ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਨਿਊਰੋਪੈਥੀ ਕੀ ਹੈ ?

Posted On July - 19 - 2019

ਡਾ. ਅਜੀਤਪਾਲ ਸਿੰਘ ਐੱਮਡੀ

ਸ਼ੂਗਰ ਦੀ ਬਿਮਾਰੀ ਵਿਚ ਵਧਣ ਫੁੱਲਣ ਵਾਲੇ ਮਾੜੇ ਅਸਰਾਂ ਵਿਚ ਨਿਊਰੋਪੈਥੀ ਦਾ ਬਹੁਤ ਮਹੱਤਵ ਹੈ, ਹਾਲਾਂਕਿ ਇਸ ਦੇ ਲੱਛਣ ਕਦੀ ਇੰਨੇ ਮਾਮੂਲੀ ਹੁੰਦੇ ਹਨ ਕਿ ਇਹ ਨੂੰ ਸਮਝਣ ਲਈ ਡਾਕਟਰ ਨੂੰ ਵਿਸ਼ੇਸ਼ ਸਾਵਧਾਨੀ ਵਰਤਣੀ ਪੈਂਦੀ ਹੈ। ਦੂਜੇ ਪਾਸੇ ਮਰੀਜ਼ ਵੀ ਮਾੜੇ ਅਸਰਾਂ ਨੂੰ ਸਮਝਣ ਦੀ ਭੁੱਲ ਕਰਕੇ ਇਸ ਬਾਰੇ ਡਾਕਟਰ ਨੂੰ ਅੱਛੀ ਤਰ੍ਹਾਂ ਦੱਸ ਨਹੀਂ ਸਕਦੇ ਪਰ ਇਸ ਦੇ ਬਾਵਜੂਦ ਨਿਊਰੋਪੈਥੀ ਨਾਲ ਜੁੜੇ ਮਾੜੇ ਅਸਰ ਕਦੀ-ਕਦਾਈਂ ਗੰਭੀਰ ਰੂਪ ਧਾਰਨ ਕਰਕੇ ਰੋਗੀ ਲਈ ਵੱਡੀ ਸਮੱਸਿਆ ਬਣ ਜਾਂਦੇ ਹਨ। ਇਸ ਲਈ ਇਨ੍ਹਾਂ ਦਾ ਸਮੇਂ ਸਿਰ ਇਲਾਜ ਬੇਹੱਦ ਜ਼ਰੂਰੀ ਹੈ।

ਨਿਊਰੋਪੈਥੀ ਕੀ ਬਲਾ ਹੈ?

ਨਸਾਂ ਸਾਡੇ ਸਰੀਰ ਦੇ ਉਹ ਤੰਤੂ ਹੁੰਦੇ ਹਨ ਜਿਨ੍ਹਾਂ ਦਾ ਸਬੰਧ ਸੰਵੇਦਨਸ਼ੀਲਤਾ ਨਾਲ ਹੁੰਦਾ ਹੈ, ਜਿਵੇਂ ਛੂਹਣ ਤੋਂ ਲੈ ਕੇ ਦਰਦ ਸਮੇਤ ਸਾਰੀ ਸੰਵੇਦਨਸ਼ੀਲਤਾ ਦਾ ਸਬੰਧ ਇਨ੍ਹਾਂ ਨਾਲ ਹੈ। ਪੱਠਿਆਂ ਦੀ ਹਰ ਹਰਕਤ ਤੋਂ ਲੈ ਕੇ ਆਂਤੜੀਆਂ ਵੱਲੋਂ ਭੋਜਨ ਪਚਾਉਣ ਤੇ ਉਸ ਨੂੰ ਅੱਗੇ ਵਧਾਉਣ ਅਤੇ ਮਲ-ਮੂਤਰ ਦੇ ਤਿਆਗ ਤੱਕ ਅਨੇਕਾਂ ਮਹੱਤਵਪੂਰਨ ਕਿਰਿਆਵਾਂ ਨਸਾਂ ਰਾਹੀਂ ਹੀ ਸੰਭਵ ਹੁੰਦੀਆਂ ਹਨ। ਨਿਉੂਰੋਪੈਥੀ ਦਾ ਮਤਲਬ ਹੈ ਇਨ੍ਹਾਂ ਨਸਾਂ ਦਾ ਨਸ਼ਟ ਹੋ ਜਾਣਾ।

ਨਿਊਰੋਪੈਥੀ ਦੀਆਂ ਕਿਸਮਾਂ

ਮੁੱਖ ਤੌਰ ਤੇ ਨਿਊਰੋਪੈਥੀ ਦੋ ਪ੍ਰਕਾਰ ਦੀ ਹੁੰਦੀ ਹੈ। ਇਕ ਤਾਂ ਉਹ ਜੋ ਉਨ੍ਹਾਂ ਨਸਾਂ ਵਿਚ ਹੁੰਦੀ ਹੈ ਜਿਨ੍ਹਾਂ ਤੇ ਸਾਡੀ ਇੱਛਾ ਸ਼ਕਤੀ ਦਾ ਕੰਟਰੋਲ ਹੁੰਦਾ ਹੈ। ਇਸ ਨੂੰ ਪੈਰੀਫਰਲ ਨਿਉੂਰੋਪੈਥੀ ਕਿਹਾ ਜਾਂਦਾ ਹੈ। ਦੂਜੀ ਕਿਸਮ ਦੀ ਨਿਊਰੋਪੈਥੀ ਵਿਚ ਉਹ ਨਸਾਂ ਅਸਰਅੰਦਾਜ਼ ਹੁੰਦੀਆਂ ਹਨ ਜਿਨ੍ਹਾਂ ਤੇ ਸਾਡੀ ਇੱਛਾ ਸ਼ਕਤੀ ਦਾ ਕੰਟਰੋਲ ਨਹੀਂ ਹੁੰਦਾ। ਇਸ ਨੂੰ ਆਟੋਨਾਮਕ ਨਿਊਰੋਪੈਥੀ ਕਿਹਾ ਜਾਂਦਾ ਹੈ। ਛੂਹਣ, ਦਰਦ, ਗਰਮ ਠੰਢੇ ਦਾ ਅਹਿਸਾਸ, ਚੱਲਣ ਫਿਰਨ ਆਦਿ ਕਿਰਿਆਵਾਂ ਨੂੰ ਚਲਾਉਣ ਵਾਲੀਆਂ ਮਾਸਪੇਸ਼ੀਆਂ ਆਟੋਨੋਮਿਕ ਨਿਉੂਰੋਪੈਥੀ ਨਾਲ ਅਕਸਰ ਅਸਰਅੰਦਾਜ਼ ਹੁੰਦੀਆਂ ਹਨ।

ਪੈਰੀਫੇਰਲ ਨਿਊਰੋਪੈਥੀ

ਸੂਈਆਂ ਚੁਭਣ ਵਰਗਾ ਅਹਿਸਾਸ, ਸੁੰਨਾਪਣ ਮਹਿਸੂਸ ਹੋਣਾ, ਝਨਝਨਾਹਟ ਜਾਂ ਦਰਦ ਪੈਰੀਫਰਲ ਨਿਉੂਰੋਪੈਥੀ ਦੇ ਮੁੱਖ ਲੱਛਣ ਹਨ। ਇਸ ਨਾਲ ਪੀੜਤ ਮਨੁੱਖ ਨੂੰ ਕਦੀ ਕਦੀ ਅਜਿਹਾ ਮਹਿਸੂਸ ਹੋਣ ਲੱਗਦਾ ਹੈ, ਜਿਵੇਂ ਉਹ ਰੂੰ ਤੇ ਚੱਲ ਰਿਹਾ ਹੋਵੇ। ਨਿਉੂਰੋਪੈਥੀ ਦੇ ਲੱਛਣ ਸਰੀਰ ਦੇ ਕਿਸੇ ਵੀ ਹਿੱਸੇ ਤੇ ਹੋ ਸਕਦੇ ਹਨ ਪਰ ਇਹ ਹੱਥਾਂ ਪੈਰਾਂ ਚ ਵੱਧ ਮਹਿਸੂਸ ਕੀਤੇ ਜਾਂਦੇ ਹਨ। ਪੈਰੀਫੇਰੀਲ ਨਿਊਰੋਪੈਥੀ ਦੇ ਲੱਛਣ ਦਿਨ ਦੇ ਮੁਕਾਬਲਤਨ ਰਾਤ ਨੂੰ ਵੱਧ ਮਹਿਸੂਸ ਕੀਤੇ ਜਾਂਦੇ ਹਨ। ਜੇ ਮੌਸਮ ਦੀ ਗੱਲ ਕਰੀਏ ਤਾਂ ਰੋਗ ਦੇ ਲੱਛਣ ਸਰਦੀ ਵਿਚ ਵੱਧ ਮਹਿਸੂਸ ਕੀਤੇ ਜਾਂਦੇ ਹਨ ਤੇ ਇਨ੍ਹਾਂ ਦੀ ਤੀਬਰਤਾ ਉਦੋਂ ਵੱਧ ਹੁੰਦੀ ਹੈ ਪਰ ਲੱਛਣਾਂ ਦੀ ਤੀਬਰਤਾ ਘਟਦੀ ਵਧਦੀ ਰਹਿੰਦੀ ਹੈ। ਕਈ ਲੋਕਾਂ ਵਿਚ ਇਹ ਵੱਧ ਤੇਜ਼ੀ ਨਾਲ ਪ੍ਰਗਟ ਹੁੰਦੇ ਹਨ ਜਦਕਿ ਕੁਝ ਲੋਕਾਂ ਵਿਚ ਇਹ ਮਾਮੂਲੀ ਹੁੰਦੇ ਹਨ।
ਨਿਊਰੋਪੈਥੀ ਦੀ ਦਸਤਕ ਪੈਰਾਂ ਵਿਚ ਹੋਣ ਨਾਲ ਸਹਿਜੇ ਹੀ ਪਤਾ ਲੱਗ ਜਾਂਦਾ ਹੈ। ਇਸ ਨਾਲ ਪੈਰਾਂ ਤੇ ਜ਼ਖਮ ਵੀ ਹੋ ਜਾਂਦੇ ਹਨ। ਰੋਗੀ ਦੇ ਪੈਰਾਂ ਵਿਚ ਸੁੰਨਾਪਣ ਰਹਿਣ ਕਰਕੇ ਇਹ ਇਨ੍ਹਾਂ ਜ਼ਖ਼ਮਾਂ ਦੇ ਹਰਜੇ ਨੂੰ ਉਹ ਸਮਝ ਨਹੀਂ ਸਕਦਾ, ਸਿੱਟੇ ਵਜੋਂ ਜ਼ਖ਼ਮ ਵਧਦੇ ਤੇ ਸੜਦੇ ਹੋਏ ਇਨਫੈਕਸ਼ਨ ਗ੍ਰਹਿਣ ਕਰ ਲੈਂਦੇ ਹਨ ਤੇ ਫਿਰ ਗੈਂਗਰੀਨ ਵਿਚ ਬਦਲ ਦਿੰਦੇ ਹਨ। ਇਹ ਅਜਿਹਾ ਭਿਆਨਕ ਵਿਗਾੜ ਹੈ ਕਿ ਰੋਗੀ ਨੂੰ ਆਪਣੀ ਜਾਨ ਬਚਾਉਣ ਲਈ ਪੈਰ ਕਟਵਾਉਣੇ ਪੈ ਜਾਂਦੇ ਹਨ।
ਸੰਵੇਦਨਸ਼ੀਲ ਨਸਾਂ ਤੋਂ ਇਲਾਵਾ ਇਸ ਰੋਗ ਵਿਚ ਹੋਰ ਨਸਾਂ ਵੀ ਅਸਰਅੰਦਾਜ਼ ਹੁੰਦੀਆਂ ਹਨ। ਇਸ ਸੂਰਤ ਵਿਚ ਮਾਸਪੇਸ਼ੀਆਂ ਕਮਜ਼ੋਰ ਅਤੇ ਪਤਲੀਆਂ ਹੋ ਜਾਂਦੀਆਂ ਹਨ। ਪੈਰਾਂ ਦੀਆਂ ਮਾਸਪੇਸ਼ੀਆਂ ਇਸ ਤੋਂ ਵੱਧ ਮਾੜੇ ਰੁੱਖ ਅਸਰਅੰਦਾਜ਼ ਹੁੰਦੀਆਂ ਹਨ। ਜਦ ਇਹ ਮਾੜਾ ਅਸਰ ਪੰਜਿਆਂ ਤੇ ਹੁੰਦਾ ਹੈ, ਉਦੋਂ ਰੋਗੀ ਜ਼ਮੀਨ ਤੇ ਪੈਰ ਰਗੜਦਾ ਹੋਇਆ ਤੁਰਦਾ ਹੈ। ਪੰਜਾ ਲਟਕ ਜਿਹਾ ਜਾਂਦਾ ਹੈ। ਬੈਠ ਕੇ ਉਠਣ ਵਿਚ ਪਰੇਸ਼ਾਨੀ ਵੀ ਮਾਸਪੇਸ਼ੀਆ ਦੀਆਂ ਨਸਾ ਦੇ ਨਸ਼ਟ ਹੋਣ ਕਰਕੇ ਹੋ ਸਕਦੀ ਹੈ।

ਆਟੋਨੋਮਿਕ ਨਿਊਰੋਪੈਥੀ

ਇਸ ਤਰ੍ਹਾਂ ਦੀ ਨਿਊਰੋਪੈਥੀ ਨਾਲ ਪੀੜਤ ਨੂੰ ਕਬਜ਼, ਪੇਟ ਫੁੱਲਣਾ, ਬਦਹਜਮੀ, ਉਲਟੀ, ਰਾਤ ਨੂੰ ਦਸਤ ਲੱਗਣ ਆਦਿ ਦੀਆਂ ਅਲਾਮਤਾਂ ਹੁੰਦਿਆਂ ਹਨ। ਆਟੋਨੋਮਿਕ ਨਿਊਰੋਪੈਥੀ ਦੀ ਵਜ੍ਹਾ ਕਰਕੇ ਕਈ ਰੋਗੀਆਂ ਨੂੰ ਮੂਤਰ ਤਿਆਗ ਕਰਨ ਵਿਚ ਪ੍ਰੇਸ਼ਾਨੀ ਹੁੰਦੀ ਹੈ। ਇਸ ਸੂਰਤ ਵਿਚ ਜਦੋਂ ਉਹ ਪਿਸ਼ਾਬ ਕਰਦੇ ਹਨ ਤਾਂ ਉਸ ਦੀ ਮਾਤਰਾ ਬਹੁਤ ਹੁੰਦੀ ਹੈ। ਜਦ ਨਿਊਰੋਪੈਥੀ ਨਾਲ ਰਕਤ ਧਮਣੀਆਂ ਅਸਰਅੰਦਾਜ਼ ਹੁੰਦੀਆਂ ਹਨ, ਤਦ ਰੋਗੀ ਨੂੰ ਖੜ੍ਹੇ ਹੋਣ ਵੇਲੇ ‘ਚੱਕਰ ਆਉਣ’ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਯੌਨ ਇੱਛਾ ਹੋਣ ਤੇ ਲਿੰਗ ਵਿਚ ਉਠਾਣ ਦੀ ਸਮੱਸਿਆ ਵੀ ਆਟੋਨੋਮਿਕ ਨਿਊਰੋਪੈਥੀ ਕਰਕੇ ਪੈਦਾ ਹੁੰਦੀ ਹੈ।

ਨਿਊਰੋਪੈਥੀ ਹੁੰਦੀ ਕਿਉਂ ਹੈ?

ਨਸਾਂ ਦੇ ਚਾਰੇ ਪਾਸੇ ਰੱਖਿਆ ਕਵਚ ਹੁੰਦਾ ਹੈ। ਜਦ ਸ਼ੂਗਰ ਦੇ ਰੋਗੀ ਦੀ ਸ਼ੂਗਰ ਦਾ ਪੱਧਰ ਵਧ ਜਾਂਦਾ ਹੈ ਤੇ ਬੇਕਾਬੂ (ਬੇਲਗਾਮ) ਬਣਿਆ ਰਹਿੰਦਾ ਹੈ, ਉਦੋਂ ਗੁਲੂਕੋਜ਼ ਦਾ ਪੱਧਰ ਵਧ ਜਾਂਦਾ ਹੈ। ਨਸਾਂ ਦੇ ਸੁਰੱਖਿਆ ਕਵਚ ਦਾ ਗੁਲੂਕੋਜ਼ ਦਾ ਪੱਧਰ ਵੀ ਵਧਦਾ ਹੈ। ਇਹ ਗੁਲੂਕੋਜ਼ ‘ਸਾਰਬੀਟਾਲ’ ਨਾਮਕ ਪਦਾਰਥ ਬਣਾਉੱਦਾ ਹੈ ਜਿਸ ਕਾਰਨ ਨਸਾਂ ਦੇ ਕਵਚ ਵਿਚ ਸੋਜ ਪੈਦਾ ਹੋ ਜਾਂਦੀ ਹੈ। ਵੱਧ ਸੋਜ ਨਾਲ ਨਸਾਂ ਦੇ ਸੈੱਲ ਨਸ਼ਟ ਹੋ ਜਾਂਦੇ ਹਨ ਤੇ ਨਸਾਂ ਆਪਣੀ ਸੰਵੇਦਨਸ਼ੀਲਤਾ ਗੁਆ ਲੈਂਦੀਆਂ ਹਨ। ਕੁਝ ਡਾਕਟਰਾਂ ਦਾ ਕਹਿਣਾ ਹੈ ਕਿ ਨਸਾਂ ਨੂੰ ਲਹੂ ਪਹੁੰਚਾਉਣ ਵਾਲੀਆਂ ਧਮਣੀਆਂ ਦੇ ਭੀੜੇ ਹੋਣ ਕਰਕੇ ਖੂਨ ਦੀ ਸਪਲਾਈ ਵਿਚ ਰੁਕਾਵਟ ਆਉਂਦੀ ਹੈ ਜਿਸ ਨਾਲ ਨਸਾਂ ਨੂੰ ਲੋੜੀਂਦੀ ਖ਼ੁਰਾਕ ਨਾ ਮਿਲਣ ਕਰਕੇ ਉਹ ਨਸ਼ਟ ਹੋ ਜਾਂਦੀਆਂ ਹਨ।
ਇਲਾਜ
ਸ਼ੂਗਰ ਦੀ ਬਿਮਾਰੀ ਦੀ ਹਾਲਤ ਵਿਚ ਖੂਨ ਵਿਚ ਸ਼ੂਗਰ ਦੇ ਪੱਧਰ ਤੇ ਕੰਟਰੋਲ ਹੀ ਇਸ ਰੋਗ ਦਾ ਸਭ ਤੋਂ ਅੱਛਾ ਇਲਾਜ ਹੈ। ਇਸ ਖਾਤਰ ਰੋਗੀ ਨੂੰ ਸਮੇਂ ਸਿਰ ਖਾਣਾ ਖਾਣਾ ਚਾਹੀਦਾ ਹੈ ਤੇ ਭੋਜਨ ਵਿਚ ਉਹ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜੋ ਸ਼ੂਗਰ ਕੰਟਰੋਲ ਕਰਨ ਵਿਚ ਸਹਾਈ ਬਣਨ। ਨਿਯਮਤ ਕਸਰਤ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈ।
ਜਿੱਥੋਂ ਤੱਕ ਸ਼ੂਗਰ ਦੇ ਰੋਗੀ ਨੂੰ ਤੁਰੰਤ ਰਾਹਤ ਮੁਹੱਈਆ ਕਰਾਉਣ ਦੀ ਗੱਲ ਹੈ, ਡਾਕਟਰ ਇਸ ਖਾਤਰ ਦਰਦ-ਨਿਵਾਰਕ ਦਵਾਈਆਂ ਅਤੇ ਵਿਟਾਮਿਨ ਦੇ ਟੀਕਿਆਂ ਨਾਲ ਇਲਾਜ ਕਰਦੇ ਹਨ। ਕੁੱਝ ਮਾਮਲਿਆਂ ਵਿਚ ਖੂਨ ਦੀ ਸਪਲਾਈ ਵਧਾਉਣ ਦੀਆਂ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ।

ਸੰਪਰਕ: 98156-20301


Comments Off on ਨਿਊਰੋਪੈਥੀ ਕੀ ਹੈ ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.