ਪੰਜ ਬੇਰੁਜ਼ਗਾਰ ਅਧਿਆਪਕ 79 ਦਿਨਾਂ ਮਗਰੋਂ ਟੈਂਕੀ ਤੋਂ ਉਤਰੇ !    ਨੌਜਵਾਨ ਸੋਚ:ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਪੰਜਾਬੀ ਸਮਾਜ ਵਿਚ ਜਾਤ ਪਾਤ ਦਾ ਘਿਨਾਉਣਾ ਰੂਪ !    ਸੋਸ਼ਲ ਮੀਡੀਆ: ਨੌਜਵਾਨਾਂ ਦੀ ਬੋਲੀ ਤੇ ਪੜ੍ਹਾਈ ਉਤੇ ਮਾੜਾ ਅਸਰ !    ਖੰਡ ਮਿੱਲਾਂ ਕਿਸਾਨਾਂ ਨੂੰ ਆਪਣੇ ਕੋਲੋਂ ਕਰਨ ਅਦਾਇਗੀ: ਰੰਧਾਵਾ !    ਪਰਵਾਸੀ ਮਜ਼ਦੂਰ ਨੂੰ ਨੂੜਣ ਦੀ ਵੀਡੀਓ ਵਾਇਰਲ ਹੋਣ ’ਤੇ ਦੋ ਖ਼ਿਲਾਫ਼ ਕੇਸ !    ‘ਪਵਿੱਤਰ ਗੈਂਗ’ ਨੇ ਲਈ ਪੰਡੋਰੀ ਤੇ ਜੀਜੇਆਣੀ ’ਚ ਦੋ ਨੌਜਵਾਨਾਂ ਨੂੰ ਗੋਲੀ ਮਾਰਨ ਦੀ ਜ਼ਿੰਮੇਵਾਰੀ !    ਡੋਪ ਟੈਸਟ ਮਾਮਲਾ: ਵਿਧਾਇਕ ਵੱਲੋਂ ਸਿਵਲ ਹਸਪਤਾਲ ਦੀ ਚੈਕਿੰਗ !    ਜਰਮਨੀ ਦੇ ਸਾਬਕਾ ਰਾਸ਼ਟਰਪਤੀ ਦੇ ਪੁੱਤਰ ਦੀ ਹੱਤਿਆ !    ਕਾਂਗਰਸ ਨੇ ਹਿਮਾਚਲ ਵਿੱਚ ਪਾਰਟੀ ਇਕਾਈ ਭੰਗ ਕੀਤੀ !    

ਦਲ-ਬਦਲੀਆਂ ਦਾ ਮੌਸਮ

Posted On July - 10 - 2019

ਹਿੰਦੋਸਤਾਨ ਦੀ ਸਿਆਸਤ ਨੇ ਬਹੁਤ ਉਤਰਾਅ-ਚੜ੍ਹਾਅ ਦੇਖੇ ਹਨ। 1967 ਤਕ ਕੇਂਦਰ ਅਤੇ ਸੂਬਿਆਂ ਵਿਚ ਸੱਤਾ ਕਾਂਗਰਸ ਦੇ ਹੱਥ ਵਿਚ ਰਹੀ। 1967 ਵਿਚ ਸੂਬਿਆਂ ਵਿਚ ਗੱਠਬੰਧਨ ਸਰਕਾਰਾਂ ਬਣੀਆਂ ਤੇ ਬਾਅਦ ਵਿਚ ਵਿਧਾਇਕਾਂ ਨੇ ਵਜ਼ੀਰ ਬਣਨ ਵਾਸਤੇ ਦਲ ਬਦਲਣੇ ਸ਼ੁਰੂ ਕੀਤੇ। 1980ਵਿਆਂ ਵਿਚ ਇਹ ਵਰਤਾਰਾ ਜ਼ੋਰ ਫੜ ਗਿਆ ਅਤੇ ‘ਆਇਆ ਰਾਮ ਗਿਆ ਰਾਮ’ ਦੇ ਨਾਮ ਨਾਲ ਜਾਣਿਆ ਜਾਣ ਲੱਗਾ। ਇਸ ਰੁਝਾਨ ’ਤੇ ਕਾਬੂ ਪਾਉਣ ਲਈ ਦਲ-ਬਦਲ ਵਿਰੋਧੀ ਕਾਨੂੰਨ ਪਾਸ ਕੀਤਾ ਗਿਆ ਅਤੇ ਬਾਅਦ ਵਿਚ ਵੀ ਉਹਦੇ ਵਿਚ ਸੋਧ ਕੀਤੀ ਗਈ। ਇਸ ਕਾਨੂੰਨ ਦੇ ਮੌਜੂਦਾ ਰੂਪ ਅਨੁਸਾਰ ਜੇ ਕੋਈ ਵਿਧਾਇਕ ਆਪਣੀ ਪਾਰਟੀ ਛੱਡਦਾ ਹੈ ਤਾਂ ਉਸ ਨੂੰ ਆਪਣੇ ਪਦ ਤੋਂ ਅਸਤੀਫ਼ਾ ਦੇਣਾ ਪੈਂਦਾ ਹੈ।
ਇਸ ਵੇਲ਼ੇ ਦੇਸ਼ ਦਾ ਸਿਆਸੀ ਤਵਾਜ਼ਨ ਇਹੋ ਜਿਹਾ ਹੈ ਕਿ ਦਲ-ਬਦਲ ਵਿਰੋਧੀ ਕਾਨੂੰਨ ਵੱਖ ਵੱਖ ਸੂਬਿਆਂ ਵਿਚ ਸਥਿਰਤਾ ਦੇਣ ਦੇ ਸਮਰੱਥ ਨਹੀਂ ਲੱਗਦਾ। ਕਰਨਾਟਕ ਵਿਚ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਸਭ ਤੋਂ ਵੱਡੀ ਪਾਰਟੀ ਦੇ ਤੌਰ ’ਤੇ ਉੱਭਰੀ ਅਤੇ ਉਸ ਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਗਿਆ। ਉਹ ਸਰਕਾਰ ਵਿਧਾਨ ਸਭਾ ਵਿਚ ਬਹੁਮੱਤ ਸਾਬਤ ਨਾ ਕਰ ਸਕੀ ਪਰ ਇਸ ਤੋਂ ਬਾਅਦ ਜਨਤਾ ਦਲ (ਸੈਕੂਲਰ) ਤੇ ਕਾਂਗਰਸ ਦੀ ਗੱਠਜੋੜ ਸਰਕਾਰ ਸਾਹਮਣੇ ਆਈ। ਦੋਹਾਂ ਪਾਰਟੀਆਂ ਵਿਚਲੇ ਸਬੰਧ ਕਦੀ ਵੀ ਸੁਖਾਵੇਂ ਨਹੀਂ ਰਹੇ। ਕਾਂਗਰਸ ਵਿਚ ਵੱਡਾ ਹਿੱਸਾ ਮੁੱਖ ਮੰਤਰੀ ਦਾ ਪਦ ਤੇ ਮੰਤਰੀ ਮੰਡਲ ਵਿਚ ਜਨਤਾ ਦਲ (ਸੈਕੂਲਰ) ਨੂੰ ਦਿੱਤੀ ਗਈ ਪ੍ਰਤੀਨਿਧਤਾ ਦੇ ਵਿਰੁੱਧ ਰਿਹਾ ਹੈ। ਕਾਂਗਰਸ ਵਿਚ ਬਹੁਤ ਸਾਰੇ ਵਿਧਾਇਕ ਮੰਤਰੀ ਬਣਨ ਦੇ ਚਾਹਵਾਨ ਸਨ ਪਰ ਸਾਂਝਾ ਸਰਕਾਰ ਦੀਆਂ ਮਜਬੂਰੀਆਂ ਕਾਰਨ ਉਨ੍ਹਾਂ ਨੂੰ ਮੰਤਰੀ ਮੰਡਲ ਵਿਚ ਥਾਂ ਨਹੀਂ ਮਿਲੀ। ਇਨ੍ਹਾਂ ਸਭਨਾਂ ਪੱਖਾਂ ਦੇ ਨਾਲ ਨਾਲ ਭਾਜਪਾ ਕਿਸੇ ਵੀ ਕੀਮਤ ’ਤੇ ਸਰਕਾਰ ਡੇਗਣਾ ਚਾਹੁੰਦੀ ਹੈ। ਕਾਂਗਰਸ ਦੇ ਦਸ ਅਤੇ ਜਨਤਾ ਦਲ (ਸੈਕੂਲਰ) ਦੇ ਤਿੰਨ ਵਿਧਾਇਕਾਂ ਨੇ ਵਿਧਾਨ ਸਭਾ ਤੋਂ ਅਸਤੀਫ਼ੇ ਦੇ ਦਿੱਤੇ ਹਨ। ਜਿਨ੍ਹਾਂ ਵਿਧਾਇਕਾਂ ਨੇ ਅਸਤੀਫ਼ੇ ਦਿੱਤੇ ਹਨ, ਉਨ੍ਹਾਂ ਨੂੰ ਮੁੰਬਈ ਇਕ ਹੋਟਲ ਵਿਚ ਰੱਖਿਆ ਜਾ ਰਿਹਾ ਹੈ। ਕਾਂਗਰਸ ਆਗੂਆਂ ਅਨੁਸਾਰ ਇਸ ਦਾ ਪ੍ਰਬੰਧ ਭਾਜਪਾ ਵੱਲੋਂ ਕੀਤਾ ਗਿਆ ਹੈ। ਸਰਕਾਰ ਨੂੰ ਬਚਾਉਣ ਲਈ ਕਾਂਗਰਸ ਤੇ ਜਨਤਾ ਦਲ (ਸੈਕੂਲਰ) ਦੇ ਸਾਰੇ ਮੰਤਰੀਆਂ ਨੇ ਵੀ ਮੁੱਖ ਮੰਤਰੀ ਨੂੰ ਆਪਣੇ ਅਸਤੀਫ਼ੇ ਦੇ ਦਿੱਤੇ ਹਨ ਤਾਂ ਕਿ ਬਾਗ਼ੀ ਵਿਧਾਇਕਾਂ ਨੂੰ ਮੰਤਰੀ ਬਣਾਇਆ ਜਾ ਸਕੇ।
ਕਰਨਾਟਕ ਵਿਧਾਨ ਸਭਾ ਦੇ ਸਪੀਕਰ ਨੇ ਫ਼ੈਸਲਾ ਦਿੱਤਾ ਹੈ ਕਿ 13 ਵਿਚੋਂ 8 ਅਸਤੀਫ਼ੇ ਵਿਧੀ ਅਨੁਸਾਰ ਨਹੀਂ। ਉਸ ਨੇ 3 ਵਿਧਾਇਕਾਂ ਨੂੰ 12 ਜੁਲਾਈ ਅਤੇ 2 ਵਿਧਾਇਕਾਂ ਨੂੰ 13 ਜੁਲਾਈ ਨੂੰ ਮੁਲਾਕਾਤ ਕਰਨ ਲਈ ਕਿਹਾ ਹੈ। ਕਾਂਗਰਸ, ਸਪੀਕਰ ’ਤੇ ਜ਼ੋਰ ਪਾ ਰਹੀ ਹੈ ਕਿ ਜਿਹੜੇ ਵਿਧਾਇਕਾਂ ਨੇ ਅਸਤੀਫ਼ੇ ਦਿੱਤੇ ਹਨ, ਉਨ੍ਹਾਂ ਵਿਚੋਂ 4 ਨੂੰ ਵਿਧਾਨ ਸਭਾ ਵਿਚੋਂ ਬਰਖ਼ਾਸਤ ਕਰ ਦਿੱਤਾ ਜਾਏ। ਸਾਬਕਾ ਮੁੱਖ ਮੰਤਰੀ ਸਿੱਧਾਰਮੱਈਆ ਨੇ ਮੰਗ ਕੀਤੀ ਹੈ ਕਿ ਨਾ ਸਿਰਫ਼ ਇਨ੍ਹਾਂ ਵਿਧਾਇਕਾਂ ਨੂੰ ਮੁਅੱਤਲ ਕੀਤਾ ਜਾਣਾ ਚਾਹੀਦਾ ਹੈ, ਇਨ੍ਹਾਂ ’ਤੇ 6 ਵਰ੍ਹੇ ਚੋਣ ਨਾ ਲੜਨ ਦੀ ਪਾਬੰਦੀ ਵੀ ਲਾਈ ਜਾਣੀ ਚਾਹੀਦੀ ਹੈ। ਇਸ ਘਟਨਾਕ੍ਰਮ ਤੋਂ ਪ੍ਰਤੀਤ ਹੁੰਦਾ ਹੈ ਕਿ ਕਾਂਗਰਸ ਤੇ ਜਨਤਾ ਦਲ (ਸੈਕੂਲਰ) ਦੀ ਸਰਕਾਰ ਦੇ ਪੈਰ ਟਿਕਣ ਵਾਲੇ ਨਹੀਂ। ਦੋ ਆਜ਼ਾਦ ਵਿਧਾਇਕਾਂ ਨੇ ਅਸਤੀਫ਼ੇ ਦੇ ਕੇ ਪਹਿਲਾਂ ਹੀ ਭਾਜਪਾ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਭਾਜਪਾ ਆਪਣੇ ਆਪ ਨੂੰ ਵੱਖਰੀ ਤਰ੍ਹਾਂ ਦੀ ਪਾਰਟੀ ਦੱਸਦੀ ਆਈ ਹੈ ਪਰ ਸੱਤਾ ਦੇ ਘੋਲ ਵਿਚ ਉਸ ਦੇ ਰੰਗ ਦੂਸਰੀਆਂ ਪਾਰਟੀਆਂ ਨਾਲੋਂ ਵੱਖਰੇ ਨਹੀਂ। ਹਰਿਆਣਾ, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ ਤੇ ਹੋਰ ਪ੍ਰਾਂਤਾਂ ਵਿਚ ਪਾਰਟੀ ਦਲ ਬਦਲਣ ਨੂੰ ਉਤਸ਼ਾਹ ਦੇ ਰਹੀ ਹੈ। ਸਿਆਸੀ ਜਮਾਤ ਦਾ ਨੈਤਿਕ ਪੱਖ ਇੱਥੋਂ ਤਕ ਡਿੱਗ ਚੁੱਕਾ ਹੈ ਕਿ ਕਈ ਸਿਆਸੀ ਨੇਤਾ, ਜਿਨ੍ਹਾਂ ਨੇ ਸਾਰੀ ਉਮਰ ਇਕ ਸਿਆਸੀ ਪਾਰਟੀ ਵਿਚ ਲੰਘਾਈ ਹੁੰਦੀ ਹੈ, ਸੱਤਾ ਵਾਸਤੇ ਝੱਟ ਦਲ-ਬਦਲੀ ਕਰ ਲੈਂਦੇ ਹਨ। ਇਸ ਤਰ੍ਹਾਂ ਦਾ ਵਰਤਾਰਾ ਜਨਤਾ ਨਾਲ ਧੋਖਾ ਹੈ। ਮੌਜੂਦਾ ਹਾਲਾਤ ਵਿਚ ਕਰਨਾਟਕ ਵਿਚ ਕਾਂਗਰਸ ਤੇ ਜਨਤਾ ਦਲ (ਸੈਕੂਲਰ) ਦੀ ਸਰਕਾਰ ਦੀ ਮਿਆਦ ਬਹੁਤੀ ਲੰਮੀ ਨਹੀਂ ਲੱਗਦੀ।


Comments Off on ਦਲ-ਬਦਲੀਆਂ ਦਾ ਮੌਸਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.