ਸਰਕਾਰੀ ਸਕੂਲਾਂ ਵਿੱਚ ਤਕਨਾਲੋਜੀ ਦੀ ਵਰਤੋਂ !    ਡਾਕਟਰਾਂ ਤੇ ਮਰੀਜ਼ਾਂ ਵਿੱਚ ਮਜ਼ਬੂਤ ਰਿਸ਼ਤਿਆਂ ਦੀ ਜ਼ਰੂਰਤ !    ਅਜੋਕੀ ਸਿੱਖਿਆ ਤੇ ਬੌਧਿਕ ਵਿਕਾਸ !    ਖ਼ਰਾਬ ਮੌਸਮ ਕਾਰਨ 26 ਉਡਾਣਾਂ ’ਚ ਤਬਦੀਲੀ !    370: ਸੁਪਰੀਮ ਕੋਰਟ ਵੱਲੋਂ ਪਟੀਸ਼ਨਾਂ ਸੱਤ ਮੈਂਬਰੀ ਬੈਂਚ ਕੋਲ ਭੇਜਣ ਦਾ ਸੰਕੇਤ !    ਕਤਲ ਮਾਮਲਾ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਆਵਾਜਾਈ ਰੋਕੀ !    ਭਾਰਤ-ਅਮਰੀਕਾ ਵਿਚਾਲੇ 2+2 ਗੱਲਬਾਤ 18 ਨੂੰ !    ਸੀਬੀਆਈ ਵੱਲੋਂ 13 ਟਿਕਾਣਿਆਂ ’ਤੇ ਛਾਪੇ !    ਅਤਿਵਾਦੀ ਹਮਲੇ ’ਚ ਨਾਈਜਰ ਦੇ 71 ਫੌਜੀ ਹਲਾਕ !    ਛੱਤੀਸਗੜ੍ਹ ’ਚ ਦੋ ਨਕਸਲੀ ਹਲਾਕ !    

ਦਿਮਾਗੀ ਬੁਖਾਰ: ਲੱਛਣ ਅਤੇ ਰੋਕਥਾਮ

Posted On July - 5 - 2019

ਡਾ. ਅੰਮ੍ਰਿਤਪਾਲ ਸਿੰਘ ਕਾਲੇਕਾ/ਸੰਦੀਪ ਕੌਰ ਥਿੰਦ

ਦਿਮਾਗੀ ਬੁਖਾਰ ਜਾਂ ਕਹਿ ਲਵੋ ਚਮਕੀ ਬੁਖਾਰ ਅੱਜਕੱਲ੍ਹ ਸੁਰਖੀਆ ਵਿਚ ਹੈ। ਇੰਸੇਫਲਾਈਟਿਸ, ਭਾਵ ਦਿਮਾਗੀ ਬੁਖਾਰ ਦਾ ਮਤਲਬ ਹੈ ਦਿਮਾਗ ਦੀ ਸੋਜਿਸ਼। ਇਹ ਬੁਖਾਰ ਜ਼ਿਆਦਾਤਰ ਕੁਪੋਸ਼ਤ ਬੱਚਿਆਂ, ਬਜ਼ੁਰਗਾਂ ਜਾਂ ਫਿਰ ਸਰੀਰ ਦੇ ਕਮਜ਼ੋਰ ਰੱਖਿਆ ਤੰਤਰ ਵਾਲੇ ਲੋਕਾਂ ਵਿਚ ਹੁੰਦਾ ਹੈ। ਇਹ ਬੁਖਾਰ ਇਨ੍ਹਾਂ ਲੋਕਾਂ ਦੀ ਮੌਤ ਦਾ ਕਾਰਨ ਵੀ ਬਣਦਾ ਹੈ। ਅਜਿਹੀਆਂ ਮੰਦਭਾਗੀ ਘਟਨਾਵਾਂ ਦੀਆਂ ਰਿਪੋਰਟਾਂ ਅੱਜਕਲ੍ਹ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਬਹੁਤ ਸਾਰੇ ਜ਼ਿਲ੍ਹਿਆਂ ਤੋਂ ਆ ਰਹੀਆਂ ਹਨ। ਸਭ ਤੋਂ ਜ਼ਿਆਦਾ ਪ੍ਰਭਾਵਿਤ ਇਲਾਕਾ ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਨਾਲ ਸਬੰਧਤ ਹਨ। 100 ਤੋਂ ਵੀ ਜ਼ਿਆਦਾ ਬੱਚੇ ਇਸ ਬਿਮਾਰੀ ਕਾਰਨ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ।
ਇਸ ਬਿਮਾਰੀ ਦੀ ਵਜ੍ਹਾ ਭਾਵੇਂ ਲੀਚੀ ਨਾਮ ਦੇ ਫਲ ਨੂੰ ਦੱਸਿਆ ਜਾ ਰਿਹਾ ਹੈ ਪਰ ਇਸ ਦਾ ਅਸਲ ਕਾਰਨ ਕੁਪੋਸ਼ਣ ਹੈ। ਇਹ ਬਿਮਾਰੀ ਉਨ੍ਹਾਂ ਬੱਚਿਆਂ ਨੂੰ ਆਪਣੀ ਗ੍ਰਿਫਤ ਵਿਚ ਲੈ ਲੈਂਦੀ ਹੈ ਜਿਹੜੇ ਕੁਪੋਸ਼ਣ ਤੋਂ ਪੀੜਤ ਹਨ ਅਤੇ ਲੀਚੀ ਦਾ ਸੇਵਨ ਕਰਦੇ ਹਨ। ਇਸ ਗੱਲ ਦੀ ਪੁਸ਼ਟੀ ਇਸ ਬਿਮਾਰੀ ਨਾਲ ਸਬੰਧਤ ਹੋਈਆਂ ਖੋਜਾਂ ਤੋਂ ਹੁੰਦੀ ਹੈ। ਇਸ ਦਾ ਅੰਦਾਜਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਤਕਰੀਬਨ ਸਾਰੇ ਬੱਚੇ ਜੋ ਇਸ ਬਿਮਾਰੀ ਤੋਂ ਪੀੜਤ ਹਨ, ਗਰੀਬ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ ਜਿਨ੍ਹਾਂ ਨੂੰ ਖਾਣ ਲਈ ਸੰਤੁਲਿਤ ਆਹਾਰ ਨਹੀਂ ਮਿਲਦਾ। ਇਹ ਵੀ ਦੇਖਿਆ ਗਿਆ ਹੈ ਕਿ ਜੋ ਬੱਚੇ ਚੰਗਾ ਸੰਤੁਲਿਤ ਭੋਜਨ ਖਾਂਦੇ ਹਨ, ਉਨ੍ਹਾਂ ਨੂੰ ਲੀਚੀ ਖਾਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ। ਆਓ ਜਾਣਦੇ ਹਾਂ ਕਿ ਲੀਚੀ ਕਿਵੇਂ ਕੁਪੋਸ਼ਤ ਬੱਚਿਆਂ ਵਿਚ ਇਸ ਬੁਖਾਰ ਦੇ ਫੈਲਣ ਵਿਚ ਮਦਦ ਕਰਦੀ ਹੈ:
ਲੀਚੀ ਵਿਚ ਕੁਦਰਤੀ ਤੌਰ ਤੇ ‘ਮਿਥਾਈਲ ਸਾਈਕਲੋਪ੍ਰੋਪਾਈਲ ਗਲਾਈਸਿਨ ਜਾਂ ਹਾਈਪੋਗਲਾਈਸਿਨ ਏ’ ਨਾਮ ਦਾ ਟਾਕਸਿਨ ਪਾਇਆ ਜਾਂਦਾ ਹੈ। ਅੱਧੀ ਪੱਕੀ ਲੀਚੀ ਵਿਚ ਇਸ ਟਾਕਸਿਨ ਦੀ ਮਾਤਰਾ ਹੋਰ ਵੀ ਜ਼ਿਆਦਾ ਹੁੰਦੀ ਹੈ। ਇਹ ਟਾਕਸਿਨ ਸਰੀਰ ਵਿਚ ਬੀਟਾ ਆਕਸੀਡ੍ਰੇਸ਼ਨ ਨੂੰ ਰੋਕ ਦਿੰਦਾ ਹੈ ਅਤੇ ‘ਹਾਈਪੋਗਲਾਈਸੀਮੀਆ’ ਅਰਥਾਤ ਖੂਨ ਵਿਚ ਗੁਲੂਕੋਜ਼ ਦੀ ਕਮੀ ਦਾ ਕਾਰਨ ਬਣਦਾ ਹੈ।
ਇਸ ਦੇ ਨਾਲ ਹੀ ਖੂਨ ਵਿਚ ਫੈਟੀ ਐਸੀਡਜ਼ ਦੀ ਮਾਤਰਾ ਵੀ ਵਧ ਜਾਂਦੀ ਹੈ। ਸਰੀਰ ਵਿਚ ਗੁਲੂਕੋਜ਼ ਦੀ ਕਮੀ ਕਾਰਨ ਲੋੜੀਂਦੀ ਮਾਤਰਾ ਵਿਚ ਗੁਲੂਕੋਜ਼ ਦਿਮਾਗ ਤੱਕ ਨਹੀਂ ਪਹੁੰਚਦਾ ਅਤੇ ਦਿਮਾਗ ਗੰਭੀਰ ਰੂਪ ਵਿਚ ਪ੍ਰਭਾਵਿਤ ਹੋ ਜਾਂਦਾ ਹੈ। ਇਹੀ ਇਸ ਬਿਮਾਰੀ ਦਾ ਮੁੱਖ ਕਾਰਨ ਬਣਦਾ ਹੈ। ਇਸੇ ਲਈ ਜਦੋਂ ਕੋਈ ਤੰਦਰੁਸਤ ਬੱਚਾ ਲੀਚੀ ਖਾਂਦਾ ਹੈ ਤਾਂ ਉਹ ਇਸ ਬਿਮਾਰੀ ਤੋਂ ਪ੍ਰਭਾਵਿਤ ਨਹੀਂ ਹੁੰਦਾ।
ਦਿਮਾਗੀ ਬੁਖਾਰ ਸਰੀਰ ਵਿਚ ਗੁਲੂਕੋਜ਼ ਦੀ ਕਮੀ ਕਾਰਨ ਹੁੰਦਾ ਹੈ। ਕਿਉਂ ਜੋ ਬੱਚਿਆਂ ਦੀ ਸਰੀਰਕ ਰੱਖਿਆ ਤੰਤਰ ਪ੍ਰਣਾਲੀ ਕਮਜ਼ੋਰ ਹੁੰਦੀ ਹੈ, ਇਸ ਲਈ ਉਨ੍ਹਾਂ ਨੂੰ ਇਹ ਬੁਖਾਰ ਬਹੁਤ ਜਲਦੀ ਆਪਣੀ ਲਪੇਟ ਵਿਚ ਲੈ ਲੈਂਦਾ ਹੈ। ਆਮ ਤੌਰ ਤੇ ਇਹ ਬਿਮਾਰੀ 10 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਜਲਦੀ ਘੇਰਦੀ ਹੈ। ਸੰਸਾਰ ਸਿਹਤ ਸੰਗਠਨ ਅਨੁਸਾਰ, ਇਹ ਬਿਮਾਰੀ ਹਰ 2 ਤੋਂ 15 ਸਾਲ ਦੇ ਵਕਫ਼ੇ ਦੌਰਾਨ ਭਾਰੀ ਹਮਲਾ ਕਰਦੀ ਹੈ। ਮੌਨਸੂਨ ਦੌਰਾਨ ਇਸ ਬਿਮਾਰੀ ਦਾ ਖਤਰਾ ਹੋਰ ਵੀ ਵਧ ਜਾਂਦਾ ਹੈ।
ਗੁਲੂਕੋਜ਼ ਹੈ ਕੀ, ਸਰੀਰ ਵਿਚ ਇਸ ਦੀ ਕੀ ਭੂਮਿਕਾ ਹੈ
ਆਮ ਤੌਰ ਤੇ ਗੁਲੂਕੋਜ਼ ਨੂੰ ਅਸੀਂ ਬਲੱਡ ਸ਼ੂਗਰ ਦੇ ਨਾਮ ਨਾਲ ਵੀ ਜਾਣਦੇ ਹਾਂ। ਗੁਲੂਕੋਜ਼ ਸਰੀਰ ਦੀ ਕਾਰਜ ਪ੍ਰਣਾਲੀ ਨੂੰ ਦਰੁਸਤ ਰੱਖਣ ਲਈ ਬਹੁਤ ਜ਼ਰੂਰੀ ਹੈ। ਜਦੋਂ ਸਾਡੇ ਸਰੀਰ ਵਿਚ ਗੁਲੂਕੋਜ਼ ਦੀ ਮਾਤਰਾ ਠੀਕ ਹੁੰਦੀ ਹੈ ਤਾਂ ਸਾਡਾ ਧਿਆਨ ਇਸ ਵੱਲ ਨਹੀਂ ਜਾਂਦਾ ਪਰ ਜਦੋਂ ਇਹ ਮਾਤਰਾ ਘੱਟ ਹੁੰਦੀ ਹੈ ਤਾਂ ਸਾਡਾ ਸਰੀਰ ਸਾਨੂੰ ਸੰਕੇਤ ਦੇਣ ਲੱਗ ਪੈਂਦਾ ਹੈ।
ਸਰੀਰ ਦਿਨ ਵਿਚ ਕਈ ਵਾਰ ਗੁਲੂਕੋਜ਼ ਬਣਾਉਂਦਾ ਹੈ। ਜਦੋਂ ਵੀ ਅਸੀਂ ਕੁਝ ਖਾਂਦੇ ਹਾਂ ਤਾਂ ਸਾਡਾ ਸਰੀਰ ਗੁਲੂਕੋਜ਼ ਬਣਾਉਣਾ ਸ਼ੁਰੂ ਕਰ ਦਿੰਦਾ ਹੈ। ਬਲੱਡ ਸ਼ੂਗਰ ਦੀ ਇਸ ਵਧਦੀ ਮਾਤਰਾ ਨਾਲ ਨਜਿੱਠਣ ਲਈ ਸਰੀਰ ਇੰਸੁਲਿਨ ਰਿਲੀਜ਼ ਕਰਨ ਲੱਗ ਪੈਂਦਾ ਹੈ। ਜੇ ਕਿਸੇ ਵੀ ਕਾਰਨ ਸਾਡਾ ਸਰੀਰ ਲੋੜੀਂਦੀ ਮਾਤਰਾ ਵਿਚ ਇੰਸੁਲਿਨ ਪੈਦਾ ਨਹੀਂ ਕਰ ਸਕਦਾ ਤਾਂ ਸਰੀਰ ਵਿਚ ਮੌਜੂਦ ਚਰਬੀ ਤੋਂ ਫੈਟੀ ਐਸਿਡ ਰਿਲੀਜ਼ ਹੋਣ ਲੱਗਦਾ ਹੈ। ਇਸ ਹਾਲਤ ਨੂੰ ‘ਕੀਟੋਐਸੀਡੋਸਿਜ਼’ ਦਾ ਨਾਮ ਦਿੱਤਾ ਜਾਂਦਾ ਹੈ। ਇਸ ਪ੍ਰਕਿਰਿਆ ਨਾਲ ‘ਹਾਈਪੋਗਲਾਈਸੀਮੀਆਂ’ ਭਾਵ, ਖੂਨ ਵਿਚ ਗੁਲੂਕੋਜ਼ ਦੀ ਕਮੀ ਹੋ ਜਾਂਦੀ ਹੈ ਅਤੇ ਇਸ ਕਮੀ ਕਾਰਨ ਬੁਖਾਰ ਦਿਮਾਗ ਤੱਕ ਪਹੁੰਚ ਜਾਂਦਾ ਹੈ।
ਗੁਲੂਕੋਜ਼ ਦੀ ਜਾਂਚ
ਜੋ ਲੋਕ ਡਾਇਬਿਟੀਜ਼ ਦੀ ਬਿਮਾਰੀ ਨਾਲ ਪ੍ਰਭਾਵਿਤ ਹਨ, ਉਨ੍ਹਾਂ ਲਈ ਨਿਯਮਿਤ ਤੌਰ ਤੇ ਗੁਲੂਕੋਜ਼ ਦੀ ਜਾਂਚ ਜ਼ਰੂਰੀ ਹੁੰਦੀ ਹੈ। ਗੁਲੂਕੋਜ਼ ਦੀ ਜਾਂਚ ਭੁੱਖੇ ਪੇਟ ਕਰਨੀ ਚਾਹੀਦੀ ਹੈ। ਇਸ ਲਈ ਤੁਸੀਂ ਡਾਕਟਰ ਜਾਂ ਫਿਰ ਬਲੱਡ ਸ਼ੂਗਰ ਮਸ਼ੀਨ ਦੀ ਮਦਦ ਲੈ ਸਕਦੇ ਹੋ।
ਗੁਲੂਕੋਜ਼ ਦੀ ਸਹੀ ਮਾਤਰਾ
ਸਿਹਤਮੰਦ ਸ਼ਖ਼ਸ ਵਿਚ ਖਾਣੇ ਤੋਂ ਪਹਿਲਾਂ ਗੁਲੂਕੋਜ਼ ਦੀ ਮਾਤਰਾ 90-130 ਮਿਲੀਗਰਾਮ ਪ੍ਰਤੀ ਡੈਸੀਲੀਟਰ (mg/dl) ਹੁੰਦੀ ਹੈ। ਖਾਣੇ ਤੋਂ ਇਕ ਜਾਂ ਦੋ ਘੰਟੇ ਬਾਅਦ ਗੁਲੂਕੋਜ਼ ਦੀ ਮਾਤਰਾ 180 mg/dl ਤੋਂ ਘੱਟ ਹੋਣੀ ਚਾਹੀਦੀ ਹੈ।
ਬਿਮਾਰੀ ਤੋਂ ਬਚਾਅ
* ਸਭ ਤੋਂ ਪਹਿਲਾਂ ਬੱਚੇ ਦੀ ਸਾਫ ਸਫਾਈ ਅਤੇ ਖਾਣ ਪੀਣ ਦਾ ਖਿਆਲ ਰੱਖਿਆ ਜਾਵੇ।
* ਸਾਧਾਰਨ ਬੁਖਾਰ ਹੋਣ ਤੇ ਵੀ ਡਾਕਟਰ ਨੂੰ ਦਿਖਾਇਆ ਜਾਣਾ ਚਾਹੀਦਾ ਹੈ।
* ਬੁਖਾਰ ਆਉਣ ਤੇ ਬੱਚੇ ਦੇ ਸਰੀਰ ਨੂੰ ਗਿੱਲੇ ਕੱਪੜੇ ਨਾਲ ਪੂੰਝਦੇ ਰਹੋ ਅਤੇ ਉਸ ਨੂੰ ਕੂਲਰ ਜਾਂ ਏਸੀ ਵਿਚ ਬਿਠਾਇਆ ਜਾਵੇ।
* ਵਾਰ ਵਾਰ ਓਆਰਐੱਸ (ORS) ਦਾ ਘੋਲ ਪਿਲਾਇਆ ਜਾਵੇ।
* ਬੱਚੇ ਨੂੰ ਸੌਣ ਲੱਗੇ ਸਿੱਧੇ ਨਾ ਸੁਆਇਆ ਜਾਵੇ ਬਲਕਿ ਕਰਵਟ ਦਿਵਾਈ ਜਾਵੇ।
* ਬੱਚੇ ਨੂੰ ਪਤਲੇ ਕੱਪੜੇ ਪੁਆਏ ਜਾਣ ਤਾਂ ਕਿ ਹਵਾ ਆਰ-ਪਾਰ ਹੋ ਸਕੇ।
ਇਸ ਤੋਂ ਇਲਾਵਾ ਦਿਮਾਗੀ ਬੁਖਾਰ ਦੇ ਹੋਰ ਵੀ ਕਾਰਨ ਹੋ ਸਕਦੇ ਹਨ ਜਿਵੇਂ:
* ਦਿਮਾਗ ਵਿਚ ਇਨਫੈਕਸ਼ਨ ਹੋਣਾ।
* ਸਰੀਰ ਦੇ ਰੱਖਿਆ ਤੰਤਰ ਦੁਆਰਾ ਦਿਮਾਗ ਨੂੰ ਪ੍ਰਭਾਵਿਤ ਕਰਨਾ।
* ਹਰਪੀਜ ਵਾਇਰਸ, ਐਂਟੇਰੋਵਾਇਰਸ, ਵੈਸਟ ਨਾਈਲ ਵਾਇਰਸ, ਜਪਾਨੀ ਇਸੇਫਲਾਈਟਿਜ਼, ਪੂਰਬੀ ਇਕੂਇਨ ਵਾਇਰਸ ਆਦਿ।
* ਬੈਕਟੀਰਿਆ, ਪਰਜੀਵਾਂ, ਉੱਲੀ, ਰਸਾਇਣ, ਜ਼ਹਿਰੀਲੇ ਪਦਾਰਥ ਆਦਿ ਵੀ ਇਸ ਬਿਮਾਰੀ ਦੇ ਕਾਰਨ ਹੋ ਸਕਦੇ ਹਨ।
ਬਿਮਾਰੀ ਦੇ ਲੱਛਣ
* ਮਿਰਗੀ ਵਰਗੇ ਦੌਰੇ ਪੈਣਾ।
* ਵਾਰ ਵਾਰ ਬੇਹੋਸ਼ ਹੋਣਾ।
* ਸਿਰ ਵਿਚ ਲਗਾਤਾਰ ਹਲਕਾ ਜਾਂ ਤੇਜ਼ ਦਰਦ।
* ਅਚਾਨਕ ਬੁਖਾਰ ਹੋਣਾ।
* ਪੂਰੇ ਸਰੀਰ ਵਿਚ ਦਰਦ ਹੋਣਾ।
* ਜੀਅ ਮਚਲਾਉਣਾ ਅਤੇ ਉਲਟੀ ਆਉਣਾ।
* ਥਕਾਵਟ ਮਹਿਸੂਸ ਹੋਣੀ ਅਤੇ ਨੀਂਦ ਆਉਣਾ।
* ਪੁੱਠੀਆਂ ਸਿੱਧੀਆਂ ਗੱਲਾਂ ਕਰਨਾ।
* ਸਰੀਰ ਵਿਚ ਕਮਜ਼ੋਰੀ ਆਉਣਾ।
* ਅਧਰੰਗ ਵਰਗੇ ਲੱਛਣ ਨਜ਼ਰ ਆਉਣਾ।
* ਪਰੇਸ਼ਾਨੀ ਅਤੇ ਘਬਰਾਹਟ ਹੋਣਾ।
* ਰੋਸ਼ਨੀ ਨੂੰ ਸੰਵੇਦਨਸ਼ੀਲ ਹੋਣਾ।
* ਉਲਟੀ ਆਉਣਾ ਆਦਿ।
ਬਿਮਾਰੀ ਤੋਂ ਬਚਾਓ
ਅਸੀਂ ਜਾਣਦੇ ਹੀ ਹਾਂ ਕਿ ਰੋਕਥਾਮ ਨਾਲ ਚੰਗਾ ਬਚਾਓ ਹੁੰਦਾ ਹੈ। ਸੋ ਇਸ ਬਿਮਾਰੀ ਤੋਂ ਬਚਣ ਲਈ ਸਭ ਤੋਂ ਪਹਿਲਾਂ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕੋਈ ਵੀ ਬੱਚਾ ਸੰਤੁਲਿਤ ਆਹਾਰ ਤੋਂ ਵਾਂਝਾ ਨਾ ਰਹੇ। ਇਸ ਦੇ ਲਈ ਸਰਕਾਰਾਂ ਨੂੰ ਵੀ ਆਪਣਾ ਬਣਦਾ ਯੋਗਦਾਨ ਪਾਉਣਾ ਪਵੇਗਾ।
* ਬੱਚਿਆਂ ਨੂੰ ਸੌਣ ਤੋਂ ਪਹਿਲਾਂ ਚੰਗੀ ਤਰ੍ਹਾਂ ਭੋਜਨ ਖਿਲਾਇਆ ਜਾਵੇ। ਇਹ ਭੋਜਨ ਸੰਤੁਲਿਤ ਹੋਣਾ ਚਾਹੀਦਾ ਹੈ।
* ਬੱਚਿਆਂ ਨੂੰ ਖਾਲੀ ਪੇਟ ਲੀਚੀ ਨਾ ਖਾਣ ਦਿੱਤੀ ਜਾਵੇ। ਇਸ ਤੋਂ ਇਲਾਵਾ ਬੱਚਿਆਂ ਨੂੰ ਅੱਧੀ ਪੱਕੀ ਲੀਚੀ ਤੋਂ ਬਿਲਕੁਲ ਦੂਰ ਰੱਖਣਾ ਚਾਹੀਦਾ ਹੈ।
ਜਿਉਂ ਹੀ ਬੱਚੇ ਵਿਚ ਦਿਮਾਗੀ ਬੁਖਾਰ ਦੇ ਲੱਛਣ ਦਿਖਾਈ ਦੇਣ, ਬੱਚੇ ਨੂੰ ਖਾਣ ਲਈ ਮਿੱਠੀਆਂ ਚੀਜ਼ਾ ਦੇਣੀਆਂ ਚਾਹੀਦੀਆਂ ਹਨ। ਜੇ ਹੋ ਸਕੇ ਤਾਂ ਪਾਣੀ ਵਿਚ ਚੀਨੀ ਜਾਂ ਫਿਰ ਗੁਲੂਕੋਜ਼ ਦੀ ਲੋੜੀਂਦੀ ਮਾਤਰਾ ਬਣੀ ਰਹੇ ਅਤੇ ਦਿਮਾਗ ਨੂੰ ਪ੍ਰਭਾਵਿਤ ਹੋਣ ਤੋਂ ਬਚਾਇਆ ਜਾ ਸਕੇ। ਜਿੰਨੀ ਜਲਦੀ ਹੋ ਸਕੇ, ਬੱਚੇ ਨੂੰ ਹਸਪਤਾਲ ਲੈ ਕੇ ਜਾਣਾ ਚਾਹੀਦਾ ਹੈ ਤਾਂ ਕੇ ਸਹੀ ਸਮੇਂ ਤੇ ਉਸ ਦਾ ਇਲਾਜ ਹੋ ਸਕੇ ਅਤੇ ਇਸ ਬਿਮਾਰੀ ਤੋਂ ਬਚਿਆ ਜਾ ਸਕੇ।
*ਜੀਵ ਵਿਗਿਆਨ ਅਤੇ ਵਾਤਾਵਰਨ ਵਿਗਿਆਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।


Comments Off on ਦਿਮਾਗੀ ਬੁਖਾਰ: ਲੱਛਣ ਅਤੇ ਰੋਕਥਾਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.