ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਨਹੀਂ ਲਊਂਗਾ ਫਾਹਾ…

Posted On July - 11 - 2019

ਇੰਦਰਜੀਤ ਭਲਿਆਣ

ਉਹ ਨਾ ਨਾਗਾ ਕਰਦਾ, ਨਾ ਕਦੇ ਲੇਟ ਹੁੰਦਾ। ਮਿੱਥੇ ਸਮੇਂ ‘ਤੇ ਆ ਹੋਕਾ ਦਿੰਦਾ: ਗੋਭੀ ਲਓ, ਗਾਜਰ ਲਓ, ਟਮਾਟਰ ਲਓ, ਅੰਬਰਧਾਰੇ ਤੇ ਸੰਗਤਰੇ ਦੀਆਂ ਗੋਲੀਆਂ… ਲੈ ਲਓ ਭਾਈ। ਇਕ ਇਕ ਬੋਲ ਵਿਚ ਹਲੀਮੀ ਜਾਣੀ ਕੁੱਟ ਕੁੱਟ ਕੇ ਭਰੀ ਹੋਈ ਹੋਵੇ। ਗੁਰਦੁਆਰੇ ਦੀ ਪਿਲਕਣ ਹੇਠ ਬਾਦਸਤੂਰ ਅਰਾਮ ਫਰਮਾ ਰਹੇ ਬੰਦਿਆਂ ਨੂੰ ਫ਼ਤਹਿ ਬੁਲਾ ਉਹ ਗਭਲੀ ਗਲੀ ਵੱਲ ਨਿਕਲ ਜਾਂਦਾ। ਲੰਬੜਾਂ ਦੇ ਵਿਹੜੇ ਵਿਚ ਭਾਵੇਂ ਦੋ ਘਰ ਹੀ ਸਨ, ਸਬਜ਼ੀ ਲਓ ਨਾ ਲਓ, ਉਹ ਗੇੜਾ ਜ਼ਰੂਰ ਲਾ ਕੇ ਜਾਂਦਾ। ‘ਰਾਜ਼ੀ ਹੋ ਭਾਈ’ ਪੁੱਛਣਾ ਉਸ ਦੀ ਫਿਤਰਤ ਵਿਚ ਸ਼ੁਮਾਰ ਸੀ। ਪਿੰਡ ਦੇ ਮਰਦ ਕਦੇ ਕਦੇ ਉਸ ਨਾਲ ਖਹਿਬੜ ਵੀ ਪੈਂਦੇ ਪਰ ਉਹ ਆਪਣੇ ਕੰਮ ਨਾਲ ਕੰਮ ਹੀ ਰੱਖਦਾ ਤੇ ਮੁਸਕਰਾ ਕੇ ਅੱਗੇ ਨਿਕਲ ਜਾਂਦਾ। ਕੋਹਲੂ ਦੇ ਬਲਦ ਆਲ਼ਾ ਕੰਮ ਸੀ ਪਰ ਉਹ ਕਦੇ ਅੱਕਦਾ ਨਹੀਂ ਸੀ।
ਵੱਡੇ ਤੜਕੇ ਉੱਠ ਉਹ ਸ਼ਹਿਰ ਵੱਲ ਆਪਣਾ ਸਾਈਕਲ ਹੱਕ ਦਿੰਦਾ। ਦਸ ਮੀਲ ਤੋਂ ਘੱਟ ਨਹੀਂ ਹੋਵੇਗਾ ਇਹ ਪੈਂਡਾ। ਸਬਜ਼ੀ ਦੀ ਬੋਲੀ ਸ਼ੁਰੂ ਹੋਣ ਤੋਂ ਪਹਿਲਾਂ ਮੰਡੀ ਪਹੁੰਚਣਾ ਉਸ ਦਾ ਨਿਤਨੇਮ ਸੀ। ਲੋੜੀਂਦੀ ਸਬਜ਼ੀ ਖਰੀਦ ਕੇ ਉਹ ਸਾਈਕਲ ਤੇ ਬੜੇ ਸਲੀਕੇ ਨਾਲ ਟਿਕਾਉਂਦਾ। ਸਾਈਕਲ ਦੇ ਕੈਰੀਅਰ ਦੇ ਦੋਵੇਂ ਪਾਸੀਂ ਦੋ ਪੀਪੇ ਲਟਕਾਏ ਹੁੰਦੇ। ਉਪਰ ਕੈਰੀਅਰ ਤੇ ਵੱਡੀ ਟੋਕਰੀ ਰੱਖੀ ਹੁੰਦੀ ਜਿਸ ਨੂੰ ਉਹ ਪੁਰਾਣੀ ਟਿਊਬ ਨਾਲ ਚੰਗੀ ਤਰ੍ਹਾਂ ਜਕੜ ਕੇ ਬੰਨ੍ਹ ਦਿੰਦਾ। ਅਸਲ ਵਿਚ ਇਹ ਟਿਊਬ ਕੈਰੀਅਰ ਦੀ ਪਿਛਲੀ ਪੱਤੀ ਤੋਂ ਸਾਈਕਲ ਦੀ ਗੱਦੀ ਤੱਕ ਇਸ ਤਰ੍ਹਾਂ ਬੰਨ੍ਹੀਂ ਜਾਂਦੀ ਕਿ ਇਹ ਟੋਕਰੀ ਦੇ ਦੋ ਬਰਾਬਰ ਹਿੱਸੇ ਕਰ ਦਿੰਦੀ। ਇਸ ਤਰ੍ਹਾਂ ਉਸ ਨੂੰ ਅੱਡ ਅੱਡ ਸਬਜ਼ੀਆਂ ਰੱਖਣ ਵਿਚ ਸਹੂਲਤ ਹੋ ਜਾਂਦੀ। ਫਰੇਮ ਦੇ ਉਪਰਲੇ ਲੋਹੇ ਦੇ ਡੰਡੇ ਤੇ ਮੋਟੇ ਕੱਪੜੇ ਦਾ ਬਣਿਆ ਦੋ-ਮੂੰਹਾਂ ਝੋਲ਼ਾ ਟੰਗਿਆ ਹੁੰਦਾ ਜਿਸ ਵਿਚ ਉਹ ਫਲ਼ ਤੇ ਹੋਰ ਮਹਿੰਗੀਆਂ ਖਾਣ ਵਸਤਾਂ ਰੱਖਦਾ। ਅੱਗੇ ਹੈਂਡਲ ਨਾਲ ਕੱਪੜੇ ਦੇ ਦੋ ਝੋਲ਼ੇ ਵੀ ਟੰਗੇ ਹੁੰਦੇ ਜਿਨ੍ਹਾਂ ਵਿਚ ਉਹ ਸੰਤਰੇ ਤੇ ਅੰਬਰਧਾਰੇ ਦੀਆਂ ਗੋਲੀਆਂ, ਟੌਫੀਆਂ, ਬਿਸਕੁਟਾਂ ਦੇ ਪੈਕਟ, ਡਬਲਰੋਟੀ ਤੇ ਹੋਰ ਨਿੱਕ-ਸੁੱਕ ਰੱਖਦਾ।
ਸਾਰਾ ਸਾਮਾਨ ਥਾਂ ਸਿਰ ਟਿਕਾ ਤੁਰ ਪੈਂਦਾ ਉਹ ਪਿੰਡ ਪਿੰਡ ਫੇਰੀ ਲਾਉਣ। ਸਾਡੇ ਪਿੰਡ ਉਹ ਦਸ ਕੁ ਵਜੇ ਪਹੁੰਚਦਾ। ਬਹੁਤੀ ਖਰੀਦਦਾਰੀ ਉਦੋਂ ਅਨਾਜ ਬਦਲੇ ਹੀ ਹੁੰਦੀ ਸੀ, ਇਸੇ ਕਰਕੇ ਉਸ ਨੇ ਸਾਈਕਲ ਤੇ ਦੋ ਪੀਪੇ ਲਟਕਾਏ ਹੁੰਦੇ ਜਿਨ੍ਹਾਂ ਵਿਚ ਉਹ ਅਨਾਜ ਭਰੀ ਜਾਂਦਾ। ਇਕ ਪੀਪੇ ਵਿਚ ਕਣਕ ਤੇ ਦੂਜੇ ਪੀਪੇ ਵਿਚ ਮੱਕੀ ਪਾਉਂਦਾ। ਉਦੋਂ ਵਧੇਰੇ ਕਰਕੇ ਅਨਾਜ ਦੀਆਂ ਇਹ ਦੋਵੇਂ ਫਸਲਾਂ ਦੀ ਹੀ ਖੇਤੀ ਹੁੰਦੀ ਸੀ। ਝੋਨਾ ਲਗਾਉਣ ਦਾ ਅਜੇ ਰਿਵਾਜ਼ ਨਹੀਂ ਸੀ ਹੋਇਆ। ਹਾਂ, ਘਰ ਦੀ ਵਰਤੋਂ ਲਈ ਬਾਸਮਤੀ ਜ਼ਰੂਰ ਲਾਈ ਜਾਂਦੀ ਸੀ। ਵੈਸੇ ਤਾਂ ਕਿਸਾਨ ਪਰਿਵਾਰ ਵਾਹ ਲਗਦੀ ਸਬਜ਼ੀ ਵੀ ਆਪਣੇ ਖੇਤਾਂ ਵਿਚ ਬੀਜਦੇ, ਤਾਂ ਵੀ ਬਹੁਤੀ ਵਾਰ ਸੁਆਣੀਆਂ ਨੂੰ ਇਕ-ਅੱਧ ਸਬਜ਼ੀ ਖਰੀਦਣੀ ਪੈ ਹੀ ਜਾਂਦੀ। ਹੋਰ ਨਹੀਂ ਤਾਂ ਬੱਚੇ ਹੀ ਡਬਲਰੋਟੀ, ਗੋਲੀਆਂ ਜਾਂ ਮੌਸਮੀ ਫਲ਼ ਲੈ ਕੇ ਦੇਣ ਦੀ ਜ਼ਿਦ ਕਰਦੇ। ਅੱਜ ਸ਼ਹਿਰਾਂ ਵਿਚ ਧੜਾਧੜ ਵਿਕਦੇ ਮਹਿੰਗੇ ਵਿਦੇਸ਼ੀ ਫਲ਼ ਦੇਖ ਕੇ ਉਹ ਦਿਨ ਮੱਲੋਮੱਲੀ ਯਾਦ ਆ ਜਾਂਦੇ ਹਨ ਜਦੋਂ ਫੇਰੀ ਵਾਲੇ ਇਸ ਭਾਈ ਤੋਂ ਇਕ ਨਾਸ਼ਪਾਤੀ ਲੈ ਕੇ ਦੇਣ ਲਈ ਵਿਹੜੇ ਵਿਚ ਲਿਟ ਕੇ ਮਾਵਾਂ ਦੀਆਂ ਰੋ ਰੋ ਮਿੰਨਤਾਂ ਕਰਨੀਆਂ ਪੈਂਦੀਆਂ ਸਨ!
ਹਰ ਰੋਜ਼ ਫੇਰੀ ਲਾਉਣ ਕਰਕੇ ਗਾਹਕਾਂ ਵਿਚ ਉਸ ਦਾ ਵਿਸ਼ਵਾਸ ਬਣਿਆ ਹੋਇਆ ਸੀ, ਇਸੇ ਕਰਕੇ ਸਬਜ਼ੀ ਦੇ ਭਾਅ ਦਾ ਰੱਫੜ ਘੱਟ ਹੀ ਪੈਂਦਾ। ਇਕ-ਅੱਧ ਦਿਨ ਦੇ ਉਧਾਰ ਦੀ ਸਹੂਲਤ ਵੀ ਉਸ ਨੇ ਰੱਖੀ ਹੋਈ ਸੀ ਜੋ ਨਗਦ ਖਰੀਦਦਾਰੀ ਕਰਨ ਵਾਲੀਆਂ ਸੁਆਣੀਆਂ ਨੂੰ ਹੀ ਮਿਲਦੀ ਸੀ ਪਰ ਪਿੰਡ ਦੇ ਬਹੁਤੇ ਆਦਮੀ ਉਸ ਨਾਲ ਖਹਿਬੜਦੇ ਰਹਿੰਦੇ। ਉਨ੍ਹਾਂ ਨੂੰ ਲਗਦਾ ਸੀ ਕਿ ਇਹ ਭਾਈ ਅਨਪੜ੍ਹ ਔਰਤਾਂ ਨੂੰ ਗੱਲੀਂ ਲਾ ਕੇ ਵਾਧੂ ਅਨਾਜ ‘ਲੁੱਟ’ ਲੈਂਦਾ ਹੈ। ਉਂਜ, ਉਹ ਲਗਦੀ ਵਾਹ ਆਪਣੀ ਤਰਕ ਵਾਲੀ ਗੱਲਬਾਤ ਰਾਹੀਂ ਸਾਰਿਆਂ ਨੂੰ ਸੰਤੁਸ਼ਟ ਕਰਨ ਦਾ ਯਤਨ ਕਰਦਾ ਰਹਿੰਦਾ। ਬੇਸ਼ੱਕ ਇਹ ਮਿਹਨਤ, ਜੋ ਉਹ ਤੜਕੇ ਤੋਂ ਤੀਜੇ ਪਹਿਰ ਤੱਕ ਸਾਈਕਲ ਤੇ ਪਿੰਡ ਪਿੰਡ ਘੁੰਮ ਕੇ ਕਰਦਾ, ਦਾ ਹੀ ਫਲ ਸੀ ਤਾਂ ਵੀ ਦਿਹਾਤੀਆਂ ਨੂੰ ਕਣਕ-ਮੱਕੀ ਨਾਲ ਭਰੇ ਦੋਵੇਂ ਪੀਪੇ ਦੇਖ ਡੋਬੂ ਪੈਂਦੇ ਰਹਿੰਦੇ।
ਇਹ ਸਿਲਸਿਲਾ ਕਈ ਸਾਲ ਬਾਦਸਤੂਰ ਜਾਰੀ ਰਿਹਾ। ਫਿਰ ਅਚਾਨਕ ਉਸ ਨੇ ਫੇਰੀ ਲਾਉਣੀ ਬੰਦ ਕਰ ਦਿੱਤੀ। ਲੋਕਾਂ ਨੇ ਸੋਚਿਆ, ਬਿਮਾਰ ਹੋ ਗਿਆ ਹੋਊ ਪਰ ਦੋ ਹਫਤੇ ਲੰਘਣ ਤੇ ਵੀ ਉਹ ਫੇਰੀ ਲਾਉਣ ਨਾ ਆਇਆ। ਲੋਕੀਂ ਉਹਦੇ ਬਾਰੇ ਕਿਆਸ-ਅਰਾਈਆਂ ਲਗਾ ਹੀ ਰਹੇ ਸਨ ਕਿ ਇਕ ਦਿਨ ਐਨ ਸਿਖਰ ਦੁਪਹਿਰੇ ਉਸ ਨੇ ਆ ਸਾਈਕਲ ਦੀ ਟੱਲੀ ਮਾਰੀ। ਹੁਣ ਨਾ ਸਾਈਕਲ ਤੇ ਟੋਕਰੀ ਸੀ ਤੇ ਨਾ ਪੀਪੇ ਨਾ ਝੋਲੇ। ਸਾਫ ਕੁੜਤੇ-ਪਜਾਮੇ ਵਿਚ ਉਹ ਜਚ ਰਿਹਾ ਸੀ।
ਪਿਲਕਣ ਦੀ ਛਾਂ ਮਾਣ ਰਹੇ ਲੋਕਾਂ ਦੇ ਟੋਲੇ ਨੂੰ ਫਤਿਹ ਬੁਲਾਉਂਦਿਆਂ ਉਸ ਨੇ ਦੱਸਿਆ, “ਮੇਰਾ ਬਾਪੂ ਅਕਾਲ ਚਲਾਣਾ ਕਰ ਗਿਐ। ਉਸ ਨੇ ਮੈਨੂੰ ਜੱਦੀ ਜ਼ਮੀਨ ਵਿਚੋਂ ਹਿੱਸਾ ਨਹੀਂ ਸੀ ਦਿੱਤਾ ਹੋਇਆ। ਮੇਰੇ ਕੋਲ ਗੁਜ਼ਾਰੇ ਦਾ ਕੋਈ ਵਸੀਲਾ ਨਾ ਰਿਹਾ। ਬੱਚੇ ਭੁੱਖੇ ਵਿਲਕਦੇ ਦੇਖ ਨਾ ਹੁੰਦੇ। ਮਾਯੂਸੀ ਦੇ ਆਲਮ ਵਿਚ ਭੈੜੇ ਭੈੜੇ ਵਿਚਾਰ ਦਿਮਾਗ ਨੂੰ ਗੁਮਰਾਹ ਕਰਨ ਲੱਗੇ ਪਰ ਇਸੇ ਕਸ਼ਮਕਸ਼ ’ਚੋਂ ਸ਼ੁਭ ਵਿਚਾਰ ਨਿਕਲਿਆ: ਨਹੀਂ ਲਊਂਗਾ ਫਾਹਾ, ਕਿਉਂ ਟੱਬਰ ਨੂੰ ਮੰਝਧਾਰ ਵਿਚ ਛੱਡ ਕੇ ਜਾਵਾਂ? ਮਿਹਨਤ ਕਿਉਂ ਨਾ ਕਰਾਂ? ਰਾਹ ਮਿਲ ਗਿਆ, ਸਬਜ਼ੀ ਵੇਚੀ, ਗੁਜ਼ਾਰਾ ਕੀਤਾ। ਕੱਲ੍ਹ ਭੋਗ ਮੌਕੇ ਪੰਚਾਇਤ ਨੇ ਦਿਵਾ’ਤਾ ਜ਼ਮੀਨ ਵਿਚੋਂ ਮੇਰਾ ਹਿੱਸਾ। ਹੁਣ ਦੱਬ ਕੇ ਵਾਹਾਂਗੇ ਤੇ ਰੱਜ ਕੇ ਖਾਵਾਂਗੇ।” ‘ਗਲਤੀ-ਫਲਤੀ ਮੁਆਫ਼’ ਆਖ ਉਹ ਸਾਈਕਲ ਦਾ ਪੈਡਲ ਮਾਰ ਉੜੰਤ ਹੋਇਆ।

ਸੰਪਰਕ: 98720-73035


Comments Off on ਨਹੀਂ ਲਊਂਗਾ ਫਾਹਾ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.