ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਦਿਮਾਗ਼ ਨੂੰ ਰੱਖੋ ਜਵਾਨ

Posted On July - 20 - 2019

ਕੈਲਾਸ਼ ਚੰਦਰ ਸ਼ਰਮਾ

ਇਨਸਾਨ ਦਾ ਦਿਮਾਗ਼ ਕੁਦਰਤ ਵੱਲੋਂ ਮਨੁੱਖ ਨੂੰ ਮਿਲਿਆ ਇਕ ਅਜਿਹਾ ਹੁਸੀਨ ਤੋਹਫ਼ਾ ਹੈ, ਜਿਸ ਦੀ ਸ਼ਕਤੀ ਨਾਲ ਵਿਅਕਤੀ ਤਰਕ ਕਰਦਾ ਹੋਇਆ ਆਪਣਾ ਚੰਗਾ-ਮਾੜਾ ਸੋਚ ਸਕਦਾ ਹੈ। ਜੋ ਇਨਸਾਨ ਇਸ ਦੀ ਸ਼ਕਤੀ ਨੂੰ ਪਛਾਣ ਲੈਂਦਾ ਹੈ, ਉਸ ਲਈ ਕੁਝ ਵੀ ਮੁਸ਼ਕਿਲ ਨਹੀਂ। ਉਹ ਜ਼ਿੰਦਗੀ ਦੇ ਧਰਾਤਲ ਦੇ ਹਰ ਉੱਚੇ-ਨੀਵੇਂ ਪੜਾਅ ਨੂੰ ਬਾਖ਼ੂਬੀ ਪਾਰ ਕਰ ਲੈਂਦਾ ਹੈ, ਪਰ ਜੋ ਲੋਕ ਅਗਿਆਨਤਾ ਕਾਰਨ ਦਿਮਾਗ਼ ਦੀ ਸ਼ਕਤੀ ਨੂੰ ਸਮਝ ਨਹੀਂ ਸਕਦੇ ਉਹ ਜ਼ਿੰਦਗੀ ਭਰ ਸੰਘਰਸ਼ ਕਰਦੇ ਰਹਿੰਦੇ ਹਨ ਅਤੇ ਅਕਸਰ ਖੁਸ਼ੀਆਂ ਉਨ੍ਹਾਂ ਤੋਂ ਦੂਰ ਹੀ ਨੱਸਦੀਆਂ ਰਹਿੰਦੀਆਂ ਹਨ। ਹਰ ਇਨਸਾਨ ਦੀ ਜਿੱਤ-ਹਾਰ ਉਸ ਦੇ ਦਿਮਾਗ਼ ਦੇ ਕੰਮ ਕਰਨ ਦੀ ਸਮਰੱਥਾ ’ਤੇ ਨਿਰਭਰ ਕਰਦੀ ਹੈ। ਇਹ ਦਿਮਾਗ਼ ਦੀ ਸ਼ਕਤੀ ਹੀ ਹੈ, ਜੋ ਸਫਲ ਅਤੇ ਅਸਫਲ ਇਨਸਾਨ ਵਿਚ ਫ਼ਰਕ ਪੈਦਾ ਕਰਦੀ ਹੈ। ਤੁਸੀਂ ਜਿਵੇਂ ਸੋਚਦੇ ਹੋ ਉਵੇਂ ਦੇ ਹੀ ਬਣ ਜਾਓਗੇ। ਖ਼ੁਦ ਨੂੰ ਸ਼ਕਤੀਸ਼ਾਲੀ ਸਮਝੋਗੇ ਤਾਂ ਸ਼ਕਤੀਸ਼ਾਲੀ ਹੀ ਬਣੋਗੇ। ਜੇਕਰ ਤੁਹਾਡੇ ਵਿਚਾਰ ਚੜ੍ਹਦੀ ਕਲਾ ਵਾਲੇ ਹੋਣਗੇ ਤਾਂ ਤੁਸੀਂ ਚਿਹਰੇ ਤੋਂ ਵੀ ਜਵਾਨ ਹੀ ਨਜ਼ਰ ਆਓਗੇ ਤੇ ਤੁਹਾਡਾ ਧਿਆਨ ਕਦੇ ਵੀ ਲੋਕਾਂ ਦੀਆਂ ਘਟੀਆ ਗੱਲਾਂ ਵੱਲ ਨਹੀਂ ਜਾਵੇਗਾ। ਜੇਕਰ ਤੁਹਾਡੇ ਵਿਚਾਰਾਂ ਵਿਚ ਕੁਝ ਤਾਜ਼ਗੀ, ਨਰੋਈ ਸੋਚ ਤੇ ਮਨ ਨੂੰ ਸਕੂਨ ਦੇਣ ਵਾਲਾ ਕੁਝ ਹੋਵੇ ਤਾਂ ਜੀਵਨ ਰੂਪੀ ਗੱਡੀ ਨਵੇਂ ਚਾਅ ਅਤੇ ਉਮੰਗਾਂ ਨਾਲ ਅੱਗੇ ਵਧਦੀ ਹੈ।
ਅੱਜ ਦੇ ਭਾਜੜ ਭਰੇ ਜੀਵਨ ਵਿਚ ਕਦੇ ਕਿਸੇ ਦੇ ਦਿਲ ਦੀ ਧੜਕਣ ਰੁਕਣ ਤੇ ਕਦੇ ਦਿਮਾਗ਼ ਦੀ ਨਸ ਫਟਣ ਨਾਲ ਮੌਤ ਹੋ ਜਾਂਦੀ ਹੈ, ਪਰ ਅਸਲ ਵਿਚ ਆਦਮੀ ਦੀ ਮੌਤ ਉਸੇ ਦਿਨ ਹੀ ਹੋ ਜਾਂਦੀ ਹੈ, ਜਿਸ ਦਿਨ ਉਸ ਦੇ ਅੰਦਰੋਂ ਜਿਊਣ ਦਾ ਉਤਸ਼ਾਹ, ਚਾਹਤ ਅਤੇ ਆਸ ਮਰ ਜਾਂਦੀ ਹੈ। ਆਧੁਨਿਕ ਯੁੱਗ ਦੀਆਂ ਸਮੱਸਿਆਵਾਂ ਵਿਚਕਾਰ ਹਰ ਵਿਅਕਤੀ ਮਾਨਸਿਕ ਤਣਾਅ ਨਾਲ ਆਪੋ-ਆਪਣੇ ਢੰਗ ਰਾਹੀਂ ਭੁਗਤ ਰਿਹਾ ਹੈ। ਕਈ ਤਾਂ ਤਣਾਅ ਕਾਰਨ ਮਾਮੂਲੀ ਪ੍ਰੇਸ਼ਾਨ ਰਹਿੰਦੇ ਹਨ ਜਦੋਂਕਿ ਕਈ ਇਸ ਸਦਕਾ ਨੀਂਦ ਗੁਆ ਲੈਂਦੇ ਹਨ ਤੇ ਲਹੂ ਦੇ ਵਧਦੇ ਦਬਾਅ ਦਾ ਰੋਗ ਸਹੇੜ ਬੈਠਦੇ ਹਨ। ਤਣਾਅ ਕਾਰਨ ਅਸੀਂ ਖ਼ੁਦ ਨੂੰ ਦੁਖੀ, ਇਕੱਲਾ ਅਤੇ ਅਸੁਰੱਖਿਅਤ ਮਹਿਸੂਸ ਕਰਨ ਲੱਗਦੇ ਹਾਂ ਅਤੇ ਜ਼ਿੰਮੇਵਾਰੀਆਂ ਨੂੰ ਭੁੱਲ ਕੇ ਆਪਣੇ ਹੱਕਾਂ ਦੀ ਪ੍ਰਾਪਤੀ ਦੀ ਲੜਾਈ ਵਿਚ ਸ਼ਾਮਲ ਹੋਣ ਤੋਂ ਆਪਣੇ-ਆਪ ਨੂੰ ਨਹੀਂ ਰੋਕ ਸਕਦੇ, ਜਿਸ ਕਾਰਨ ਆਦਾਨ-ਪ੍ਰਦਾਨ, ਵਿਚਾਰ-ਵਟਾਂਦਰੇ ਅਤੇ ਚੰਗੇ ਗੁਣਾਂ ਦੀ ਹਰ ਪਲ ਹੱਤਿਆ ਹੁੰਦੀ ਰਹਿੰਦੀ ਹੈ। ਜਦੋਂ ਤੁਹਾਡੀ ਜਾਂ ਤੁਹਾਡੇ ਕੀਤੇ ਕੰਮ ਦੀ ਕੋਈ ਕਦਰ ਨਹੀਂ ਪਾਉਂਦਾ ਜਾਂ ਤੁਹਾਨੂੰ ਆਪਣੇ ਘਰ ਬੁਲਾ ਕੇ ਨਜ਼ਰਅੰਦਾਜ਼ ਕਰਦਾ ਹੈ ਜਾਂ ਸਾਰਾ ਕੁਝ ਤੁਹਾਡੀ ਇੱਛਾ ਅਨੁਸਾਰ ਨਹੀਂ ਹੁੰਦਾ ਤਾਂ ਵਿਵਹਾਰ ਵਿਚ ਰੁੱਖਾਪਣ ਆਉਣਾ ਸ਼ੁਰੂ ਹੋ ਜਾਂਦਾ ਹੈ, ਸਿੱਟੇ ਵਜੋਂ ਦਿਮਾਗ਼ ’ਤੇ ਬੋਝ ਵਧਦਾ ਹੈ, ਵਿਅਕਤੀ ਉਦਾਸ ਹੋ ਜਾਂਦਾ ਹੈ, ਦੁਖੀ ਰਹਿਣ ਲੱਗਦਾ ਹੈ। ਜ਼ਿੰਦਗੀ ਦੇ ਕਾਲੇ ਦਾਗਾਂ ਵਿਚ ਅਸੀਂ ਇੰਨਾ ਗੁਆਚ ਜਾਂਦੇ ਹਾਂ ਕਿ ਜ਼ਿੰਦਗੀ ਦੇ ਸਫ਼ੈਦ ਪੰਨਿਆਂ ’ਤੇ ਸਾਡੀ ਨਜ਼ਰ ਹੀ ਨਹੀਂ ਜਾਂਦੀ।

ਕੈਲਾਸ਼ ਚੰਦਰ ਸ਼ਰਮਾ

ਜ਼ਿੰਦਗੀ ਵਿਚ ਕੇਵਲ ਤਰੇੜਾਂ ਹੀ ਨਜ਼ਰ ਆਉਂਦੀਆਂ ਹਨ, ਜੋ ਨਾ ਜਿਊਣ ਦਿੰਦੀਆਂ ਹਨ ਤੇ ਨਾ ਹੀ ਮਰਨ। ਦੂਜਿਆਂ ਪ੍ਰਤੀ ਨਫ਼ਰਤ, ਈਰਖਾ ਅਤੇ ਸਾੜਾ ਦਿਮਾਗ਼ ’ਤੇ ਗ਼ੈਰ-ਜ਼ਰੂਰੀ ਬੋਝ ਵਧਾਉਣ ਲੱਗਦੇ ਹਨ। ਨਾਕਾਰਾਤਮਕ ਵਿਚਾਰ ਦਿਮਾਗ਼ ਵਿਚ ਝੁਰਮਟ ਪਾਉਣ ਲੱਗਦੇ ਹਨ। ਉਹ ਗੱਲਾਂ ਜੋ ਤਕਲੀਫ਼ ਦਿੰਦੀਆਂ ਹਨ, ਉਹ ਦੁਖ ਦੁੱਗਣਾ ਕਰ ਦਿੰਦੀਆਂ ਹਨ। ਚਿੰਤਾ, ਪੀੜ ਅਤੇ ਤਣਾਅ ਦੇ ਸਮੇਂ ਮਨੁੱਖ ਆਪਣੀ ਚੇਤਨਾ ਗੁਆ ਬੈਠਦਾ ਹੈ। ਅਜਿਹੀ ਸਥਿਤੀ ਵਿਚ ਦਿਮਾਗ਼ ਦੀ ਸ਼ਕਤੀ ਘਟਣੀ ਸ਼ੁਰੂ ਹੋ ਜਾਂਦੀ ਹੈ ਅਤੇ ਬੇਲੋੜੀਆਂ ਚਿੰਤਾਵਾਂ ਕਾਰਨ ਉਹ ਸਮੇਂ ਤੋਂ ਪਹਿਲਾਂ ਬੁੱਢਾ ਹੋਣਾ ਸ਼ੁਰੂ ਹੋ ਜਾਂਦਾ ਹੈ। ਦਿਮਾਗ਼ ਹੁੰਦੇ ਹੋਏ ਵੀ ਵਿਅਕਤੀ ਇਸ ਤੋਂ ਸੱਖਣਾ ਹੀ ਮਹਿਸੂਸ ਕਰਦਾ ਹੈ। ਹੌਲੀ-ਹੌਲੀ ਇਹ ਸਥਿਤੀ ਉਸ ਨੂੰ ਖ਼ੁਦਕੁਸ਼ੀ ਵੱਲ ਲੈ ਜਾਂਦੀ ਹੈ। ਬਦਕਿਸਮਤੀ ਇਹ ਹੈ ਕਿ ਇਸ ਸਥਿਤੀ ਤਕ ਪਹੁੱਚ ਕੇ ਵੀ ਵਿਅਕਤੀ ਕਿਸੇ ਨਾਲ ਆਪਣੇ ਦੁੱਖਾਂ ਨੂੰ ਸਾਂਝਾ ਕਰਨ ਵਿਚ ਹਿਚਕਿਚਾਹਟ ਮਹਿਸੂਸ ਕਰਦਾ ਹੈ ਕਿ ਜੇਕਰ ਕਿਸੇ ਨੂੰ ਪਤਾ ਲੱਗ ਗਿਆ ਤਾਂ ਉਹ ਕੀ ਸੋਚੇਗਾ। ਇਸ ਹਾਲਤ ਵਿਚ ਜ਼ਿੰਦਗੀ ਜਿਊਣਾ ਬਹੁਤ ਹਿੰਮਤ ਭਰਿਆ ਕੰਮ ਹੈ। ਉਮਰ ਤਾਂ ਉਸ ਵੇਲੇ ਤਕ ਵਧਦੀ ਜਾਵੇਗੀ ਜਦੋਂ ਤਕ ਜੀਵਨ ਦੀ ਡੋਰ ਹੈ, ਪਰ ਉਸ ਉਮਰ ਨੂੰ ਜਿਊਣਾ ਤਾਂ ਆਪਣੀ ਨਜ਼ਰ ਤੇ ਆਪਣੀ ਸਿਆਣਪ ’ਤੇ ਨਿਰਭਰ ਕਰਦਾ ਹੈ।
ਇਸ ਲਈ ਜ਼ਿੰਦਗੀ ਨੂੰ ਉਤਸ਼ਾਹ, ਚਾਹਤ ਅਤੇ ਜ਼ਿੰਦਾਦਿਲੀ ਨਾਲ ਜਿਊਣ ਲਈ ਦਿਮਾਗ਼ ਨੂੰ ਸਦਾ ਜਵਾਨ ਰੱਖੋ। ਅਰਥਾਤ ਬੇਲੋੜੀਆਂ ਚਿੰਤਾਵਾਂ ਨੂੰ ਇਸ ਦਾ ਬੋਝ ਨਾ ਵਧਾਉਣ ਦਿਓ। ਡਾ. ਜੋਸੇਫ ਮਰਫੀ ਲਿਖਦੇ ਹਨ ਕਿ ਚਿੰਤਾ, ਅਸਫਲਤਾ ਤੇ ਤਣਾਅ ਸਮੇਂ ਸਵੈ-ਸੁਝਾਅ ਵਿਅਕਤੀ ਨੂੰ ਹਰ ਪ੍ਰੇਸ਼ਾਨੀ ਤੋਂ ਉਭਾਰਨ ’ਚ ਸਹਿਯੋਗ ਕਰਦਾ ਹੈ। ਸਰੀਰ ਢਿੱਲਾ ਛੱਡ ਕੇ ਅੱਖਾਂ ਨੂੰ ਬੰਦ ਕਰਕੇ ਆਪਣੇ ਆਪ ਨੂੰ ਸਵੈ-ਸੁਝਾਅ ਦਿਓ ਕਿ ਕਿਨ੍ਹਾਂ ਗੱਲਾਂ ਨੂੰ ਦਰਕਿਨਾਰ ਕਰਕੇ ਆਪਣੀਆਂ ਚਿੰਤਾਵਾਂ ਤੋਂ ਮੁਕਤ ਹੋਇਆ ਜਾ ਸਕਦਾ ਹੈ। ਜਲਦੀ ਹੀ ਤੁਹਾਡਾ ਦਿਮਾਗ਼ ਚਿੰਤਾਵਾਂ ਤੋਂ ਹਲਕਾ ਹੋਣਾ ਸ਼ੁਰੂ ਹੋ ਜਾਵੇਗਾ। ਸਵੈ-ਸੁਝਾਅ ’ਤੇ ਅਮਲ ਕਰਦੇ ਜਾਓ ਤੇ ਦਿਮਾਗ਼ ਨੂੰ ਉਨ੍ਹਾਂ ਵਾਧੂ ਬੋਝਾਂ ਤੋਂ ਖਾਲੀ ਕਰਨਾ ਸ਼ੁਰੂ ਕਰੋ ਜਿਨ੍ਹਾਂ ਕਾਰਨ ਦਿਮਾਗ਼ ਦੀ ਕੰਮ ਕਰਨ ਦੀ ਸ਼ਕਤੀ ਕਮਜ਼ੋਰ ਹੋਈ ਹੈ। ਦਿਮਾਗ਼ ਵਿਚੋਂ ਗ਼ਲਤ ਭਾਵਨਾਵਾਂ ਨੂੰ ਕੱਢ ਦਿਓ। ਦਿਮਾਗ਼ ਆਪਣੇ ਆਪ ਹਲਕਾ ਹੋ ਜਾਵੇਗਾ ਤੇ ਆਪਣੇ-ਆਪ ਨੂੰ ਜਵਾਨ ਮਹਿਸੂਸ ਕਰੇਗਾ। ਦੁੱਖਾਂ ਦਾ ਜਵਾਲਾਮੁਖੀ ਹੋਵੇ ਜਾਂ ਸੁਨਾਮੀ ਦੀਆਂ ਲਹਿਰਾਂ, ਆਪਣੇ ਜੀਵਨ ਨੂੰ ਕਦੇ ਟੁੱਟਣ ਨਾ ਦਿਓ। ਜਿਸ ਵਿਅਕਤੀ ਦੇ ਵਿਵਹਾਰ ਕਾਰਨ ਸਾਡਾ ਨੈਤਿਕ ਪਤਨ ਹੁੰਦਾ ਹੈ ਜਾਂ ਵਿਵਹਾਰ ’ਚ ਰੁੱਖਾਪਣ ਆਉਂਦਾ ਹੈ, ਇਹੋ ਜਿਹੇ ਵਿਅਕਤੀ ਦਾ ਸਾਥ ਤੁਰੰਤ ਛੱਡ ਦਿਓ। ਜੇਕਰ ਕਿਸੇ ਨੇ ਤੁਹਾਡਾ ਭਰੋਸਾ ਤੋੜਿਆ ਹੈ ਤਾਂ ਇਸ ਨੂੰ ਅਣਗੌਲਿਆ ਕਰ ਦਿਓ, ਕਿਉਂਕਿ ਬੇਭਰੋਸਗੀ ਜ਼ਹਿਰ ਦੇ ਸਮਾਨ ਦਿਮਾਗ਼ ’ਤੇ ਉਲਟ ਪ੍ਰਭਾਵ ਪਾ ਕੇ ਉਸ ਦੀ ਕੁਦਰਤੀ ਸ਼ਕਤੀ ਨੂੰ ਕਮਜ਼ੋਰ ਕਰਦੀ ਹੈ। ਲੜਾਈ ਲੜਨ ਵਿਚ ਰੁੱਝੇ ਉਸ ਹਾਥੀ ਵਾਂਗ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਈ ਜਾਓ, ਜੋ ਚਾਰੇ ਪਾਸਿਆਂ ਤੋਂ ਆ ਰਹੇ ਤੀਰਾਂ ਦੀ ਪਰਵਾਹ ਨਾ ਕਰਦਾ ਹੋਇਆ ਅੱਗੇ ਵਧਦਾ ਜਾਂਦਾ ਹੈ। ਇਸ ਤਰ੍ਹਾਂ ਜ਼ਿੰਦਗੀ ਰਮਣੀਕ ਹੋਵੇਗੀ ਅਤੇ ਤੁਸੀਂ ਸਦਾਚਾਰੀ ਆਦਰਸ਼ ਜੀਵਨ ਦਾ ਆਨੰਦ ਲੈ ਸਕੋਗੇ।

ਸੰਪਰਕ: 80540-16816


Comments Off on ਦਿਮਾਗ਼ ਨੂੰ ਰੱਖੋ ਜਵਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.