ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦਾ ਕਮਾਂਡਰ ਹਲਾਕ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਤੁਰਕੀ ਬੰਬ ਹਮਲੇ ’ਚ ਪੰਜ ਹਲਾਕ !    ਵਿਹਲੇ ਸਮੇਂ ਕਿਤਾਬਾਂ ਪੜ੍ਹਨਾ ਉੱਤਮ ਰੁਝੇਵਾਂ !    ਪੁਣੇ ’ਚ ਅੱਠ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 16 ਹੋਈ !    ਵਿਦਿਆਰਥੀਆਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨੀ ਜ਼ਰੂਰੀ !    ਕਰੋਨਾ ਬਨਾਮ ਸਾਡਾ ਨਿੱਘਰ ਰਿਹਾ ਸਮਾਜਿਕ ਢਾਂਚਾ !    ਸੁਲਤਾਨਪੁਰ ਲੋਧੀ ਹਸਪਤਾਲ ’ਚੋਂ ਸਰਕਾਰ ਨੇ ਵੈਂਟੀਲੇਟਰ ‘ਚੁੱਕੇ’ !    ਜਹਾਂਗੀਰ ਵਾਸੀਆਂ ਦੀ ਪਹਿਲਕਦਮੀ: ਆਪਣਿਆਂ ਵੱਲੋਂ ਨਕਾਰਿਆਂ ਦੀ ਅਰਥੀ ਨੂੰ ਦੇਣਗੇ ਮੋਢਾ !    ਪਰਵਾਸੀ ਔਰਤ ਦੇ ਸਸਕਾਰ ਲਈ ਸ਼ਮਸ਼ਾਨ ਦੇ ਬੂਹੇ ਕੀਤੇ ਬੰਦ !    

ਦੂਜੇ ਆਲਮੀ ਕੱਪ ਵਾਲਾ ਇਮਰਾਨ ਤੇ ਉਸ ਦੇ ਨੁਕਤਾਚੀਨ

Posted On July - 29 - 2019

ਅਮਰੀਕਾ ਦੇ ਦੌਰੇ ਤੋਂ ਪਰਤੇ ਪਾਕਿਸਤਾਨ ਦੇ ਵਜ਼ੀਰੇ-ਆਜ਼ਮ ਇਮਰਾਨ ਖ਼ਾਨ।

ਵਾਹਗਿਓਂ ਪਾਰ

ਪਾਕਿਸਤਾਨ ਦੇ ਵਜ਼ੀਰੇ-ਆਜ਼ਮ ਇਮਰਾਨ ਖ਼ਾਨ ਦੇ ਅਮਰੀਕਾ ਦੌਰੇ ਨੂੰ ਹੁਕਮਰਾਨ ਤਹਿਰੀਕ-ਏ-ਇਨਸਾਫ਼ ਪਾਰਟੀ ਵੱਲੋਂ ਵੱਡੀ ਕਾਮਯਾਬੀ ਵਜੋਂ ਦਰਸਾਇਆ ਜਾ ਰਿਹਾ ਹੈ। ਖ਼ੁਦ ਇਮਰਾਨ ਵੀ ਇਸ ਦੌਰੇ ਨੂੰ ‘ਬੇਹੱਦ ਕਾਮਯਾਬ’ ਦੱਸਦਾ ਆ ਰਿਹਾ ਹੈ। ਵਾਸ਼ਿੰਗਟਨ ਤੋਂ ਵਤਨ ਪਰਤਣ ’ਤੇ ਇਸਲਾਮਾਬਾਦ ਹਵਾਈ ਅੱਡੇ ਉੱਤੇ ਆਪਣੇ ਹਮਾਇਤੀਆਂ ਦੇ ਵੱਡੇ ਹਜੂਮ ਨੂੰ ਮੁਖ਼ਾਤਿਬ ਹੁੰਦਿਆਂ ਵਜ਼ੀਰੇ-ਆਜ਼ਮ ਨੇ ਕਿਹਾ, ‘‘ਮੈਨੂੰ ਜਾਪਦਾ ਹੈ ਕਿ ਜਿਵੇਂ ਮੈਂ ਕ੍ਰਿਕਟ ਦਾ ਆਲਮੀ ਕੱਪ ਦੁਬਾਰਾ ਜਿੱਤ ਕੇ ਲਿਆਂਦਾ ਹੈ।’’ ਇਮਰਾਨ ਵਾਲੇ ਵਲਵਲੇ ਭਾਵੇਂ ਮੁੱਖ-ਧਾਰਾਈ ਮੀਡੀਆ ਦੀਆਂ ਸੰਪਾਦਕੀਆਂ ਦਾ ਆਮ ਤੌਰ ’ਤੇ ਹਿੱਸਾ ਨਹੀਂ ਬਣੇ, ਫਿਰ ਵੀ ਬਹੁਤੇ ਅਖ਼ਬਾਰਾਂ ਨੇ ਇਸ ਦੌਰੇ ਨੂੰ ‘ਲੋਕ ਸੰਪਰਕੀ ਕਾਮਯਾਬੀ’ ਅਵੱਸ਼ ਮੰਨਿਆ ਹੈ। ‘ਡਾਅਨ’ ਸਮੇਤ ਬਹੁਤੀਆਂ ਅੰਗਰੇਜ਼ੀ ਅਖ਼ਬਾਰਾਂ ਨੇ ਲਿਖਿਆ ਕਿ ਵਜ਼ੀਰੇ-ਆਜ਼ਮ, ਪਾਕਿਸਤਾਨੀ ਨੀਅਤ ਤੇ ਨੀਤੀਆਂ ਸਬੰਧੀ ਅਮਰੀਕੀ ਨੇਤਾਵਾਂ ਦੇ ਸ਼ਿਕਵੇ ਤੇ ਖ਼ਦਸ਼ੇ ਦੂਰ ਕਰਨ ਵਿਚ ਸਫ਼ਲ ਰਹੇ।
ਅਜਿਹੀ ਹਾਂ-ਪੱਖੀ ਕਵਰੇਜ ਤੋਂ ਉਲਟ ਘੱਟੋ-ਘੱਟ ਦੋ ਅਖ਼ਬਾਰਾਂ ਦੀ ਸੁਰ ਨਾਂਹ-ਪੱਖੀ ਰਹੀ। ‘ਫਰਾਈਡੇਅ ਟਾਈਮਜ਼’ (ਹਫ਼ਤਾਵਾਰੀ) ਤੇ ਉਰਦੂ ਰੋਜ਼ਨਾਮਾ ‘ਦੁਨੀਆ’ ਨੇ ਆਪੋ-ਆਪਣੀਆਂ ਸੰਪਾਦਕੀਆਂ ਵਿਚ ਕਿਹਾ ਕਿ ਇਮਰਾਨ ਦੇ ਦੌਰੇ ਦੀ ਇਕ ਵੀ ਪ੍ਰਾਪਤੀ ਅਜਿਹੀ ਨਹੀਂ, ਜਿਸ ਨੂੰ ਨਿੱਗਰ ਕਿਹਾ ਜਾ ਸਕੇ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਸ਼ਮੀਰ ’ਚ ਵਿਚੋਲਗਿਰੀ ਦੀ ਗੱਲ ਜ਼ਰੂਰ ਕਹੀ, ਪਰ ਉਸ ਦੇ ਕਥਨਾਂ ਦੇ ਖੋਖਲੇਪਣ ਨੂੰ ਢੱਕਣਾ ਅਮਰੀਕੀ ਅਧਿਕਾਰੀਆਂ ਲਈ ਵੱਧ ਅਹਿਮ ਕਾਰਜ ਬਣ ਗਿਆ। ਉਹ ਇਮਰਾਨ ਦੀ ਸਲਾਹੁਤਾ ਕਰਨ ਦੀ ਥਾਂ ਭਾਰਤ ਸਰਕਾਰ ਨੂੰ ਠੰਢਾ ਕਰਨ ਵਿਚ ਵੱਧ ਜੁਟੇ ਰਹੇ। ਟਰੰਪ ਨੇ ਪਾਕਿਸਤਾਨ ਲਈ ਕਿਸੇ ਫੌਰੀ ਫ਼ੌਜੀ ਜਾਂ ਮਾਲੀ ਮਦਦ ਦਾ ਐਲਾਨ ਨਹੀਂ ਕੀਤਾ। ਉਸ ਨੇ ਇਮਰਾਨ ਨੂੰ ‘ਸ਼ਾਨਦਾਰ ਹਸਤੀ’ ਜ਼ਰੂਰ ਦੱਸਿਆ, ਪਰ ਇਹੋ ਲਕਬ ਉਸ ਨੇ ਦੋ ਸਾਲ ਪਹਿਲਾਂ ਮੀਆਂ ਨਵਾਜ਼ ਸ਼ਰੀਫ਼ ਨੂੰ ਵੀ ਦਿੱਤਾ ਸੀ। ‘ਦੁਨੀਆ’ ਦੀ ਸੰਪਾਦਕੀ ਅਨੁਸਾਰ ਟਰੰਪ ਨੇ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਸਪਸ਼ਟ ਕਰ ਦਿੱਤਾ ਕਿ ਅਫ਼ਗਾਨਿਸਤਾਨ ਵਿਚ ਅਮਨ-ਚੈਨ ਦੀ ਵਾਪਸੀ ਮਗਰੋਂ ਹੀ ਪਾਕਿਸਤਾਨ ਨੂੰ ਕੋਈ ਇਨਾਮ-ਸਨਮਾਨ ਮਿਲੇਗਾ। ਇਸ ਲਈ ਉਸ ਨੇ ਸ਼ਬਦ ‘ਇਨਸੈਂਟੀਵਾਈਜ਼’ ਵਰਤਿਆ। ਅਜਿਹੇ ਸ਼ਬਦ ਸ਼ਾਬਾਸ਼ੀ ਨਹੀਂ ਮੰਨੇ ਜਾ ਸਕਦੇ।

* * *

ਸਰਦਾਰ ਉਸਮਾਨ ਬੁਜ਼ਦਾਰ

ਅੰਗਰੇਜ਼ੀ ਨਹੀਂ, ਉਰਦੂ

ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਉਸਮਾਨ ਬੁਜ਼ਦਾਰ ਨੇ ਐਲਾਨ ਕੀਤਾ ਹੈ ਕਿ ਮਾਰਚ ਵਿਚ ਆਰੰਭ ਹੋਣ ਵਾਲੇ ਅਗਲੇ ਅਕਾਦਮਿਕ ਸੈਸ਼ਨ ਤੋਂ ਸੂਬੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਅੰਗਰੇਜ਼ੀ ਦੀ ਥਾਂ ਉਰਦੂ ਭਾਸ਼ਾ ਵਿਦਿਅਕ ਮਾਧਿਅਮ ਹੋਵੇਗੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਅੱਧਾ ਸਮਾਂ ਤਾਂ ਅੰਗਰੇਜ਼ੀ ਸ਼ਬਦਾਂ ਦਾ ਉਰਦੂ ਵਿਚ ਤਰਜਮਾ ਕਰਨ ਵਿਚ ਲੰਘ ਜਾਂਦਾ ਹੈ ਅਤੇ ਉਹ ਕੁਝ ਨਵਾਂ ਸਿੱਖਣ/ਸਿਖਾਉਣ ਵਿਚ ਨਾਕਾਮ ਰਹਿੰਦੇ ਆ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ 22 ਜ਼ਿਲ੍ਹਿਆਂ ਵਿਚ ਕਰਵਾਏ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ 85 ਫ਼ੀਸਦੀ ਮਾਪੇ, ਵਿਦਿਆਰਥੀ ਤੇ ਅਧਿਆਪਕ ਪ੍ਰਾਇਮਰੀ ਸਿੱਖਿਆ ਦਾ ਮਾਧਿਅਮ ਉਰਦੂ ਬਣਾਏ ਜਾਣ ਦੇ ਹੱਕ ਵਿਚ ਹਨ। ਸਰਕਾਰ ਉਨ੍ਹਾਂ ਦੇ ਜਜ਼ਬੇ ਤੇ ਇੱਛਾ ਦਾ ਸਤਿਕਾਰ ਕਰਨ ਲਈ ਦ੍ਰਿੜ੍ਹ ਹੈ। ਉਂਜ ਵੀ, ਹੁਕਮਰਾਨ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਨੇ ਆਪਣੇ ਚੋਣ ਮੈਨੀਫੈਸਟੋ ਵਿਚ ਅੰਗਰੇਜ਼ੀ ਦੀ ਥਾਂ ਉਰਦੂ ਮਾਧਿਅਮ ਅਪਨਾਉਣ ਦਾ ਵਾਅਦਾ ਕੀਤਾ ਸੀ। ਹੁਣ ਇਹ ਵਾਅਦਾ ਵਫ਼ਾ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਚਾਰ ਸਾਲ ਪਹਿਲਾਂ ਸੂਬਾ ਪੰਜਾਬ ਦੀ ਸ਼ਾਹਬਾਜ਼ ਸ਼ਰੀਫ਼ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਪ੍ਰਾਈਵੇਟ ਪਬਲਿਕ ਸਕੂਲਾਂ ਦੇ ਵਿਦਿਆਰਥੀਆਂ ਦੇ ‘ਹਾਣ’ ਦਾ ਬਣਾਉਣ ਹਿੱਤ ਉਰਦੂ ਦੀ ਥਾਂ ਅੰਗਰੇਜ਼ੀ ਮਾਧਿਅਮ ਚੁਣਿਆ ਸੀ। ਹੁਣ ਇਸ ਅਮਲ ਨੂੰ ਉਲਟਾਉਣ ਨਾਲ ਭਾਵੇਂ ਬੱਚਿਆਂ ਲਈ ਮੁਸ਼ਕਲਾਂ ਖੜ੍ਹੀਆਂ ਹੋਣ ਦਾ ਖ਼ਤਰਾ ਹੈ, ਫਿਰ ਵੀ ਬਹੁਤੇ ਸਿੱਖਿਆ ਸ਼ਾਸਤਰੀ ਬੁਜ਼ਦਾਰ ਦੇ ਫ਼ੈਸਲੇ ਨੂੰ ਦਰੁਸਤ ਦੱਸ ਰਹੇ ਹਨ। ਇਸੇ ਦੌਰਾਨ ‘ਅਦਬੀ ਪੰਜਾਬ’ ਨਾਮ ਦੀ ਸੰਸਥਾ ਨੇ ਮੰਗ ਕੀਤੀ ਹੈ ਕਿ ਜਿਨ੍ਹਾਂ ਅੱਠ ਜ਼ਿਲ੍ਹਿਆਂ ਦੀ 80 ਫ਼ੀਸਦੀ ਤੋਂ ਵੱਧ ਵਸੋਂ ਨੇ ਪਿਛਲੀ ਮਰਦਮਸ਼ੁਮਾਰੀ ਵਿਚ ਆਪਣੀ ਮਾਦਰੀ ਜ਼ੁਬਾਨ (ਮਾਤ-ਭਾਸ਼ਾ) ਪੰਜਾਬੀ ਲਿਖਾਈ ਸੀ, ਘੱਟੋ-ਘੱਟ ਉਨ੍ਹਾਂ ਵਿਚ ਪੰਜਾਬੀ ਨੂੰ ਹੀ ਸਿੱਖਿਆ ਦਾ ਮਾਧਿਅਮ ਬਣਾਇਆ ਜਾਵੇ। ਅੰਗਰੇਜ਼ੀ ਰੋਜ਼ਨਾਮਾ ‘ਦਿ ਨੇਸ਼ਨ’ ਅਨੁਸਾਰ ਸੂਬਾ ਪੰਜਾਬ ਦੇ 17 ਜ਼ਿਲ੍ਹੇ ਅਜਿਹੇ ਹਨ ਜਿਨ੍ਹਾਂ ਦੀ 60 ਫ਼ੀਸਦੀ ਤੋਂ ਵੱਧ ਵਸੋਂ ਨੇ ਪੰਜਾਬੀ ਆਪਣੀ ਮਾਦਰੀ ਜ਼ੁਬਾਨ ਦਰਜ ਕਰਵਾਈ। ਇਨ੍ਹਾਂ ਜ਼ਿਲ੍ਹਿਆਂ ਵੱਲੋਂ ਚੁਣੀ ਜ਼ੁਬਾਨ ਵਾਸਤੇ ਸਹੀ ਮਾਨਤਾ ਤੇ ਮਾਣ-ਤਾਣ ਮੰਗਿਆ ਜਾਣਾ ਨਾਵਾਜਬ ਨਹੀਂ ਕਿਹਾ ਜਾ ਸਕਦਾ।
* * *
ਸੁਪਰਕੋ ਬਨਾਮ ਇਸਰੋ

ਅੰਗਰੇਜ਼ੀ ਰੋਜ਼ਨਾਮੇ ‘ਡਾਅਨ’ ਵਿਚ ਉੱਘੇ ਭੌਤਿਕ ਸ਼ਾਸਤਰੀ ਪਰਵੇਜ਼ ਹੂਦਭੌਇ ਦਾ ਲੇਖ ਛਪਿਆ ਹੈ ਜਿਸ ਵਿਚ ਪਾਕਿਸਤਾਨ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਭਾਰਤ ਨਾਲ ਪੁਲਾੜੀ ਹੋੜ ਵਿਚ ਪੈਣ ਦੀ ਥਾਂ ਆਪਣੇ ਵਿਗਿਆਨਕਾਂ ਤੇ ਉਨ੍ਹਾਂ ਦੀਆਂ ਖੋਜਾਂ ਦੇ ਮਿਆਰ ਵਧਾਉਣ ਵੱਲ ਤਵੱਜੋ ਦੇਵੇ। ਲੇਖ ਵਿਚ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਚੰਦਰਯਾਨ-2 ਮਿਸ਼ਨ ਦੀਆਂ ਹੁਣ ਤਕ ਦੀਆਂ ਕਾਮਯਾਬੀਆਂ ਦਾ ਜ਼ਿਕਰ ਕਰਦਿਆਂ ਇਹ ਕਬੂਲਿਆ ਗਿਆ ਹੈ ਕਿ ਭਾਰਤ ਹੁਣ ਪੁਲਾੜ ਖੋਜ ਦੇ ਖੇਤਰ ਦੇ ਪੰਜ ਵੱਡੇ ਖਿਡਾਰੀਆਂ ਵਿਚ ਸ਼ੁਮਾਰ ਹੋ ਚੁੱਕਾ ਹੈ। ਲੇਖ ਵਿਚ ਭਾਵੇਂ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੀਆਂ ਸ਼ੇਖੀਆਂ ਅਤੇ ‘ਮੁੜ੍ਹਮੱਤੀਆਂ’ ਦੀ ਤਿੱਖੀ ਨੁਕਤਾਚੀਨੀ ਕੀਤੀ ਗਈ ਹੈ, ਫਿਰ ਵੀ ਤਸਲੀਮ ਕੀਤਾ ਗਿਆ ਹੈ ਕਿ ਭਾਰਤ ਵਿਚ ਵਿਗਿਆਨਕ ਸਿੱਖਿਆ ਤੇ ਸੁਹਜ ਦਾ ਪੱਧਰ, ਪਾਕਿਸਤਾਨ ਨਾਲੋਂ ਬਿਹਤਰ ਹੈ। ਲੇਖ ਅਨੁਸਾਰ ਪਾਕਿਸਤਾਨੀ ਪੁਲਾੜ ਖੋਜ ਸੰਸਥਾ ‘ਸੁਪਰਕੋ’ ਦੀ ਸਥਾਪਨਾ ‘ਇਸਰੋ’ ਤੋਂ ਇਕ ਸਾਲ ਪਹਿਲਾਂ ਹੋਈ ਸੀ, ਫਿਰ ਵੀ ਇਹ ਹੁਣ ਤਕ ਸਿਰਫ਼ ਇਕ ਅਜਿਹਾ ਉਪਗ੍ਰਹਿ ਪੁਲਾੜ ਵਿਚ ਭੇਜ ਸਕੀ ਹੈ ਜੋ ਪੂਰੀ ਤਰ੍ਹਾਂ ਪਾਕਿਸਤਾਨ ਵਿਚ ਤਿਆਰ ਹੋਇਆ ਸੀ। ਇਹ ਉਪਗ੍ਰਹਿ ਵੀ 9 ਜੁਲਾਈ 2018 ਨੂੰ ਚੀਨ ਵੱਲੋਂ ਦਾਗਿਆ ਗਿਆ ਸੀ।

* * *

ਖੰਡਰ ਬਣਿਆ ਇਕ ਮੰਦਿਰ।

ਵਿਰਾਸਤ ਤੇ ਸਾਂਝੀਵਾਲਤਾ

ਅੰਗਰੇਜ਼ੀ ਰੋਜ਼ਨਾਮੇ ‘ਡੇਲੀ ਟਾਈਮਜ਼’ ਨੇ ਸੂਬਾ ਪੰਜਾਬ ਵਿਚੋਂ ਇਤਿਹਾਸਕ ਧਰੋਹਰਾਂ ਦਾ ਸਫ਼ਾਇਆ ਕੀਤੇ ਜਾਣ ਉੱਤੇ ਅਫ਼ਸੋਸ ਪ੍ਰਗਟਾਉਂਦਿਆਂ ਇਸਲਾਮਾਬਾਦ ਤੇ ਇਸ ਦੇ ਆਸ-ਪਾਸ ਸਥਿਤ ਹਿੰਦੂ ਮੰਦਿਰਾਂ ਦੀ ਹਿ਼ਫ਼ਾਜ਼ਤ ਅਤੇ ਸਾਂਭ-ਸੰਭਾਲ ਉੱਤੇ ਜ਼ੋਰ ਦਿੱਤਾ ਹੈ। ਅਖ਼ਬਾਰ ’ਚ ਛਪੇ ਲੇਖ ਅਨੁਸਾਰ ਇਸਲਾਮਾਬਾਦ ਡਿਵੈਲਪਮੈਂਟ ਅਥਾਰਟੀ (ਆਈਡੀਏ) ਦੇ ਅਧਿਕਾਰ ਖੇਤਰ ਵਿਚ ਆਉਂਦੀ ਰਾਵਲ ਝੀਲ ਦੇ ਕੰਢੇ ਸਥਿਤ ਪਿੰਡ ਰਾਵਲ ਦੇ ਮੰਦਿਰਾਂ ਦਾ ਬਹੁਤ ਇਤਿਹਾਸਕ ਮਹੱਤਵ ਹੈ। ਇਸ ਮਹੱਤਵ ਨੂੰ ਬਰਕਰਾਰ ਰੱਖੇ ਜਾਣ ਦੀ ਲੋੜ ਹੈ। ਝੀਲ ਦੇ ਐਨ ਕੰਢੇ ਉੱਤੇ ਸਥਿਤ ‘ਪ੍ਰਾਚੀਨ ਮੰਦਿਰ’ ਪੰਜ ਸਦੀਆਂ ਪੁਰਾਣਾ ਹੈ। ਇਹ ਜਿਸ ਥਾਂ ਉੱਤੇ ਮੌਜੂਦ ਹੈ, ਉੱਥੇ ਕਦੇ ਰਿਸ਼ੀਆਂ-ਮੁਨੀਆਂ ਦੀ ਪਾਠਸ਼ਾਲਾ ਹੁੰਦੀ ਸੀ।
ਰਾਵਲ ਪਿੰਡ 1947 ਤੋਂ ਪਹਿਲਾਂ ਬੁਨਿਆਦੀ ਤੌਰ ’ਤੇ ਹਿੰਦੂਆਂ-ਸਿੱਖਾਂ ਦਾ ਪਿੰਡ ਸੀ। ਇਸ ਦੇ ਸਵਾ ਸੌ ਘਰਾਂ ਵਿਚੋਂ ਸਿਰਫ਼ 40 ਘਰ ਮੁਸਲਮਾਨਾਂ ਦੇ ਸਨ। ਬਟਵਾਰੇ ਸਮੇਂ ਸਰਦਾਰ ਈਸ਼ਰ ਸਿੰਘ ਇਸ ਪਿੰਡ ਦਾ ਸਰਪੰਚ ਸੀ। ਮੁਸਲਮਾਨ ਪਰਿਵਾਰਾਂ ਦੇ ਕਿਆਨੀ, ਠਕਿਆਲ ਆਦਿ ਗੋਤ ਦਰਸਾਉਂਦੇ ਸਨ ਕਿ ਕਿਸੇ ਸਮੇਂ ਉਨ੍ਹਾਂ ਦੇ ਵਡੇਰੇ ਵੀ ਹਿੰਦੂ ਹੀ ਸਨ। ਪ੍ਰਾਚੀਨ ਮੰਦਿਰ ਤੋਂ ਕੁਝ ਦੂਰੀ ’ਤੇ ਇਕ ਹੋਰ ਮੰਦਿਰ ਹੈ। ਉਸ ਦੀ ਇਮਾਰਤ ਖ਼ਸਤਾਹਾਲ ਹੈ। ਇਸੇ ਪਿੰਡ ਵਿਚ ਇਕ ਗੁਰੂਕੁਲ ਮੰਦਿਰ ਵੀ ਸੀ ਜੋ ਰਾਵਲ ਡੈਮ ਦੀ ਤਾਮੀਰ ਕਾਰਨ ਪਾਣੀਆਂ ਵਿਚ ਡੁੱਬ ਗਿਆ। ਉਂਜ, ਪਿੰਡ ਵਿਚ ਨਾਥ ਜੋਗੀ ਦੀ ਸਮਾਧੀ ਵੀ ਮੌਜੂਦ ਹੈ। ਇਹਦੇ ਆਲੇ-ਦੁਆਲੇ ਦੀ ਜ਼ਮੀਨ ਭਾਵੇਂ ਲੋਕਾਂ ਨੇ ਦੱਬ ਲਈ ਹੈ, ਫਿਰ ਵੀ ਸਮਾਧੀ ਉੱਤੇ ਕਲੀ-ਕੂਚੀ ਇਕ ਪਿੰਡ ਵਾਸੀ ਹਰ ਸਾਲ ਫਿਰਵਾ ਦਿੰਦਾ ਹੈ। ਉਹੀ ਬੰਦਾ ਹਰ ਸੰਗਰਾਂਦ ਮੌਕੇ ਸਮਾਧੀ ’ਤੇ ਫੁੱਲ-ਮਾਲਾ ਚੜ੍ਹਾ ਕੇ ਸਾਂਝੀਵਾਲਤਾ ਵਾਲੇ ਸਾਡੇ ਅਤੀਤ ਦੀ ਯਾਦ ਤਾਜ਼ਾ ਕਰਵਾਉਂਦਾ ਆ ਰਿਹਾ ਹੈ।

– ਪੰਜਾਬੀ ਟ੍ਰਿਬਿਊਨ ਫੀਚਰ


Comments Off on ਦੂਜੇ ਆਲਮੀ ਕੱਪ ਵਾਲਾ ਇਮਰਾਨ ਤੇ ਉਸ ਦੇ ਨੁਕਤਾਚੀਨ
1 Star2 Stars3 Stars4 Stars5 Stars (1 votes, average: 5.00 out of 5)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.