ਸਰਕਾਰੀ ਸਕੂਲਾਂ ਵਿੱਚ ਤਕਨਾਲੋਜੀ ਦੀ ਵਰਤੋਂ !    ਡਾਕਟਰਾਂ ਤੇ ਮਰੀਜ਼ਾਂ ਵਿੱਚ ਮਜ਼ਬੂਤ ਰਿਸ਼ਤਿਆਂ ਦੀ ਜ਼ਰੂਰਤ !    ਅਜੋਕੀ ਸਿੱਖਿਆ ਤੇ ਬੌਧਿਕ ਵਿਕਾਸ !    ਖ਼ਰਾਬ ਮੌਸਮ ਕਾਰਨ 26 ਉਡਾਣਾਂ ’ਚ ਤਬਦੀਲੀ !    370: ਸੁਪਰੀਮ ਕੋਰਟ ਵੱਲੋਂ ਪਟੀਸ਼ਨਾਂ ਸੱਤ ਮੈਂਬਰੀ ਬੈਂਚ ਕੋਲ ਭੇਜਣ ਦਾ ਸੰਕੇਤ !    ਕਤਲ ਮਾਮਲਾ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਆਵਾਜਾਈ ਰੋਕੀ !    ਭਾਰਤ-ਅਮਰੀਕਾ ਵਿਚਾਲੇ 2+2 ਗੱਲਬਾਤ 18 ਨੂੰ !    ਸੀਬੀਆਈ ਵੱਲੋਂ 13 ਟਿਕਾਣਿਆਂ ’ਤੇ ਛਾਪੇ !    ਅਤਿਵਾਦੀ ਹਮਲੇ ’ਚ ਨਾਈਜਰ ਦੇ 71 ਫੌਜੀ ਹਲਾਕ !    ਛੱਤੀਸਗੜ੍ਹ ’ਚ ਦੋ ਨਕਸਲੀ ਹਲਾਕ !    

ਨਰਕੋਂ ਭੈੜੀ…

Posted On July - 7 - 2019

ਕਹਾਣੀਆਂ ਵਰਗੇ ਲੋਕ-7

‘‘ਐਂ ਨਈਂ ਅਸੀਂ ਹਾਰਨ ਵਾਲੀਆਂ… ਦਿਲ ਬੜਾ ਕਰੜਾ ਆ… ਮਰਨ ਵਾਲੇ ਧੋਖਾ ਦੇ ਗਏ ਆ… ਅਸੀਂ ਨੀ ਦਿਲ ਛੱਡਦੀਆਂ… ਇਕ ਵਾਰ ਤਾਂ ਆਈ ਮੌਤ ਨੂੰ ਵੀ ਗੋਡੇ ਹੇਠ ਦੇ ਕੇ ਚਾਰ ਦਿਨ ਕੱਟ ਈ ਲਊਂਗੀਆਂ…’’ ਚਾਚੀ ਚੰਨੋ ਪੂਰੇ ਹੌਸਲੇ ਨਾਲ ਬੋਲੀ। ਉਦੋਂ ਵੀ ਉਹ ਇਹੋ ਗੱਲਾਂ ਕਿਹਾ ਕਰਦੀ ਸੀ ਤੇ ਅੱਜ ਵੀ। ਇੰਨੇ ਵਰ੍ਹਿਆਂ ਬਾਅਦ ਉਨ੍ਹਾਂ ਦੇ ਬੁਲੰਦ ਹੌਸਲੇ ਦੀ ਦਾਦ ਦਿੱਤੇ ਬਿਨਾਂ ਨਹੀਂ ਰਿਹਾ ਜਾਂਦਾ। ਉਹ ਬਹੁਤ ਘਿਣਾਉਣੀ, ਨਫ਼ਰਤ ਕਰਨ ਯੋਗ, ਨਰਕੋਂ ਵੀ ਭੈੜੀ ਜ਼ਿੰਦਗੀ ਜਿਊ ਕੇ ਜੇ ਅੱਜ ਤਕ ਜਿਊਂਦੀਆਂ ਹਨ ਤਾਂ ਜ਼ਰੂਰ ਕਿਤੇ ਉਨ੍ਹਾਂ ਦੇ ਇਰਾਦਿਆਂ ਵਿਚ ਲੱਖਾਂ ਸੂਰਜਾਂ ਜਿੰਨੀ ਤਪਸ਼ ਰਹੀ ਹੋਵੇਗੀ।

ਪ੍ਰੇਮ ਗੋਰਖੀ

ਪਤਾ ਨਹੀਂ ਕਿਹੜੇ ਭੈੜੇ ਮੂੰਹ ਵਾਲੇ ਨੇ ਇਸ ਮੁਹੱਲੇ ਦੇ ਛੋਟੇ ਜਿਹੇ ਹਿੱਸੇ ਨੂੰ ਅਜਿਹਾ ਸਰਾਪ ਦਿੱਤਾ ਕਿ ਪੱਚੀਆਂ ਘਰਾਂ ਵਿਚ ਪੈਂਤੀ ਵਿਧਵਾ ਤੀਵੀਆਂ ਬੈਠੀਆਂ ਹਨ। ਇਨ੍ਹਾਂ ਪੈਂਤੀਆਂ ਵਿਚ ਹੀ ਸ਼ਾਮਲ ਹੈ ਚਾਚੀ ਜੀਤੋ, ਚਾਚੀ ਪ੍ਰੀਤੋ ਤੇ ਚਾਚੀ ਚੰਨੋ। ਇਹ ਤਿੰਨੋਂ ‘ਰੰਡੀਆਂ’ ਰੱਬ ਨਾਲ ਪੂਰਾ ਆਹਢਾ ਲੈਣ ਵਾਲੀਆਂ, ਚੱਤੋ ਪਹਿਰ ਉਹਨੂੰ ਮਾੜੀਆਂ ਤੋਂ ਮਾੜੀਆਂ ਗਾਲ੍ਹਾਂ ਦਿੰਦੀਆਂ। ਉਨ੍ਹਾਂ ਨੂੰ ਕੋਈ ਪਛਤਾਵਾ ਨਹੀਂ, ਉਹ ਬੜੇ ਰੋਹਬ ਨਾਲ ਜਿਊਣ ਵਾਲੀਆਂ ਆਕੜ ਕੇ ਰਹਿੰਦੀਆਂ ਤੇ ਨੇੜੇ-ਤੇੜੇ ਕਿਸੇ ਨੂੰ ਖੰਘਣ ਨਾ ਦਿੰਦੀਆਂ।
‘‘ਕਾਕਾ! ਅਸੀਂ ਵੀ ਉਹਨੂੰ ਹਿੱਕ ਠੋਕ ਕੇ ਕਹਿਤਾ ਕਿ ਪਿਉ ਦਿਆ ਪੁੱਤਾ ਤੂੰ ਵੀ ਲਾ ਲੈ ਜਿੱਥੇ ਤਕ ਤੇਰਾ ਜ਼ੋਰ ਲੱਗਦਾ… ਏਥੇ ਈ ਵਸਣਾ ਤੇਰੇ ਮੱਥੇ ਸੌਹਾਂ… ਤੂੰ ਕਰ ਲੈ ਮਨ ਆਈਆਂ।’’ ਚਾਚੀ ਜੀਤੋ ਨਲਕੇ ’ਤੇ ਪਾਣੀ ਭਰਦੀ ਸਾਹਮਣੇ ਦੇਖਦੀ ਬੋਲੀ।
‘‘ਕਿਹਨੂੰ ਕਹਿਤਾ ਚਾਚੀ, ਬਾਬੇ ਰਾਮ ਦਿੱਤੇ ਨੂੰ?’’ ਮੈਂ ਹਿਸਾਬ ਲਾਇਆ ਕਿ ਚਾਚੀ ਜੀਤੋ ਆਪਣੇ ਸਹੁਰੇ ਨਾਲ ਲੜ ਪਈ ਹੋਣੀ ਆ, ਜਿਹੜਾ ਬੋਲ ਰਹੀ ਆ।
‘‘ਨਈਂ, ਇਹਨੂੰ ਕਾਹਨੂੰ… ਮੈਂ ਤਾਂ ਗੱਲ ਕਰਦੀ ਆਂ ਓਸ ਉਪਰ ਵਾਲੇ ਦੀ… ਦਾਦਣੇ ਰੱਬ ਦੀ…’’ ਜੀਤੋ ਨੇ ਚਿੱਥ ਕੇ ਆਖਿਆ ਤੇ ਬਾਲਟੀ ਚੁੱਕ ਕੇ ਚਲੀ ਗਈ।
ਜੀਤੋ ਦਾ ਪਤੀ ਅਮਰ ਚੰਦ ਭਰ-ਜੁਆਨੀ ਵਿਚ ਸ਼ੁਦਾਈ ਹੋ ਗਿਆ। ਉਹ ਰੇਲਵੇ ਸ਼ੈੱਡ ਵਿਚ ਕਰੇਨ ਉਪਰ ਕੰਮ ਕਰਦਾ ਸੀ। ਬੜੀ ਟੌਹਰ ਵਾਲੀ, ਆਕੜ ਵਾਲੀ ਨੌਕਰੀ। ਚਾਚਾ ਅਮਰੂ ਤਕਾਲੀਂ ਪੰਜ ਵਜੇ ਰੇਲਵੇ ਵਰਕਸ਼ਾਪ ਤੋਂ ਘਰ ਆ ਕੇ, ਜਦੋਂ ਨਹਾ ਧੋ ਕੇ ਘਰੋਂ ਬਾਹਰ ਨਿਕਲਦਾ ਤਾਂ ਸਿੱਧਾ ਪਿਲਕਣ ਹੇਠਾਂ ਆਉਂਦਾ। ਜਿਹੜਾ ਚਿਹਰਾ ਉਹਦਾ ਨਿਖਰਿਆ ਮੂੰਹ ਦੇਖਦਾ ਉਹ ਖ਼ੁਸ਼ੀ ਵਿਚ ਖਿੜ-ਪੁੜ ਜਾਂਦਾ। ਸੋਹਣਾ-ਸੁਨੱਖਾ ਤੇ ਪੜ੍ਹਿਆ-ਗੁੜ੍ਹਿਆ। ਜਦੋਂ ਅਮਰੂ ਦੀ ਬਦਲੀ ਤੇ ਤਰੱਕੀ ਬੈਜਨਾਥ ਪਪਰੋਲਾ ਹੋਈ ਤਾਂ ਉਹ ਉੱਥੋਂ ਪੰਜਵੇਂ ਦਿਨ ਹੀ ਘਰ ਨੂੰ ਮੁੜ ਆਇਆ। ਪਿਲਕਣ ਥੱਲੇ ਬੰਦਿਆਂ ਵਿਚ ਬੈਠਾ ਕਹਿਣ ਲੱਗਾ, ‘‘ਬਈ ਚਾਰੇ ਪਾਸੇ ਭਾਂ-ਭਾਂ ਕਰਦਾ ਜੰਗਲ ਤੇ ਸੁੰਨੀ ਪਈ ਰੇਲਵੇ ਲਾਈਨ। ਸਟੇਸ਼ਨ ’ਤੇ ਸਾਰੇ ਦਿਨ ’ਚ ਦੋ ਟਾਈਮ ਗੱਡੀ ਆਵੇ। ਜਾਂ ਫੇਰ ਚਾਰੇ ਪਾਸੇ ਬਾਂਦਰ ਈ ਬਾਂਦਰ। ਕੋਈ ਚੀਜ਼ ਨਾ ਰਹਿਣ ਦੇਣ। ਤਿੰਨ ਤੌਲੀਏ ਸੁੱਕਣੇ ਪਾਏ, ਚੁੱਕ ਕੇ ਲੈ ਜਾਣ, ਗਲਾਸ ਲੈ ਗਏ। ਤੌਬਾ ਤੌਬਾ। ਇੱਥੇ ਜਾ ਕੇ ਅਫ਼ਸਰਾਂ ਨੂੰ ਬਦਲੀ ਲਈ ਕਹਿ ਕੇ ਦੇਖਦਾਂ… ਬਦਲੀ ਨਾ ਕੀਤੀ ਤਾਂ ਫੇਰ ਮੈਂ ਨੀ ਜਾਂਦਾ ਨਰਕ ਵਿਚ… ਮੇਰੀ ਤਾਂ ਤੌਬਾ ਬਈ…।’’
ਮਹੀਨਾ ਭਰ ਅਮਰੂ ਘਰ ਬੈਠਾ ਰਿਹਾ। ਕਈ ਚੱਕਰ ਉਹਨੇ ਰੇਲਵੇ ਸਟੇਸ਼ਨ ਵਰਕਸ਼ਾਪ ਦੇ ਲਾਏ। ਕੋਈ ਗੱਲ ਨਹੀਂ ਬਣੀ। ਸਾਰਾ ਸਾਰਾ ਦਿਨ ਉਹ ਕਦੇ ਪਿਲਕਣ ਹੇਠਾਂ, ਕਦੇ ਢਾਬੋਂ ਪਾਰ ਨਹਿਰ ਕੰਢੇ ਬੈਠਾ ਰਹਿੰਦਾ। ਹੌਲੀ ਹੌਲੀ ਉਹ ਚੁੱਪ ਹੀ ਰਹਿਣ ਲੱਗਾ। ਜੀਤੋ ਲੜਦੀ, ਘਰਾਂ ’ਚੋਂ ਕਈ ਬੰਦੇ ਉਹਦੇ ਨਾਲ ਖਹਿਬੜ ਪੈਂਦੇ ਪਰ ਅਮਰੂ ਕੰਮ ’ਤੇ ਜਾਣ ਨੂੰ ਨਾ ਮੰਨਿਆ। ਘਰਾਂ ’ਚੋਂ ਬਹੁਤੇ ਲੋਕ ਉਹਨੂੰ ਕਮਲਾ, ਢੀਠ, ਮਚਲਾ ਕਹਿ ਕੇ ਬੋਲਦੇ।
ਪਤੀ ਵੱਲ ਦੇਖ ਕੇ ਜੀਤੋ ਖ਼ੁਦ ਕਮਲਿਆਂ ਵਾਂਗ ਕਰਨ ਲੱਗੀ। ਉਹ ਕੀ ਕਰੇ, ਉਹਨੂੰ ਕੁਝ ਵੀ ਸਮਝ ਨਹੀਂ ਸੀ ਆਉਂਦੀ, ਨਾ ਕੋਈ ਵਸੀਲਾ ਹੀ ਸੁੱਝ ਰਿਹਾ ਸੀ। ਸਾਲ ਭਰ ’ਚ ਉਹਨੇ ਕੋਈ ਭੂਪਾ ਚੇਲਾ, ਕੋਈ ਮੜ੍ਹੀ ਮਸੀਤ ਨਹੀਂ ਸੀ ਛੱਡੀ, ਜਿੱਥੇ ਉਹ ਅਮਰੂ ਵਾਸਤੇ ਨਹੀਂ ਸੀ ਗਈ। ਚਹੁੰ ਸਾਲਾਂ ਵਿਚ ਅਮਰੂ ਰੁਲ-ਖੁਲ ਗਿਆ ਤੇ ਅਖੀਰ ਉਹ ਸਾਰੇ ਟੱਬਰ ਨੂੰ ਰੋਂਦੇ ਕੁਰਲਾਉਂਦੇ ਨੂੰ ਛੱਡ ਕੇ ਪ੍ਰਾਣ ਤਿਆਗ ਗਿਆ।

ਪ੍ਰੇਮ ਗੋਰਖੀ

ਅਗਲੀ ਗੱਲ ਸੁਣੋ। ਅਮਰੂ ਨੂੰ ਗੁਜ਼ਰਿਆਂ ਅਜੇ ਪੂਰਾ ਮਹੀਨਾ ਹੀ ਹੋਇਆ ਸੀ ਕਿ ਚਾਚਾ ਦੀਵਾਨ ਇਕਦਮ ਹੀ ਮੰਜੇ ’ਤੇ ਪੈ ਗਿਆ। ਉਹਨੂੰ ਦੋ ਸਾਲਾਂ ਤੋਂ ਦਮੇ ਦੇ ਰੋਗ ਨੇ ਬੁਰੀ ਤਰ੍ਹਾਂ ਦੱਬਿਆ ਹੋਇਆ ਸੀ। ਉਹ ਦੋ ਸਾਲ ਬਨਾਰਸ ਰਹਿ ਕੇ ਕੀ ਆਇਆ ਕਈ ਬਿਮਾਰੀਆਂ ਸਿਰ ’ਤੇ ਚੁੱਕੀ ਘਰ ਵੜਿਆ। ਉਹਨੂੰ ਦਮਾ ਹੋ ਗਿਆ ਸੀ। ਉੱਤੋਂ ਚੱਤੋ ਪਹਿਰ ਬੀੜੀ ਪੀਣ ਦੀ ਬਿਮਾਰੀ ਦਮੇ ਤੋਂ ਵੀ ਉਪਰ। ਦੀਵਾਨ ਦੀ ਪਤਨੀ ਚੰਨੋ ਤੇ ਦੀਵਾਨ ਦੇ ਚਾਚੇ ਬੁੜੇ ਬਸੰਤੇ ਨੇ ਬਥੇਰੀ ਦੌੜ-ਭੱਜ ਕੀਤੀ। ਨੇੜੇ ਲੱਗਦਾ ਕੋਈ ਡਾਕਟਰ ਹਕੀਮ ਨਾ ਛੱਡਿਆ। ਅਖੀਰ ਦੀਵਾਨ ਵੀ ਤੁਰਦਾ ਬਣਿਆ।
ਕੋਈ ਬਹੁਤੇ ਸਾਲ ਨਈਂ ਸੀ ਬੀਤੇ ਜਦੋਂ ਦੀਵਾਨ ਬਿਨਾਂ ਨਾਗਾ ਅਖਾੜੇ ਜਾਂਦਾ। ਨਵੇਂ ਉੱਠਦੇ ਭਲਵਾਨਾਂ ਵਿਚ ਉਹਦਾ ਚੰਗਾ ਨਾਂ ਚਮਕਣ ਲੱਗ ਪਿਆ ਸੀ। ਜਲੰਧਰ ਦੇ ਨੇੜੇ ਕਈ ਪਿੰਡਾਂ ਵਿਚ ਪੈਂਦੀਆਂ ਛਿੰਝਾਂ ਵਿਚ ਉਹਨੇ ਜਿੱਤ-ਹਾਰ ਵਾਲੇ ਘੋਲ ਲੜੇ ਸੀ। ਵਿਆਹ ਤੋਂ ਬਾਅਦ ਵੀ ਉਹਨੇ ਅਖਾੜੇ ਵੱਲੋਂ ਮੂੰਹ ਨਹੀਂ ਸੀ ਮੋੜਿਆ। ਫਿਰ ਪਤਾ ਨਹੀਂ ਉਹਨੂੰ ਕੀ ਹੋ ਗਿਆ ਤੇ ਕੀਹਦੀਆਂ ਗੱਲਾਂ ਵਿਚ ਆ ਗਿਆ। ਅਲਾਹਾਬਾਦ ਨੂੰ ਤੁਰ ਗਿਆ, ਵੱਡੀਆਂ ਕਮਾਈਆਂ ਕਰਨ। … ਤੇ ਕਮਾਈ ਕੀ ਕੀਤੀ … ਉਹ ਭਲਾਮਾਣਸ ਪੰਡ ਸਾਰੀਆਂ ਬਿਮਾਰੀਆਂ ਬੋਝੇ ਪਾਈ ਘਰ ਆ ਵੜਿਆ।
ਚਾਚੀ ਚੰਨੋ ਅੱਧੀ ਅੱਧੀ ਰਾਤ ਤਕ ਦੀਵੇ ਦੀ ਲੋਏ ਬੈਠੀ ਨਾਲੇ ਤਾਂ ਡੂਨੇ ਲਾਉਂਦੀ, ਤਿੰਨਾਂ ਨਿਆਣਿਆਂ ਨੂੰ ਪਾਲਦੀ ਦੀਵਾਨ ਲਈ ਦਵਾ-ਦਾਰੂ ਦਾ ਪ੍ਰਬੰਧ ਕਰਦੀ। ਦੁਖੀ ਹੋਈ ਉਹ ਕਦੇ ਕਦੇ ਵਿਹੜੇ ਵਿਚ ਖਲੋ ਕੇ ਲਲਕਾਰਨ ਲੱਗਦੀ, ‘‘ਜ਼ਾਲਮਾਂ ਕਿਉਂ ਬਦਲੇ ਲੈਣੇ ਲਏ ਆ… ਮੈਂ ਕੀ ਤੇਰੇ ਬਦਾਮਾਂ ਦੇ ਬੂਟੇ ਪੱਟ’ਤੇ… ਕੀ ਕਸੂਰ ਹੋ ਗਿਆ ਮੇਰੇ ਤੋਂ… ਕਿਉਂ ਸਾਨੂੰ ਸਤਿਆਂ ਨੂੰ ਸਤਾਉਂਦਾ… ਬੇੜਾ ਗਰਕੇ ਤੇਰਾ ਇਹੋ ਜਿਹੇ ਦਾ… ਮੇਰਾ ਕੀ ਵਿਗਾੜ ਲਏਂਗਾ ਤੂੰ… ਇਹਨੂੰ ਚੁੱਕ ਲਾ ਵਿਚੋਂ… ਮੇਰੇ ਤੋਂ ਨਈਂ ਇਲਾਜ ਕਰਾਇਆ ਜਾਂਦਾ… ਵੱਡਾ ਰੱਬ ਬਣਿਆ ਫਿਰਦਾ ਤੂੰ… ਦੁਖੀਆਂ ਨੂੰ ਦੁਖੀ ਕਰਨਾ ਈ ਤੇਰਾ ਕਸਬ ਆ…।’’
ਫਿਰ ਇਕ ਦਿਨ ਦੀਵਾਨ ਵੀ ਤੁਰਦਾ ਬਣਿਆ। ਚਾਚੀ ਚੰਨੋ ਮਰੇ ਹੋਏ ਦੀਵਾਨ ਨੂੰ ਦੇਖ ਕੇ ਪੱਥਰ ਹੋ ਗਈ ਸੀ। ਉਹਦੀ ਅੱਖ ’ਚੋਂ ਹੰਝੂ ਨਈਂ ਸੀ ਡਿੱਗ ਰਹੇ ਤੇ ਬੁੜ੍ਹੀਆਂ ਵਾਰ ਵਾਰ ਉਹਨੂੰ ਰੋਣ ਲਈ ਕਹਿ ਰਹੀਆਂ ਸਨ।
ਤੇ ਅਜੇ ਦੀਵਾਨ ਦਾ ਸਿਵਾ ਵੀ ਠੰਢਾ ਨਹੀਂ ਸੀ ਹੋਇਆ ਕਿ ਚਾਚੀ ਪ੍ਰੀਤੋ ਵੀ ਰੰਡੀ ਹੋ ਗਈ। ਚੰਗੇ ਭਲੇ, ਤੁਰਦੇ-ਫਿਰਦੇ ਤੇ ਰੇਲਵੇ ਦੀ ਨੌਕਰੀ ਤੋਂ ਆਏ ਸਾਧੂ ਨੂੰ ਇਹ ਕੀ ਹੋ ਗਿਆ ਸੀ? ਸਵੇਰੇ ਸਾਰਿਆਂ ਨੇ ਉਹਨੂੰ ਰੋਟੀ ਵਾਲਾ ਡੱਬਾ ਚੁੱਕੀ ਕੰਮ ’ਤੇ ਜਾਂਦੇ ਨੂੰ ਦੇਖਿਆ। ਕੰਮ ’ਤੇ ਗਏ ਨੂੰ ਹੀ ਕੁਝ ਹੋ ਗਿਆ, ਰੇਲਵੇ ਵਰਕਸ਼ਾਪ ਵਿਚ। ਢਿੱਡ ’ਚ ਕਹਿੰਦੇ ਸੂਲ ਉੱਠਿਆ ਤੇ ਸਾਧੂ ਬੇਸੁਰਤ ਹੋ ਕੇ ਡਿੱਗ ਪਿਆ। ਰੇਲਵੇ ਵਾਲਾ ਹਸਪਤਾਲ ਵੀ ਨੇੜੇ ਹੀ ਸੀ, ਪਰ ਸਭ ਵਿਅਰਥ।
ਦਰਾਂ ’ਤੇ ਖ਼ਬਰ ਪਹੁੰਚੀ ਤਾਂ ਪ੍ਰੀਤੋ ਦੀ ਲੇਰ ਨਿਕਲ ਗਈ। ਆਹ ਕੀ ਹੋ ਗਿਆ। ਪਲਾਂ ਛਿਣਾਂ ਵਿਚ ਵੈਣ ਪੈਣ ਲੱਗੇ। ਸਾਧੂ ਦੀ ਭੈਣ ਸਵਰਨੀ ਉੱਚੀ ਸਾਰੀ ਚੀਕਾਂ ਮਾਰਨ ਲੱਗੀ। ਫਿਰ ਪ੍ਰੀਤੋ ਨੂੰ ਦੰਦਲ ਪੈ ਗਈ ਤੇ ਸਾਧੂ ਦੀ ਮਾਂ ਭਾਨੀ ਦੁਹੱਥੜਾਂ ਮਾਰ ਮਾਰ ਆਪਣੀ ਛਾਤੀ ਭੰਨਣ ਲੱਗੀ।
ਇਹ ਕੀ ਹੋ ਗਿਆ ਸੀ, ਘੜੀਆਂ ਤੇ ਫਿਰ ਦਿਨਾਂ ਵਿਚ ਹੀ। ਪਹਿਲਾਂ ਤਾਂ  ਘਰਾਂ ਵਿਚ ਢਲਦੀ ਉਮਰ ਦੀਆਂ ਬੁੜ੍ਹੀਆਂ ਰੰਡੀਆਂ ਹੋਈਆਂ- ਬੁੜ੍ਹੀ ਰੱਜੋ, ਬੁੜ੍ਹੀ ਨ੍ਹਾਮੀ, ਬੁੜ੍ਹੀ ਰੁਕਮਣ। ਭਰ ਜਵਾਨੀ ਵਿਚ ਰੰਡੇਪਾ ਕਿਸੇ ਨੇ ਨਹੀਂ ਡਿੱਠਾ। ਜੀਤੋ, ਚੰਨੋ ਤੇ ਪ੍ਰੀਤੋ। ਤਿੰਨੋਂ ਸਿਖਰ ਦੁਪਹਿਰ ਸਿਰ ’ਤੇ ਲਈ ਖੜ੍ਹੀਆਂ ਸੀ। ਤਿੰਨਾਂ ਦੇ ਛੋਟੇ ਛੋਟੇ ਨਿਆਣੇ ਸੀ। ਜੀਤੋ ਦੇ ਤਿੰਨ, ਚੰਨੋ ਦੇ ਵੀ ਤਿੰਨ ਤੇ ਪ੍ਰੀਤੋ ਦੇ ਚਾਰ। ਚਿੱਟੇ ਟੱਲੇ ਲਈ ਉਹ ਦਰਾਂ ਤੋਂ ਬਾਹਰ ਨਿਕਲਦੀਆਂ ਤਾਂ ਦੇਖ ਕੇ ਦਿਲਾਂ ਨੂੰ ਹੌਲ ਪੈਣ ਲੱਗਦੇ।
ਫਿਰ ਅਸੀਂ ਦੇਖਿਆ ਦਿਨਾਂ ਵਿਚ ਹੀ ਤਿੰਨਾਂ ਨੇ ਮਰ ਗਿਆਂ ਨੂੰ ਇਕ ਤਰ੍ਹਾਂ ਵਿਸਾਰ ਹੀ ਦਿੱਤਾ। ਉਹ ਆਪੋ ਆਪਣੇ ਆਹਰਾਂ ਵਿਚ ਜੁਟ ਗਈਆਂ। ਚਾਚੀ ਚੰਨੋ ਪਹਿਲਾਂ ਵਾਂਗ ਹੀ ਡੂਨੇ-ਪੱਤਲਾਂ ਲਾਉਣ ਲੱਗੀ। ਜੀਤੋ ਆਪਣੇ ਪੇਕੇ ਪਿੰਡ ਸਾਰੋਬਾਦ ਗਈ ਤੇ ਦੋ ਕੱਟੀਆਂ ਘਰ ਲਿਆ ਬੰਨ੍ਹੀਆਂ। ਉਹ ਤਕਾਲਾਂ, ਸਵੇਰੇ ਖੇਤਾਂ ’ਚੋਂ ਘਾਹ ਪੱਠੇ ਲਿਆ ਕੇ ਕੱਟੀਆਂ ਨੂੰ ਪਾਉਂਦੀ। ਪ੍ਰੀਤੋ ਪਹਿਲਾਂ ਤਾਂ ਡੂਨੇ ਹੀ ਲਾਉਣ ਲੱਗੀ। ਫਿਰ ਕਿਸੇ ਦੇ ਸਮਝਾਉਣ ’ਤੇ ਰੇਲਵੇ ਸਟੇਸ਼ਨ ਜਾ ਕੇ ਨੌਕਰੀ ਦੇ ਫਾਰਮ ਲੈ ਆਈ ਤੇ ਭਰ ਕੇ ਫਿਰੋਜ਼ਪੁਰ ਨੂੰ ਭੇਜ ਦਿੱਤੇ।
ਮਹੀਨਿਆਂ ਵਿਚ ਹੀ ਤਿੰਨਾਂ ਦੇ ਚਿਹਰੇ ਝੁਲਸ ਜਿਹੇ ਗਏ। ਅੱਖਾਂ ਅੰਦਰ ਨੂੰ ਧੱਸ ਗਈਆਂ ਸਨ। ਤੇ ਬੁੱਚੇ ਕੰਨ ਬੜੇ ਡਰਾਉਣੇ ਲੱਗ ਪਏ ਸਨ। ਉਹ ਤਿੰਨੋਂ ਹੀ ਬਹੁਤ ਖਿਝੀਆਂ ਖਿਝੀਆਂ, ਬੜੀਆਂ ਸੜੀਆਂ ਭੁੱਜੀਆਂ ਰਹਿਣ ਲੱਗੀਆਂ ਤੇ ਜਦੋਂ ਵੀ ਮੌਕਾ ਮਿਲਦਾ ਕਿਸੇ ਨੂੰ ਵੀ ਵੱਧ-ਘੱਟ ਬੋਲ ਦਿੰਦੀਆਂ।
‘‘ਬੜਾ ਲੰਮਾ ਪੈਂਡਾ ਆ ਧੀਓ… ਹੌਸਲਾ ਰੱਖ ਕੇ ਤੁਰਨਾ ਪੈਣਾ…’’ ਮਿਸਤਰੀਆਂ ਦੀ ਬੇਬੇ ਪੁੰਨਾਂ ਕਹਿੰਦੀ ਤੇ ਆਪਣਾ ਰੰਡੇਪਾ ਯਾਦ ਕਰ ਕਰ ਕਈ ਹੋਈਆਂ ਬੀਤੀਆਂ ਦੱਸਦੀ ਦਿਲ ਕਰੜਾ ਕਰਨ ਦੀ ਹਦਾਇਤ ਕਰਦੀ।
‘‘ਬੇਬੇ… ਐਂ ਨਈਂ ਅਸੀਂ ਹਾਰਨ ਵਾਲੀਆਂ… ਦਿਲ ਬੜਾ ਕਰੜਾ ਆ… ਮਰਨ ਵਾਲੇ ਧੋਖਾ ਦੇ ਗਏ ਆ… ਅਸੀਂ ਨੀ ਦਿਲ ਛੱਡਦੀਆਂ… ਇਕ ਵਾਰ ਤਾਂ ਆਈ ਮੌਤ ਨੂੰ ਵੀ ਗੋਡੇ ਹੇਠ ਦੇ ਕੇ ਚਾਰ ਦਿਨ ਕੱਟ ਈ ਲਊਂਗੀਆਂ…’’ ਚਾਚੀ ਚੰਨੋ ਪੂਰੇ ਹੌਸਲੇ ਨਾਲ ਬੋਲੀ।
ਉਦੋਂ ਵੀ ਉਹ ਇਹੋ ਗੱਲਾਂ ਕਿਹਾ ਕਰਦੀ ਸੀ ਤੇ ਅੱਜ ਵੀ। ਇੰਨੇ ਵਰ੍ਹਿਆਂ ਬਾਅਦ ਉਨ੍ਹਾਂ ਦੇ ਬੁਲੰਦ ਹੌਸਲੇ ਦੀ ਦਾਦ ਦਿੱਤੇ ਬਿਨਾਂ ਨਹੀਂ ਰਿਹਾ ਜਾਂਦਾ। ਉਹ ਬਹੁਤ ਘਿਣਾਉਣੀ, ਨਫ਼ਰਤ ਕਰਨ ਯੋਗ, ਨਰਕੋਂ ਵੀ ਭੈੜੀ ਜ਼ਿੰਦਗੀ ਜਿਊ ਕੇ ਜੇ ਅੱਜ ਤਕ ਜਿਊਂਦੀਆਂ ਹਨ ਤਾਂ ਜ਼ਰੂਰ ਕਿਤੇ ਉਨ੍ਹਾਂ ਦੇ ਇਰਾਦਿਆਂ ਵਿਚ ਲੱਖਾਂ ਸੂਰਜਾਂ ਜਿੰਨੀ ਤਪਸ਼ ਰਹੀ ਹੋਵੇਗੀ।
‘‘ਓਏ ਪੁੱਤਾ ਗੱਲ ਕਿਹੜੀ ਆ… ਹੌਸਲਾ ਰੱਖ ਤੂੰ… ਇਹ ਦੁੱਖਾਂ ਦਾ ਕੀ ਆ… ਇਹ ਤਾਂ ਚੰਦਰੇ ਰੱਬ ਨੇ ਆਪਾਂ ਨੂੰ ਦਾਜ ਵਿਚ ਦਿੱਤੇ ਆ… ਆਪਾਂ ਹਾਰ ਨੀ ਮੰਨਣੀ… ਬਹਾਦਰਾਂ ਵਾਂਗ ਜੀਣਾ…’’ ਮੇਰੇ ਭਾਈਏ ਦੀ ਮੌਤ ’ਤੇ ਚਾਚੀ ਪ੍ਰੀਤੋ ਨੇ ਮੇਰਾ ਮੋਢਾ ਘੁੱਟ ਕੇ ਮੈਨੂੰ ਹੌਸਲਾ ਦਿੱਤਾ। ‘‘ਮੈਂ ਜ਼ਰਾ ਡਿਊਟੀ ਦੇ ਆਵਾਂ… ਟੇਸ਼ਨ ’ਤੇ ਪਾਣੀ ਪਲਾਣਾ ਹੁੰਦਾ… ਤਕਾਲਾਂ ਨੂੰ ਮਿਲਦੀ ਆਂ ਆ ਕੇ… ਸ਼ੇਰ ਬਣ ਕੇ ਰਹਿਣਾ… ਤੇਰੇ ਪਿੱਛੇ ਵੱਡਾ ਟੱਬਰ ਆ ਭਰਾਵਾਂ ਦਾ…।’’

ਸੰਪਰਕ: 98555-91762


Comments Off on ਨਰਕੋਂ ਭੈੜੀ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.