਼ਬਦਾਂ ਦੇ ਅਰਥ:
1. ਗਿਆਨੀ, 2. ਪੂਰਨ, 3. ਪੱਥ-ਪ੍ਰਦਰਸ਼ਕ, 4. ਚੰਦਰਮਾ, 5. ਅਭਿਲਾਸ਼ਾ, 6. ਕਿਰਪਾ, 7. ਮਹਾਨਤਾ।


Comments Off on ਨਜ਼ੀਰ ਅਕਬਰਾਬਾਦੀ: ਆਮ ਆਦਮੀ ਦਾ ਸ਼ਾਇਰ
1 Star2 Stars3 Stars4 Stars5 Stars (1 votes, average: 1.00 out of 5)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.