ਟਿਕਟ ਖਿੜਕੀ ’ਤੇ ਪਵੇਗਾ ‘ਪੰਗਾ’ !    ਪੰਜਾਬੀ ਫ਼ਿਲਮਾਂ ਦਾ ‘ਨਿਹਾਲਾ ਗਾਰਡ’ ਵਾਸਤੀ !    ਸਥਾਪਤੀ ਵਿਰੋਧੀ ਚਿੱਤਰਕਾਰ ਫਰਾਂਸਿਸਕੋ ਡੀ ਗੋਇਆ !    ਜ਼ਿੰਦਗੀ ਦੀ ਸ਼ਾਮ ’ਚ ਵਿਆਹੁਤਾ ਜੀਵਨ !    ਵਿਰਸੇ ਦੀ ਰੂਹ ਲੰਮੀ ਹੇਕ ਵਾਲੇ ਗੀਤ !    ਗ਼ਲਤੀ ਦਾ ਅਹਿਸਾਸ !    ਪੰਜਾਬੀ ਅਭਿਨੇਤਰੀਆਂ ਦੀ ਮੜਕ !    ਮੇਰੇ ਸਰਦਾਰਾਂ ਨੂੰ ਕੋਈ ਜਾਣਦਾ ਜੇ? !    ਸਿਆਣਪ ਦਾ ਮੁੱਲ !    ਪਾਸਪੋਰਟ ਵਾਲਾ ਗਾਇਕ ਰਣਜੀਤ ਮਣੀ !    

ਨਸ਼ਾ, ਕਾਰਨ ਅਤੇ ਬਚਾਅ

Posted On July - 16 - 2019

ਡਾ. ਸ਼ਵਿੰਦਰ ਸਿੰਘ ਗਿੱਲ

ਮੌਜੂਦਾ ਦੌਰ ਵਿਚ ਪੰਜਾਬ ਨੂੰ ਬਹੁਪੱਖੀ ਸੰਕਟ ਦਰਪੇਸ਼ ਹਨ। ਇਨ੍ਹਾਂ ਸੰਕਟਾਂ ਕਾਰਨ ਨਾ ਕੇਵਲ ਪੰਜਾਬ ਦਾ ਸਮੁੱਚਾ ਸਮਾਜਿਕ ਅਤੇ ਆਰਥਿਕ ਤਾਣਾ-ਬਾਣਾ ਹੀ ਉਲਝ ਗਿਆ ਹੈ ਬਲਕਿ ਸਾਡੀ ਜਵਾਨੀ ਵੀ ਤਬਾਹੀ ਦੇ ਕਗਾਰ ’ਤੇ ਆ ਖੜ੍ਹੀ ਹੈ। ਕਿਸਾਨਾਂ-ਮਜ਼ਦੂਰਾਂ ਸਿਰ ਕਰਜ਼ੇ ਦੀ ਪੰਡ ਭਾਰੀ ਹੁੰਦੀ ਜਾ ਰਹੀ ਹੈ ਅਤੇ ਉਨ੍ਹਾਂ ਵਿਚ ਖ਼ੁਦਕੁਸ਼ੀਆਂ ਦਾ ਰੁਝਾਨ ਵਧਦਾ ਜਾ ਰਿਹਾ ਹੈ। ਨੌਜਵਾਨ ਨਸ਼ਿਆਂ ਵਿਚ ਗਲਤਾਨ ਹੁੰਦੇ ਜਾ ਰਹੇ ਹਨ। ਸਾਡੀ ਵੱਡੀ ਚਿੰਤਾ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਕਹਿਰ ਤੋਂ ਬਚਾਉਣ ਦੀ ਹੈ। ਪਿਛਲੇ ਡੇਢ-ਦੋ ਦਹਾਕਿਆਂ ਤੋਂ ਪੰਜਾਬ ਵਿਚ ਨਸ਼ਿਆਂ ਦੀ ਵਰਤੋਂ ਦਿਨ-ਬ-ਦਿਨ ਵਧਦੀ ਜਾ ਰਹੀ ਹੈ।
ਸਾਰੇ ਧਾਰਮਿਕ, ਸਮਾਜਿਕ ਅਤੇ ਸਿਆਸੀ ਆਗੂ ਨਸ਼ਿਆਂ ਦੇ ਰੁਝਾਨ ਨੂੰ ਠੱਲ੍ਹਣ ਵਿਚ ਅਸਮਰੱਥ ਸਿੱਧ ਹੋ ਰਹੇ ਹਨ। ਸਿਆਸੀ ਆਗੂਆਂ ਦੇ ਦਾਅਵੇ ਅਤੇ ਵਾਅਦੇ ਹਵਾ ਹੋ ਚੁੱਕੇ ਹਨ। ਨਸ਼ਿਆਂ ਖ਼ਿਲਾਫ਼ ਬਣਾਏ ਸਖ਼ਤ ਕਾਨੂੰਨ ਵੀ ਬੇਅਸਰ ਸਾਬਤ ਹੋ ਰਹੇ ਹਨ। ਨਸ਼ਿਆਂ ਕਾਰਨ ਪੈਦਾ ਹੋਈ ਮੌਜੂਦਾ ਸਥਿਤੀ ਦੇ ਕਾਰਨਾਂ ਨੂੰ ਡੂੰਘਾਈ ਵਿਚ ਜਾਣਨ ਨਾਲ ਹੀ ਇਸ ’ਤੇ ਕਾਬੂ ਪਾਉਣ ਲਈ ਸਾਰਥਿਕ ਵਿਉਂਤਬੰਦੀ ਕੀਤੀ ਜਾ ਸਕਦੀ ਹੈ। ਜਿੰਨਾ ਚਿਰ ਬਿਮਾਰੀ ਦੀ ਅਸਲ ਜੜ੍ਹ ਸਮਝ ਵਿਚ ਨਾ ਆਵੇ, ਓਨਾ ਚਿਰ ਉਸ ਦਾ ਸਹੀ ਇਲਾਜ ਵੀ ਨਹੀਂ ਹੋ ਸਕਦਾ।
ਇਸ ਸੰਦਰਭ ਵਿਚ ਕੁਝ ਗੱਲਾਂ ਵਿਚਾਰਨਯੋਗ ਹਨ। ਪਹਿਲਾਂ ਇਹ ਸਮਝਣ ਦੀ ਜ਼ਰੂਰਤ ਹੈ ਕਿ ਨੌਜਵਾਨਾਂ ਵਿਚ ਨਸ਼ਿਆਂ ਦੇ ਰੁਝਾਨ ਦੇ ਵਧਣ ਦਾ ਮੁੱਖ ਕਾਰਨ ਬੇਰੁਜ਼ਗਾਰੀ ਅਤੇ ਨਸ਼ਿਆਂ ਦਾ ਆਸਾਨੀ ਨਾਲ ਉਪਲੱਭਧ ਹੋਣਾ ਹੈ। ਸਰਕਾਰੀ ਅਤੇ ਗ਼ੈਰ ਸਰਕਾਰੀ ਖੇਤਰਾਂ ਵਿਚ ਰੁਜ਼ਗਾਰ ਦੇ ਮੌਕੇ ਲਗਾਤਾਰ ਘਟਦੇ ਜਾ ਰਹੇ ਹਨ। ਸਿੱਖਿਆ ਵੀ ਰੁਜ਼ਗਾਰਮੁਖੀ ਨਹੀਂ ਹੈ। ਖੇਤੀ ਖੇਤਰ ਵਿਚ ਵਧ ਗਏ ਮਸ਼ੀਨੀਕਰਨ ਨੇ ਖੇਤਾਂ ਤੋਂ ਵੱਡੀ ਗਿਣਤੀ ਨੌਜਵਾਨਾਂ ਨੂੰ ਵਿਹਲੇ ਕਰ ਦਿੱਤਾ ਹੈ। ਲਗਾਤਾਰ ਖੇਤੀ ਕਾਰਜਾਂ ਵਿਚ ਰੁਝੇਵੇਂ ਵਾਲਾ ਜਾਂ ਖੇਤੀ ਆਧਾਰਿਤ ਸਹਾਇਕ ਧੰਦਿਆਂ ਵਿਚ ਲਗਾਤਾਰ ਰੁੱਝੇ ਰਹਿਣ ਅਤੇ ਚੰਗੇ ਮੁਨਾਫ਼ੇ ਵਾਲਾ ਕੋਈ ਕਾਰਗਰ ਖੇਤੀ ਮਾਡਲ ਸਾਡੀਆਂ ਖੇਤੀਬਾੜੀ ਯੂਨੀਵਰਸਿਟੀਆਂ, ਖੇਤੀ ਸੰਸਥਾਵਾਂ ਜਾਂ ਸਰਕਾਰਾਂ ਹਾਲੇ ਤਕ ਪੇਸ਼ ਨਹੀਂ ਕਰ ਸਕੀਆਂ। ਇਸ ਸਥਿਤੀ ਨੇ ਨੌਜਵਾਨਾਂ ਨੂੰ ਨਸ਼ਿਆਂ ਵੱਲ ਧੱਕਣ ਦਾ ਰਾਹ ਪੱਧਰਾ ਕੀਤਾ ਹੈ ਅਤੇ ਨਸ਼ਾ ਤਸਕਰ ਇਸ ਸਥਿਤੀ ਦਾ ਬਾਖ਼ੂਬੀ ਲਾਹਾ ਉਠਾ ਰਹੇ ਹਨ।
ਇਸੇ ਪ੍ਰਸੰਗ ਵਿਚ ਦੂਜੀ ਗੱਲ ਵਿਚਾਰਨ ਵਾਲੀ ਹੈ ਕਿ ਸੂਬੇ ਵਿਚ ਨਸ਼ਿਆਂ ਦੀ ਆਸਾਨੀ ਨਾਲ ਉਪਲੱਭਧਤਾ ਕਿਉਂ ਹੈ? ਸਖ਼ਤ ਕਾਨੂੰਨ ਦੇ ਬਾਵਜੂਦ ਨਸ਼ਿਆਂ ਦੀ ਵਿਕਰੀ ਧੜੱਲੇ ਨਾਲ ਕਿਉਂ ਜਾਰੀ ਹੈ? ਬਿਨਾਂ ਸ਼ੱਕ, ਇਸ ਦਾ ਕਾਰਨ ਸਿਆਸੀ ਆਗੂਆਂ, ਪੁਲੀਸ ਅਧਿਕਾਰੀਆਂ ਅਤੇ ਨਸ਼ਾ ਤਸਕਰਾਂ ਦਾ ਨਾਪਾਕ ਗੱਠਜੋੜ ਹੈ। ਇਹ ਗੱਠਜੋੜ ਇਸ ਕਰਕੇ ਹੈ ਕਿਉਂਕਿ ਇਸ ਕਾਰੋਬਾਰ ਵਿਚ ਅਸੀਮ ਮੁਨਾਫ਼ਾ ਹੈ। ਇਸ ਮੁਨਾਫ਼ੇ ਨੇ ਇਨ੍ਹਾਂ ਦਾ ਗੱਠਜੋੜ ਮਜ਼ਬੂਤ ਬਣਾ ਕੇ ਰੱਖਿਆ ਹੋਇਆ ਹੈ। ਇਹ ਮੁਨਾਫ਼ਾ ਹੀ ਸਿਆਸੀ ਆਗੂਆਂ ਨਸ਼ਾ ਤਸਕਰਾਂ, ਪੁਲੀਸ ਅਧਿਕਾਰੀਆਂ ਅਤੇ ਇਸ ਧੰਦੇ ਵਿਚ ਸ਼ਾਮਲ ਹੋਰ ਵਿਅਕਤੀਆਂ ਨੂੰ ਇਹ ਕਾਰੋਬਾਰ ਲਗਾਤਾਰ ਵਧਾਉਣ ਦਾ ਕਾਰਨ ਬਣ ਰਿਹਾ ਹੈ। ਪੰਜਾਬ ਦੀ ਭੂਗੋਲਿਕ ਸਥਿਤੀ ਵੀ ਨਸ਼ਾ ਤਸਕਰਾਂ ਲਈ ਸੁਖਾਵੀਂ ਹੈ। ਅਫ਼ਗਾਨਿਤਾਨ ਅਤੇ ਪਾਕਿਸਤਾਨ ਤੋਂ ਨਸ਼ਾ ਆਸਾਨੀ ਨਾਲ ਸਮਗਲ ਹੋ ਕੇ ਆ ਰਿਹਾ ਹੈ। ਗੁਆਂਢੀ ਸੂਬੇ ਰਾਜਸਥਾਨ ਵਿਚ ਵੀ ਨਸ਼ੀਲੇ ਪਦਾਰਥਾਂ ਦੀ ਖੇਤੀ ਕਾਨੂੰਨੀ ਹੈ; ਉਥੋਂ ਵੀ ਨਸ਼ਾ ਪੰਜਾਬ ਵਿਚ ਆ ਰਿਹਾ ਹੈ। ਇਹੀ ਕਾਰਨ ਹੈ ਕਿ ਇਹ ਗ਼ੈਰ ਕਾਨੂੰਨੀ ਕਾਰੋਬਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਪਿੰਡ ਪੱਧਰ ਤਕ ਨਸ਼ਿਆਂ ਦਾ ਜਾਲ ਫੈਲਣ ਦਾ ਕਾਰਨ ਮਿਆਰੀ ਸਿਹਤ ਸਹੂਲਤਾਂ ਦੀ ਘਾਟ ਵੀ ਹੈ। ਸਿੱਟੇ ਵਜੋਂ ਝੋਲਾ ਛਾਪ ਅਖੌਤੀ ਡਾਕਟਰਾਂ ਦਾ ਬੋਲਬਾਲਾ ਹੈ। ਨਸ਼ਾ ਤਸਕਰਾਂ ਨੇ ਉਨ੍ਹਾਂ ਨੂੰ ਆਪਣੇ ਏਜੰਟ ਬਣਾ ਲਿਆ ਹੈ। ਉਹ ਗੋਲੀਆਂ, ਟੀਕਿਆਂ ਅਤੇ ਹੋਰ ਗ਼ੈਰ ਕਾਨੂੰਨੀ ਸਿੰਥੈਟਿਕ ਨਸ਼ਿਆਂ ਦਾ ਕਾਰੋਬਾਰ ਕਰ ਰਹੇ ਹਨ।
ਸਰਕਾਰ ਵੱਲੋਂ ਧਾਰਨ ਕੀਤੀਆਂ ਨੀਤੀਆਂ ਵੀ ਅਸਰਦਾਰ ਸਾਬਤ ਕਿਉਂ ਨਹੀਂ ਹੋ ਰਹੀਆਂ? ਦਰਅਸਲ, ਨਸ਼ਾ ਵਿਰੋਧੀ ਪ੍ਰੋਗਰਾਮ ਲਾਗੂ ਕਰਨ ਵਿਚ ਜਿੱਥੇ ਇਕ ਪਾਸੇ ਸਿਆਸੀ ਇੱਛਾ ਸ਼ਕਤੀ ਦੀ ਘਾਟ ਹੈ, ਉੱਥੇ ਦੂਜੇ ਪਾਸੇ ਇਹ ਨੀਤੀਆਂ ਅਤੇ ਪ੍ਰੋਗਰਾਮ ਵੀ ਗ਼ੈਰ ਵਿਗਿਆਨਕ ਹਨ। ਸਰਕਾਰ ਨੇ ਨਸ਼ਾ ਵਿਰੋਧੀ ਜੰਗ ਦੇ ਐਲਾਨ ਤਹਿਤ ਨਸ਼ਾ ਤਸਕਰਾਂ ਦੀ ਥਾਂ ਬੇਕਸੂਰ ਨਸ਼ੇੜੀਆਂ ਨੂੰ ਹੀ ਜੇਲ੍ਹਾਂ ਵਿਚ ਬੰਦ ਕਰ ਦਿੱਤਾ ਅਤੇ ਉਨ੍ਹਾਂ ’ਤੇ ਅਪਰਾਧਕ ਕੇਸ ਦਰਜ ਕਰ ਦਿੱਤੇ। ਇਹ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਨਸ਼ੇੜੀ ਵਿਅਕਤੀ ਅਪਰਾਧੀ ਨਹੀਂ ਹੈ, ਉਹ ਰੋਗੀ ਹੈ, ਬਿਮਾਰ ਹੈ; ਉਸ ਦਾ ਹਸਪਤਾਲਾਂ ਵਿਚ ਇਲਾਜ ਕਰਨਾ ਬਣਦਾ ਹੈ ਨਾ ਕਿ ਉਨ੍ਹਾਂ ਨੂੰ ਜੇਲ੍ਹਾਂ ਵਿਚ ਬੰਦ ਕਰਨਾ ਚਾਹੀਦਾ ਹੈ। ਸਾਡੀ ਸਮੱਸਿਆ ਹਾਰਡ ਡਰੱਗਜ਼ ਭਾਵ ਸਮੈਕ, ਹੈਰੋਇਨ, ਚਿੱਟਾ ਅਤੇ ਅਜਿਹੇ ਹੋਰ ਸਿੰਥੈਟਿਕ ਨਸ਼ੇ ਹਨ। ਇਨ੍ਹਾਂ ਨਸ਼ਿਆਂ ਦੀ ਗਿਣਤੀ-ਮਿਣਤੀ ਤੇ ਮਿਕਦਾਰ ਭਾਵੇਂ ਜ਼ਿਆਦਾ ਨਹੀਂ ਹੈ, ਪਰ ਜੋ ਵੀ ਹੈ ਉਹ ਬਹੁਤ ਖ਼ਤਰਨਾਕ ਹੈ। ਇਹ ਬਹੁਤ ਮਹਿੰਗੇ ਨਸ਼ੇ ਹਨ। ਇਨ੍ਹਾਂ ਦੀ ਆਦਤ ਜਲਦੀ ਪੈ ਜਾਂਦੀ ਹੈ ਅਤੇ ਫਿਰ ਛੱਡਣੇ ਵੀ ਮੁਸ਼ਕਿਲ ਹਨ। ਇਨ੍ਹਾਂ ਤੋਂ ਹੀ ਨਸ਼ੇ ਵਾਲੇ ਟੀਕੇ ਲਾਉਣ ਦੀ ਆਦਤ ਪੈਂਦੀ ਹੈ ਜਿਨ੍ਹਾਂ ਕਾਰਨ, ਏਡਜ਼, ਕਾਲਾ ਪੀਲੀਆ ਅਤੇ ਹੋਰ ਜਾਨਲੇਵਾ ਬਿਮਾਰੀਆਂ ਲੱਗਦੀਆਂ ਹਨ। ਇਨ੍ਹਾਂ ਦਾ ਇਲਾਜ ਵੀ ਮਹਿੰਗਾ ਹੈ।
ਅਜਿਹੇ ਹਾਲਾਤ ਦੇ ਚੱਲਦਿਆਂ ਅੱਜ ਪੰਜਾਬ ਵਿਚ ਨਸ਼ਿਆਂ ਦੀ ਸਮੱਸਿਆ ਵਿਰਾਟ ਰੂਪ ਧਾਰਨ ਕਰ ਗਈ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਸੰਜੀਦਾ ਨੀਅਤ ਅਤੇ ਨੀਤੀਆਂ ਦੀ ਜ਼ਰੂਰਤ ਹੈ। ਪੁਰਤਗਾਲ ਅਤੇ ਚੀਨ ਵਰਗੇ ਮੁਲਕਾਂ ਵਿਚ ਨਸ਼ਿਆਂ ਦੀ ਸਮੱਸਿਆ ਇਸ ਤੋਂ ਵੀ ਵੱਧ ਗੰਭੀਰ ਰਹੀ ਹੈ, ਪਰ ਉੱਥੋਂ ਦੀਆਂ ਸਰਕਾਰਾਂ ਨੇ ਤਰਕਸ਼ੀਲ ਤੇ ਵਿਗਿਆਨਕ ਨੀਤੀਆਂ ਅਤੇ ਦ੍ਰਿੜ ਇਰਾਦੇ ਤੇ ਇਮਾਨਦਾਰ ਨੀਅਤ ਨਾਲ ਇਨ੍ਹਾਂ ’ਤੇ ਕਾਬੂ ਪਾ ਲਿਆ। ਦ੍ਰਿੜ ਸਿਆਸੀ ਇੱਛਾ ਸ਼ਕਤੀ ਅਤੇ ਲੋਕ ਚੇਤਨਾ ਨਾਲ ਨਸ਼ਿਆਂ ਦੇ ਰੁਝਾਨ ਦਾ ਲੱਕ ਟੁੱਟ ਸਕਦਾ ਹੈ। ਇਸ ਮੰਤਵ ਲਈ ਸਭ ਤੋਂ ਪਹਿਲਾਂ ਸਰਕਾਰ ਨੂੰ ਆਪਣੀਆਂ ਨੀਤੀਆਂ ਨੂੰ ਮੁੜ ਵਿਉਂਤਣਾ ਹੋਵੇਗਾ। ਜੰਗੀ ਪੱਧਰ ’ਤੇ ਪ੍ਰੋਗਰਾਮ ਚਲਾ ਕੇ ਸੂਬੇ ਵਿਚ ਸਾਰੇ ਨਸ਼ੇੜੀ ਨੌਜਵਾਨਾਂ ਦੀ ਪਿੰਡ-ਪਿੰਡ, ਘਰ-ਘਰ ਜਾ ਕੇ ਸ਼ਨਾਖ਼ਤ ਕੀਤੀ ਜਾਵੇ। ਸ਼ਨਾਖ਼ਤ ਕੀਤੇ ਗਏ ਨੌਜਵਾਨਾਂ ਨੂੰ ਅਪਰਾਧੀ ਦੀ ਥਾਂ ਮਰੀਜ਼ ਸਮਝ ਕੇ ਉਨ੍ਹਾਂ ਦਾ ਮੁਫ਼ਤ ਇਲਾਜ ਸ਼ੁਰੂ ਕੀਤਾ ਜਾਵੇ। ਉਨ੍ਹਾਂ ਨੂੰ ਨਸ਼ਾ ਤਸਕਰਾਂ ਦੇ ਜਾਲ ਵਿਚੋਂ ਕੱਢਣ ਲਈ ਡਾਕਟਰਾਂ ਦੀ ਨਿਗਰਾਨੀ ਹੇਠ ਸਰਕਾਰੀ ਪੱਧਰ ’ਤੇ ਲੋੜ ਮੁਤਾਬਕ ਲੋੜੀਂਦੇ ਨਸ਼ੇ ਮੁਫ਼ਤ ਮੁਹੱਈਆ ਕਰਵਾਏ ਜਾਣ ਅਤੇ ਹੌਲੀ-ਹੌਲੀ ਇਨ੍ਹਾਂ ਦੀ ਮਾਤਰਾ ਘਟਾ ਕੇ ਉਨ੍ਹਾਂ ਨੂੰ ਨਸ਼ਿਆਂ ਤੋਂ ਮੁਕਤ ਕਰਵਾਇਆ ਜਾਵੇ। ਸਰਕਾਰੀ ਪੱਧਰ ’ਤੇ ਨਸ਼ਿਆਂ ਦੀ ਮੁਫ਼ਤ ਸਪਲਾਈ ਨਾਲ ਨਸ਼ਿਆਂ ਦਾ ਵਪਾਰ ਖ਼ਤਮ ਹੋ ਜਾਵੇਗਾ ਕਿਉਂਕਿ ਜਦੋਂ ਕੋਈ ਗਾਹਕ ਹੀ ਨਹੀਂ ਰਹੇਗਾ ਤਾਂ ਇਹ ਲੋਕ ਆਪ ਹੀ ਇਹ ਧੰਦਾ ਛੱਡ ਜਾਣਗੇ। ਇਸ ਦੇ ਨਾਲ ਹੀ ਨਸ਼ਾ ਤਸਕਰਾਂ ਉੱਤੇ ਪੂਰੀ ਸਖ਼ਤੀ ਵੀ ਵਰਤੀ ਜਾਵੇ ਅਤੇ ਉਨ੍ਹਾਂ ਨੂੰ ਕਾਨੂੰਨ ਮੁਤਾਬਕ ਸਖ਼ਤ ਸਜ਼ਾਵਾਂ ਵੀ ਦਿੱਤੀਆਂ ਜਾਣ ਤਾਂ ਜੋ ਉਹ ਮੁੜ ਇਸ ਰਸਤੇ ’ਤੇ ਨਾ ਚੱਲਣ। ਸਰਹੱਦੋਂ ਪਾਰ ਅਤੇ ਗੁਆਂਢੀ ਸੂਬਿਆਂ ਤੋਂ ਸਮਗਲ ਹੋ ਕੇ ਆ ਰਹੇ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਨੂੰ ਵੀ ਸਖ਼ਤੀ ਨਾਲ ਕੁਚਲਿਆ ਜਾਵੇ ਅਤੇ ਜ਼ਿੰਮੇਵਾਰੀ ਨਿਸ਼ਚਿਤ ਕਰ ਕੇ ਸਬੰਧਿਤ ਅਧਿਕਾਰੀਆਂ ਨੂੰ ਵੀ ਅਣਗਹਿਲੀ ਲਈ ਸਜ਼ਾਵਾਂ ਦਿੱਤੀਆਂ ਜਾਣ। ਨਸ਼ਿਆਂ ਵਿਰੁੱਧ ਕਾਰਗਰ ਲੋਕ ਚੇਤਨਾ ਮੁਹਿੰਮ ਚਲਾਈ ਜਾਵੇ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਸਿਲੇਬਸਾਂ ਵਿਚ ਨਸ਼ਾ ਵਿਰੋਧੀ ਪਾਠਕ੍ਰਮ ਦਰਜ ਕੀਤੇ ਜਾਣ। ਸਾਰੇ ਧਾਰਮਿਕ-ਸਮਾਜਿਕ ਆਗੂ ਅਤੇ ਸਮਾਜਸੇਵੀ ਸੰਸਥਾਵਾਂ ਵੀ ਇਸ ਕਾਰਜ ਵਿਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ। ਹਰ ਪਿੰਡ ਤੇ ਸ਼ਹਿਰ ਵਿਚ ਮਹੀਨੇ ਵਿਚ ਘੱਟੋ-ਘੱਟ ਇਕ ਵਾਰ ਨਸ਼ਾ ਵਿਰੋਧੀ ਕੋਈ ਨਾ ਕੋਈ ਪ੍ਰੋਗਰਾਮ ਜ਼ਰੂਰ ਕੀਤਾ ਜਾਵੇ। ਪੰਚਾਇਤਾਂ ਪਿੰਡਾਂ ਵਿਚ ਨਸ਼ਿਆਂ ਦੀ ਖ਼ਰੀਦੋ-ਫ਼ਰੋਖਤ ਕਰਨ ਵਾਲਿਆਂ ਪ੍ਰਤੀ ਚੌਕਸੀ ਰੱਖਣ ਅਤੇ ਪਿੰਡ ਪੱਧਰ ’ਤੇ ਲੋੜੀਂਦੀ ਸਮਾਜਿਕ ਕਾਰਵਾਈ ਕਰਨ। ਪੁਲੀਸ ਅਤੇ ਪ੍ਰਸ਼ਾਸਨ ਦੀ ਨਸ਼ਿਆਂ ਦੇ ਰੁਝਾਨ ਸਬੰਧੀ ਜੁਆਬਦੇਹੀ ਨਿਸ਼ਚਿਤ ਕੀਤੀ ਜਾਵੇ।
ਇਨ੍ਹਾਂ ਤਕਨੀਕੀ ਕਿਸਮ ਦੇ ਉਪਾਇਆਂ ਤੋਂ ਇਲਾਵਾ ਨਸ਼ਿਆਂ ਦੀ ਸਮੱਸਿਆ ਦੇ ਸਦੀਵੀਂ ਛੁਟਕਾਰੇ ਲਈ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ। ਪਿੰਡਾਂ ਅਤੇ ਸ਼ਹਿਰਾਂ ਵਿਚ ਸਸਤੀਆਂ ਅਤੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਸਿੱਖਿਆ ਦਾ ਮਿਆਰ ਸੁਧਾਰਨ ਦੇ ਯਤਨ ਕੀਤੇ ਜਾਣ ਅਤੇ ਸਿੱਖਿਆ ਨੂੰ ਰੁਜ਼ਗਾਰਮੁਖੀ ਬਣਾਇਆ ਜਾਵੇ। ਇਹ ਸਭ ਕੁਝ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਪਿੰਡ ਤੋਂ ਲੈ ਕੇ ਵਿਧਾਨ ਸਭਾ ਅਤੇ ਸੰਸਦ ਤਕ ਇਮਾਨਦਾਰ, ਸੂਝਵਾਨ, ਨਸ਼ਾ ਰਹਿਤ ਅਤੇ ਲੋਕ-ਪੱਖੀ ਸਿਆਸੀ ਲੀਡਰਸ਼ਿਪ ਹੋਵੇ। ਅਜੋਕੇ ਲੋਕ ਰਾਜੀ ਰਾਜ ਪ੍ਰਬੰਧ ਵਿਚ ਨਸ਼ਿਆਂ ਸਣੇ ਹੋਰ ਸਭ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਸੁਹਿਰਦ ਲੋਕ-ਪੱਖੀ ਸਿਆਸੀ ਆਗੂਆਂ ਦੀ ਜ਼ਰੂਰਤ ਹੈ।


Comments Off on ਨਸ਼ਾ, ਕਾਰਨ ਅਤੇ ਬਚਾਅ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.