ਜਦੋਂ ਅਜੋਕੀ ਰਾਜਨੀਤੀ ਵਿਚੋਂ ਲੋਕ ਸਰੋਕਾਰਾਂ ਦੇ ਮਨਫ਼ੀ ਹੋਣ ਦੇ ਰੁਝਾਨ ਦਾ ਵਿਸ਼ਲੇਸ਼ਣ ਕਰਦੇ ਹਾਂ ਤਾਂ ਸਮਝ ਪੈਂਦੀ ਹੈ ਕਿ ਅਜੋਕੀ ਰਾਜਨੀਤੀ ਮੌਕਿਆਂ ਦੀ ਤਲਾਸ਼ ਦੀ ਮ੍ਰਿਗ-ਤ੍ਰਿਸ਼ਨਾ ਤੋਂ ਬਿਨਾਂ ਹੋਰ ਕੁਝ ਨਹੀਂ ਰਹਿ ਗਈ। ਲਾਲਸਾ ਦੀ ਤੀਬਰਤਾ ਵਿਚ ਮਨੁੱਖ ਦੇ ਸੁਭਾਅ ਵਿਚੋਂ ਸਹਿਜ ਦਾ ਮੂਲ ਗਵਾਚ ਜਾਂਦਾ ਹੈ। ਜਲਦੀ ਪ੍ਰਾਪਤੀ ਦੀ ਹੋੜ ਵਿਚ ਦਗਾਬਾਜ਼ ਪੈਂਤੜੇ ਉਸਦੀ ਬਿਰਤੀ ’ਤੇ ਸਵਾਰ ਹੋ ਜਾਂਦੇ ਹਨ। ਰਾਜਨੀਤਕ ਫਲਸਫ਼ੇ ਜਾਂ ਕਿਸੇ ਵਿਚਾਰਧਾਰਕ ਪ੍ਰਤੀਬੱਧਤਾ ਦਾ ਹੁਣ ਸਮਾਂ ਹੀ ਨਹੀਂ ਰਹਿ ਗਿਆ। ਉਹ ਸਮਾਂ ਗੁਜ਼ਰ ਗਿਆ ਜਦੋਂ ਸਮਰਪਤ ਲੋਕ ਸਾਦਗੀ ਤੇ ਇਮਾਨਦਾਰੀ ਨਾਲ ਆਪਣੀ ਹਯਾਤੀ ਨੂੰ ਸਦਾ ਵਾਸਤੇ ਲੋਕ ਅਰਪਣ ਕਰ ਦਿੰਦੇ ਸਨ ਅਤੇ ਇਸ ਦੇ ਇਵਜ਼ ਵਿਚ ਕੁਝ ਵੀ ਨਹੀਂ ਭਾਲਦੇ ਸਨ। ਲੋਕ ਹਿੱਤਾਂ ਲਈ ਜੱਦੋ ਜਹਿਦ ਹੀ ਉਨ੍ਹਾਂ ਦੇ ਰਜੇਵੇਂ ਲਈ ਕਾਫ਼ੀ ਹੁੰਦੀ ਸੀ। ਕਿਸੇ ਸਮੇਂ ਅਜਿਹੇ ਉਦਾਰ ਵਿਅਕਤੀ ਸਾਰੀਆਂ ਰਾਜਨੀਤਕ ਪਾਰਟੀਆਂ ਵਿਚ ਮੌਜੂਦ ਸਨ। ਅਜਿਹੀਆਂ ਸ਼ਖ਼ਸੀਅਤਾਂ ਵਿਚ ਸਾਊਪੁਣੇ ਦੇ ਸਾਰੇ ਗੁਣ ਮੌਜੂਦ ਹੁੰਦੇ ਸਨ। ਇਸੇ ਲਈ ਉਸ ਸਮੇਂ ਮਨੁੱਖੀ ਕਦਰਾਂ ਕੀਮਤਾਂ ਮਹਿਫੂਜ਼ ਸਨ। ਵੱਡੇ ਛੋਟੇ ਦਾ ਆਦਰ ਤੇ ਸਨਮਾਨ ਸੀ ਤੇ ਜ਼ਿੰਦਗੀ ਦੀ ਚਾਲ-ਢਾਲ ਵਿਚ ਸਹਿਜ ਦਾ ਲੁਤਫ਼ ਬਰਕਰਾਰ ਸੀ। ਅਜਿਹੇ ਪਾਕ-ਪਵਿੱਤਰ ਕਿਰਦਾਰ, ਸਮਕਾਲੀ ਤੇ ਅਗਲੀਆਂ ਪੀੜ੍ਹੀਆਂ ਲਈ ਵੱਡੀ ਪ੍ਰੇਰਨਾ ਦਾ ਸਬੱਬ ਬਣਦੇ ਸਨ।
ਸਫਲ ਤੇ ਉਸਾਰੂ ਜ਼ਿੰਦਗੀ ਲਈ ਮੌਕਿਆਂ ਦੀ ਤਲਾਸ਼ ਕਰਨੀ, ਜੱਦੋ ਜਹਿਦ ਤੇ ਮਿਹਨਤ ਕਰਨੀ ਤਾਂ ਮਨੁੱਖੀ ਸੁਭਾਓ ਦਾ ਸਹਿਜ ਵਰਤਾਰਾ ਹੈ, ਪਰ ਅਜੋਕੇ ਤੇਜ਼-ਤਰਾਰ ਸਮੇਂ ਦੀ ਪਦੀੜ ਨੇ ਸਾਡੀ ਬਿਰਤੀ ਦੇ ਸਹਿਜ ਨੂੰ ਨਿਗਲ ਲਿਆ ਹੈ। ਸਮਕਾਲੀ ਰਾਜਨੀਤੀ ਦੇ ਅਮਲਾਂ ਵਿਚ ਨਿੱਜਵਾਦ ਅਤੇ ਹੋਂਦਵਾਦ ਦੇ ਦੋ ਪ੍ਰਬਲ ਪਹਿਲੂਆਂ ਦਾ ਪ੍ਰਵੇਸ਼ ਨਿਖੇਧੀਪੂਰਨ ਲੱਛਣ ਹੈ। ਆਪਣੀ ਪਛਾਣ ਨੂੰ ਹੋਰਾਂ ਤੋਂ ਨਿਵੇਕਲੀ ਪ੍ਰਗਟ ਕਰਨ ਲਈ ਦੂਸਰਿਆਂ ਦੇ ਆਦਰ ਤੇ ਸਨਮਾਨ ਨੂੰ ਸੱਟ ਮਾਰ ਕੇ, ਚਾਲਾਕੀਆਂ ਤੇ ਫ਼ਰੇਬੀ ਹੱਥਕੰਡਿਆਂ ਦਾ ਸਹਾਰਾ ਲੈ ਕੇ ਅੱਗੇ ਨਿਕਲਣ ਦੀ ਲਾਲਸਾ ਅਸਹਿਜ ਤੇ ਨਿੰਦਣਯੋਗ ਰਵੱਈਆ ਹੈ। ਅੱਜ ਆਪਣੇ ਮਿੱਥੇ ਟੀਚੇ ਦੀ ਪ੍ਰਾਪਤੀ ਲਈ ਯਥਾਰਥਿਕਤਾ ਨੂੰ ਦਰਕਿਨਾਰ ਕਰਕੇ ਬੇਈਮਾਨੀ ਨੂੰ ਸਾਧਨ ਵੱਜੋਂ ਵਰਤਣਾ ਤਾਂ ਹੁਣ ਆਮ ਜਿਹਾ ਵਰਤਾਰਾ ਹੋ ਗਿਆ ਹੈ। ਹੁਣ ਬੇਈਮਾਨੀ ਤੁਹਾਡੀ ਤਬੀਅਤ ’ਤੇ ਬੋਝ ਨਹੀਂ ਬਣਦੀ, ਕਿਸੇ ਸ਼ਾਇਰ ਨੇ ਠੀਕ ਹੀ ਤਾਂ ਕਿਹਾ ਹੈ;
ਅਬ ਕੋਈ ਬੁਰੀ ਬਾਤ, ਬੁਰੀ ਬਾਤ ਹੀ ਨਹੀਂ
ਅਬ ਦਾਮਿਨ-ਏ- ਇਖ਼ਲਾਕ ਪੇ ਧੱਬਾ ਨਹੀਂ ਲਗਤਾ
ਬਦਕਿਸਮਤੀ ਨਾਲ ਇਸ ਹੋੜ ਵਿਚ ਆਮ ਕਰਕੇ ਖਾਂਦੇ-ਪੀਂਦੇ ਜਾਂ ਤਾਜ਼ੇ ਰੱਜੇ ਘਰਾਂ ਦੇ ਅਸਫਲ ਛੋਕਰੇ ਜੋ ਆਪਣੀ ਨਾਅਹਿਲੀਅਤ ਕਾਰਨ ਕਿਸੇ ਵੀ ਹੋਰ ਕਿੱਤੇ ਵਿਚ ਲਾਹੇਵੰਦ ਰੋਜ਼ੀ ਕਮਾਉਣ ਲਈ ਕਾਬਲ ਨਾ ਹੋਣ ਜਾਂ ਇਹ ਕਹਿ ਲਵੋ ਕਿ ਜੋ ਨੌਜਵਾਨ ਜੀਵਨ ਦੇ ਕਿਸੇ ਵੀ ਦਾਇਰੇ ਵਿਚ ਯੋਗ ਨਾ ਪਾਏ ਜਾਣ, ਅਜਿਹੇ ਦੌਲਤਮੰਦ ਘਰਾਣਿਆਂ ਦੇ ਇਹ ਲੜਕੇ ਫਿਰ ਮੌਕਿਆਂ ਦੀ ਭਾਲ ਵਿਚ ਰਾਜਨੀਤੀ ਦੀ ਪਨਾਹ ਵਿਚ ਆ ਜਾਂਦੇ ਹਨ। ਫਿਰ ਉਹ ਕਿਸੇ ਨਾ ਕਿਸੇ ਗ਼ੈਰਮੁਨਾਸਿਬ ਢੰਗ ਰਾਹੀਂ, ਆਪਣੇ ਦੌਲਤੀ ਵਸੀਲਿਆਂ ਰਾਹੀਂ ਜਾਂ ਆਪਣੇ ਸੂਤਰਾਂ ਤੇ ਸੰਪਰਕਾਂ ਰਾਹੀਂ ਰਾਜਨੀਤਕ ਸਫਾਂ ਵਿਚ ਪ੍ਰਵੇਸ਼ ਕਰ ਜਾਂਦੇ ਹਨ, ਜਿੱਥੋਂ ਉਨ੍ਹਾਂ ਨੂੰ ਸਫਲਤਾ ਦੀ ਕੁੰਜੀ ਬਿਨਾਂ ਕਿਸੇ ਲੋਕ ਸੇਵਾ ਛੇਤੀ ਲੱਭ ਪਵੇ। ਅਜਿਹੀ ਹੋਛੀ ਕਾਮਯਾਬੀ ਦੀ ਡਗਰ ਤਕ ਪਹੁੰਚਾਉਣ ਵਾਲੇ ਪੇਸ਼ਾਵਰ ਤੇ ਸੱਤਾ ਦੇ ਦਲਾਲ ਅੱਜ ਹਰ ਰਾਜਨੀਤਕ ਪਾਰਟੀ ਵਿਚ ਜਗ੍ਹਾ-ਜਗ੍ਹਾ ਸਫਾਂ ਬਿਛਾ ਕੇ ਅਜਿਹੇ ਸ਼ਿਕਾਰਾਂ ਦੀ ਤਲਾਸ਼ ਵਿਚ ਘਾਤ ਲਾਈ ਬੈਠੇ ਹਨ। ਇਹ ਵਿਡੰਬਨਾ ਹੈ ਕਿ ਪੇਸ਼ਾਵਰ ਸੱਤਾ ਦੇ ਦਲਾਲਾਂ ਦਾ ਰਾਜਨੀਤਕ ਨੁਮਾਇਸ਼ਗਾਹ ਵਿਚ ਆਗਮਨ ਹੀ ਦੇਸ਼ ਦੀ ਰਾਜਨੀਤੀ ਵਿਚ ਯੋਗਤਾ ਦੇ ਪਤਨ ਅਤੇ ਇਸਦੀ ਸਮੁੱਚੀ ਰਚਨਾ ਦਾ ਵੱਡਾ ਕਾਰਨ ਬਣਿਆ ਹੈ। ਅਜਿਹੇ ਦਲਾਲ ਤੁਹਾਨੂੰ ਨਿਰੰਤਰ ਸੇਵਾ ਭਾਵਨਾ ਨਾਲ ਲੋਕ ਸੇਵਾ ਕਰਨ ਤੋਂ ਬਿਨਾਂ ਹੀ ਰਾਜਨੀਤਕ ਸ਼ਕਤੀ ਦੀਆਂ ਪੌੜੀਆਂ ਚੜ੍ਹਨ ਦੇ ਸਾਰੇ ਦਾਅ-ਪੇਚ ਸਿਖਾ ਦਿੰਦੇ ਹਨ। ਬਸ, ਤੁਹਾਡੇ ਪਾਸ ਸਿਰਫ਼ ਇਨ੍ਹਾਂ ਦਲਾਲਾਂ ਦੀ ‘ਵੱਡੀ ਫੀਸ’ ਤਾਰਨ ਦੀ ਸਮਰੱਥਾ ਹੋਣੀ ਚਾਹੀਦੀ ਹੈ ਅਤੇ ਤੁਸੀਂ ਸਮਾਜਿਕ ਇਖ਼ਲਾਕ ਦੀਆਂ ਸਾਰੀਆਂ ਸਥਾਪਿਤ ਕਦਰਾਂ-ਕੀਮਤਾਂ ਦੀ ਪਰਵਾਹ ਨਾ ਕਰਦੇ ਹੋਏ, ਇਨ੍ਹਾਂ ਦਲਾਲਾਂ ਦੀ ਹਰ ਤਰ੍ਹਾਂ ਦੀ ਨੀਵੀਂ ਪੱਧਰ ’ਤੇ ਜਾ ਕੇ ਝੋਲੀ ਚੁੱਕਣ ਦੇ ਸਮਰੱਥ ਹੋਣੇ ਚਾਹੀਦੇ ਹੋ, ਫਿਰ ਕਾਮਯਾਬੀਆਂ ਤੁਹਾਡੇ ਪੈਰ ਚੁੰਮਣ ਲਈ ਉਪਰਾਮ ਹੋ ਉਠਦੀਆਂ ਹਨ। ਅਜਿਹੀ ਅਧੋਗਤੀ ਦੀ ਤਰਜ਼ਮਾਨੀ ਕਰਦਾ ਸ਼ਿਅਰ ਤੁਹਾਡੇ ਮੁਲਾਹਜ਼ੇ ਲਈ ਪੇਸ਼ ਹੈ;
ਜ਼ੁਬਾਂ ਮੇਂ ਲੋਚ ਹੋ, ਮਾਹਿਰ ਫਰੇਬਕਾਰੀ ਮੇਂ,
ਵੋ ਸ਼ਖ਼ਸ ਇਸ ਜ਼ਮਾਨੇ ਮੇਂ, ਬਾ-ਅਸਰ ਠਹਿਰਾ
ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਦੇਸ਼ ਦੇ ਸੰਵਿਧਾਨ ਨੇ ਦੇਸ਼ ਦੇ ਨਿਜ਼ਾਮ ਦੇ ਸੰਚਾਲਨ ਦੀਆਂ ਸਾਰੀਆਂ ਸ਼ਕਤੀਆਂ ਲੋਕਤੰਤਰ ਦੀ ਸੰਰਚਨਾ ਦੇ ਅਧਿਕਾਰ ਵਿਚ ਦੇ ਦਿੱਤੀਆਂ ਹਨ। ਸ਼ਾਤਿਰ ਲੋਕਾਂ ਨੇ ਇਸ ਪ੍ਰਬੰਧ ਦੀਆਂ ਉਦਾਰ ਧਾਰਨਾਵਾਂ ਦੀ ਕਦਰ ਪਾਉਣ ਦੀ ਬਜਾਏ ਆਪਣੇ ਸਵਾਰਥੀ ਹਿੱਤਾਂ ਲਈ ਇਸਦੀ ਪ੍ਰਬੰਧ ਪ੍ਰਣਾਲੀ ਦੀਆਂ ਕਮਜ਼ੋਰੀਆਂ ਤੇ ਚੋਰ ਰਸਤਿਆਂ ਨੂੰ ਲੱਭ ਕੇ ਉਸਦਾ ਹਰ ਪੱਧਰ ’ਤੇ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ। ਇਸ ਸ਼ੋਸ਼ਣ ਤੋਂ ਦੇਸ਼ ਦੇ ਪਾਰਲੀਮਾਨੀ ਨਿਜ਼ਾਮ ਦਾ ਕੋਈ ਥਮ੍ਹਲਾ ਵੀ ਪ੍ਰਭਾਵਿਤ ਹੋਏ ਬਿਨਾਂ ਨਾ ਰਹਿ ਸਕਿਆ। ਨਤੀਜਾ ਇਹ ਹੋਇਆ ਕਿ ਦੇਸ਼ ਦੀ ਆਜ਼ਾਦੀ ਦੇ 72 ਵਰ੍ਹਿਆਂ ਦੇ ਲੰਬੇ ਅਰਸੇ ਅੰਦਰ ਹੀ ਲੋਕਤੰਤਰ ਦੇ ਤਿੰਨੇ ਥੰਮ੍ਹ ਆਪਣਾ ਅਕਸ ਤੇ ਦੇਸ਼ ਦੇ ਲੋਕਾਂ ਦਾ ਵਿਸ਼ਵਾਸ ਗਵਾ ਬੈਠੇ। ਅੱਜ ਹਰ ਸ਼ਖ਼ਸ ਆਪਣੇ ਆਪ ਨੂੰ ਠੱਗਿਆ-ਠੱਗਿਆ ਮਹਿਸੂਸ ਕਰ ਰਿਹਾ ਹੈ। ਚਾਰੇ ਪਾਸੇ ਹਰ ਪੱਧਰ ’ਤੇ ਫੈਲੇ ਵਿਆਪਕ ਭ੍ਰਿਸ਼ਟਾਚਾਰ ਦੀ ਮਾਰ ਨਾ ਝੱਲਦੇ ਵੱਡੀਆਂ ਉਮਰਾਂ ਦੇ ਲੋਕ ਕਈ ਵਾਰੀ ਇਹ ਆਖਣ ਲਈ ਮਜਬੂਰ ਹੋ ਜਾਂਦੇ ਹਨ ਕਿ ਇਸ ਨਾਲੋਂ ਤਾਂ ਅੰਗਰੇਜ਼ਾਂ ਦਾ ਰਾਜ ਹੀ ਸੌ ਦਰਜੇ ਚੰਗਾ ਸੀ। ਇਸ ਤੋਂ ਵੱਧ ਨਿਰਾਸ਼ਾ ਦਾ ਆਲਮ ਹੋਰ ਕੀ ਹੋ ਸਕਦਾ ਹੈ ਜੇ ਗ਼ੁਲਾਮੀ ਦੇ ਸਮਿਆਂ ਨੂੰ ਆਜ਼ਾਦੀ ਦੇ ਸਮਿਆਂ ਦੀ ਤੁਲਨਾ ਵਿਚ ਲੋਕ ਬਿਹਤਰ ਆਖਣ ਲੱਗ ਪੈਣ।
ਅੱਜ ਦੇਸ਼ ਦੀ ਰਾਜਨੀਤੀ ਦਾ ਮੁਕੰਮਲ ਵਪਾਰੀਕਰਨ, ਅਪਰਾਧੀਕਰਨ, ਸੰਕੀਰਨ ਫਿਰਕੂਕਰਨ ਅਤੇ ਆਰਥਿਕ ਵਰਗੀਕਰਨ ਹੋ ਚੁੱਕਾ ਹੈ। ਇਨ੍ਹਾਂ ਸਾਰੇ ਦੁਸ਼ਟ ਪ੍ਰਭਾਵਾਂ ਕਾਰਨ ਹੀ ਦੇਸ਼ ਦੀ ਰਾਜਨੀਤੀ ਨੂੰ ਦੇਸ਼ ਦੇ ਚੰਦ ਅਮੀਰ ਘਰਾਣਿਆਂ ਨੇ ਆਪਣੀਆਂ ਬੇਪਨਾਹ ਦੌਲਤਾਂ ਦੇ ਬਲ ’ਤੇ ਉਧਾਲ ਲਿਆ ਹੈ ਅਤੇ ਆਪਣੇ ਸਾਧਨਾਂ ਦੀ ਗੋਲੀ ਬਣਾ ਲਿਆ ਹੈ। ਇਸ ਦੇ ਫ਼ਲਸਰੂਪ ਹੀ ਦੇਸ਼ ਦੀਆਂ ਰਾਜਨੀਤਕ ਅਤੇ ਸੰਵਿਧਾਨਕ ਵਿਵਸਥਾਵਾਂ ਉੱਤੇ ਬੈਠੇ ਸ਼ਖ਼ਸ ਇਸ ਸਮੁੱਚੀ ਵਿਵਸਥਾ ਦੇ ਗੋਲੇ ਬਣ ਬੈਠੇ ਹਨ। ਜਿਹੜੀਆਂ ਸ਼ਕਤੀਆਂ ਇਸ ਬਰਬਾਦੀ ਦੇ ਅਮਲ ਦਾ ਸਿਧਾਂਤਕ ਵਿਰੋਧ ਕਰਦੀਆਂ ਸਨ, ਉਹ ਸਭ ਇਕ-ਇਕ ਕਰਕੇ ਜਾਂ ਤਾਂ ਹਾਸ਼ੀਏ ’ਤੇ ਚਲੀਆਂ ਗਈਆਂ ਹਨ ਜਾਂ ਕਾਰਪੋਰੇਟ ਘਰਾਣਿਆਂ ਨੇ ਆਪਣੀਆਂ ਦੌਲਤਾਂ ਵਰਤ ਕੇ ਉਨ੍ਹਾਂ ਤਾਕਤਾਂ ਨੂੰ ਹਾਸ਼ੀਏ ਤੋਂ ਵੀ ਬਾਹਰ ਧਕੇਲ ਦਿੱਤਾ ਹੈ। ਦੇਸ਼ ਦੀਆਂ ਖੱਬੀਆਂ ਧਿਰਾਂ ਦੇ ਕਾਮਰੇਡ ਵੀ 70 ਵਰ੍ਹਿਆਂ ਤੋਂ ਲਾਲ ਇਨਕਲਾਬ ਦੀਆਂ ਔਸੀਆਂ ਪਾਊਂਦੇ ਸਿਰਫ਼ ਕੇਰਲ ਤਕ ਸਿਮਟ ਕੇ ਰਹਿ ਗਏ ਹਨ। ਦੇਸ਼ ਦੀਆਂ ਖੱਬੀਆਂ ਧਿਰਾਂ ਦੇ ਪ੍ਰਭਾਵ ਦੇ ਸੁੰਗੜਨ ਕਾਰਨ ਉਨ੍ਹਾਂ ਦੀ ਸੰਗਠਿਤ ਸ਼ਕਤੀ ਵੀ ਬੇਹੱਦ ਕਮਜ਼ੋਰ ਹੋ ਗਈ ਹੈ, ਸ਼ਾਇਦ ਇਸੇ ਕਾਰਨ ਉਨ੍ਹਾਂ ਦੇ ਸਿਧਾਂਤਕ ਦ੍ਰਿਸ਼ਟੀਕੋਣ ਵੀ ਕਿਸੇ ਹੱਦ ਤਕ ਪ੍ਰਭਾਵਹੀਣ ਜਾਪਣ ਲੱਗ ਪਏ ਹਨ, ਜੋ ਦੇਸ਼ ਦੇ ਧਰਮ ਨਿਰਪੱਖਵਾਦੀ ਰੂਪ ਲਈ ਬਦਸ਼ਗਨ ਹਨ। ਖੱਬੀਆਂ ਧਿਰਾਂ ਨੂੰ ਇਸ ਦੇਸ਼ ਵਿਆਪੀ ਰੁਝਾਨ ਨੂੰ ਮਨਜ਼ੂਰ ਕਰਕੇ ਦੇਸ਼ ਦੇ ਵਡੇਰੇ ਹਿੱਤਾਂ ਵਿਚ ਫੌਰੀ ਸਵੈ-ਚਿੰਤਨ ਕਰਨ ਦੀ ਲੋੜ ਹੈ।
ਪੂਰੇ ਦੇਸ਼ ਵਿਚ ਧਰਮ ਨਿਰਪੱਖ ਤਾਕਤਾਂ ਕਮਜ਼ੋਰ ਹੋ ਰਹੀਆਂ ਹਨ। ਕਾਰਪੋਰੇਟ ਜਗਤ, ਆਰ. ਐੱਸ.ਐੱਸ. ਅਤੇ ਭਾਜਪਾ ਦੇ ਨਾਪਾਕ ਗੱਠਜੋੜ ਦੀ ਇਕ ਨਵੀਂ ‘ਤੀਨ ਮੂਰਤੀ’ ਉੱਭਰੀ ਹੈ ਜੋ ਸੰਸਥਾਗਤ ਵਿਵਸਥਾਵਾਂ ਨੂੰ ਇਕ-ਇਕ ਕਰਕੇ ਨਿਗਲ ਰਹੀ ਹੈ। ਇਸ ‘ਤੀਨ ਮੂਰਤੀ’ ਦੇ ਤਿੰਨ ਨਵੇਂ ਚਿਹਰੇ ਜੋ ਦਿਖਾਈ ਦੇ ਰਹੇ ਹਨ, ਉਹ ਹਨ ਨਰਿੰਦਰ ਮੋਦੀ, ਅਮਿਤ ਸ਼ਾਹ ਤੇ ਮੋਹਨ ਭਾਗਵਤ। ਇਸ ‘ਤੀਨ ਮੂਰਤੀ’ ਤੋਂ ਬਿਨਾਂ ਹੋਰ ਵੀ ਅਨੇਕਾਂ ਚਿਹਰੇ ਹਨ ਜੋ ਇਸ ਦੇ ਗ਼ੈਰ ਸਰਕਾਰੀ ਏਜੰਡੇ ਨੂੰ ਸਰਕਾਰੀ ਨੀਤੀਆਂ ਵਾਂਗ ਹੀ ਕਾਰਜ ਰੂਪ ਦੇਣ ਦੀ ਕਿਰਿਆ ਵਿਚ ਮਸਰੂਫ਼ ਹਨ। ਭਾਰਤੀ ਮੀਡੀਆ ਦਾ ਇਕ ਵੱਡਾ ਹਿੱਸਾ ‘ਤੀਨ ਮੂਰਤੀ’ ਦੀ ਨਾ ਸਿਰਫ਼ ਪੁਸ਼ਤ-ਪਨਾਹੀ ਹੀ ਕਰ ਰਿਹਾ ਹੈ, ਸਗੋਂ ਇਨ੍ਹਾਂ ਦੇ ਧਾਰਮਿਕ ਕੱਟੜਪੁਣੇ ਤੋਂ ਪ੍ਰੇਰਿਤ, ਅਸਹਿਣਸ਼ੀਲਤਾ ਦੇ ਬੇਸੁਰੇ ਤੇ ਅੱਡਰੇ ਏਜੰਡੇ ਨੂੰ ਦੇਸ਼ ਦੀਆਂ ਘੱਟ ਗਿਣਤੀਆਂ ’ਤੇ ਹਰ ਸੂਰਤ ਵਿਚ ਲਾਗੂ ਕਰਨ ਲਈ ਅੱਡੀਆਂ ਚੁੱਕ-ਚੁੱਕ ਜ਼ੋਰ ਲਾਉਣ ਵਿਚ ਮੁਹਰਲੀ ਕਤਾਰ ਵਿਚ ਖੜ੍ਹਾ ਨਜ਼ਰ ਆ ਰਿਹਾ ਹੈ। ਦੇਸ਼ ਦੀਆਂ ਘੱਟ ਗਿਣਤੀਆਂ ਸਹਿਮੀਆਂ ਹੋਈਆਂ ਹਨ। ਆਜ਼ਾਦ ਸੋਚ ਰੱਖਣ ਵਾਲੇ ਵਿਚਾਰਵਾਨਾਂ ਨੂੰ ਧਾਰਮਿਕ ਕੱਟੜਪੁਣੇ ਦੀ ਸੰਕੀਰਨ ਸੋਚ ਕਤਲ ਕਰਵਾ ਰਹੀ ਹੈ। ਕਲਮਗੀਰਾਂ ਦੀਆਂ ਕਲਮਾਂ ਦਹਿਸ਼ਤਜ਼ਦਾ ਹਨ। ਕੁਝ ਵੱਡੇ-ਵੱਡੇ ਮੀਡੀਆ ਹਾਊਸ ਜੋ ਸੰਕੀਰਨ ਰਾਜਨੀਤੀ ਦਾ ਦਮ ਨਹੀਂ ਭਰਦੇ, ਉਹ ਵੀ ‘ਤੀਨ ਮੂਰਤੀ’ ਦੀ ਦਹਿਸ਼ਤਗਰਦੀ ਦਾ ਸ਼ਿਕਾਰ ਹੋ ਰਹੇ ਹਨ। ਇਹ ਇਕ ਨਵਾਂ ਬਿਰਤਾਂਤ ਹੈ ਜੋ ਚੁਣੌਤੀ ਬਣ ਕੇ ਦੇਸ਼ ਵਾਸੀਆਂ ਸਾਹਮਣੇ ਖੜ੍ਹਾ ਹੈ। ਜਿਸਦੇ ਸ਼ਤਰੰਜੀ ਤਾਣੇ-ਬਾਣੇ ਦੇ ਸੂਖਮ ਅਰਥਾਂ, ਸੂਖਮ ਅੰਤਰਾਂ, ਬਾਹਰਮੁਖੀ ਤੇ ਆਂਤਰਿਕ ਪਰਿਭਾਸ਼ਾਵਾਂ ਦੀ ਸੂਖਮਤਾ ਅਤੇ ਉਸਦੇ ਅੰਤਰ ਵਿਰੋਧਾਂ ਦੇ ਮਹੀਨ ਅਰਥਾਂ ਨੂੰ ਭਾਰਤ ਦੀ ਅਨੇਕਤਾ ਵਿਚ ਏਕਤਾ ਦੇ ਪਰਿਪੇਖ ਵਿਚ ਸਾਰੀਆਂ ਹਮ ਖਿਆਲ ਧਿਰਾਂ ਨੂੰ ਸਮਝਣ ਤੇ ਸਿਰ ਜੋੜ ਕੇ ਸਮੀਖਿਆ ਕਰਨ ਦੀ ਲੋੜ ਹੈ। ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ।
ਇੱਥੇ ਮੈਨੂੰ ਜਰਮਨ ਦੇ ਧਰਮ ਸ਼ਾਸਤਰੀ ਪਾਸਟਰ ਮਾਰਟਿਨ ਨੀਮੋਲਰ ਦੀ ਉਹ ਨਜ਼ਮ ਚੇਤੇ ਆ ਗਈ ਜਿਸਦੀ ਉਦਾਹਰਨ ਅੱਜ ਵੀ ਦੁਨੀਆਂ ਭਰ ਵਿਚ ਹਵਾਲੇ ਵੱਜੋਂ ਦਿੱਤੀ ਜਾਂਦੀ ਹੈ, ਜੋ ਉਸਨੇ ਹਿਟਲਰ ਦੀ ਨਾਜ਼ੀ ਹਕੂਮਤ ਦੇ ਦੌਰ ਵਿਚ ਹੋ ਰਹੇ ਦਮਨ ਦੇ ਵਿਰੋਧ ਵਿਚ ਲਿਖੀ ਸੀ;
ਪਹਿਲਾਂ ਉਹ ਸਮਾਜਵਾਦੀਆਂ ਨੂੰ ਮਾਰ ਰਹੇ ਸਨ,
ਮੈਂ ਚੁੱਪ ਰਿਹਾ,
ਕਿਉਂਕਿ ਮੈਂ ਸਮਾਜਵਾਦੀ ਨਹੀਂ ਸਾਂ।
ਫੇਰ ਉਹ ਮਜ਼ਦੂਰ ਸੰਘ ਦੇ ਆਗੂਆਂ ਨੂੰ ਮਾਰਨ ਲੱਗ ਪਏ,
ਮੈਂ ਚੁੱਪ ਰਿਹਾ,
ਕਿਉਂਕਿ ਮੈਂ ਮਜ਼ਦੂਰ ਸੰਘ ਵਿਚੋਂ ਨਹੀਂ ਸਾਂ।
ਫੇਰ ਉਹ ਯਹੂਦੀਆਂ ਨੂੰ ਮਾਰਨ ਲੱਗ ਪਏ,
ਮੈਂ ਚੁੱਪ ਰਿਹਾ,
ਕਿਉਂਕਿ ਮੈਂ ਯਹੂਦੀ ਨਹੀਂ ਸਾਂ।
ਅੰਤ ਨੂੰ ਉਹ ਮੈਨੂੰ ਮਾਰਨ ਲਈ ਆਏ,
ਤਦ ਤਕ ਮੇਰੇ ਲਈ ਬੋਲਣ ਵਾਲਾ,
ਕੋਈ ਰਹਿ ਹੀ ਨਹੀਂ ਗਿਆ ਸੀ
ਜੇ ਅਸੀਂ ਸਾਰੇ ਇਹ ਸੋਚਦੇ ਰਹੇ ਕਿ ਹਾਲੇ ਤਾਂ ਆਜ਼ਾਦ ਸੋਚ ਰੱਖਣ ਵਾਲੇ ਦੇਸ਼ ਦੇ ਵਿਦਵਾਨਾਂ ਡਾ. ਨਰਿੰਦਰ ਡਾਭੋਲਕਰ, ਪ੍ਰੋ. ਐੱਮ. ਐੱਮ. ਕਲਬੁਰਗੀ, ਪੱਤਰਕਾਰ ਗੌਰੀ ਲੰਕੇਸ਼ ਜਾਂ ਫੇਰ ਘੱਟ ਗਿਣਤੀ ਫਿਰਕੇ ਨਾਲ ਸਬੰਧ ਰੱਖਣ ਵਾਲੇ ਮੁਹੰਮਦ ਅਖਲਾਕ, ਪਹਿਲੂਖ਼ਾਨ, ਤਬਰੇਜ਼ ਅੰਸਾਰੀ ਵਰਗਿਆਂ ਦੀ ਵਾਰੀ ਹੈ, ਜਦੋਂ ਆਪਣੀ ਵਾਰੀ ਆਏਗੀ ਤਦ ਵੇਖਾਂਗੇ, ਸ਼ਾਇਦ ਉਸ ਵੇਲੇ ਤਕ ਮਾਰਟਿਨ ਨੀਮੋਲਰ ਦੇ ਕਹਿਣ ਅਨੁਸਾਰ ਸਾਡੇ ਲਈ ਹਾਅ ਦਾ ਨਾਅਰਾ ਮਾਰਨ ਵਾਲਾ ਕੋਈ ਨਹੀਂ ਬਚੇਗਾ।