ਨਵੀਂ ਸਿੱਖਿਆ ਨੀਤੀ ਅਤੇ ਅਧਿਆਪਨ ਸਿੱਖਿਆ !    ਮੈਂ ਲਾਚਾਰ ਸਰਕਾਰੀ ਸਕੂਲ ਬੋਲਦਾਂ…… !    ਵੱਡੀ ਉਮਰ ਦਾ ਗੱਠੀਆ (ਓਸਟੀਓ ਆਰਥਰਾਈਟਿਸ) !    ਮੰਦੀ ਤੋਂ ਧਿਆਨ ਭਟਕਾਉਣ ਲਈ ਐੱਨਆਰਸੀ ਦਾ ਰੌਲਾ ਪਾਇਆ: ਸੀਪੀਆਈਐੱਮ !    ਦੂਜਿਆਂ ਦੀ ਸੋਚ ਦਾ ਵਿਰੋਧ ਕਰਨ ਵਾਲੇ ਜਮਹੂਰੀਅਤ ਦੇ ਦੁਸ਼ਮਣ: ਦੇਬਰੀਤੋ !    ਜ਼ਿਮਨੀ ਚੋਣਾਂ ’ਚ ਖਿੱਲਰਿਆ ਪੀਡੀਏ !    ਬਟਾਲਾ ਧਮਾਕਾ: ਪੁਲੀਸ ਨੂੰ ਫੋਰੈਂਸਿਕ ਜਾਂਚ ਰਿਪੋਰਟ ਮਿਲੀ !    ਸਿੱਖਾਂ ਦੇ ਕਾਤਲਾਂ ਨੂੰ ਬਚਾਉਣ ਵਾਲਿਆਂ ਨੂੰ ਸਮਾਗਮਾਂ ਤੋਂ ਦੂਰ ਰੱਖਣ ਦੀ ਮੰਗ !    ਪੀਵੀ ਸਿੰਧੂ ਡੈਨਮਾਰਕ ਓਪਨ ’ਚੋਂ ਬਾਹਰ !    ਮੁੱਕੇਬਾਜ਼ ਪੈੱਟ੍ਰਿਕ ਡੇਅ ਦਾ ਦੇਹਾਂਤ !    

ਨੌਜਵਾਨ ਤੇ ਮਹਿੰਗੀ ਵਿੱਦਿਆ

Posted On July - 11 - 2019

ਸਭ ਲਈ ਇਕਸਾਰ ਸਿੱਖਿਆ ਲਾਗੂ ਕੀਤੀ ਜਾਵੇ
ਅੱਜ ਸਿੱਖਿਆ ਪ੍ਰਾਈਵੇਟ ਹੱਥਾਂ ਵਿੱਚ ਜਾਣ ਨਾਲ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਰਹੀ ਹੈ। ਪ੍ਰਾਈਵੇਟ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਨੌਜਵਾਨਾਂ ਦੀ ਭਾਰੀ ਆਰਥਿਕ ਅਤੇ ਮਾਨਸਿਕ ਲੁੱਟ-ਖਸੁੱਟ ਕਰ ਰਹੇ ਹਨ, ਜਿਸ ਕਾਰਨ ਕਈ ਵਾਰ ਮਾਪੇ ਆਪਣੇ ਬੱਚਿਆਂ ਨੂੰ 12ਵੀਂ ਜਮਾਤ ਤੋਂ ਬਾਅਦ ਪੜ੍ਹਨੋਂ ਹਟਾ ਲੈਂਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਸਭ ਲਈ ਇਕਸਾਰ ਸਿੱਖਿਆ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਸਰਕਾਰ ਨੂੰ ਸਿਹਤ, ਸਿੱਖਿਆ ਅਤੇ ਰੁਜ਼ਗਾਰ ਵੱਲ ਧਿਆਨ ਕੇਂਦਰਿਤ ਕਰਨ ਦੀ ਸਖ਼ਤ ਲੋੜ ਹੈ।
ਕੇਵਲ ਸਿੰਘ, ਪਿੰਡ ਤੇ ਡਾਕ ਪੱਖੋਂ ਕਲਾਂ, ਤਹਿਸੀਲ ਤਪਾ, ਜ਼ਿਲਾ ਬਰਨਾਲਾ। ਸੰਪਰਕ: 86990-36985

ਸਿੱਖਿਆ ਪ੍ਰਣਾਲੀ ਖ਼ਾਮੀਆਂ ਦਾ ਸ਼ਿਕਾਰ
ਸਾਡੀ ਸਿੱਖਿਆ ਪ੍ਰਣਾਲੀ ਵਿਚ ਬਹੁਤ ਕਮੀਆਂ ਤੇ ਖ਼ਾਮੀਆਂ ਹਨ, ਜਿਨ੍ਹਾਂ ਨੂੰ ਸੂਬਾਈ ਤੇ ਕੇਂਦਰੀ ਸਰਕਾਰਾਂ ਅੱਖੋਂ-ਪਰਖੇ ਕਰ ਰਹੀਆਂ ਹਨ। ਸਿੱਖਿਆ ਪ੍ਰਣਾਲੀ ਦੇ ਦੋਸ਼ਾਂ ਕਾਰਨ ਮਾਪੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਅਦਾਰਿਆਂ ਵਿਚ ਭੇਜਦੇ ਹਨ, ਜਿਥੇ ਸਿੱਖਿਆ ਨੂੰ ਵਪਾਰ ਬਣਾ ਕੇ ਰੱਖ ਦਿੱਤਾ ਗਿਆ ਹੈ। ਪ੍ਰਾਈਵੇਟ ਸਕੂਲਾਂ ਵਿਚ ਮਾਪਿਆਂ ਤੋਂ ਵੱਧ ਪੈਸੇ ਵਸੂਲਣ ਲਈ ਕਈ ਹੱਥ-ਕੰਡੇ ਅਪਣਾਏ ਜਾਂਦੇ ਹਨ। ਮਹੀਨੇਵਾਰ ਫ਼ੀਸਾਂ ਤੋਂ ਇਲਾਵਾ ਪਾਠ-ਸਹਾਇਕ ਕਿਰਿਆਵਾਂ ਲਈ ਵੱਖਰੀਆਂ ਫ਼ੀਸਾਂ ਲਈਆ ਜਾਂਦੀਆਂ ਹਨ। ਇਸ ਦੇ ਬਾਵਜੂਦ ਬੱਚਿਆਂ ਨੂੰ ਟਿਊਸ਼ਨਾਂ ਪਡ੍ਹਨੀਆਂ ਪੈਂਦੀਆਂ ਹਨ।
ਗਗਨਦੀਪ ਕੌਰ, ਭੈਣੀ, ਜ਼ਿਲ੍ਹਾ ਬਠਿੰਡਾ।
ਸੰਪਰਕ: 98776-56639

ਮਹਿੰਗੀ ਸਿੱਖਿਆ ਵੱਡੀ ਸਮੱਸਿਆ
ਦਿਨੋਂ-ਦਿਨ ਮਹਿੰਗੀ ਹੋ ਰਹੀ ਸਿੱਖਿਆ ਹਾਸਲ ਕਰਨਾ ਹਰ ਕਿਸੇ ਦੇ ਵੱਸ ਨਹੀਂ। ਸਿੱਖਿਆ ਕਮਿਸ਼ਨ ਦੀ ਸਿਫਾਰਸ਼ ’ਤੇ 1986 ਤੱਕ ਸਿੱਖਿਆ ’ਤੇ ਜੀਪੀਡੀ ਦਾ 6 ਫ਼ੀਸਦੀ ਖ਼ਰਚਣ ਦਾ ਮਿਥਿਆ ਨਿਸ਼ਾਨਾ ਕਦੇ ਪੂਰਾ ਨਹੀਂ ਕੀਤਾ ਗਿਆ। ਪਬਲਿਕ ਅਤੇ ਪ੍ਰਾਈਵੇਟ ਅਦਾਰਿਆਂ ਦੀਆਂ ਫੀਸਾਂ ਹਰ ਸਾਲ ਵਧਾ ਦਿੱਤੀਆਂ ਜਾਂਦੀਆਂ ਹਨ। ਇਸ ਲਈ ਗਰੀਬ ਆਪਣੇ ਬੱਚਿਆਂ ਨੂੰ ਮਹਿੰਗੇ ਸਕੂਲਾਂ ਵਿੱਚ ਨਹੀਂ ਭੇਜ ਸਕਦੇ ਤੇ ਮਜਬੂਰਨ ਸਰਕਾਰੀ ਸਕੂਲੇ ਭੇਜਦੇ ਹਨ, ਜਿੱਥੇ ਸਿੱਖਿਆ ਦਾ ਪੱਧਰ ਵੀ ਵਧੀਆ ਨਹੀਂ ਤੇ ਸਹੂਲਤਾਂ ਵੀ ਘੱਟ ਹਨ। ਮਹਿੰਗੀ ਸਿੱਖਿਆ ਦੇਸ਼ ਲਈ ਵੱਡੀ ਸਮੱਸਿਆ ਹੈ।
ਹਰਜੋਤ ਕੌਰ ਕੰਗ, ਪਿੰਡ ਬਾਜਕ, ਜ਼ਿਲ੍ਹਾ ਬਠਿੰਡਾ।

ਸਰਕਾਰ ਫ਼ੌਰੀ ਧਿਆਨ ਦੇਵੇ
ਅਜੋਕੇ ਸਮੇਂ ਵਿੱਦਿਆ ਪ੍ਰਾਪਤੀ ਵਿਅਕਤੀ ਦੀ ਆਰਥਿਕ ਸਥਿਤੀ ’ਤੇ ਨਿਰਭਰ ਕਰਦੀ ਹੈ। ਜਿਹੋ ਜਿਹੀ ਉਸਦੀ ਆਰਥਿਕ ਹਾਲਤ ਹੋਵੇਗੀ, ਉਹੋ ਜਿਹੀ ਸਿੱਖਿਆ ਉਹ ਬੱਚਿਆਂ ਨੂੰ ਦਵਾ ਸਕਦਾ ਹੈ। ਅੱਜ ਵਿੱਦਿਆ ਹਾਸਲ ਕਰਨਾ ਬਹੁਤ ਔਖਾ ਹੈ, ਕਿਉਂਕਿ ਸਕੂਲਾਂ ਦੀਆਂ ਫੀਸਾਂ ਇੰਨੀਆਂ ਜ਼ਿਆਦਾ ਹੁੰਦੀਆਂ ਕਿ ਗਰੀਬ ਆਪਣੇ ਬੱਚਿਆਂ ਨੂੰ ਚੰਗੇ ਸਕੂਲਾਂ ’ਚ ਨਹੀਂ ਪੜ੍ਹਾ ਸਕਦਾ। ਸਰਕਾਰੀ ਸਕੂਲਾਂ ’ਚ ਫੀਸਾਂ ਤਾਂ ਘੱਟ ਹਨ, ਪਰ ਸਿੱਖਿਆ ਦੇ ਮਿਆਰ ’ਚ ਬਹੁਤ ਗਿਰਾਵਟ ਆ ਰਹੀ ਹੈ ਕਿਉਂਕਿ ਸਰਕਾਰ ਸਰਕਾਰੀ ਸਕੂਲਾਂ ਵੱਲ ਧਿਆਨ ਨਹੀਂ ਦੇ ਰਹੀ। ਸਰਕਾਰ ਇਸ ਪਾਸੇ ਫ਼ੌਰੀ ਧਿਆਨ ਦੇਵੇ।
ਵੀਰਪਾਲ ਕੌਰ, ਜੰਡਾਵਾਲਾ, ਜ਼ਿਲ੍ਹਾ ਬਠਿੰਡਾ।
ਸੰਪਰਕ: 62831-45870

ਮਾਪੇ ਹੋ ਰਹੇ ਨੇ ਕਰਜ਼ਦਾਰ
ਆਮ ਲੋਕਾਂ ਲਈ ਸਿੱਖਿਆ ਬਹੁਤ ਮਹਿੰਗੀ ਹੋ ਗਈ ਹੈ। ਸਰਕਾਰੀ ਕਾਲਜਾਂ ਦੀ ਕਮੀ ਤਾਂ ਹੈ ਹੀ, ਪਰ ਉਨ੍ਹਾਂ ਵਿੱਚ ਸਟਾਫ਼ ਅਤੇ ਸਹੂਲਤਾਂ ਦੀ ਘਾਟ ਵੀ ਹੈ। ਇਸ ਕਾਰਨ ਵਿਦਿਆਰਥੀਆਂ ਨੂੰ ਮਜਬੂਰਨ ਪ੍ਰਈਵੇਟ ਕਾਲਜਾਂ ਵੱਲ ਜਾਣਾ ਪੈਂਦਾ ਹੈ। ਉੱਥੇ ਫ਼ੀਸ ਜ਼ਿਆਦਾ ਹੋਣ ਕਾਰਨ ਬਹੁਤ ਸਾਰੇ ਬੱਚਿਆਂ ਦੇ ਮਾਪੇ ਕਰਜ਼ੇ ਲੈ ਕੇ ਫ਼ੀਸਾਂ ਭਰਦੇ ਹਨ। ਸਹੂਲਤਾਂ ਦੇ ਨਾਮ ‘ਤੇ ਪ੍ਰਾਈਵੇਟ ਅਦਾਰੇ ਭਾਰੀ ਫ਼ੀਸ ਲੈਂਦੇ ਹਨ। ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪ੍ਰਾਈਵੇਟ ਅਦਾਰੇ ਸਰਕਾਰੀ ਅਦਾਰਿਆਂ ਨਾਲੋਂ ਚੰਗੇ ਨਤੀਜੇ ਲਿਆਉਂਦੇ ਹਨ।
ਬਲਵਿੰਦਰ ਸਿੰਘ ਢੀਂਡਸਾ, ਸ੍ਰੀ ਫ਼ਤਹਿਗੜ੍ਹ ਸਾਹਿਬ। ਸਪੰਰਕ: 99145-85036

ਵਿੱਦਿਆ ਦਾ ਮੰਡੀਕਰਨ ਚਿੰਤਾਜਨਕ
ਅੱਜ ਵਿੱਦਿਆ ਮੰਡੀ ਦੀ ਚੀਜ਼ ਬਣਦੀ ਜਾ ਰਹੀ ਹੈ। ਵਿੱਦਿਅਕ ਅਦਾਰੇ ਇਸ ਨੂੰ ਵਸਤੂ ਬਣਾ ਕੇ ਵੇਚ ਰਹੇ ਹਨ। ਖਰੀਦਦਾਰ ਨੌਕਰੀ ਤੇ ਸੁਰੱਖਿਅਤ ਭਵਿੱਖ ਲਈ ਇਸ ਨੂੰ ਖਰੀਦ ਰਹੇ ਹਨ, ਜਦੋਂਕਿ ਵਿੱਦਿਆ ਵੇਚੀ ਜਾਣ ਵਾਲੀ ਵਸਤੂ ਨਹੀਂ। ਨਾ ਇਸ ਨੂੰ ਮਹਿਜ਼ ਨੌਕਰੀ ਤੇ ਆਰਥਿਕ ਸੁਰੱਖਿਆ ਦਾ ਆਧਾਰ ਸਮਝਣਾ ਚਾਹੀਦਾ ਹੈ। ਇਹ ਮਨੁੱਖ ਦਾ ਮਾਨਸਿਕ, ਆਤਮਿਕ, ਨੈਤਿਕ ਤੇ ਸਮਾਜਿਕ ਵਿਕਾਸ ਕਰਨ ਵਾਲੀ ਚੀਜ਼ ਹੈ। ਨਿੱਜੀ ਖੇਤਰ ਵਿੱਦਿਆ ਨੂੰ ਨੌਕਰੀ ਅਤੇ ਕਾਰਪੋਰੇਟ ਸੈਕਟਰ ਜੋਗਾ ਹੀ ਬਣਾ ਰਿਹਾ ਹੈ। ਵਿੱਦਿਆ ਦਾ ਇਹ ਮੰਡੀਕਰਨ ਸਮੁੱਚੀ ਮਨੁੱਖਤਾ ਲਈ ਚਿੰਤਾਜਨਕ ਹੈ।
ਸੁਰਜੀਤ ਸਿੰਘ, ਪਿੰਡ ਦਿਲਾ ਰਾਮ, ਜ਼ਿਲ੍ਹਾ ਫਿਰੋਜ਼ਪੁਰ। ਸੰਪਰਕ: 99147-22933

ਮਹਿੰਗੀ ਵਿੱਦਿਆ ਚੋਣ ਮੁੱਦਾ ਕਿਉਂ ਨਹੀ?
ਕੇਂਦਰ ਤੇ ਸੂਬਾਈ ਸਰਕਾਰਾਂ ਸਿੱਖਿਆ ਜਿਹੇ ਅਹਿਮ ਖੇਤਰ ਨੂੰ ਨਿਜੀ ਹੱਥਾਂ ਵਿੱਚ ਦੇਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀਆਂ। ਇਸ ਦਾ ਸਿੱਧਾ ਅਸਰ ਸਮਾਜ ਦੇ ਮੱਧਵਰਗੀ ਅਤੇ ਗਰੀਬ ਨੌਜਵਾਨਾਂ ’ਤੇ ਪਿਆ ਹੈ, ਜੋ ਪ੍ਰਾਈਵੇਟ ਕਾਲਜਾਂ ਤੇ ਯੂਨੀਵਰਸਿਟੀਆਂ ਆਦਿ ਦੀਆਂ ਮੋਟੀਆਂ ਫ਼ੀਸਾਂ ਦੇਣ ਤੋਂ ਅਸਮਰੱਥ ਹਨ। ਇਹ ਵਰਤਾਰਾ ਸਮਾਜ ਲਈ ਖ਼ਤਰੇ ਦੀ ਘੰਟੀ ਹੈ। ਜਿਸ ਮੁਲਕ ਵਿੱਚ ਚਾਲੀ ਕਰੋੜ ਲੋਕ ਗਰੀਬੀ ਰੇਖਾ ਤੋਂ ਥੱਲੇ ਰਹਿ ਰਹੇ ਹੋਣ, ਉਨ੍ਹਾਂ ਉੱਪਰ ਇਸ ਤਰ੍ਹਾਂ ਮਹਿੰਗੀ ਸਿੱਖਿਆ ਦਾ ਕੁਹਾੜਾ ਚਲਾ ਦੇਣਾ, ਉਨ੍ਹਾਂ ਨੂੰ ਜਿਉਂਦੇ ਜੀ ਮਾਰਨ ਵਾਲੀ ਗੱਲ ਹੈ। ਇਸ ਦੇ ਬਾਵਜੂਦ ਕੀ ਗੱਲ ਹੈ ਕਿ ਚੋਣਾਂ ਵਿੱਚ ਅਜਿਹੇ ਮੁੱਦੇ ਆਪਣੀ ਜਗ੍ਹਾ ਨਹੀਂ ਬਣਾ ਪਾਉਂਦੇ?
ਪੰਕਜ ਕੁਮਾਰ ਸ਼ਰਮਾ, ਗਲੀ ਨੰ-1, ਜੱਜ ਨਗਰ, ਅੰਮ੍ਰਿਤਸਰ। ਸੰਪਰਕ: 99152-31591

ਵਿਕਾਸ ਲਈ ਸਸਤੀ ਵਿੱਦਿਆ ਮਿਲਣੀ ਜ਼ਰੂਰੀ
ਦੇਸ਼ ਵਿਚ ਵਿੱਦਿਆ ਦਿਨੋਂ-ਦਿਨ ਮਹਿੰਗੀ ਹੁੰਦੀ ਜਾ ਰਹੀ ਹੈ। ਪ੍ਰਾਈਵੇਟ ਸਕੂਲਾਂ-ਕਾਲਜਾਂ ਤੇ ਯੂਨੀਵਰਸਿਟੀਆਂ ਦੀਆਂ ਭਾਰੀ ਫੀਸਾਂ ਕਾਰਨ ਅਕਸਰ ਦਰਮਿਆਨੇ ਅਤੇ ਗਰੀਬ ਪਰਿਵਾਰਾਂ ਦੇ ਬੱਚੇ ਆਪਣੀ ਪੜ੍ਹਾਈ ਅੱਧਵਾਟੇ ਹੀ ਛੱਡ ਜਾਂਦੇ ਹਨ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਜਿਵੇਂ ਸਿੱਖਿਆ ਦੇ ਅਧਿਕਾਰ ਅਧੀਨ 6 ਤੋਂ 14 ਸਾਲ ਦੇ ਸਾਰੇ ਬੱਚਿਆ ਲਈ ਪੜ੍ਹਾਈ ਮੁਫਤ ਹੈ, ਇਸੇ ਤਰ੍ਹਾਂ 14 ਤੋਂ 21 ਸਾਲ ਤੱਕ ਦੇ ਵਿਦਿਆਰਥੀਆਂ ਲਈ ਵੋਕੇਸ਼ਨਲ ਸਿੱਖਿਆ ਨੂੰ ਸਿੱਖਿਆ ਦੇ ਅਧਿਕਾਰ ਹੇਠ ਲਿਆਂਦਾ ਜਾਵੇ ਤਾਂ ਕਿ ਹਰ ਨੌਜਵਾਨ ਆਪਣੀ ਪੜ੍ਹਾਈ ਪੂਰੀ ਕਰ ਕੇ ਆਪਣਾ ਖੁਦ ਦਾ ਰੁਜ਼ਗਾਰ ਚੁਣ ਸਕੇ ਅਤੇ ਉਹ ਦੇਸ਼ ਦੇ ਵਿਕਾਸ ਵਿਚ ਹਿੱਸਾ ਪਾ ਸਕੇ।
ਲਖਵਿੰਦਰ ਸਿੰਘ, ਸ.ਸ. ਮਾਸਟਰ, ਸਰਕਾਰੀ ਹਾਈ ਸਕੂਲ ਖੇੜੀ, ਸੰਗਰੂਰ। ਸੰਪਰਕ: 95920-94819

ਮਹਿੰਗੀ ਸਿੱਖਿਆ ਕਾਰਨ ਆਰਥਿਕ ਪਾੜਾ ਵਧਿਆ
ਕੋਈ ਨੌਜਵਾਨ ਜਦੋਂ ਕਿਸੇ ਉੱਚ ਸਿੱਖਿਆ ਸੰਸਥਾ ਨੂੰ ਦੇਖਦਾ ਹੈ ਤਾਂ ਉਸ ਵੱਲ ਖਿੱਚਿਆ ਜਾਂਦਾ ਹੈ। ਪਰ ਅਜਿਹੇ ਅਦਾਰਿਆਂ ਵਿਚ ਖਰਚੇ ਦੀ ਕੋਈ ਹੱਦ ਨਹੀਂ ਹੀ ਰਹਿੰਦੀ। ਅੰਤਾਂ ਦੇ ਖ਼ਰਚੇ ਪੂਰਾ ਕਰਨ ਲਈ ਉਸ ਦਾ ਮੱਧਵਰਗੀ ਪਰਿਵਾਰ ਆਪਣੀ ਸਾਰੀ ਪੂੰਜੀ ਲਗਾ ਦਿੰਦਾ ਹੈ, ਪਰ ਫਿਰ ਵੀ ਰੁਜ਼ਗਾਰ ਦਾ ਕੋਈ ਭਰੋਸਾ ਨਹੀਂ। ਗਰੀਬ ਵਰਗ ਤਾਂ ਮਿਆਰੀ ਸਿੱਖਿਆ ਪਾਉਣ ਦੀ ਸੋਚ ਵੀ ਨਹੀਂ ਸਕਦਾ, ਇਸ ਲਈ ਗਰੀਬ ਹੋਰ ਗਰੀਬ ਹੋ ਰਿਹਾ ਹੈ ਤੇ ਆਰਥਿਕ ਪਾੜਾ ਵਧ ਰਿਹਾ ਹੈ, ਕਿਉਂਕਿ ਸਿੱਖਿਆ ਨਾਲ ਹੀ ਰੁਜ਼ਗਾਰ ਵੀ ਜੁੜਿਆ ਹੈ।
ਜਸਕਰਨ ਸਿੰਘ ਸਿੱਧੂ, ਪਿੰਡ ਲਹਿਰਾ ਬੇਗਾ,
ਜ਼ਿਲ੍ਹਾ ਬਠਿੰਡਾ। ਸੰਪਰਕ: 94655-84845
(ਇਹ ਵਿਚਾਰ ਚਰਚਾ ਅਗਲੇ ਵੀਰਵਾਰ ਵੀ ਜਾਰੀ ਰਹੇਗੀ)


Comments Off on ਨੌਜਵਾਨ ਤੇ ਮਹਿੰਗੀ ਵਿੱਦਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.