ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਨਵੇਂ ਸਮੇਂ ਦੇ ਸਾਕ

Posted On July - 13 - 2019

ਜੱਗਾ ਸਿੰਘ ਆਦਮਕੇ

ਤਿੰਨ ਕੁ ਦਹਾਕੇ ਪਹਿਲਾਂ ਵਿਆਹ ਨਾਲ ਸਬੰਧਿਤ ਪਹਿਲੀ ਰਸਮ ਸਾਕ (ਸ਼ਗਨ) ਕੀਤੀ ਜਾਂਦੀ ਸੀ। ਸਾਕ ਕਰਨ ਦੀ ਇਹ ਰਸਮ ਕੁੜੀ ਵਾਲਿਆਂ ਵੱਲੋਂ ਮੁੰਡੇ ਦੇ ਘਰ ਜਾ ਕੇ ਅਦਾ ਕੀਤੀ ਜਾਂਦੀ ਸੀ। ਕੁੜੀ ਵਾਲਿਆਂ ਵੱਲੋਂ ਵਿਚੋਲੇ ਵੱਲੋਂ ਪਾਈ ਦੱਸ ਅਨੁਸਾਰ ਮੁੰਡੇ ਤੇ ਮੁੰਡੇ ਨਾਲ ਸਬੰਧਿਤ ਦੂਸਰੇ ਪੱਖ ਦੀ ਜਾਂਚ ਕਰਨ ਤੋਂ ਬਾਅਦ ਪਸੰਦ ਆਉਣ ’ਤੇ ਰਿਸ਼ਤੇ ਲਈ ਹਾਂ ਕਰ ਦਿੱਤੀ ਜਾਂਦੀ। ਇਸ ਤੋਂ ਬਾਅਦ ਦੋਹਾਂ ਧਿਰਾਂ ਵੱਲੋਂ ਸਾਕ ਕਰਨ ਲਈ ਕੋਈ ਦਿਨ ਨਿਰਧਾਰਤ ਕੀਤਾ ਜਾਂਦਾ ਸੀ। ਇਸ ਦਿਨ ਕੁੜੀ ਵਾਲਿਆਂ ਵੱਲੋਂ ਖ਼ਾਸ ਰਿਸ਼ਤੇਦਾਰ ਮੁੰਡੇ ਵਾਲਿਆਂ ਦੇ ਘਰ ਸਾਕ ਕਰਨ ਲਈ ਪਹੁੰਚਦੇ ਸਨ। ਉਦੋਂ ਤਕ ਮੁੰਡੇ ਤੇ ਕੁੜੀ ਨੇ ਇਕ ਦੂਸਰੇ ਨੂੰ ਵੇਖਿਆ ਨਹੀਂ ਸੀ ਹੁੰਦਾ।
ਸਾਕ (ਸ਼ਗਨ) ਵਾਲੇ ਨਿਰਧਾਰਤ ਦਿਨ ਮੁੰਡੇ ਦੇ ਘਰ ਵਿਆਹ ਵਰਗਾ ਮਾਹੌਲ ਹੁੰਦਾ ਸੀ। ਸਬੰਧਿਤ ਘਰ ਵਿਚ ਪੂਰੀ ਰੌਣਕ ਹੁੰਦੀ ਸੀ। ਘਰ ਨੂੰ ਇਸ ਦਿਨ ਨੂੰ ਮੁੱਖ ਰੱਖਦਿਆਂ ਲਿੱਪਿਆ ਪੋਚਿਆ ਜਾਂਦਾ ਸੀ। ਮੁੰਡੇ ਵਾਲਿਆਂ ਵੱਲੋਂ ਰਿਸ਼ਤੇਦਾਰਾਂ ਅਤੇ ਪਿੰਡ ਦੇ ਪਤਵੰਤਿਆਂ ਨੂੰ ਇਸ ਮੌਕੇ ’ਤੇ ਸੱਦਾ ਦਿੱਤਾ ਜਾਂਦਾ ਸੀ। ਇਸ ਦਿਨ ਸਾਕ ਵਾਲੇ ਘਰ ਦੇ ਬਨੇਰੇ ’ਤੇ ਮੰਜੇ ਜੋੜ ਕੇ ਸਪੀਰਕ ਵਜਾਇਆ ਜਾਂਦਾ ਸੀ। ਮੁੰਡੇ ਵਾਲੇ ਘਰ ਇਕੱਠੀਆਂ ਹੋਈਆਂ ਔਰਤਾਂ ਵੱਲੋਂ ਮੁੰਡੇ, ਮੁੰਡੇ ਦੇ ਪਰਿਵਾਰ ਅਤੇ ਵਿਚੋਲੇ ਦੀ ਪ੍ਰਸੰਸਾ ਵਾਲੇ ਗੀਤ ਗਾਏ ਜਾਂਦੇ ਸਨ।
ਸਾਕ ਕਰਨ ਦੀ ਰਸਮ ਵੇਲੇ ਸਾਕ ਵਾਲੇ ਮੁੰਡੇ ਨੂੰ ਕੁਰਸੀ ਉੱਪਰ ਬੈਠਾਇਆ ਜਾਂਦਾ ਸੀ, ਜਿਸ ਦੇ ਸਾਹਮਣੇ ਮੇਜ਼ ਡਾਹਿਆ ਹੁੰਦਾ ਸੀ। ਇਸ ਸਮੇਂ ਔਰਤਾਂ ਵੱਲੋਂ ਗੀਤ ਗਾਇਆ ਜਾਂਦਾ:
ਚੰਨਣ ਦੀ ਚੌਂਕੀ ਮੈਂ ਡਾਹੀ ਵੀਰਾ,
ਉੱਤੇ ਬੈਠਾ ਵੇ ਤੂੰ।
ਮੁੱਖ ਤਾਂ ਉੱਚਾ ਚੁੱਕ ਵੇ,
ਤੇਰੇ ਸਹੁਰੇ ਨੂੰ ਦਿਖਾ ਦੇ ਮੂੰਹ।

ਜੱਗਾ ਸਿੰਘ ਆਦਮਕੇ

ਇਸਦੇ ਨਾਲ ਇਸ ਮੌਕੇ ਨੂੰ ਪਰਮਾਤਮਾ ਵੱਲੋਂ ਸਿਰਜਿਆ ਮੌਕਾ ਸਮਝ ਕੇ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਗੀਤ ਵੀ ਗਾਏ ਜਾਂਦੇ:
ਚੜ੍ਹਦੇ ਕੰਨੀ ਨੂੰ ਬੈਠ ਕੇ ਵੀਰਾ
ਵੇ ਕੋਈ ਓਧਰੇ ਰੱਖੀਂ ਧਿਆਨ
ਅੱਜ ਖੁਸ਼ੀਆਂ ਮਨਾਉਂਦੇ ਦੇਵਤੇ
ਕੋਈ ਲੱਜਿਆ ਰੱਖੂ
ਵੇ ਵੀਰਨ ਪਿਆਰਿਆ ਵੇ, ਭਗਵਾਨ।
ਇਸ ਮਹੱਤਵਪੂਰਨ ਕਾਰਜ ਵਿਚ ਵਿਚੋਲੇ ਦੀ ਅਹਿਮ ਭੂਮਿਕਾ ਹੁੰਦੀ ਸੀ, ਇਸ ਕਰਕੇ ਔਰਤਾਂ ਵੱਲੋਂ ਇਸ ਸਮੇਂ ਗਾਏ ਜਾਂਦੇ ਗੀਤਾਂ ਵਿਚ ਵਿਚੋਲੇ ਦਾ ਜ਼ਿਕਰ ਤੇ ਪ੍ਰਸੰਸਾ ਵੀ ਕੀਤੀ ਜਾਂਦੀ :
ਤੇਰਾ ਵੇ ਵਿਚੋਲਿਆ ਪੁੱਤ ਜੀਵੇ
ਤੇ ਸਾਡਾ ਵਧੇ ਵੇ ਪਰਿਵਾਰ
ਅੱਜ ਹੱਥ, ਹੱਥ ਵਧ ਗਏ ਚੌਂਤਰੇ
ਕੋਈ ਗਜ਼, ਗਜ਼ ਵਧ ਗਈ ਵੇ
ਵੇ ਵਿਚੋਲਿਆ ਜੁੱਗ ਜਿਉਂਦਿਆਂ ਵੇ, ਸਬਾਤ
ਸਾਕ ਕਰਨ (ਸ਼ਗਨ ਪਾਉਣ) ਦੀ ਰਸਮ ਕੁੜੀ ਦੇ ਰਿਸ਼ਤੇ ਵਿਚੋਂ ਕਿਸੇ ਬਜ਼ੁਰਗ ਵੱਲੋਂ ਨਿਭਾਈ ਜਾਂਦੀ। ਮੁੰਡੇ ਦੇ ਮੋਢੇ ਉੱਪਰ ਰੱਖੇ ਪਰਨੇ, ਤੌਲੀਏ ਵਿਚ ਕੁੜੀ ਵਾਲਿਆਂ ਵੱਲੋਂ ਲਿਆਂਦੇ ਪਤਾਸੇ, ਮਖਾਣੇ, ਸੁੱਕੇ ਮੇਵੇ, ਛੁਹਾਰੇ ਪਾਏ ਜਾਂਦੇ ਅਤੇ ਮੁੰਡੇ ਦੇ ਮੂੰਹ ਵਿਚ ਪਤਾਸੇ ਜਾਂ ਛੁਹਾਰੇ ਦਾ ਟੁਕੜਾ ਪਾਇਆ ਜਾਂਦਾ ਸੀ। ਇਸੇ ਕਾਰਨ ਇਸ ਰਸਮ ਨੂੰ ਕੁਝ ਥਾਵਾਂ ’ਤੇ ਛੁਹਾਰਾ ਲਾਉਣਾ ਜਾਂ ਲੱਗਣਾ ਵੀ ਕਿਹਾ ਜਾਂਦਾ ਸੀ। ਇਸ ਮੌਕੇ ਕੁੜੀ ਵਾਲਿਆਂ ਵੱਲੋਂ ਮੁੰਡੇ ਨੂੰ ਕੜਾ ਜਾਂ ਛਾਪ ਵਰਗਾ ਗਹਿਣਾ ਵੀ ਪਾਇਆ ਜਾਂਦਾ। ਇਸ ਸਮੇਂ ਔਰਤਾਂ ਵੱਲੋਂ ਗੀਤ ਗਾਇਆ ਜਾਂਦਾ:
ਸਾਡੀ ਵਾੜ ਪੁਰਾਣੀ ਸੀ,
ਉਹਦੇ ’ਤੇ ਅਸਰ ਪਿਆ।
ਪੋਤਾ ਬਾਬੇ ਦਾ ਮੰਗਿਆ,
ਝੋਲੀ ਉਹਦੇ ਸ਼ਗਨ ਪਿਆ।
ਸਾਕ ਕਰਨ ਆਏ ਕੁੜੀ ਵਾਲਿਆਂ ਵੱਲੋਂ ਸਲਾਮੀ ਦੇਣ ਤੋਂ ਬਾਅਦ ਮੁੰਡੇ ਦੇ ਪਰਿਵਾਰ ਵਾਲਿਆਂ ਦੇ ਪਰਿਵਾਰ, ਰਿਸ਼ਤੇਦਾਰਾਂ ਅਤੇ ਪਿੰਡ ਵਿਚੋਂ ਸਾਕ ’ਤੇ ਪਹੁੰਚੇ ਲੋਕਾਂ ਵੱਲੋਂ ਸ਼ਗਨ ਰੂਪੀ ਰਾਸ਼ੀ ਮੁੰਡੇ ਦੀ ਝੋਲੀ ਪਾਈ ਜਾਂਦੀ ਸੀ। ਸਾਕ ਸਮੇਂ ਆਏ ਲੋਕਾਂ ਨੂੰ ਕਾਗਜ਼ ਦੇ ਲਿਫ਼ਾਫ਼ਿਆਂ ਵਿਚ ਪਾਏ ਪਤਾਸੇ ਦਿੱਤੇ ਜਾਂਦੇ। ਘਰ ਦੇ ਦਰਵਾਜ਼ੇ ਅੱਗੇ ਪਤਾਸਿਆਂ ਦੇ ਲਿਫ਼ਾਫ਼ਿਆਂ ਵਾਲਾ ਟੋਕਰਾ ਲਈ ਬੈਠਾ ਵਿਅਕਤੀ ਹਰ ਕਿਸੇ ਨੂੰ ਪਤਾਸਿਆਂ ਵਾਲਾ ਲਿਫ਼ਾਫ਼ਾ ਫੜਾਉਂਦਾ। ਇਹ ਰਸਮ ਬੜੀ ਸਾਦੀ, ਘੱਟ ਖ਼ਰਚੀਲੀ ਤੇ ਅਰਥ ਭਰਪੂਰ ਹੁੰਦੀ ਸੀ।
ਸਮੇਂ ਨਾਲ ਵਿਆਹ ਦੀਆਂ ਹੋਰ ਰਸਮਾਂ ਰਿਵਾਜਾਂ ਵਿਚ ਆਈ ਤਬਦੀਲੀ ਦੇ ਨਾਲ ਇਸ ਰਸਮ ਵਿਚ ਵੀ ਤਬਦੀਲੀ ਆਈ ਹੈ। ਹੁਣ ਸਾਕ ਦੀ ਇਸ ਰਸਮ ਨੇ ਹੋਰ ਰੂਪ ਲੈ ਲਿਆ ਹੈ। ਹੁਣ ਇਹ ਰਸਮ ਉਲਟੀ ਹੋ ਗਈ ਹੈ, ਭਾਵ ਇਹ ਮੁੰਡੇ ਦੇ ਘਰ ਦੀ ਬਜਾਏ ਕੁੜੀ ਵਾਲਿਆਂ ਵੱਲ ਹੋਣ ਲੱਗੀ ਹੈ। ਹੁਣ ਮੁੰਡੇ ਕੁੜੀ ਵੱਲੋਂ ਇਕ ਦੂਸਰੇ ਨੂੰ ਵੇਖਣ ਅਤੇ ਪਸੰਦ ਆਉਣ ’ਤੇ ਮੁੰਡੇ ਵਾਲੇ ਨਿਰਧਾਰਤ ਦਿਨ ਕੁੜੀ ਵਾਲਿਆਂ ਦੇ ਘਰ ਸ਼ਗਨ ਪਾਉਣ ਆਉਂਦੇ ਹਨ। ਇਸ ਸਮੇਂ ਵੱਡੀ ਗਿਣਤੀ ਵਿਚ ਮੁੰਡੇ ਵਾਲਿਆਂ ਦੇ ਪਰਿਵਾਰਕ ਮੈਂਬਰ, ਸਕੇ ਸਬੰਧੀ ਅਤੇ ਰਿਸ਼ਤੇਦਾਰ ਬਰਾਤ ਵਾਂਗ ਆਉਂਦੇ ਹਨ। ਬਹੁਤ ਸਾਰੇ ਲੋਕਾਂ ਵੱਲੋਂ ਸ਼ਗਨ ਪਾਉਣ ਦਾ ਪ੍ਰੋਗਰਾਮ ਪੈਲੇਸਾਂ ਵਿਚ ਕੀਤਾ ਜਾਣ ਲੱਗਾ ਹੈ, ਜਿਸ ਉੱਪਰ ਕਾਫ਼ੀ ਖ਼ਰਚ ਕੀਤਾ ਜਾਂਦਾ ਹੈ। ਇਸ ਸਮੇਂ ਦੋਹਾਂ ਪਰਿਵਾਰਾਂ ਵਿਚ ਗਹਿਣਿਆਂ ਦਾ ਆਦਾਨ ਪ੍ਰਦਾਨ ਵੱਡੇ ਪੱਧਰ ’ਤੇ ਹੁੰਦਾ ਹੈ। ਖਾਣੇ ਆਦਿ ਉੱਪਰ ਕਾਫ਼ੀ ਖ਼ਰਚ ਕੀਤਾ ਜਾਂਦਾ ਹੈ। ਹੁਣ ਔਰਤਾਂ ਵੱਲੋਂ ਕੋਈ ਗੀਤ ਨਹੀਂ ਗਾਏ ਜਾਂਦੇ, ਸਗੋਂ ਕਈ ਵਾਰ ਡੀ.ਜੇ. ਵਜਾਇਆ ਜਾਂਦਾ ਜਾਂ ਆਰਕੈਸਟਰਾਂ ਨੂੰ ਬੁਲਾਇਆ ਜਾਂਦਾ ਹੈ।

ਸੰਪਰਕ: 94178-32908


Comments Off on ਨਵੇਂ ਸਮੇਂ ਦੇ ਸਾਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.