ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ

Posted On July - 4 - 2019

ਸਰਕਾਰਾਂ ਨੇ ਹੀ ਡੇਗਿਆ ਸਿੱਖਿਆ ਦਾ ਮਿਆਰ

ਸਿੱਖਿਆ ਸਾਡਾ ਮੁੱਢਲਾ ਤੇ ਜਮੂਹਰੀ ਹੱਕ ਹੈ, ਪਰ ਸਰਕਾਰਾਂ ਨੇ ਗਿਣ-ਮਿੱਥ ਕੇ ਸਰਕਾਰੀ ਸਿੱਖਿਆ ਦਾ ਮਿਆਰ ਡੇਗ ਦਿੱਤਾ ਹੈ। ਪ੍ਰਾਈਵੇਟ ਅਦਾਰਿਆ ਵੱਲੋਂ ਸਿੱਖਿਆ ਮਹਿੰਗੀ ਕਰ ਕੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ। ਸਰਕਾਰੀ ਦਾਅਵਿਆਂ ਵਿਚ ਭਾਵੇਂ ਮੁਢਲੀ ਸਿੱਖਿਆ ਮੁਫਤ ਤੇ ਲਾਜ਼ਮੀ ਹੈ ਪਰ ਇਸ ਦੀ ਸੱਚਾਈ ਕਿਸੇ ਤੋਂ ਲੁਕੀ ਨਹੀਂ। ਢਿੱਗਦੇ ਮਿਆਰ ਕਾਰਨ ਸਾਡੀ ਸਿੱਖਿਆ ਨਵੇਂ ਰੁਜ਼ਗਾਰ ਵਸੀਲੇ ਨਹੀਂ ਸਿਰਜ ਰਹੀ ਤੇ ਨੌਜਵਾਨਾਂ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਨ ਲਈ ਮਜਬੂਰ ਹਨ। ਮਿਹਨਤਕਸ਼ ਮਜ਼ਦੂਰਾਂ ਦੀ ਪਹੁੰਚ ਤੋਂ ਤਾਂ ਸਿੱਖਿਆ ਕੋਹਾਂ ਦੂਰ ਹੁੰਦੀ ਜਾ ਰਹੀ ਹੈ।

ਰਵੀ ਜੱਖੂ, ਲੁਧਿਆਣਾ। ਸੰਪਰਕ: 97800-44318

ਨੌਜਵਾਨ ਆਪ ਚਲਾਉਣ ਆਪਣੇ ਪਿੰਡਾਂ ’ਚ ਪ੍ਰਾਈਵੇਟ ਸਕੂਲ

ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਜਿਥੇ ਬੜੀ ਘੱਟ ਹੁੰਦੀ ਹੈ, ਉਥੇ ਸ਼ਹਿਰਾਂ ਦੇ ਕਾਨਵੈਂਟ ਸਕੂਲ ਬੱਚਿਆਂ ਨਾਲ ਭਰੇ ਹਨ, ਜਿਨ੍ਹਾਂ ਦੀਆਂ ਭਾਰੀ ਫੀਸਾਂ ਹਨ ਹਾਲਾਂਕਿ ਅਜਿਹਾ ਕਈ ਸਕੂਲਾਂ ਵਿਚ ਪਿੰਡਾਂ ਦੇ ਨੌਜਵਾਨ ਹੀ ਨਿਗੂਣੇ ਵੇਤਨ ’ਤੇ ਪੜ੍ਹਾਉਂਦੇ ਹਨ। ਇਸ ਦੇ ਉਲਟ ਸਰਕਾਰੀ ਸਕੂਲਾਂ ਵਿੱਚ ਕਈ-ਕਈ ਅਧਿਆਪਕ ਹੁੰਦੇ ਹਨ, ਜਿਨ੍ਹਾਂ ਦੀਆਂ ਤਨਖ਼ਾਹਾਂ ’ਤੇ ਸਰਕਾਰ ਦੇ ਲੱਖਾਂ ਰੁਪਏ ਜਾਂਦੇ ਹਨ। ਅਸੀਂ ਸ਼ਹਿਰਾਂ ਦੇ ਮਹਿੰਗੇ ਸਕੂਲਾਂ ਨੂੰ ਫੀਸਾਂ ਵਜੋਂ ਅੱਡ ਪੈਸਾ ਲੁਟਾਉਂਦੇ ਹਾਂ। ਅੱਜ ਲੋੜ ਹੈ ਕਿ ਨੌਜਵਾਨ ਆਪਣੇ ਪਿੰਡ ਵਾਸੀਆਂ ਨੂੰ ਜਾਗਰੂਕ ਕਰਕੇ ਐਨਆਰਆਈਜ਼ ਦੇ ਸਹਿਯੋਗ ਨਾਲ ਪਿੰਡਾਂ ਵਿਚ ਹੀ ਚੰਗੇ ਪ੍ਰਾਈਵੇਟ ਸਕੂਲ ਚਲਾਉਣ।

ਹਰਵਿੰਦਰ ਸਿੰਘ ਰੋਡੇ, ਪੱਤੀ ਮੇਹਰਾ,
ਪਿੰਡ ਤੇ ਡਾਕ: ਰੋਡੇ, ਜ਼ਿਲ੍ਹਾ ਮੋਗਾ।
ਸੰਪਰਕ: 98889-79308

ਦੇਸ਼ ਵਿਚ ਸਭ ਲਈ ਵਿੱਦਿਆ ਮੁਫ਼ਤ ਕੀਤੀ ਜਾਵੇ

‘ਵਿੱਦਿਆਹੀਣ ਨਰ, ਪਸ਼ੂ ਸਮਾਨ’ ਕਹਾਵਤ ਮੁਤਾਬਕ ਗਿਆਨ ਤੋਂ ਬਿਨਾਂ ਇਨਸਾਨ ਦੀ ਜ਼ਿੰਦਗੀ ਵਿਅਰਥ ਜਿਹੀ ਹੈ। ਇਸ ਦੇ ਬਾਵਜੂਦ ਦੇਸ਼ ਵਿਚ ਵਿੱਦਿਆ ਸਮੇਂ ਦੀ ਹਾਣੀ ਨਾ ਹੋ ਕੇ ਵੀ ਮਹਿੰਗੀ ਹੈ। ਆਮ ਲੋਕਾਂ ਦੇ ਬੱਚੇ ਮਿਆਰੀ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਹਨ। ਜ਼ਰੂਰੀ ਹੈ ਕਿ ਭਾਰਤ ਵਿਚ ਵੀ ਵਿਦੇਸ਼ਾਂ ਵਾਂਗ ਵਿੱਦਿਆ ਮੁਫ਼ਤ ਹੋਵੇ। ਸਰਕਾਰ ਨੂੰ ਪੜ੍ਹਾਈ ਹੀ ਮੁਫ਼ਤ ਨਹੀਂ ਕਰਨੀ ਚਾਹੀਦੀ, ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਕਰਨੇ ਚਾਹੀਦੇ ਹਨ ਤੇ ਉਨ੍ਹਾਂ ਨੂੰ ਖੇਡਾਂ ਆਦਿ ਵੱਲ ਵੀ ਲਾਉਣਾ ਚਾਹੀਦਾ ਹੈ।

ਤਰਜਿੰਦਰ ਸਿੰਘ ਰੰਧਾਵਾ, ਡੇਰਾ ਬਾਬਾ
ਨਾਨਕ, ਜ਼ਿਲ੍ਹਾ ਗੁਰਦਾਸਪੁਰ।
ਸੰਪਰਕ: 87259-64506

ਸਿਆਸਤਦਾਨ ਵੀ ਜ਼ਿੰਮੇਵਾਰ

ਆਪਣੇ ਮੁਫ਼ਾਦਾਂ ਲਈ ਦੇਸ਼ ਦੇ ਸਿਆਸਤਦਾਨ ਸਭ ਕਾਸੇ ਦੇ ਨਿੱਜੀਕਰਨ ਵਿੱਚ ਲੱਗੇ ਹਨ। ਸਿੱਖਿਆ ਦਾ ਨਿੱਜੀਕਰਨ ਵੀ ਇਸੇ ਦਾ ਹਿੱਸਾ ਹੈ। ਵੱਡੀਆਂ ਵੱਡੀਆਂ ਇਮਾਰਤਾਂ ਵਿੱਚ ਚਲ ਰਹੇ ਪ੍ਰਾਈਵੇਟ ਸਿੱਖਿਆ ਅਦਾਰੇ ਇਨ੍ਹਾਂ ਸਿਆਸਤਦਾਨਾਂ ਜਾਂ ਇਨ੍ਹਾਂ ਦੇ ਕਰੀਬੀਆਂ ਦੇ ਹਨ, ਜਿੱਥੇ ਸਿੱਖਿਆ ਦੇ ਨਾਮ ’ਤੇ ਸਿਰਫ਼ ਵਪਾਰ ਚਲਦਾ ਹੈ। ਇਨ੍ਹਾਂ ਅਦਾਰਿਆਂ ਦੀਆਂ ਫ਼ੀਸਾਂ ਐਨੀਆਂ ਜ਼ਿਆਦਾ ਹਨ ਕਿ ਗਰੀਬਾਂ ਦੇ ਬੱਚੇ ਉਥੇ ਵੜਨ ਬਾਰੇ ਵੀ ਨਹੀਂ ਸੋਚ ਸਕਦੇ। ਇੰਜਨੀਅਰਿੰਗ ਅਤੇ ਡਾਕਟਰੀ ਦੀ ਪੜ੍ਹਾਈ ਵਿੱਚ ਲੱਖਾਂ ਰੁਪਏ ਲੱਗਦੇ ਹਨ, ਜੋ ਹਰ ਕਿਸੇ ਦੇ ਵੱਸ ਵਿਚ ਨਹੀਂ।

ਚਰਨਜੀਤ ਸਿੰਘ ਰਾਜੌਰ, ਸਰਕਾਰੀ ਹਾਈ ਸਕੂਲ ਘੜਾਮ, ਪਟਿਆਲਾ। ਸੰਪਰਕ: 84279-29558

ਮਹਿੰਗੀ ਸਿੱਖਿਆ ਨੌਜਵਾਨਾਂ ਨਾਲ ਕੋਝਾ ਮਜ਼ਾਕ

‘ਜਮਹੂਰੀਅਤ’ ਦੀ ਮਿਸਾਲ ਵਜੋਂ ਪੇਸ਼ ਕੀਤੇ ਜਾਂਦੇ ਭਾਰਤ ਵਿੱਚ ਆਜ਼ਾਦੀ ਦੇ 72 ਵਰ੍ਹਿਆਂ ਮਗਰੋਂ ਵੀ ਨੌਜਵਾਨਾਂ ਨਾਲ ਸਿੱਖਿਆ ਪੱਖੋਂ ਕੋਝਾ ਮਜ਼ਾਕ ਹੋ ਰਿਹਾ ਹੈ। ਸਰਕਾਰੀ ਵਿੱਦਿਅਕ ਅਦਾਰਿਆਂ ਨੂੰ ਸਿਰਫ ਗਰੀਬਾਂ ਦੇ ਬੱਚਿਆਂ ਲਾਇਕ ਕਹੇ ਜਾਣ ’ਤੇ ਵਧੇਰੇ ਗਿਣਤੀ ਨਿੱਜੀ ਸਿੱਖਿਆ ਅਦਾਰਿਆਂ ਦਾ ਰੁਖ਼ ਅਖ਼ਤਿਆਰ ਕਰਦੀ ਹੈ, ਜਿਥੇ ਪੈੱਨ, ਪੈਨਸਿਲਾਂ, ਕਿਤਾਬਾਂ, ਕਾਪੀਆਂ, ਵਰਦੀਆਂ ਆਦਿ ਮਰਜ਼ੀ ਅਨੁਸਾਰ ਲਾਉਣ ਦਾ ਰੁਝਾਨ ਕੁਝ ਕੁ ਧਨਾਡਾਂ ਦੀਆਂ ਜੇਬਾਂ ਭਰਦਾ ਹੈ। ਇਸ ਦੇ ਬਾਵਜੂਦ ‘ਪੜ੍ਹੇਗਾ ਇੰਡੀਆ ਤਭੀ ਬੜ੍ਹੇਗਾ ਇੰਡੀਆ’ ਜਿਹੇ ਲੋਕ ਲੁਭਾਵਣੇ ਨਾਅਰਿਆਂ ਰਾਹੀਂ ਜਨਤਾ ਦੀਆਂ ਅੱਖਾਂ ਵਿਚ ਘੱਟਾ ਪਾਇਆ ਜਾਂਦਾ ਹੈ।

ਅਮਿਤਪਾਲ ਸਿੰਘ, ਲੁਧਿਆਣਾ।
ਸੰਪਰਕ: 80544-97955

ਮਹਿੰਗੀ ਵਿੱਦਿਆ ਲਈ ਮਾਪੇ ਵੀ ਦੋਸ਼ੀ

ਮਹਿੰਗੀ ਹੋ ਰਹੀ ਵਿਦਿਆ ਚਿੰਤਾ ਦਾ ਵਿਸ਼ਾ ਹੈ, ਭਵਿੱਖ ਵਿੱਚ ਇਸ ਦੇ ਭਿਆਨਕ ਨਤੀਜੇ ਨਿਕਲਣਗੇ। ਅੱਜ-ਕੱਲ੍ਹ ਨਿੱਜੀ ਅਦਾਰਿਆਂ ਲਈ ਸਿੱਖਿਆ ਕਮਾਈ ਦਾ ਸਾਧਨ ਹੈ, ਸਹੂਲਤਾਂ ਦੇ ਨਾਮ ਉਪਰ ਵਿਦਿਆ ਦਿਨ-ਬ-ਦਿਨ ਮਹਿੰਗੀ ਕੀਤੀ ਜਾ ਰਹੀ ਹੈ। ਮਾਪੇ ਵੀ ਕੁਝ ਹੱਦ ਤੱਕ ਇਸਦੇ ਜ਼ਿੰਮੇਵਾਰ ਹਨ, ਕਿਉਂਕਿ ਮਹਿੰਗੇ ਸਕੂਲਾਂ ਨੂੰ ਸਟੇਟਸ ਸਿੰਬਲ ਵਜੋਂ ਵੀ ਦੇਖਿਆ ਜਾਂਦਾ ਹੈ। ਸਰਕਾਰਾਂ ਵੀ ਸਰਕਾਰੀ ਵਿਦਿਅਕ ਅਦਾਰਿਆਂ ਦੀਆਂ ਫੀਸਾਂ ਲਗਾਤਾਰ ਵਧਾ ਰਹੀਆਂ ਹਨ। ਜੇ ਇਹ ਨਾ ਰੋਕਿਆ ਗਿਆ ਤਾਂ ਜਲਦੀ ਹੀ ਵਿਦਿਆ ਆਮ ਆਦਮੀ ਦੀ ਪਹੁੰਚ ਤੋਂ ਦੂਰ ਚਲੀ ਜਾਵੇਗੀ।

ਹਰਪ੍ਰੀਤ ਸਿੰਘ, ਪਿੰਡ ਭੱਟੀਵਾਲ ਖੁਰਦ, ਤਹਿਸੀਲ ਭਵਾਨੀਗੜ੍ਹ, ਸੰਗਰੂਰ। ਸੰਪਰਕ: 94652-74800

ਸਿੱਖਿਆ ਲਈ ਨਵੀਆਂ ਨੀਤੀਆਂ ਅਪਣਾਉਣ ਦੀ ਲੋੜ

ਸਿੱਖਿਆ ਅੱਜ ਬਹੁਤ ਮਹਿੰਗੀ ਹੋ ਗਈ ਹੈ। ਅਸੀਂ ਆਪਣੇ ਬੱਚਿਆਂ ਨੂੰ ਸਕੂਲ ਪੜ੍ਹਨ ਲਈ ਮਹਿੰਗੇ ਤੋਂ ਮਹਿੰਗੇ ਸਿੱਖਿਆ ਅਦਾਰਿਆਂ ਵਿੱਚ ਭੇਜਦੇ ਹਾਂ, ਤਾਂ ਕਿ ਸਾਡੇ ਬੱਚੇ ਨਾਲੋਂ ਗਵਾਂਢੀਆਂ ਦੇ ਬੱਚੇ ਦਾ ਸਕੂਲ ਵੱਡਾ ਨਾ ਹੋਵੇ। ਅਸੀਂ ਆਪਣੇ ਬੱਚਿਆਂ ਵਿੱਚ ਮੇਲਜੋਲ ਵਾਲੀ ਭਾਵਨਾ ਘਟਾ ਕੇ ਇੱਕ-ਦੂਜੇ ਵਿੱਚ ਹੀਣਤਾ ਦੀ ਭਾਵਨਾ ਵਧਾ ਰਹੇ ਹਾਂ। ਪ੍ਰਾਈਵੇਟ ਅਦਾਰਿਆਂ ਵਿਚ ਮਾਪਿਆਂ ਤੋਂ ਪੈਸੇ ਬਟੋਰਨ ਲਈ ਨਿੱਤ-ਨਵੇਂ ਡਰਾਮੇ ਕੀਤੇ ਜਾਂਦੇ ਹਨ ਤੇ ਨਵੇਂ-ਨਵੇਂ ਰਸਤੇ ਤਲਾਸ਼ੇ ਜਾਂਦੇ ਹਨ। ਸਰਕਾਰ ਨੂੰ ਸਿੱਖਿਆ ਨੀਤੀਆਂ ਸਬੰਧੀ ਨਵੇਂ ਪ੍ਰੋਗਰਾਮ ਉਲੀਕਣੇ ਚਾਹੀਦੇ ਹਨ।

ਅਮਨਦੀਪ ਕੌਰ, ਕਾਲਾਬੂਲਾ, ਸੰਗਰੂਰ।

ਮਹਿੰਗੀ ਸਿੱਖਿਆ ਬਣ ਰਹੀ ਸਮੱਸਿਆਵਾਂ ਦਾ ਕਾਰਨ

ਸਰਕਾਰਾਂ ਆਪਣੀਆਂ ਨੀਤੀਆਂ ਵਿਚ ਸਿੱਖਿਆ ਨੂੰ ਤਰਜੀਹ ਨਹੀਂ ਦਿੰਦੀਆਂ ਤੇ ਦੂਜਾ ਮਿਆਰੀ ਸਿੱਖਿਆ ਮਹਿੰਗੀ ਹੋਣ ਕਾਰਨ ਆਮ ਵਰਗ ਦੇ ਵੱਸ ਦੀ ਨਹੀਂ ਰਹੀ। ਤੀਜਾ ਸਾਰਿਆਂ ਸਿੱਖਿਆ ਸੰਸਥਾਵਾਂ ਮਿਆਰੀ ਨਹੀਂ ਹਨ, ਜਿਸ ਕਾਰਨ ਮਜਬੂਰਨ ਵਿਦਿਆਰਥੀਆਂ ਨੂੰ ਪ੍ਰਾਈਵੇਟ ਅਦਾਰਿਆਂ ਵੱਲ ਰੁਖ਼ ਕਰਨਾ ਪੈਂਦਾ ਹੈ, ਜਿਥੇ ਵਿੱਦਿਆ ਬਹੁਤ ਮਹਿੰਗੀ ਹੈ। ਸਿੱਟੇ ਵਜੋਂ ਵਿਦੇਸ਼ਾਂ ਵੱਲ ਪਰਵਾਸ, ਬੇਰੁਜ਼ਗਾਰੀ, ਨਸ਼ਾ ਅਤੇ ਹੋਰ ਸਮਾਜਿਕ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ। ਜ਼ਰੂਰੀ ਹੈ ਕਿ ਸਾਰੇ ਦੇਸ਼ ਲਈ ਇੱਕੋ ਜਿਹੀ ਸਿੱਖਿਆ ਨੀਤੀ ਉਲੀਕੀ ਜਾਵੇ।

ਰੁਪਿੰਦਰ ਸਿੰਘ, ਟਾਵਰ ਕਲੋਨੀ, ਮੋਰਿੰਡਾ, ਜ਼ਿਲ੍ਹਾ ਰੂਪਨਗਰ। ਸੰਪਰਕ: 99148-20033

ਮਹਿੰਗੀ ਸਿੱਖਿਆ ਗ਼ਰੀਬਾਂ ਲਈ ਮਾਰੂ

ਜੇ ਇਕ ਵਾਰ ਖੰਡ ਪਾ ਕੇ ਦੁੱਧ ਪੀ ਲਿਆ ਤਾਂ ਦੁਬਾਰਾ ਖੰਡ ਬਿਨਾਂ ਦੁੱਧ ਸੁਆਦ ਨਹੀਂ ਲੱਗਦਾ। ਇਸੇ ਤਰ੍ਹਾਂ ਪੰਜਾਬੀਆਂ ਦੇ ਦਿਮਾਗ਼ ’ਚ ਮਹਿੰਗੀ ਸਿੱਖਿਆ ਘੁਲ਼ ਗਈ ਹੈ ਤੇ ਸੋਚ ਇਹ ਬਣ ਗਈ ਕਿ ਜਿੰਨਾ ਮਹਿੰਗਾ ਸਕੂਲ/ਕਾਲਜ ਉਂਨੀ ਵਧੀਆ ਸਿੱਖਿਆ। ਇਸ ਦਾ ਮਾਰੂ ਪ੍ਰਭਾਵ ਗਰੀਬਾਂ ’ਤੇ ਪੈਂਦਾ ਹੈ, ਜਿਨ੍ਹਾਂ ਨੂੰ ਬਰਾਬਰੀ ਤਾਂ ਕੀ ਮਿਲਣੀ, ਮਹਿੰਗਾਈ ਉਨ੍ਹਾਂ ਦਾ ਲੱਕ ਤੋੜ ਰਹੀ ਹੈ ਤੇ ਉਹ ਮਹਿੰਗੀ ਸਿੱਖਿਆ ਦੀ ਸੋਚ ਵੀ ਨਹੀਂ ਸਕਦੇ। ਫਿਰ ਮਹਿੰਗੇ ਕਾਲਜਾਂ ਦੇ ਪੜ੍ਹੇ ਨੌਜਵਾਨ ਗਰੀਬਾਂ ਨੂੰ ਘ੍ਰਿਣਾ ਨਾਲ ਦੇਖਦੇ ਹਨ।

ਗੁਰਪ੍ਰੀਤ ਕੌਰ, ਕੱਲ੍ਹੋ, ਜ਼ਿਲ੍ਹਾ ਮਾਨਸਾ।
ਸੰਪਰਕ: 98765-24901


Comments Off on ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.