ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਦੋ ਦਿਨ ਪਏ ਮੀਂਹ ਨੇ ਕਿਸਾਨਾਂ ਦੀ ਮਿਹਨਤ ’ਤੇ ਫੇਰਿਆ ਪਾਣੀ

Posted On July - 18 - 2019

ਪੁੱਤਾਂ ਵਾਂਗ ਪਾਲ਼ੀ ਫ਼ਸਲ ਮਰਦਿਆਂ ਵੇਖ ਅੰਨਦਾਤਾ ਹੋਇਆ ਕੱਖੋਂ ਹੋਲ਼ਾ

ਮਾਨਸਾ ਜ਼ਿਲ੍ਹੇ ਦੇ ਚਾਰ ਦਰਜਨਾਂ ਪਿੰਡਾਂ ਵਿਚ ਹਜ਼ਾਰਾਂ ਏਕੜ ਫ਼ਸਲ ਡੁੱਬੀ;
ਮੀਂਹ ਦਾ ਪਾਣੀ ਘਰਾਂ ਵਿਚ ਵੜਿਆ, ਲੋਕ ਆਏ ਬਾਹਰ

ਪਿੰਡ ਮਾਈਸਰਖਾਨਾ ਦੇ ਖੇਤਾਂ ਵਿਚ ਭਰੇ ਹੋਏ ਪਾਣੀ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨ।

ਜੋਗਿੰਦਰ ਸਿੰਘ ਮਾਨ
ਮਾਨਸਾ, 17 ਜੁਲਾਈ
ਮਾਨਸਾ ਜ਼ਿਲ੍ਹੇ ਦੇ ਚਾਰ ਦਰਜਨਾਂ ਪਿੰਡਾਂ ਦੇ ਹਜ਼ਾਰ ਏਕੜ ਰਕਬੇ ਵਿਚ ਖੜ੍ਹੀਆਂ ਸਾਉਣੀ ਦੀਆਂ ਫ਼ਸਲਾਂ ਅੱਧੀ ਰਾਤ ਪਏ ਮੀਂਹ ਨਾਲ ਪਾਣੀ ਵਿੱਚ ਡੁੱਬ ਗਈਆਂ। ਇਨ੍ਹਾਂ ਫ਼ਸਲਾਂ ਦੇ ਹੁਣ ਪਾਣੀ ਸੁੱਕਣ ਤੋਂ ਬਾਅਦ ਵੀ ਠੀਕ ਹੋਣ ਦੀ ਕੋਈ ਉਮੀਦ ਨਹੀਂ ਬਚੀ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਹਰ ਪਿੰਡ ਵਿਚ 20 ਪ੍ਰਤੀਸ਼ਤ ਰਕਬਾ ਪਾਣੀ ਦੀ ਮਾਰ ਹੇਠ ਆਇਆ ਹੈ ਅਤੇ ਬੇਮੁਹਰੇ ਮੀਂਹ ਦਾ ਪਾਣੀ ਫ਼ਸਲਾਂ ਤੋਂ ਝੱਲ ਨਹੀਂ ਹੋਇਆ ਹੈ।
ਮਾਨਸਾ ਦੇ ਪਿੰਡ ਜਵਾਹਰਕੇ ਦੀ 300 ਏਕੜ ਤੋਂ ਵੱਧ ਫ਼ਸਲ ਮੀਂਹ ਦੇ ਪਾਣੀ ਵਿੱਚ ਡੁੱਬ ਗਈ ਹੈ। ਪਿੰਡ ਫਫੜੇ ਭਾਈਕੇ ਦੇ ਸਰਪੰਚ ਇਕਬਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵੀ 400 ਏਕੜ ਫ਼ਸਲ ਪਾਣੀ ਕਾਰਨ ਮਰ ਗਈ ਹੈ, ਜਦੋਂ ਕਿ ਬੱਪੀਆਣਾ, ਖਿੱਲਣ, ਚੁਕੇਰੀਆਂ, ਮਲਕਪੁਰ ਖਿਆਲਾ, ਕੋਟੜਾ, ਢੈਪਈ, ਸਮਾਓ, ਮੱਤੀ ਸਮੇਤ ਦੋ ਦਰਜਨ ਪਿੰਡਾਂ ਵਿੱਚ ਪਾਣੀ ਨੇ ਰਾਤੋ-ਰਾਤ ਫ਼ਸਲਾਂ ਦਾ ਸੱਤਿਆਨਾਸ ਕਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਦਾ ਕਹਿਣਾ ਹੈ ਕਿ ਪਾਣੀ ਨੇ ਪਿੰਡ ਭੈਣੀਬਾਘਾ, ਮਾਖਾ ਚਹਿਲਾਂ, ਬੁਰਜ ਹਰੀ, ਉਭਾ ਅਤੇ ਰਾਮਾਂਨੰਦੀ ਨੇੜੇ ਸੂਆ ਟੁੱਟਣ ਕਾਰਨ ਸੈਂਕੜੇ ਏਕੜ ਰਕਬੇ ’ਚ ਖੜ੍ਹੀਆਂ ਫ਼ਸਲਾਂ ਨੂੰ ਪਾਣੀ ਨੇ ਦੱਬ ਲਿਆ ਹੈ।
ਜਗਰੂਪ ਸਿੰਘ ਪੰਚਾਇਤ ਅਫਸਰ ਮਾਨਸਾ ਅਤੇ ਪੁਨੀਤ ਜਿੰਦਲ ਪੰਚਾਇਤ ਸੈਕਟਰੀ ਨੇ ਦੱਸਿਆ ਕਿ ਪਿੰਡ ਉਭਾ ਵਿੱਚ 200 ਏਕੜ ਫਸਲਾਂ ਵਿੱਚ ਪਾਣੀ ਭਰਨ ਕਰਕੇ ਫਸਲ ਬਰਬਾਦ ਹੋਣ ਦੇ ਕਿਨਾਰੇ ਹੈ। ਇਸੇ ਤਰ੍ਹਾਂ ਪਿੰਡ ਮੌਜ਼ੋ ਕਲਾਂ ਦੇ ਰਕਬੇ ਵਿੱਚ ਵੀ ਤਿੰਨ ਚਾਰ ਫੁੱਟ ਪਾਣੀ ਭਰ ਚੁੱਕਾ ਹੈ।
ਸੰਗਤ ਮੰਡੀ (ਪੱਤਰ ਪ੍ਰੇਰਕ): ਪਿਛਲੇ ਦੋ ਦਿਨ ਪਏ ਭਾਰੀ ਮੀਂਹ ਕਾਰਨ ਇਲਾਕੇ ਦੇ ਖੇਤਾਂ ਵਿਚ ਚਾਰ-ਚਾਰ ਫੁੱਟ ਪਾਣੀ ਭਰ ਗਿਆ ਹੈ। ਪਾਣੀ ਜ਼ਿਆਦਾ ਹੋਣ ਕਾਰਨ ਪਾਣੀ ਇੱਕ ਪਿੰਡ ਦੀ ਹੱਦ ਤੋੜ ਕੇ ਦੂਸਰੇ ਪਿੰਡ ਵਿਚ ਜਾਣ ਲੱਗਾ ਹੈ, ਜਿਸ ਕਾਰਨ ਕਿਸਾਨਾਂ ਵਿਚ ਹੱਦਾਂ ਨੂੰ ਬੰਨ੍ਹਣ ਨੂੰ ਲੈ ਕੇ ਤਕਰਾਰਬਾਜ਼ੀ ਵੀ ਹੋਈ। ਜ਼ਿਲ੍ਹੇ ਦੇ ਪਿੰਡ ਨਰੂਆਣਾ, ਮੀਆਂ, ਜੈ ਸਿੰਘ ਵਾਲਾ, ਬਾਹੋ ਸਿਵੀਆਂ, ਤਿਉਣਾ, ਮੁਲਾਤਨੀਆਂ, ਬਾਹੋ ਯਾਤਰੀ, ਬੁਲਾਡੇਵਾਲਾ, ਦਿਓਣ ਅਤੇ ਚੁੱਘੇ ਖੁਰਦ ਤੋਂ ਇਲਾਵਾ ਹੋਰ ਪਿੰਡਾਂ ਵਿਚ ਪਾਣੀ ਇੱਕ ਪਿੰਡ ਤੋਂ ਦੂਸਰੇ ਪਿੰਡ ਦੀਆਂ ਹੱਦਾਂ ਤੋੜ ਕੇ ਨੀਵੇਂ ਖੇਤਾਂ ਵਿਚ ਭਰ ਗਿਆ। ਇਸੇ ਤਰਾਂ ਮੀਂਹ ਦਾ ਪਾਣੀ ਬਾਹੋ ਸਿਵੀਆਂ ਅਤੇ ਤਿਉਣਾ ਦੀ ਹੱਦ ਤੋੜ ਕੇ ਤਿਉਣਾ ਦੇ ਖੇਤਾਂ ਵਿੱਚ ਭਰ ਗਿਆ।

ਖੇਤਾਂ ਵਿਚ ਲੱਕ ਤੋਂ ਉੱਪਰ ਤੱਕ ਪਾਣੀ ਭਰਿਆ

ਪਿੰਡ ਖੋਖਰ ਵਿੱਚ ਬਰਸਾਤੀ ਪਾਣੀ ਦੇ ਵਹਾਅ ਨੂੰ ਰੋਕਦੇ ਹੋਏ ਪਿੰਡ ਵਾਸੀ। -ਫੋਟੋ: ਰਮਨਦੀਪ ਸਿੰਘ

ਪੱਤਰ ਪ੍ਰੇਰਕ
ਮੌੜ ਮੰਡੀ, 17 ਜੁਲਾਈ
ਸਾਉਣ ਮਹੀਨੇ ਦੀ ਸ਼ੁਰੂਆਤ ਕਿਸਾਨਾਂ ਲਈ ਮਾੜੀ ਸਾਬਤ ਹੋਈ ਹੈ। ਭਾਰੀ ਮੀਂਹ ਨੇ ਕਿਸਾਨਾਂ ਦੇ ਸੁਪਨੇ ਧੋ ਦਿੱਤੇ ਹਨ। ਪਹਿਲਾਂ ਤੋਂ ਹੀ ਸੰਕਟ ਵਿਚ ਚਲ ਰਹੀ ਕਿਸਾਨਾਂ ਲਈ ਬਾਰਿਸ਼ ਲਾਹੇਵੰਦ ਸਾਬਤ ਹੋਣ ਦੀ ਜਗ੍ਹਾ ਮੁਸੀਬਤ ਬਣ ਕੇ ਆਈ ਤੇ ਜਗ੍ਹਾ ਜਗ੍ਹਾ ਤੋਂ ਟੁੱਟੇ ਰਜਵਾਹੇ ਅਤੇ ਬੇਕਾਬੂ ਹੋਏ ਪਾਣੀ ਨੇ ਘੁੰਮਣ ਕਲਾਂ, ਜੋਧਪੁਰ, ਮਾਇਸਰਖਾਨਾ, ਮੰਡੀ ਖੁਰਦ , ਰਾਮਨਗਰ ਅਤੇ ਆਸ ਪਾਸ ਦੇ ਪਿੰਡਾਂ ਦੇ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਬਰਬਾਦ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪਿੰਡ ਗਹਿਰੀ ਕੋਲ ਦੋ ਵਾਰ ਰਜਵਾਹਾ ਟੁੱਟਣ ਕਾਰਨ ਤਿੰਨ ਪਿੰਡ ਮਾਈਸਰਖਾਨਾ, ਗਹਿਰੀ ਅਤੇ ਚਨਾਰਥਲ ਦੀ ਸੈਂਕੜੇ ਏਕੜ ਫ਼ਸਲ ਬਰਬਾਦ ਹੋ ਗਈ ਹੈ। ਖੇਤਾਂ ਵਿਚ ਪੰਜ ਫੁੱਟ ਤਕ ਪਾਣੀ ਭਰ ਗਿਆ ਹੈ। ਪਿੰਡ ਮਾਇਸਰਖਾਨਾ ਦੇ ਕਿਸਾਨ ਹਰਦੀਪ ਸਿੰਘ, ਸਵਰਨ ਸਿੰਘ, ਗਮਦੂਰ ਸਿੰਘ, ਸੁਖਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸੈਂਕੜੇ ਏਕੜ ਫ਼ਸਲ ਬਰਬਾਦ ਹੋ ਗਈ। ਪਿੰਡ ਮੰਡੀ ਖੁਰਦ ਦੇ ਕਿਸਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਪੂਰੀ ਰਾਤ ਹੋਈ ਬਾਰਿਸ਼ ਨੇ ਸਥਿਤੀ ਇੰਨੀ ਚਿੰਤਾਜਨਕ ਬਣਾ ਦਿੱਤੀ ਕਿ ਮੰਡੀ ਖੁਰਦ ਦੀ ਏਕੜ ਰਕਬੇ ਵਿੱਚ ਝੋਨੇ ਦੀ ਫ਼ਸਲ ਪਾਣੀ ਵਿਚ ਰੁੜ੍ਹ ਗਈ। ਇਸੇ ਤਰ੍ਹਾਂ ਪਿੰਡ ਚਨਾਰਥਲ, ਗਹਿਰੀ, ਹਰਕਿਸ਼ਨਪੁਰਾ, ਘੁੰਮਣ ਖੁਰਦ ਤੇ ਪਿੰਡ ਕੁੱਤੀਵਾਲ ਖੁਰਦ ਦੇ ਕਿਸਾਨਾਂ ਦਾ ਭਾਰੀ ਨੁਕਸਾਨ ਹੋਣ ਦੀ ਖ਼ਬਰ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਰੇਸ਼ਮ ਸਿੰਘ ਯਾਤਰੀ ਅਤੇ ਕਿਸਾਨ ਯੂਨੀਅਨ ਉਗਰਾਹਾਂ ਦੇ ਹਰਜਿੰਦਰ ਬਗੀ ਨੇ ਕਿਹਾ ਕਿ ਕਿਸਾਨਾਂ ਨੂੰ ਇਸ ਸਥਿਤੀ ’ਚੋਂ ਬਾਹਰ ਕੱਢਣ ਲਈ ਮੁਆਵਜ਼ੇ ਦਿੱਤਾ ਜਾਵੇ।

ਡਿਪਟੀ ਕਮਿਸ਼ਨਰ ਵੱਲੋਂ ਰੇਲਵੇ ਅਥਾਰਿਟੀ ਨਾਲ ਗੱਲਬਾਤ

ਫ਼ਿਰੋਜ਼ਪੁਰ (ਪੱਤਰ ਪ੍ਰੇਰਕ): ਬਸਤੀ ਟੈਂਕਾਂ ਵਾਲੀ ਰੇਲਵੇ ਅੰਡਰਬਰਿਜ ਵਿਚ ਭਰੇ ਪਾਣੀ ਦੀ ਸਮੱਸਿਆ ਨੂੰ ਸੰਜੀਦਗੀ ਨਾਲ ਲੈਂਦਿਆਂ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਰੇਲਵੇ ਅਥਾਰਿਟੀ ਦੇ ਸਾਹਮਣੇ ਅੱਜ ਮਸਲਾ ਰੱਖਿਆ। ਡਿਪਟੀ ਕਮਿਸ਼ਨਰ ਨੇ ਡੀਆਰਐੱਮ ਫ਼ਿਰੋਜ਼ਪੁਰ ਡਿਵੀਜ਼ਨ ਨੂੰ ਆਖਿਆ ਕਿ 16 ਜੁਲਾਈ ਨੂੰ ਪਏ ਮੀਂਹ ਕਾਰਨ ਇੱਥੇ ਪਾਣੀ ਭਰ ਗਿਆ, ਜਿਸ ਨਾਲ ਆਵਾਜਾਈ ਠੱਪ ਹੋ ਗਈ। ਉੱਥੇ ਹੀ ਇੱਕ ਕਾਰ ਵੀ ਪਾਣੀ ਵਿਚ ਡੁੱਬ ਗਈ ਸੀ। ਉਨ੍ਹਾਂ ਕਿਹਾ ਕਿ ਡੀਆਰਐੱਮ ਵੱਲੋਂ ਇਸ ਮਾਮਲੇ ਸਬੰਧੀ ਚੰਗਾ ਵਤੀਰਾ ਦਿਖਾਇਆ ਗਿਆ ਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਜਲਦੀ ਹੀ ਇਸ ਸਮੱਸਿਆ ਦਾ ਪੱਕਾ ਹੱਲ ਕਰ ਦਿੱਤਾ ਜਾਵੇਗਾ।

ਐੱਸਡੀਐੱਮ ਨੇ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ

ਸਾਦਿਕ (ਪੱਤਰ ਪ੍ਰੇਰਕ): ਭਾਵੇਂ ਮੀਂਹ ਨੇ ਗਰਮੀ ਤੋਂ ਰਾਹਤ ਦਿਵਾਈ ਹੈ ਪਰ ਵੱਖ-ਵੱਖ ਪਿੰਡਾਂ ਵਿਚ ਇਸ ਨੇ ਖਾਸਾ ਨੁਕਸਾਨ ਕਰ ਦਿੱਤਾ ਹੈ। ਜਿੱਥੇ ਖੇਤਾਂ ਵਿਚ ਫਸਲਾਂ ਡੁੱਬ ਚੁੱਕੀਆਂ ਹਨ ਉਥੇ ਹੀ ਪਾਣੀ ਭਰਨ ਨਾਲ ਪਸ਼ੂਆਂ ਲਈ ਹਰੇ ਚਾਰੇ ਦਾ ਪ੍ਰਬੰਧ ਕਰਨ ਵਿਚ ਵੀ ਮੁਸ਼ਕਿਲਾਂ ਆ ਰਹੀਆਂ ਹਨ। ਸੇਮ ਨਾਲਿਆਂ ਦੀ ਸਫਾਈ ਨਾ ਹੋਣ ਕਰਕੇ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ। ਕਿਸਾਨ ਆਗੂ ਜਗਸੀਰ ਸਿੰਘ ਸਾਧੂਵਾਲਾ ਨੇ ਆਖਿਆ ਕਿ ਸਫਾਈ ਵਾਲੀਆਂ ਮਸ਼ੀਨਾਂ ਸਿਰਫ ਕਾਗਜਾਂ ’ਚ ਹੀ ਚੱਲਦੀਆਂ ਹਨ। ਅੱਜ ਐੱਸਡੀਐੱਮ ਫਰੀਦਕੋਟ ਪਰਮਦੀਪ ਸਿੰਘ, ਤਹਿਸੀਲਦਾਰ ਪਰਮਜੀਤ ਸਿੰਘ ਬਰਾੜ, ਬੀਡੀਓ ਅਸ਼ੋਕ ਕੁਮਾਰ, ਰਵਿੰਦਰ ਸਿੰਘ ਬਾਵਾ ਨੇ ਪਾਣੀ ਨਾਲ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਅਤੇ ਬੰਦ ਪਈ ਨਿਕਾਸੀ ਨੂੰ ਮਸ਼ੀਨਾਂ ਦੀ ਮਦਦ ਨਾਲ ਚਾਲੂ ਕਰਵਾਇਆ।

ਕੋਠਾ ਗੁਰੂ ਦੇ ਸਟੇਡੀਅਮ ਵਿਚ ਪਾਣੀ ਭਰਿਆ

ਭਗਤਾ ਭਾਈ (ਪੱਤਰ ਪ੍ਰੇਰਕ): ਬੀਤੇ ਦੋ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਪਿੰਡ ਕੋਠਾ ਗੁਰੂ ਦੇ ਗੋਬਿੰਦ ਸਿੰਘ ਯਾਦਗਾਰੀ ਖੇਡ ਸਟੇਡੀਅਮ ਵਿਚ ਪਾਣੀ ਭਰ ਗਿਆ ਹੈ। ਪਾਣੀ ਭਰਨ ਕਾਰਨ ਇਥੇ ਰੋਜ਼ਾਨਾ ਖੇਡ ਅਭਿਆਸ ਕਰਨ ਵਾਲੇ ਖਿਡਾਰੀਆਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖੇਡ ਪ੍ਰੇਮੀ ਦਿਲਬਾਗ ਸਿੰਘ ਬਾਗੀ, ਹਰਜੀਤ ਸਿੰਘ ਫੌਜੀ, ਬਰਜਿੰਦਰ ਸਿੰਘ ਮਾਨ, ਚਮਕੌਰ ਸਿੰਘ ਫੌਜੀ, ਰਾਜ ਕੁਮਾਰ ਸ਼ਰਮਾ ਅਤੇ ਤਰਸੇਮ ਸਿੰਘ ਮਰਾੜ੍ਹ ਨੇ ਦੱਸਿਆ ਕਿ ਇਥੇ ਪਿੰਡ ਦੇ ਨੌਜਵਾਨਾਂ ਦੀ ਫੌਜ ਅਤੇ ਪੁਲੀਸ ਵਿਚ ਭਰਤੀ ਦੀ ਤਿਆਰੀ ਲਈ ਦੋ ਮਹੀਨੇ ਦਾ ਸਿਖਲਾਈ ਕੈਂਪ ਚੱਲ ਰਿਹਾ ਹੈ ਪਰ ਹੁਣ ਸਟੇਡੀਅਮ ਵਿਚ ਪਾਣੀ ਭਰਨ ਕਾਰਨ ਇਸ ਸਿਖਲਾਈ ਕੈਂਪ ਵਿਚ ਰੁਕਾਵਟ ਆ ਗਈ ਹੈ।

ਸਕੂਲਾਂ ’ਚ ਪਾਣੀ ਭਰਿਆ; ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ

ਕਲਿਆਣ ਸੁੱਖਾ ਦੇ ਸਰਕਾਰੀ ਸੈਕੰਡਰੀ ਸਕੂਲ ਦੀ ਇਮਾਰਤ ਵਿਚ ਭਰਿਆ ਮੀਂਹ ਦਾ ਪਾਣੀ।-ਫੋਟੋ: ਗਰਗ

ਨਥਾਣਾ (ਪੱਤਰ ਪ੍ਰੇਰਕ): ਮੀਂਹ ਕਾਰਨ ਅੱਧੀ ਦਰਜਨ ਤੋਂ ਵੱਧ ਸਕੂਲਾਂ ਦੀਆਂ ਇਮਾਰਤਾਂ ਪੂਰੀ ਤਰ੍ਹਾਂ ਪਾਣੀ ਵਿੱਚ ਘਿਰ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਨਥਾਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਤਕਰੀਬਨ ਸਾਰੇ ਕਮਰੇ ਪਾਣੀ ਨਾਲ ਭਰ ਚੁੱਕੇ ਹਨ। ਕਮਰਿਆਂ ਦੀਆਂ ਨੀਂਹਾਂ ਵਿੱਚ ਪਾਣੀ ਪੈ ਰਿਹਾ ਹੈ। ਇਥੋਂ ਦੇ ਸਰਕਾਰੀ ਕੰਨਿਆ ਹਾਈ ਸਕੂਲ ਦੇ ਨੀਵੇਂ ਕਮਰਿਆਂ ’ਚ ਵੀ ਪਾਣੀ ਭਰ ਗਿਆ ਹੈ। ਇਥੋਂ ਦੇ ਬਰਾਂਚ ਪ੍ਰਾਇਮਰੀ ਸਕੂਲ ਅੰਦਰ ਨਾਲ ਲੱਗਦੇ ਛੱਪੜ ਦਾ ਪਾਣੀ ਭਰ ਗਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਲਿਆਣ ਸੁੱਖਾ ਦੀ ਇਮਾਰਤ ਭਾਵੇਂ ਨਵੀਂ ਬਣੀ ਹੈ ਪਰ ਇੱਥੇ ਵੀ ਚੌਖੀ ਮਾਤਰਾ ’ਚ ਪਾਣੀ ਜਮ੍ਹਾਂ ਹੈ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੇ ਇਸ ਮਾਮਲੇ ’ਚ ਚੁੱਪੀ ਧਾਰੀ ਹੋਈ ਹੈ। ਨਤੀਜੇ ਵਜੋਂ ਸਕੂਲਾਂ ’ਚ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ।

ਕਾਲੇਕੇ ਪਿੰਡ ਵਿਚ 57 ਏਕੜ ਝੋਨਾ ਡੁੱਬਿਆ

ਧਨੌਲਾ (ਨਿੱਜੀ ਪੱਤਰ ਪ੍ਰੇਰਕ): ਪਿਛਲੇ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਇਲਾਕੇ ਵਿਚ ਫਸਲਾਂ ਡੁੱਬਣ ਕਿਨਾਰੇ ਪੁੱਜ ਗਈਆਂ ਹਨ। ਕਾਲੇਕੇ ਪਿੰਡ ਵਿਚ ਕਰੀਬ 57 ਏਕੜ ਝੋਨੇ ਦੀ ਫਸਲ ਡੁੱਬ ਗਈ ਹੈ। ਜਾਣਕਾਰੀ ਅਨੁਸਾਰ ਭੁਪਿੰਦਰ ਸਿੰਘ ਦੀ 7 ਏਕੜ, ਗਰਮੇਲ ਸਿੰਘ ਦੀ 9 ਏਕੜ, ਹਰਬੰਸ ਸਿੰਘ ਦੀ 8 ਏਕੜ, ਬਲਜੀਤ ਸਿੰਘ ਦੀ 5 ਏਕੜ, ਅਵਤਾਰ ਸਿੰਘ ਦੀ 15 ਏਕੜ, ਅਮਨਦੀਪ ਦੀ 8 ਏਕੜ, ਤਰਸੇਮ ਕੁਮਾਰ ਦੀ 8 ਏਕੜ ਫ਼ਸਲ ਪੂਰੀ ਤਰ੍ਹਾਂ ਡੁੱਬ ਚੁੱਕੀ ਹੈ।

ਗਲੀਆਂ ਪਾਣੀ ਨਾਲ ਭਰੀਆਂ ਤੇ ਟੂਟੀਆਂ ਖਾਲੀ

ਭੁੱਚੋ ਮੰਡੀ (ਪੱਤਰ ਪ੍ਰੇਰਕ): ਰਾਤ ਪਏ ਭਾਰੀ ਮੀਂਹ ਕਾਰਨ ਸ਼ਹਿਰ ਦੀਆਂ ਗਲੀਆਂ ਅਤੇ ਸੜਕਾਂ ਨੇ ਝੀਲ ਦਾ ਰੂਪ ਧਾਰ ਲਿਆ। ਲੋਕਾਂ ਨੂੰ ਆਉਣ-ਜਾਣ ਵਿੱਚ ਭਾਰੀ ਪ੍ਰੇਸ਼ਾਨੀ ਹੋਈ। ਬੱਸ ਅੱਡੇ ਨੇੜਲੀ ਆਰਓ ਵਾਲੀ ਗਲੀ ਅਤੇ ਫ਼ੁਹਾਰਾ ਚੌਕ ਤੋਂ ਤੁੰਗਵਾਲੀ ਨੂੰ ਜਾਂਦੀ ਸੜਕ ’ਤੇ ਲਗਭਗ ਦੋ-ਢਾਈ ਫੁੱਟ ਪਾਣੀ ਭਰਿਆ ਹੋਇਆ ਸੀ। ਅਜਿਹੇ ਮੌਕੇ ਜਲਘਰ ਦੀ ਸਪਲਾਈ ਨਾਮਾਤਰ ਦਿੱਤੇ ਜਾਣ ਕਾਰਨ ਲੋਕਾਂ ਨੂੰ ਪਾਣੀ ਦੀ ਸਮੱਸਿਆ ਨਾਲ ਵੀ ਜੂਝਣਾ ਪੈ ਰਿਹਾ ਹੈ। ਸ਼ਹਿਰ ਵਾਸੀ ਪ੍ਰਿੰਸ ਬਾਂਸਲ ਅਤੇ ਸੰਗੀਤ ਜਿੰਦਲ ਨੇ ਜਲ ਸਪਲਾਈ ਅਤੇ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸੀਵਰੇਜ ਦੀ ਸਮੱਸਿਆ ਨੂੰ ਜਲਦੀ ਹੱਲ ਕੀਤਾ ਜਾਵੇ।

ਚਾਉਕੇ ਇਲਾਕੇ ਦੇ ਘਰਾਂ ਵਿਚ ਪਾਣੀ ਵੜਿਆ

ਚਾਉਕੇ (ਪੱਤਰ ਪ੍ਰੇਰਕ): ਇਲਾਕੇ ਵਿਚ ਪਿਛਲੇ ਦੋ ਦਿਨਾਂ ਤੋਂ ਹੋ ਰਹੀ ਬਰਸਾਤ ਕਾਰਨ ਜਿੱਥੇ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਸੈਂਕੜੇ ਏਕੜ ਫਸਲ ਪਾਣੀ ਵਿੱਚ ਡੁੱਬ ਗਈ ਹੈ, ਉਥੇ ਹੀ ਦਰਜਨਾਂ ਘਰਾਂ ਦੀਆਂ ਛੱਤਾਂ ਅਤੇ ਕੰਧਾਂ ਵੀ ਨਕਸਾਨੀਆਂ ਗਈਆਂ ਹਨ। ਪਿੰਡ ਮੰਡੀ ਕਲਾ ਦੇ ਮਜ਼ਦੂਰ ਮਿੱਠੂ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਾਰੀ ਜ਼ਿੰਦਗੀ ਦੀ ਮਿਹਨਤ ਨਾਲ ਪਿਛਲੇ ਦਿਨੀਂ ਬਣਾਏ ਗਏ ਮਕਾਨ ਦੀਆਂ ਕੰਧਾਂ ਬਰਸਾਤੀ ਪਾਣੀ ਕਾਰਨ ਜ਼ਮੀਨ ਵਿੱਚ ਧਸ ਗਈਆਂ ਹਨ। ਇਸੇ ਹੀ ਪਿੰਡ ਦੇ ਕਿਸਾਨ ਸੁਖਪਾਲ ਸਿੰਘ ਦੀ 8 ਏਕੜ ਫਸਲ ਪਾਣੀ ਵਿੱਚ ਡੁੱਬ ਗਈ ਹੈ। ਕਿਸਾਨ ਬਲਰਾਜ ਸਿੰਘ ਅਤੇ ਕਰਮ ਸਿੰਘ ਰੋਮਾਣਾ ਨੇ ਦੱਸਿਆ ਕਿ ਮੰਡੀ ਕਲਾ ’ਚ ਕਰੀਬ 150 ਏਕੜ ਦੇ ਕਰੀਬ ਫਸਲ ਬਰਸਾਤੀ ਪਾਣੀ ਨਾਲ ਖਰਾਬ ਹੋਣ ਦਾ ਖ਼ਦਸ਼ਾ ਹੈ। ਪਿੰਡ ਡਿੱਖ, ਸੂਚ ਅਤੇ ਭੈਣੀ ਚੂਹੜ ਵਿੱਚ 150 ਏਕੜ ਫਸਲ ਪਾਣੀ ਨਾਲ ਡੁੱਬ ਗਈ ਹੈ। ਪਿੰਡ ਜੇਠੂਕੇ ਦੇ ਕਿਸਾਨ ਆਗੂ ਬਲਵਿੰਦਰ ਸਿੰਘ ਫੌਜੀ ਨੇ ਦੱਸਿਆ ਕਿ ਲਸਾੜਾ ਡਰੇਨ ਦਾ ਪਾਣੀ ਕਿਸਾਨਾਂ ਦੀਆ ਫਸਲਾਂ, ਹਰਾ ਚਾਰਾ ਅਤੇ ਸਬਜ਼ੀਆਂ ਆਦਿ ਨੂੰ ਤਬਾਹ ਕਰਦਾ ਹੋਇਆਂ ਘਰਾਂ ਵਿੱਚ ਜਾਂ ਵੜਿਆ ਹੈ। ਜਿਸ ਨਾਲ ਕਿਸਾਨ ਸਾਰੀ ਰਾਤ ਸੁੱਤੇ ਨਹੀਂ।

ਡੀਸੀ ਵੱਲੋਂ ਮੀਂਹ ਤੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ

ਫਰੀਦਕੋਟ (ਨਿੱਜੀ ਪੱਤਰ ਪ੍ਰੇਰਕ): ਫਰੀਦਕੋਟ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿਚ ਮੀਂਹ ਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਦੇ ਤੁਰੰਤ ਹੱਲ ਲਈ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਪਾਣੀ ਦੀ ਨਿਕਾਸੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਜੇਸੀਬੀ ਮਸ਼ੀਨਾਂ ਰਾਹੀਂ ਪਾਣੀ ਦੀ ਨਿਕਾਸੀ ਚਾਲੂ ਕਰਵਾਈ। ਡਿਪਟੀ ਕਮਿਸ਼ਨਰ ਵੱਲੋਂ ਪਿੰਡ ਅਰਾਈਆਂ ਵਾਲਾ ਕਲਾਂ, ਮਚਾਕੀ ਮੱਲ ਸਿੰਘ, ਰੱਤੀ ਰੋੜੀ, ਢੀਮਾਂਵਾਲੀ, ਫਿੱਡੇ ਕਲਾਂ, ਡੱਗੋ ਰੋਮਾਣਾ, ਦਾਨਾ ਰੋਮਾਣਾ, ਸੰਗੋ ਰੋਮਾਣਾ, ਸਰਾਵਾਂ, ਸ਼ੇਰ ਸਿੰਘ ਵਾਲਾ, ਭਾਗ ਸਿੰਘ ਵਾਲਾ, ਘੁੱਦੂਵਾਲਾ, ਕਿੰਗਰਾ, ਘੋਨੀਵਾਲਾ, ਸਾਧਾਂਵਾਲਾ, ਸਾਦਿਕ ਅਦਿ ਦਾ ਦੌਰਾ ਕੀਤਾ ਗਿਆ। ਡੀਸੀ ਨੇ ਪਿੰਡ ਮਚਾਕੀ ਮੱਲ ਸਿੰਘ ਵਿਚ ਨਿਕਾਸੀ ਲਈ ਡਰੇਨਜ਼ ਵਿਭਾਗ ਤੇ ਪੇਂਡੂ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ।

ਉੱਡਤ ਬਰਾਂਚ ਸੂਏ ਵਿਚ ਪਾੜ ਪਿਆ

ਝੁਨੀਰ (ਨਿੱਜੀ ਪੱਤਰ ਪੇਰਕ): ਦੇਰ ਰਾਤ ਪਏ ਤੇਜ਼ ਮੀਂਹ ਕਾਰਨ ਉੱਡਤ ਬਰਾਂਚ ਮਾਈਨਰ ’ਚ 18 ਫੁੱਟ ਪਾੜ ਪੈ ਗਿਆ। ਨਤੀਜੇ ਵਜੋਂ ਪਿੰਡ ਰਾਮਾਨੰਦੀ ਦੇ ਕਿਸਾਨਾਂ ਦੀ ਸੌ ਏਕੜ ਦੇ ਕਰੀਬ ਫ਼ਸਲ ਬਰਬਾਦ ਹੋ ਗਈ। ਪਿੰਡ ਰਾਮਾਨੰਦੀ ਦੇ ਕਿਸਾਨ ਮਨਜੀਤ ਸਿੰਘ ਖਾਲਸਾ, ਲਾਲ ਸਿੰਘ, ਪਰਮਜੀਤ ਸਿੰਘ ਲਾਡੀ, ਅਮਰਜੀਤ ਸਿੰਘ ਦੱਸਿਆ ਕਿ ਸਵੇਰੇ ਚਾਰ ਵਜੇ ਉੱਡਤ ਬਰਾਂਚ ਮਾਈਨਰ ਵਿੱਚ ਪਾੜ ਪੈ ਗਿਆ। ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਵੇਖਦੇ ਹੀ ਵੇਖਦੇ ਇਹ ਪਾੜ 18 ਫੁੱਟ ਹੋ ਗਿਆ। ਲਾਲ ਸਿੰਘ ਦੇ ਖੇਤ ਵਿੱਚ ਪਏ ਇਸ ਪਾੜ ਨਾਲ ਲੱਗਦੇ ਕਿਸਾਨਾਂ ਦੀਆਂ ਫ਼ਸਲਾਂ ਵੀ ਪਾਣੀ ਵਿੱਚ ਡੁੱਬ ਗਈਆਂ। ਕਿਸਾਨ ਲਾਲ ਸਿੰਘ,ਸੁਖਦੇਵ ਸਿੰਘ, ਹਰਦੇਵ ਸਿੰਘ, ਕੁਲਦੀਪ ਸਿੰਘ, ਹਰਫੂਲ ਸਿੰਘ, ਆਦਿ ਕਿਸਾਨਾਂ ਦੀ ਕਰੀਬ 100 ਏਕੜ ਨਰਮਾ, ਝੋਨਾ ਅਤੇ ਹਰੇ-ਚਾਰੇ ਦੀ ਫਸਲ ਪਾਣੀ ਵਿਚ ਡੁੱਬ ਗਈ।


Comments Off on ਦੋ ਦਿਨ ਪਏ ਮੀਂਹ ਨੇ ਕਿਸਾਨਾਂ ਦੀ ਮਿਹਨਤ ’ਤੇ ਫੇਰਿਆ ਪਾਣੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.