ਰਸੋਈ ਗੈਸ ਸਿਲੰਡਰ 11.5 ਰੁਪਏ ਹੋਇਆ ਮਹਿੰਗਾ !    ਸੰਜੇ ਗਾਂਧੀ ਪੀਜੀਆਈ ਨੇ ਕਰੋਨਾ ਜਾਂਚ ਲਈ ਵਿਸ਼ੇਸ਼ ਤਕਨੀਕ ਬਣਾਈ !    ਪੁਲੀਸ ਨੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਹਿਰਾਸਤ ਵਿੱਚ ਲਿਆ !    ਕੰਡਿਆਲੀ ਤਾਰ ਨੇੜਿਉਂ ਸ਼ੱਕੀ ਕਾਬੂ !    ਰਾਜਸਥਾਨ ਵਿੱਚ ਕਾਰ ਤੇ ਟਰਾਲੇ ਵਿਚਾਲੇ ਟੱਕਰ; ਪੰਜ ਹਲਾਕ !    ਸੀਏਪੀਐਫ ਕੰਟੀਨਾਂ ਵਿੱਚੋਂ ਬਾਹਰ ਹੋਏ ਇਕ ਹਜ਼ਾਰ ਤੋਂ ਵੱਧ ‘ਗੈਰ ਸਵਦੇਸ਼ੀ ਉਤਪਾਦ’ !    ਭਾਰਤ ਨਾਲ ਲੱਗਦੀ ਸਰਹੱਦ ’ਤੇ ਸਥਿਤੀ ਸਥਿਰ ਅਤੇ ਕਾਬੂ ਹੇਠ: ਚੀਨ !    ਚੰਡੀਗੜ੍ਹ ਵਿੱਚ ਗਰਭਵਤੀ ਔਰਤ ਨੂੰ ਹੋਇਆ ਕਰੋਨਾ !    ਕੇਰਲ ਪੁੱਜਿਆ ਮੌਨਸੂਨ !    ਪ੍ਰਦਰਸ਼ਨਕਾਰੀਆਂ ਨੇ ਵਾੲ੍ਹੀਟ ਹਾਊਸ ਨੇੜੇ ਅੱਗ ਲਾਈ !    

ਤਕਦੀਰ ਅਤੇ ਤਦਬੀਰ

Posted On July - 7 - 2019

ਸ਼ਵਿੰਦਰ ਕੌਰ
ਮਿਹਨਤ ਦਾ ਜਜ਼ਬਾ

ਸਰਕਦੀ ਸਰਕਦੀ ਰਾਤ ਆਪਣਾ ਪੰਧ ਮੁਕਾ ਕੇ ਸਵੇਰ ਨੂੰ ਖੁਸ਼ਆਮਦੀਦ ਕਹਿੰਦੀ ਹੋਈ ਕਿਸੇ ਹੋਰ ਦੇਸ਼ ਵੱਲ ਜਾ ਰਹੀ ਸੀ। ਸੂਰਜ ਦਾ ਗੋਲਾ ਆਪਣੇ ਆਉਣ ਦਾ ਸੰਕੇਤ ਇਸ ਤਰ੍ਹਾਂ ਦੇ ਰਿਹਾ ਸੀ, ਜਿਵੇਂ ਰੋਹੀ ਦੇ ਰੁੱਖਾਂ ਵਿਚੋਂ ਕੇਸੂ ਦਾ ਸੰਤਰੀ ਫੁੱਲ ਖ਼ੂਬਸੂਰਤ ਭਾਹ ਮਾਰਦਾ ਹੈ। ਮੈਂ ਚਾਹ ਪੀ ਕੇ ਰਸੋਈ ਦੇ ਕੰਮਾਂ ਨੂੰ ਹੱਥ ਪਾਇਆ ਹੀ ਸੀ ਕਿ ਗੇਟ ’ਤੇ ਲੱਗੀ ਘੰਟੀ ਖੜਕ ਪਈ।
‘‘ਸੰਦੇਹਾਂ ਹੀ ਕਿਹੜਾ ਆ ਗਿਆ?’’ ਆਪਣੇ ਹੀ ਮਨ ’ਚ ਸੋਚਦੀ ਹੋਈ ਨੇ, ਮੈਂ ਬਾਹਰ ਨਿਕਲ ਕੇ ਦੇਖਿਆ। ਕੁੜਤੇ ਪਜਾਮੇ ਵਿਚ ਇਕ ਅੱਧਖੜ ਉਮਰ ਦਾ ਬੰਦਾ ਗੇਟ ਅੱਗੇ ਖੜ੍ਹਾ ਸੀ। ਮੈਂ ਸਵਾਲੀਆ ਨਜ਼ਰਾਂ ਨਾਲ ਉਸ ਵੱਲ ਤੱਕਿਆ ਤਾਂ ਉਹ ਸਮਝ ਗਿਆ ਕਿ ਮੈਂ ਉਸ ਨੂੰ ਪਛਾਣਿਆ ਨਹੀਂ।
‘‘ਬੀਬੀ, ਮੈਂ ਸੁਖਦੇਵ, ਜਿਲੇਦਾਰ ਦਾ ਛੋਟਾ ਭਰਾ,’’ ਉਸ ਨੇ ਉੱਥੇ ਖੜ੍ਹੇ ਨੇ ਹੀ ਜੁਆਬ ਦਿੱਤਾ।
‘‘ਅੱਛਾ ਅੱਛਾ! ਮੈਂ ਤੈਨੂੰ ਪਛਾਣਿਆ ਨਹੀਂ। ਆ ਜਾ ਗੇਟ ਖੋਲ੍ਹ ਕੇ ਉੱਪਰ ਆ ਜਾ।’’ ਇਹ ਕਹਿੰਦਿਆਂ ਮੇਰੀ ਸੁਰਤ ਤੀਹ ਪੈਂਤੀ ਸਾਲ ਪਿੱਛੇ ਘੁੰਮ ਗਈ। ਜਦੋਂ ਸਾਡੇ ਨਿਆਈਂ ਵਾਲੇ ਖੇਤ ਵਿਚ ਜਿਲੇਦਾਰ ਮਾਲੀ ਆਪਣੇ ਪਰਿਵਾਰ ਨਾਲ ਰਹਿਣ ਲੱਗਿਆ ਸੀ। ਸਾਡਾ ਕਾਫ਼ੀ ਵੱਡਾ ਸਾਂਝਾ ਪਰਿਵਾਰ ਸੀ ਜਿਸ ਲਈ ਸਬਜ਼ੀ ਉਗਾਉਣੀ ਅਤੇ ਅੰਗੂਰਾਂ ਦੇ ਬਾਗ਼ ਦੀ ਸਾਂਭ-ਸੰਭਾਲ ਕਰਨੀ ਉਸ ਦਾ ਕੰਮ ਸੀ। ਹੌਲੀ ਹੌਲੀ ਉਸ ਦੇ ਚਾਰ ਭਰਾ ਅਤੇ ਇਕ ਭੈਣ ਵੀ ਸਾਡੇ ਪਿੰਡ ਆ ਗਏ ਸਨ। ਕੁਝ ਸਮਾਂ ਤਾਂ ਉਹ ਖੇਤ ਵਿਚ ਜਿਲੇਦਾਰ ਨਾਲ ਹੀ ਰਹਿੰਦੇ ਰਹੇ। ਹੌਲੀ ਹੌਲੀ ਸਾਰਿਆਂ ਨੇ ਆਪਣਾ ਟਿਕਾਣਾ ਬਣਾ ਲਿਆ ਸੀ। ਉਹ ਸਾਰੇ ਮੈਨੂੰ ਅਤੇ ਮੇਰੀਆਂ ਦਰਾਣੀਆਂ ਜਠਾਣੀਆਂ ਨੂੰ ਬੀਬੀ ਕਹਿ ਕੇ ਬੁਲਾਉਂਦੇ ਸਨ।
ਸੁਖਦੇਵ, ਜਿਲੇਦਾਰ ਤੋਂ ਤੀਜੇ ਨੰਬਰ ’ਤੇ ਸੀ। ਉਹ ਤੇ ਉਸ ਦੀ ਪਤਨੀ ਦੋ ਜੀਅ ਸਨ। ਬੱਚਾ ਅਜੇ ਕੋਈ ਨਹੀਂ ਸੀ। ਇਹ ਆਪ ਤਾਂ ਸੁਸਤ ਜਿਹਾ ਸੀ, ਪਰ ਇਸ ਦੀ ਪਤਨੀ ਕੰਮ ਕਰਨ ਨੂੰ ਬਹੁਤ ਤੇਜ਼ ਤਰਾਰ ਸੀ। ਸੁਸਤ ਜਿਹਾ ਹੋਣ ਕਰਕੇ ਅਸੀਂ ਆਪਸ ’ਚ ਗੱਲ ਕਰਦਿਆਂ ਉਸ ਨੂੰ ‘ਬੌਂਦਲਿਆ’ ਕਹਿੰਦੇ ਸਾਂ। ਜਿਲੇਦਾਰ ਦੇ ਕਹਿਣ ’ਤੇ ਅਸੀਂ ਉਸ ਨੂੰ ਖੇਤਾਂ ’ਚ ਬਣੇ ਗਿੱਲ ਦੇ ਪੋਲਟਰੀ ਫਾਰਮ ’ਤੇ ਰਖਵਾ ਦਿੱਤਾ ਸੀ। ਉਹ ਆਪਣੀ ਪਤਨੀ ਨਾਲ ਉੱਥੇ ਹੀ ਰਹਿਣ ਲੱਗ ਪਿਆ ਸੀ।
ਮੈਨੂੰ ਸੋਚਾਂ ਵਿਚ ਗੁਆਚੀ ਦੇਖ ਕੇ ਸੁਖਦੇਵ ਮੇਰੇ ਕੋਲ ਬੈਠਦਾ ਬੋਲਿਆ, ‘‘ਬੀਬੀ, ਮੈਂ ਤਾਂ ਗੁਰੀ ਦੇ ਵਿਆਹ ਦਾ ਕਾਰਡ ਦੇਣ ਲਈ ਆਇਆ ਸੀ।’’
‘‘ਉਹ ਵਿਆਹੁਣ ਜੋਗੀ ਹੋ ਗਈ! ਕੱਲ੍ਹ ਪਰਸੋਂ ਦੀਆਂ ਗੱਲਾਂ ਲੱਗਦੀਆਂ ਜਦੋਂ ਉਹ ਫੱਟੀ, ਬਸਤਾ ਚੁੱਕੀ ਸਕੂਲ ਆਉਂਦੀ ਹੁੰਦੀ ਸੀ,’’ ਮੈਂ ਹੈਰਾਨ ਹੋ ਕੇ ਪੁੱਛਿਆ।
‘‘ਬੀਬੀ, ਉਹ ਤਾਂ ਬੀਐੱਡ ਕਰਕੇ ਪ੍ਰਾਈਵੇਟ ਸਕੂਲ ਵਿਚ ਪੜ੍ਹਾਉਂਦੀ ਹੈ। ਜਿਸ ਲੜਕੇ ਨਾਲ ਉਸ ਦੀ ਸ਼ਾਦੀ ਹੋਣੀ ਹੈ ਉਹ ਜੇਈ ਲੱਗਿਆ ਹੋਇਐ,’’ ਦੱਸਦੇ ਸਮੇਂ ਉਸ ਦੇ ਮੂੰਹ ’ਤੇ ਮਾਣਮੱਤੀ ਮੁਸਕਾਨ ਸੀ।
ਮੈਂ ਚਾਹ ਬਣਾ ਕੇ ਦੋ ਗਲਾਸਾਂ ਵਿਚ ਪਾ ਲਿਆਈ। ਇਕ ਗਲਾਸ ਉਸ ਨੂੰ ਫੜਾ ਕੇ, ਉਸ ਕੋਲ ਹੀ ਬੈਠ ਗਈ। ਉਸ ਨਾਲ ਗੱਲੀਂ ਲੱਗ ਗਈ।
‘‘ਸੁਖਦੇਵ, ਆਹ ਬਹੁਤ ਵਧੀਆ ਕੀਤਾ ਸਾਰੇ ਬੱਚੇ ਪੜ੍ਹਾ ਲਏ। ਤੇਰਾ ਛੋਟਾ ਬੇਟਾ ਹਰਜੀਤਾ ਹੁਣ ਕੀ ਕਰਦਾ ਹੈ?’’
‘‘ਉਸ ਨੂੰ ਤਾਂ ਬੀਬੀ ਚਾਰ ਸਾਲ ਹੋ ਗਏ ਫ਼ੌਜ ਵਿਚ ਭਰਤੀ ਹੋ ਗਿਆ ਸੀ। ਹੁਣ ਤੁਹਾਨੂੰ ਤਾਂ ਉਸ ਦੀ ਪਛਾਣ ਹੀ ਨਹੀਂ ਆਉਣੀ। ਉਸ ਨੇ ਤਾਂ ਦਾੜ੍ਹੀ ਰੱਖੀ ਹੋਈ ਹੈ। ਪੱਗ ਬੰਨ੍ਹਦਾ ਐ। ਛੇ ਫੁੱਟ ਲੰਬਾ ਪੂਰਾ ਭਰਵਾਂ ਜਵਾਨ ਬਣ ਗਿਆ ਹੈ ਉਹ ਤਾਂ।’’ ਦੱਸਦੇ ਸਮੇਂ ਉਸ ਦੀਆਂ ਅੱਖਾਂ ਵਿਚ ਨੱਚਦੀ ਖ਼ੁਸ਼ੀ ਮੈਨੂੰ ਬੜੀ ਚੰਗੀ ਲੱਗ ਰਹੀ ਸੀ।

ਸ਼ਵਿੰਦਰ ਕੌਰ

ਉਹ ਬੱਚਿਆਂ ਨੂੰ ਸੱਦ ਕੇ ਉਨ੍ਹਾਂ ਨੂੰ ਵਿਆਹ ’ਤੇ ਜ਼ਰੂਰ ਆਉਣ ਦੀ ਤਾਕੀਦ ਕਰਦਾ, ਗੱਲੀਂ ਲੱਗ ਗਿਆ ਸੀ। ਮੇਰੀ ਸੋਚਾਂ ਦੀ ਲੜੀ ਅੱਗੇ ਤੁਰ ਪਈ ਸੀ। ਗਿੱਲ ਬਹੁਤ ਹੀ ਨੇਕ ਇਨਸਾਨ ਸੀ। ਪੋਲਟਰੀ ਫਾਰਮ ਨਾਲ ਪਈ ਜ਼ਮੀਨ ਉਸ ਨੇ ਸੁਖਦੇਵ ਨੂੰ ਸਬਜ਼ੀ ਉਗਾਉਣ ਲਈ ਦੇ ਦਿੱਤੀ। ਦੋਵਾਂ ਘਰਾਂ ਦੀ ਲੋੜ ਜੋਗੀ ਸਬਜ਼ੀ ਰੱਖ ਕੇ ਬਾਕੀ ਵਧਦੀ ਸੁਖਦੇਵ ਵੇਚ ਦਿੰਦਾ। ਕੁਝ ਬੱਚਤ ਕਰਕੇ ਉਸ ਨੇ ਦੋ ਬੱਕਰੀਆਂ ਲੈ ਲਈਆਂ ਜਿਨ੍ਹਾਂ ਦਾ ਹੋਇਆ ਵਾਧਾ ਉਸ ਲਈ ਚੰਗੀ ਆਮਦਨ ਦਾ ਸਾਧਨ ਬਣ ਗਿਆ।
ਉੱਥੇ ਰਹਿੰਦਿਆਂ ਹੀ ਉਸ ਦੇ ਦੋ ਪੁੱਤਰ ਅਤੇ ਇਕ ਧੀ ਤਿੰਨ ਬੱਚੇ ਪੈਦਾ ਹੋਏ। ਜਦੋਂ ਵੱਡੇ ਹੋਏ ਤਾਂ ਗਿੱਲ ਦੇ ਜ਼ੋਰ ਪਾਉਣ ’ਤੇ ਉਹ ਉਮਰ ਮੁਤਾਬਿਕ ਵਾਰੀ ਵਾਰੀ ਸਕੂਲ ਦਾਖਲ ਕਰਾ ਗਿਆ। ਪਤਾ ਨਹੀਂ ਪੰਜਾਬ ’ਚ ਰਹਿਣ ਦਾ ਅਸਰ ਸੀ ਜਾਂ ਉਸ ਨੂੰ ਇਹ ਨਾਂ ਸੋਹਣੇ ਲੱਗੇ, ਉਸ ਨੇ ਮੁੰਡਿਆਂ ਦੇ ਨਾਂ ਗੁਰਜੀਤ, ਹਰਜੀਤ ਅਤੇ ਕੁੜੀ ਦਾ ਨਾਂ ਗੁਰਪ੍ਰੀਤ ਕੌਰ ਰੱਖਿਆ।
ਜਦੋਂ ਤਕ ਬੱਚੇ ਸਕੂਲ ਪੜ੍ਹਦੇ ਸਨ ਉਨ੍ਹਾਂ ਨਾਲ ਰਾਬਤਾ ਬਣਿਆ ਰਿਹਾ। ਫਿਰ ਅਸੀਂ ਵੀ ਸ਼ਹਿਰ ਰਹਿਣ ਲੱਗ ਪਏ। ਮੇਰਾ ਸੰਪਰਕ ਉਨ੍ਹਾਂ ਨਾਲੋਂ ਦਿਨੋ-ਦਿਨ ਘਟਦਾ ਗਿਆ। ਕਦੇ ਪਿੰਡ ਜਾਂਦੇ ਤਾਂ ਜਿਲੇਦਾਰ ਤੋਂ ਰਸਮੀ ਜਿਹੀ ਸਾਰਿਆਂ ਦੀ ਸੁੱਖਸਾਂਦ ਪੁੱਛ ਲੈਂਦੇ।
ਇਕ ਦਿਨ ਮੇਰੀ ਨੂੰਹ ਦਾ ਰਿਸ਼ਤੇਦਾਰੀ ਵਿਚੋਂ ਲੱਗਦਾ ਚਾਚਾ ਮਿਲਣ ਆਇਆ। ਉਹ ਹੱਸਦਾ ਹੋਇਆ ਗੱਲ ਸੁਣਾਉਣ ਲੱਗ ਪਿਆ, ‘‘ਅਸੀਂ ਟਰੈਕਟਰ ਟਰਾਲੀਆਂ ਨਾਲ ਗਿੱਲ ਕੇ ਪੋਲਟਰੀ ਫਾਰਮ ਤੋਂ ਮੁਰਗੀਆਂ ਦੀ ਖਾਦ ਲੈਣ ਗਏ। ਟੋਕਰਿਆਂ ’ਤੇ ਬੋਰੀਆਂ ਸਿਉਂ ਕੇ ਉਨ੍ਹਾਂ ਨੂੰ ਭਰ ਭਰ ਟਰਾਲੀਆਂ ਵਿਚ ਸੁੱਟਣ ਲੱਗੇ ਹੀ ਸੀ ਕਿ ਉਨ੍ਹਾਂ ਦਾ ਕਾਮਾ ਆ ਗਿਆ। ਗੱਲਾਂਬਾਤਾਂ ਵਿਚ ਉਸ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਪਿੰਡ ਵਿਚ ਮਾਸਟਰ ਕੇ ਖੇਤ ਰਹਿੰਦਾ ਹੈ। ਮੈਂ ਉਸ ਨੂੰ ਦੱਸਿਆ ਕਿ ਉਹ ਤਾਂ ਸਾਡੇ ਰਿਸ਼ਤੇਦਾਰ ਹਨ। ਮੇਰੀ ਭਤੀਜੀ ਉਸ ਦੇ ਮੁੰਡੇ ਨੂੰ ਵਿਆਹੀ ਹੈ। ਉਸ ਨੇ ਆਪਣੀ ਪਤਨੀ ਨੂੰ ਚਾਹ ਬਣਾਉਣ ਲਈ ਕਹਿ ਕੇ ਮੇਰੇ ਵਾਲਾ ਟੋਕਰਾ ਆਪ ਚੁੱਕ ਲਿਆ। ਮੈਨੂੰ ਮੰਜੇ ’ਤੇ ਬਿਠਾ ਦਿੱਤਾ। ਮੇਰੇ ਨਾਲ ਦੇ ਕਹਿਣ ਲੱਗੇ ਕਿ ਤੂੰ ਉਸ ਨੂੰ ਕੀ ਗਿੱਦੜਸਿੰਗੀ ਸੁੰਘਾ ਦਿੱਤੀ। ਨਾਲੇ ਆਪਾਂ ਨੂੰ ਚਾਹ ਪਿਆਈ ਨਾਲੇ ਤੇਰੇ ਹਿੱਸੇ ਦੇ ਉਸ ਨੇ ਖਾਦ ਦੇ ਟੋਕਰੇ ਭਰ ਭਰ ਸੁੱਟੇ। ਮੈਂ ਕਿਹਾ, ‘ਤੁਸੀਂ ਨਹੀਂ ਸਮਝ ਸਕਦੇ ਭਾਈ ਇਹ ਰਿਸ਼ਤੇਦਾਰੀ ਦਾ ਮਾਮਲਾ ਹੈ’।’’
ਇਕ ਦਿਨ ਅਜਿਹਾ ਵੀ ਆਇਆ, ਗਿੱਲ ਹੋਰੀਂ ਪੋਲਟਰੀ ਫਾਰਮ ਬੰਦ ਕਰ ਕੇ ਮੁਹਾਲੀ ਰਹਿਣ ਲੱਗੇ, ਪਰ ਜਾਣ ਤੋਂ ਪਹਿਲਾਂ ਸੁਖਦੇਵ ਦੀ ਕੀਤੀ ਬੱਚਤ ਨਾਲ ਉਸ ਨੂੰ ਸ਼ਹਿਰ ਦੇ ਬਾਹਰਵਾਰ ਘਰ ਲੈ ਕੇ ਦੇ ਗਏ। ਇੱਥੇ ਆ ਕੇ ਉਹ ਜ਼ਮੀਨ ਠੇਕੇ ’ਤੇ ਲੈ ਕੇ ਸਬਜ਼ੀ ਲਾਉਣ ਲੱਗ ਪਿਆ। ਉਸ ਦੀ ਪਤਨੀ ਹਰ ਵਕਤ ਉਸ ਨਾਲ ਕੰਮ ਕਰਾਉਂਦੀ। ਵਿਹਲੇ ਸਮੇਂ ਬੱਚੇ ਵੀ ਉਨ੍ਹਾਂ ਨਾਲ ਹੱਥ ਵੰਡਾਉਂਦੇ। ਇੱਥੇ ਆ ਕੇ ਵੀ ਉਸ ਨੇ ਸੋਹਣੀ ਕਬੀਲਦਾਰੀ ਰੋੜ੍ਹ ਲਈ ਸੀ। ਚਾਰ ਕੁ ਸਾਲ ਪਹਿਲਾਂ ਵੀ ਉਹ ਆਪਣੇ ਵੱਡੇ ਪੁੱਤਰ ਗੁਰਜੀਤ ਦੇ ਵਿਆਹ ਦਾ ਕਾਰਡ ਦੇਣ ਆਇਆ ਸੀ। ਅਸੀਂ ਵਿਆਹ ਗਏ। ਜਿਹੜਾ ਆਵੇ ਸਾਡੇ ਪੈਂਰੀ ਹੱਥ ਲਾਵੇ। ਇਕ ਜਾਣ-ਪਛਾਣ ਵਾਲਾ ਕਹਿਣ ਲੱਗਾ, ‘‘ਤੁਹਾਡੇ ਵੱਲ ਬੜਾ ਭੱਜੇ ਆਉਂਦੇ ਹਨ।’’ ਮੇਰੇ ਪਤੀ ਕਹਿਣ ਲੱਗੇ, ‘‘ਇਨ੍ਹਾਂ ਵਿਚੋਂ ਬਹੁਤਿਆਂ ਦੀ ਪੈਦਾਇਸ਼ ਸਾਡੇ ਖੇਤ ਦੀ ਹੈ।’’
ਖ਼ੈਰ! ਮੈਂ ਸੁਖਦੇਵ ਨੂੰ ਉਸ ਦੇ ਵੱਡੇ ਪੁੱਤਰ ਬਾਰੇ ਪੁੱਛਿਆ ਕਿ ਉਹ ਕੀ ਕਰਦਾ ਹੈ।
ਉਸ ਦੱਸਿਆ, ‘‘ਬੀਬੀ, ਉਹ ਤਾਂ ਵਧੀਆ ਮਕੈਨਿਕ ਬਣ ਗਿਆ। ਕਾਰਾਂ ਦੀ ਏਜੰਸੀ ਵਾਲੇ ਉਸ ਨੂੰ ਚੰਗੇ ਪੈਸੇ ਦੇ ਦਿੰਦੇ ਹਨ। ਨੂੰਹ ਸਿਲਾਈ ਕਢਾਈ ਦਾ ਕੰਮ ਜਾਣਦੀ ਹੈ। ਉਸ ਕੋਲ ਤਾਂ ਏਨਾ ਕੰਮ ਹੈ ਕਿ ਉਸ ਨੂੰ ਸਿਰ ਖੁਰਕਣ ਦੀ ਵਿਹਲ ਨਹੀਂ। ਅਸੀਂ ਤਾਂ ਬੀਬੀ ਛੋਟੇ ਵਾਸਤੇ ਵੀ ਇਕ ਪਲਾਟ ਲੈ ਰੱਖਿਐ।’’
‘‘ਲੈ ਭਾਈ, ਤੁਸੀਂ ਤਾਂ ਬੜੀ ਤਰੱਕੀ ਕਰ ਲਈ। ਆਪਣਾ ਘਰ ਹੈ। ਬੱਚੇ ਆਪਣੇ ਕੰਮਾਂ ’ਤੇ ਲੱਗੇ ਹੋਏ ਹਨ। ਕੁੜੀ ਨੂੰ ਵਿਆਹ ਕੇ ਤੂੰ ਕਬੀਲਦਾਰੀ ਵੱਲੋਂ ਬੇਫ਼ਿਕਰ ਹੋ ਜਾਵੇਂਗਾ।’’
‘‘ਬੀਬੀ, ਸਮੇਂ ਦੀਆਂ ਗੱਲਾਂ ਹਨ। ਜਦੋਂ ਅਸੀਂ ਤੁਹਾਡੇ ਕੋਲ ਆਏ ਸੀ ਸਾਡੇ ਕੋਲ ਚਾਰ ਹੱਥਾਂ ਤੋਂ ਸਿਵਾਏ ਕੀ ਸੀ। ਇਹ ਸਭ ਤੁਹਾਡੀ ਕਿਰਪਾ ਹੈ।’’
‘‘ਨਾ ਭਾਈ ਸਾਡੀ ਕਾਹਦੀ ਕਿਰਪਾ! ਇਹ ਸਭ ਕੁਝ ਤੁਸੀਂ ਆਪਣੀ ਹਿੰਮਤ, ਸਿਰੜ ਅਤੇ ਕਿਰਤ ਨਾਲ ਕਮਾਇਆ ਹੈ। ਚਾਰੇ ਹੱਥ ਦਿਨ ਰਾਤ ਕਿਰਤ ਕਰਨ ਲਈ ਜੁੜੇ ਰਹੇ। ਉਂਝ ਵੀ ਸਾਡੀ ਜ਼ਿੰਦਗੀ ਵਿਚ ਹੱਥਾਂ ਦਾ ਕੰਮ ਸਭ ਤੋਂ ਵਧੇਰੇ ਅਹਿਮ ਹੈ। ਇਹ ਜ਼ਿੰਦਗੀ ਦੇ ਸਿਰਜਣਹਾਰ ਜੋ ਹੋਏ। ਸਾਨੂੰ ਤਾਂ ਤੁਹਾਡੇ ਉੱਤੇ ਇਸ ਗੱਲ ਦਾ ਮਾਣ ਹੈ ਕਿ ਤੁਸੀਂ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਲਈ ਜਾਨ ਤੋੜ ਕੇ ਮਿਹਨਤ ਕੀਤੀ। ਤੁਹਾਡੇ ਤੋਂ ਸਿੱਖ ਕੇ ਹਰ ਇਕ ਨੂੰ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਬਿਗਾਨੀਆਂ ਛਾਵਾਂ ਮਾਣਨ ਵਾਲਿਆਂ ਨੂੰ ਜ਼ਿੰਦਗੀ ਦੇ ਸਹੀ ਰੰਗਾਂ ਦਾ ਪਤਾ ਨਹੀਂ ਲੱਗਦਾ।’’
‘‘ਚੰਗਾ ਬੀਬੀ, ਮੈਂ ਚੱਲਦਾਂ। ਤੁਸੀਂ ਜ਼ਰੂਰ ਆਉਣਾ ਹੈ। ਨਾਲੇ ਹਰਜੀਤ ਨੂੰ ਮਿਲ ਲੈਣਾ, ਛੁੱਟੀ ਆਇਆ ਹੋਇਆ ਹੈ।’’
‘‘ਸੁਖਦੇਵ, ਕਦੇ ਇਨ੍ਹਾਂ ਨੂੰ ਯੂਪੀ ਵੀ ਲੈ ਕੇ ਗਿਆ ਹੈਂ ਜਾਂ ਨਹੀਂ?’’ ਮੈਂ ਉਸ ਨੂੰ ਜਾਂਦੇ ਨੂੰ ਪੁੱਛਿਆ।
‘‘ਨਾ ਬੀਬੀ, ਇਹ ਤਾਂ ਇੱਥੇ ਜੰਮੇ ਪਲੇ ਵੱਡੇ ਹੋਏ ਅਤੇ ਪੰਜਾਬੀ ਬੋਲਦੇ ਹਨ। ਇਹ ਕਿਹੜਾ ਉੱਥੇ ਕਿਸੇ ਨੂੰ ਜਾਣਦੇ ਹਨ। ਨਾਲੇ ਤਹਾਨੂੰ ਪਤਾ ਹੀ ਹੈ ਅਸੀਂ ਤਾਂ ਸਾਰੇ ਭੈਣ ਭਰਾ ਇੱਥੇ ਹੀ ਆ ਗਏ ਸਾਂ। ਉਂਜ ਵੀ ਬੀਬੀ ਪਨੀਰੀ ਵਾਂਗ ਅਸੀਂ ਉੱਥੋਂ ਪੁੱਟ ਕੇ ਆਪਣੀਆਂ ਜੜ੍ਹਾਂ ਇੱਥੇ ਆਣ ਲਾਈਆਂ ਸਨ। ਇੱਥੇ ਇਨ੍ਹਾਂ ਨੇ ਆਪਣੀ ਜਕੜ ਬਣਾ ਲਈ ਹੈ। ਹੁਣ ਤਾਂ ਇਹੀ ਸਾਡਾ ਦੇਸ ਹੈ।’’ ਸੁਖਦੇਵ ਤਾਂ ਚਲਾ ਗਿਆ, ਪਰ ਮੇਰੇ ਅੱਗੇ ਇਕ ਸਵਾਲ ਛੱਡ ਗਿਆ ਕਿ ਇਨ੍ਹਾਂ ਨੇ ਤਾਂ ਇੱਥੇ ਆਪਣੀਆਂ ਜੜ੍ਹਾਂ ਜੰਮਾ ਲਈਆਂ ਹਨ। ਕਦੇ ਸੱਚੀ ਸੁੱਚੀ ਕਿਰਤ-ਕਮਾਈ ’ਤੇ ਮਾਣ ਕਰਨ ਵਾਲੇ, ਹਾਰ ਨੂੰ ਆਪਣੇ ਦ੍ਰਿੜ ਇਰਾਦੇ ਨਾਲ ਜਿੱਤ ’ਚ ਬਦਲਣ ਵਾਲੇ, ਮੁਸ਼ਕਿਲਾਂ ਨੂੰ ਮਿਹਨਤ ਨਾਲ ਹਰਾ ਕੇ ਤਕਦੀਰ ਅਤੇ ਤਦਬੀਰ ਨੂੰ ਨਵੇਂ ਅਰਥ ਦੇਣ ਵਾਲੇ ਪੰਜਾਬੀਆਂ ਦੀ ਸੋਚ ਨੂੰ ਕਿੱਥੋਂ ਜੰਗ ਲੱਗ ਗਈ ਹੈ ਕਿ ਉਹ ਜਿਊਣ ਨਾਲੋਂ ਮੌਤ ਨੂੰ ਤਰਜੀਹ ਦੇਣ ਲੱਗ ਪਏ ਹਨ। ਨੌਜਵਾਨ ਪੀੜ੍ਹੀ ਜਿੰਨੀ ਛੇਤੀ ਹੋ ਸਕੇ ਆਪਣੀਆਂ ਜੜ੍ਹਾਂ ਇੱਥੋਂ ਪੁੱਟ ਕੇ ਵਿਦੇਸ਼ਾਂ ਵਿਚ ਲਾਉਣ ਲਈ ਹਲ ਹੀਲਾ ਵਰਤ ਰਹੀ ਹੈ।

ਸੰਪਰਕ: 76260-63596


Comments Off on ਤਕਦੀਰ ਅਤੇ ਤਦਬੀਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.