ਭਾਰਤ ’ਚ ਸਰਕਾਰੀ ਸਿੱਖਿਆ ਅਣਦੇਖੀ ਦਾ ਸ਼ਿਕਾਰ ਹੈ, ਜਿਸ ਦਾ ਮੁੱਖ ਕਾਰਨ ਸਿੱਖਿਆ ਦਾ ਨਿੱਜੀਕਰਨ ਹੋਣਾ ਹੈ। ਸਰਕਾਰ ਵੀ ਨਿੱਜੀਕਰਨ ਨੂੰ ਭਾਰੀ ਹੁਲਾਰਾ ਦੇ ਰਹੀ ਹੈ ਤੇ ਇਸ ਕਾਰਨ ਸਿੱਖਿਆ ਮਹਿੰਗੀ ਹੋ ਰਹੀ ਹੈ। ਵਿੱਦਿਆਰਥੀ ਦੀ ਪ੍ਰਤਿਭਾ ਕਦੇ ਵੀ ਪੈਸਿਆਂ ਦੀ ਮੁਥਾਜ ਨਹੀਂ ਹੁੰਦੀ ਪਰ, ਇਸ ਨੂੰ ਬਣਾਇਆ ਜਾ ਰਿਹਾ ਹੈ, ਜਿਸ ਨਾਲ ਵਿੱਦਿਆਰਥੀ ਅੰਦਰਲੇ ਰਚਨਾਤਮਕ ਗੁਣਾਂ ਦਾ ਪੂਰਾ ਮੁੱਲ ਨਹੀਂ ਪੈਂਦਾ। ਪ੍ਰਤਿਭਾ ਤਾਂ ਕਿਸੇ ਗਰੀਬ ਘਰ ਵੀ ਪੈਦਾ ਹੋ ਸਕਦੀ ਹੈ, ਤਾਂ ਕੀ ਉਹ ਮਹਿੰਗੀ ਸਿੱਖਿਆ ਦੇ ਭਾਰ ਹੇਠਾਂ ਦਬ ਕੇ ਮਰ ਜਾਵੇਗੀ?
ਜਸਮਨਪ੍ਰੀਤ ਕੌਰ, ਪਿੰਡ ਜੋਗਾਨੰਦ, ਜ਼ਿਲ੍ਹਾ ਬਠਿੰਡਾ। ਸੰਪਰਕ: 94786-27752
ਵਿਦਵਾਨਾਂ ਨੇ ਵਿੱਦਿਆ ਨੂੰ ਮਨੁੱਖ ਦਾ ਤੀਜਾ ਨੇਤਰ ਵਰਗੇ ਵਿਸ਼ੇਸ਼ਣ ਦਿੱਤੇ ਹਨ, ਪਰ ਨਿੱਜੀਕਰਨ ਦੀਆਂ ਨੀਤੀਆਂ ਨੇ ਇਨ੍ਹਾਂ ਧਾਰਨਾਵਾਂ ਨੂੰ ਤਹਿਸ-ਨਹਿਸ ਕਰ ਦਿੱਤਾ ਹੈ। ਅੱਜ ਵਿੱਦਿਆ ਹਾਸਲ ਕਰਨੀ ਹਰੇਕ ਦੇ ਵੱਸ ਨਹੀਂ ਕਿਉਂਕਿ ਸਾਰੇ ਵਿੱਦਿਆਰਥੀ ਐਨੀਆਂ ਫੀਸਾਂ ਭਰਨ ਤੋਂ ਅਸਮਰੱਥ ਹਨ, ਖਾਸਕਰ ਦਲਿਤ ਤੇ ਕਮਜ਼ੋਰ ਵਰਗਾਂ ਦੇ ਵਿੱਦਿਆਰਥੀ। ਉਹ ਸਾਰਾ ਸਾਲ ਸਰਕਾਰ ਨੂੰ ਫੀਸ ਮੁਆਫੀ ਦੇ ਵਾਅਦੇ ਧਰਨੇ ਲਗਾ ਲਗਾ ਕੇ ਯਾਦ ਕਰਵਾਉਂਦੇ ਹਨ, ਪਰ ਸਰਕਾਰ ਦੇ ਵਾਅਦੇ ਵਫ਼ਾ ਨਹੀਂ ਹੁੰਦੇ। ਇੰਝ ਅੱਜ ਵੀ ਵਿਦਿਆਰਥੀਆਂ ਦੇ ਕੰਨਾਂ ਵਿੱਚ ਟੇਢੇ ਢੰਗ ਨਾਲ ਸਿੱਕਾ ਢਾਲ ਕੇ ਪਾਇਆ ਜਾ ਰਿਹਾ ਹੈ।
ਮਨਦੀਪ ਸਿੰਘ ਧਾਲੀਵਾਲ, ਪਿੰਡ ਰਸੂਲਪੁਰ (ਮੱਲਾ), ਜ਼ਿਲ੍ਹਾ ਲੁਧਿਆਣਾ।
ਹਰ ਮਾਂ-ਬਾਪ ਦਾ ਸੁਪਨਾ ਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਪੜ੍ਹ ਲਿਖ ਕੇ ਕੁਝ ਬਣੇ, ਪਰ ਮਹਿੰਗੀ ਵਿੱਦਿਆ ਕਾਰਨ ਭਾਰਤ ਦਾ ਵਿੱਦਿਅਕ ਢਾਂਚਾ ਡਗਮਗਾ ਗਿਆ ਹੈ। ਆਮ ਘਰਾਂ ਦੇ ਬੱਚਿਆਂ ਲਈ ਸਿਰਫ ਸਰਕਾਰੀ ਸਕੂਲ ਹਨ, ਜਿਨ੍ਹਾਂ ਦੀ ਹਾਲਤ ਤਰਸਯੋਗ ਹੈ। ਉਥੇ ਨਾ ਚੰਗੀ ਇਮਾਰਤ ਹੈ, ਨਾ ਸਾਰੇ ਵਿਸ਼ਿਆਂ ਦੇ ਅਧਿਆਪਕ। ਬਹੁਤ ਸਾਰੇ ਵਿਦਿਆਰਥੀਆਂ ਨੂੰ ਆਰਥਿਕ ਔਕੜਾਂ ਕਾਰਨ ਪੜ੍ਹਾਈ ਛੱਡਣੀ ਪੈਂਦੀ ਹੈ। ਸਰਕਾਰ ਨੂੰ ਸਰਕਾਰੀ ਵਿੱਦਿਅਕ ਅਦਾਰਿਆਂ ਵੱਲ ਝਾਤ ਮਾਰਨੀ ਚਾਹੀਦੀ ਹੈ, ਤਾਂ ਕਿ ਪ੍ਰਾਈਵੇਟ ਸਕੂਲਾਂ-ਕਾਲਜਾਂ ਵੱਲੋਂ ਮਾਪਿਆਂ ਦੀ ਲੁੱਟ ਨਾ ਹੋਵੇ।
ਸਿਮਰਜੀਤ ਕੌਰ ਚੌਹਾਨ, ਰਾਮਪੁਰਾ ਫੂਲ, ਜ਼ਿਲ੍ਹਾ ਬਠਿੰਡਾ।
ਈਮੇਲ: simmichauhan9001@gmail.com
ਕਦੇ ਉਹ ਵੀ ਸਮਾਂ ਸੀ, ਜਦੋਂ ਵਿੱਦਿਆ ਇਕ ਮਿਸ਼ਨ ਸੀ ਅਤੇ ਸਿੱਖਣ ਵਾਲੇ ਤੇ ਸਿਖਾਉਣ ਵਾਲੇ ਵਿਚਕਾਰ ਕੋਈ ਪੈਸੇ ਦੀ ਸੁਆਰਥ ਭਾਵਨਾ ਨਹੀਂ ਹੁੰਦੀ ਸੀ। ਪਰ ਅੱਜ ਦੇ ਯੁੱਗ ਵਿੱਚ ਅਧਿਆਪਕ ਤੇ ਵਿਦਿਆਰਥੀ ਦੇ ਰਿਸ਼ਤੇ ਵਿੱਚ ਬਦਲਾਅ ਆ ਰਹੇ ਹਨ, ਜਿਸ ਵਿੱਚ ਸਤਿਕਾਰ ਭਾਵਨਾ ਦੀ ਕਮੀ ਵੇਖੀ ਜਾ ਸਕਦੀ ਹੈ। ਇਸ ਪਿੱਛੇ ਅੱਜ ਦੀ ਮਹਿੰਗੀ ਵਿੱਦਿਆ ਕਿਤੇ ਨਾ ਕਿਤੇ ਜ਼ਿੰਮੇਵਾਰ ਹੈ, ਜਿਸ ਕਾਰਨ ਸਿੱਖਿਆ-ਪ੍ਣਾਲੀ ਆਪਣੇ ਉਦੇਸ਼ਾਂ ਤੋਂ ਭਟਕਦੀ ਜਾ ਰਹੀ ਹੈ। ਸਮਾਜ ਤੇ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।
ਰਾਜਵੀਰ ਕੌਰ ਚਹਿਲ (ਪੰਜਾਬੀ ਲੈਕਚਰਾਰ), ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ, ਦਿਉਣ, ਬਠਿੰਡਾ।
ਸਿੱਖਿਆ ਦੇ ਨਿੱਜੀਕਰਨ ਕਾਰਨ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਲਈ ਆਪਣੇ ਬੱਚਿਆਂ ਪੜ੍ਹਾਉਣਾ ਮੁਸ਼ਕਿਲ ਹੋ ਰਿਹਾ ਹੈ। ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ ਅਧਿਆਪਕਾਂ ਅਤੇ ਸਿੱਖਿਆ ਸਹੂਲਤਾਂ ਦੀ ਕਮੀ ਕਾਰਨ ਲੋਕ ਨਿੱਜੀ ਸੰਸਥਾਵਾਂ ਵੱਲ ਜਾਣ ਨੂੰ ਮਜਬੂਰ ਹੋ ਜਾਂਦੇ ਹਨ, ਜਿੱਥੇ ਮੋਟਿਆਂ ਫੀਸਾਂ ਵਸੂਲ ਕੇ ਉਨ੍ਹਾਂ ਦੀ ਅੰਨ੍ਹੀ ਲੁੱਟ ਕੀਤੀ ਜਾਂਦੀ ਹੈ। ਇਸ ਕਾਰਨ ਬਹੁਤ ਸਾਰੇ ਬੱਚੇ ਪੜ੍ਹਾਈ ਅੱਧ-ਵਿਚਾਲੇ ਛੱਡ ਜਾਂਦੇ ਹਨ, ਜਿਸ ਨਾਲ ਦੇਸ਼ ਵਿੱਚ ਚੰਗੇ ਇੰਜਨੀਅਰਾਂ ਅਤੇ ਡਕਟਰਾਂ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ।
ਗੁਰਵਿੰਦਰ ਸਿੰਘ ਸਿੱਧੂ, ਪੰਜਾਬ ਕਾਲਜ ਆਫ਼ ਐਜੂਕੇਸ਼ਨ, ਕੋਟ ਸ਼ਮੀਰ, ਬਠਿੰਡਾ।
ਸੰਪਰਕ: 94658-26040
ਪੁਰਾਣੇ ਸਮੇਂ ਵਿੱਚ ਕਿਹਾ ਜਾਂਦਾ ਸੀ ਗਿਆਨ ਵੰਡਣ ਨਾਲ ਵਧਦਾ ਹੈ, ਪਰ ਹੁਣ ਗਿਆਨ ਦੀ ਭਾਰੀ ਕੀਮਤ ਦੇਣੀ ਪੈਂਦੀ ਹੈ। ਦੇਸ਼ ਵਿੱਚ ਨਿੱਜੀ ਕਾਲਜ-ਯੂਨੀਵਰਸਿਟੀਆਂ ਤੇਜ਼ੀ ਨਾਲ ਖੁੱਲ੍ਹ ਰਹੇ ਹਨ, ਪਰ ਸਿਰਫ਼ ਮੁਨਾਫ਼ੇ ਵਾਸਤੇ। ਸਿੱਖਿਆ ਮਹਿੰਗੀ ਹੁੰਦੀ ਜਾ ਰਹੀ ਹੈ, ਰੁਜ਼ਗਾਰ ਘਟ ਰਹੇ ਹਨ। ਦੁਨੀਆਂ ਭਰ ਦੇ ਕੋਰਸ ਸ਼ੁਰੂ ਕੀਤੇ ਜਾਂਦੇ ਹਨ, ਪਰ ਡਿਗਰੀ ਤੋਂ ਬਾਅਦ ਤਨਖ਼ਾਹ ਨਾਂਮਾਤਰ ਮਿਲਦੀ ਹੈ। ਲੱਖਾਂ ਦੀ ਸਿੱਖਿਆ ਕੱਖਾਂ ਬਰਾਬਰ ਹੋ ਰਹੀ ਹੈ। ਸਰਕਾਰ ਸਿੱਖਿਆ ਨੂੰ ਸਸਤਾ ਕਰੇ ਅਤੇ ਰੁਜ਼ਗਾਰ ਦੇ ਸਾਧਨ ਵਧਾਵੇ, ਕਿਉਂਕਿ ‘21ਵੀਂ ਸਦੀ ਕਰੇ ਪੁਕਾਰ, ਪੜ੍ਹਨ ਦਾ ਹੈ ਸਭ ਨੂੰ ਅਧਿਕਾਰ।’
ਭਾਵਨਾ, ਰਾਜਪੁਰਾ, ਜ਼ਿਲ੍ਹਾ ਪਟਿਆਲਾ।
ਸੰਪਰਕ: 98774-60179
ਵਿੱਦਿਆ ਦੇਣਾ ਕਦੇ ਪੁੰਨ ਦਾ ਕੰਮ ਹੋਇਆ ਕਰਦਾ ਸੀ, ਪਰ ਅੱਜ ਵਿੱਦਿਆ ਕਮਾਈ ਦਾ ਬਹੁਤ ਵੱਡਾ ਸਾਧਨ ਬਣ ਗਈ ਹੈ। ਦਿਨ-ਬ-ਦਿਨ ਵਿੱਦਿਆ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦੀ ਜਾ ਰਹੀ ਹੈ। ਅਮੀਰ ਨਿੱਜੀ ਘਰਾਣਿਆਂ ਵੱਲੋ ਖੋਲ੍ਹੀਆਂ ਵਿੱਦਿਅਕ ਸੰਸਥਾਵਾਂ ਜਿੱਥੇ ਮਹਿੰਗੀ ਵਿੱਦਿਆ ਦੇ ਰਹੀਆਂ ਹਨ, ਉਥੇ ਵਿੱਦਿਆ ਦਾ ਮਿਆਰ ਵੀ ਹੇਠਾਂ ਲਿਆ ਰਹੀਆਂ ਹਨ। ਵਿੱਦਿਆ ਦਾ ਹੋ ਰਿਹਾ ਵਪਾਰੀਕਰਨ ਆਮ ਲੋਕਾਂ ਤੋਂ ਉਨ੍ਹਾਂ ਦਾ ਵਿੱਦਿਆ ਦਾ ਬੁਨਿਆਦੀ ਹੱਕ ਖੋਹ ਰਿਹਾ ਹੈ, ਜੋ ਭਵਿੱਖ ਲਈ ਚੰਗਾ ਸੰਕੇਤ ਨਹੀਂ।
ਜਗਮੀਤ ਸਿੰਘ, ਪਿੰਡ ਦੋਦਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ। ਸੰਪਰਕ: 95172-00260
ਅੱਜ ਸਵਾਲ ਖੜ੍ਹਾ ਹੁੰਦਾ ਕਿ ਲੱਖਾਂ ਰੁਪਏ ਫੀਸਾਂ ਲੈਣ ਵਾਲੇ ਸਕੂਲਾਂ-ਕਾਲਜਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਦਾ ਭਵਿੱਖ ਕੀ ਸੁਰੱਖਿਅਤ ਹੈ? ਕਿਹਾ ਜਾਂਦਾ ਹੈ ਕਿ ਨੌਜਵਾਨ ਸਾਡੇ ਮੁਲਕ ਦੀ ਨੀਂਹ ਹੈ, ਪਰ ਇਹ ਨੀਂਹਾਂ ਨਿੱਜੀ ਸਿੱਖਿਆ ਅਦਾਰਿਆਂ ਹੱਥੋਂ ਲੁੱਟ, ਸਮੁੱਚੇ ਸਿੱਖਿਆ ਤੰਤਰ ਵਿੱਚ ਸਿਆਸੀ ਦਖ਼ਲਅੰਦਾਜ਼ੀ ਆਦਿ ਕਾਰਨ ਕਮਜ਼ੋਰ ਹੋ ਰਹੀਆਂ ਹਨ। ਕਿਹਾ ਜਾ ਸਕਦਾ ਹੈ: “ਨਿੱਤ ਨਵੇਂ ਬਦਲਦੇ ਲੀਡਰ ਤੇ ਸਰਕਾਰਾਂ/ ਰਾਜਨੀਤੀ ਵਿੱਚ ਆ ਕੇ ਲੁੱਟਦੇ ਇਹ ਬਹਾਰਾਂ/ ਸਿਰਫ਼ ਇਨ੍ਹਾਂ ਕਰਕੇ ਵਿਦੇਸ਼ਾ ‘ਚ ਬਨਵਾਸ ਲੈ ਲਿਆ/ ਲੱਖਾਂ ਗੱਭਰੂਆਂ ਤੇ ਮੁਟਿਆਰਾਂ।”
ਪਵਨਪ੍ਰੀਤ ਕੌਰ, ਅਸਿਸਟੈਂਟ ਪ੍ਰੋਫੈਸਰ (ਪੰਜਾਬੀ), ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ, ਦਿਉਣ, ਬਠਿੰਡਾ।
ਮਹਿੰਗੀ ਵਿੱਦਿਆ ਹਾਸਿਲ ਕਰਨੀ ਅੱਜ ਦੇ ਨੌਜਵਾਨ ਵਰਗ ਲਈ ਵੱਡੀ ਸਮੱਸਿਆ ਹੈ। ਗਰੀਬ ਪਰਿਵਾਰ ਦਾ ਬੱਚਾ ਆਪਣੇ ਭਵਿੱਖ ਨੂੰ ਉਜਵਲ ਬਣਾਉਣ ਦੇ ਸੁਪਨੇ ਜ਼ਰੂਰ ਸਿਰਜਦਾ, ਪਰ ਨਿੱਜੀ ਸਿੱਖਿਅਕ ਅਦਾਰਿਆਂ ਦੀ ਮੋਟੀਆਂ ਫ਼ੀਸਾਂ ਉਸ ਦੇ ਸੁਪਨੇ ਤੋੜ ਕੇ ਉਸ ਨੂੰ ਬੇਰੁਜ਼ਗਾਰੀ ਦੇ ਰਾਹ ਤੋਰ ਦਿੰਦੀਆਂ ਹਨ। ਸਰਕਾਰ ਸਰਕਾਰੀ ਅਦਾਰਿਆਂ ਵਿੱਚ ਲੋੜੀਂਦੀਆਂ ਸਿੱਖਿਅਕ ਸਹੂਲਤਾਂ ਮੁਹੱਈਆ ਕਰਵਾਏ, ਤਾਂ ਕੋਈ ਬੱਚਾ ਨਿੱਜੀ ਅਦਾਰਿਆਂ ਦੀਆਂ ਮੋਟੀਆਂ ਫ਼ੀਸਾਂ ਦੀ ਮਾਰ ਹੇਠਾਂ ਕਦੇ ਨਹੀਂ ਆਵੇਗਾ ਤੇ ਉਸ ਦੇ ਉਸਾਰੂ ਭਵਿੱਖ ਨਾਲ਼ ਜੁੜੇ ਸੁਪਨੇ ਨਹੀਂ ਟੁੱਟਣਗੇ।
ਚਮਕੌਰ ਸਿੰਘ ਚਹਿਲ, ਐਮਪੀਐੱਡ,
ਪਿੰਡ ਚੱਕ ਅਲੀਸ਼ੇਰ, ਮਾਨਸਾ।
ਸਰਕਾਰੀ ਵਿੱਦਿਅਕ ਅਦਾਰਿਆਂ ਦੇ ਅਧਿਆਪਕ ਭਾਵੇਂ ਕਾਬਿਲ ਤੇ ਮਾਹਿਰ ਹੁੰਦੇ ਹਨ, ਪਰ ਇਨ੍ਹਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਅਕਸਰ ਪ੍ਰਾਈਵੇਟ ਵਿਦਿਆਰਥੀਆਂ ਨਾਲੋਂ ਪਛੜ ਜਾਂਦੇ ਹਨ। ਪ੍ਰਾਈਵੇਟ ਅਦਾਰਿਆਂ ਦੀਆਂ ਫ਼ੀਸਾਂ ਮੱਧ ਵਰਗ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ ਤੇ ਗ਼ਰੀਬ ਘਰਾਂ ਦੇ ਬੱਚੇ ਵਿੱਦਿਆ ਮਹਿੰਗੀ ਹੋਣ ਕਾਰਨ ਮਾਰ ਖਾ ਜਾਂਦੇ ਹਨ। ਸਰਕਾਰੀ ਅਦਾਰਿਆਂ ਵਿੱਚ ਸਹੂਲਤਾਂ ਦੀ ਘਾਟ ਕਾਰਨ ਉਨ੍ਹਾਂ ਦਾ ਬਹੁਪੱਖੀ ਵਿਕਾਸ ਨਹੀਂ ਹੁੰਦਾ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਫ਼ੀਸਾਂ ਘਟਾਉਣ ਤੇ ਸਰਕਾਰੀ ਅਦਾਰਿਆਂ ਨੂੰ ਪ੍ਰਾਈਵੇਟ ਅਦਾਰਿਆਂ ਬਰਾਬਰ ਲਿਆਉਣ ਲਈ ਯਤਨ ਕਰੇ।
ਜਗਪ੍ਰੀਤ ਸਿੰਘ, ਫੇਜ਼-9, ਮੁਹਾਲੀ। ਸੰਪਰਕ: 98767-48777