ਅਦਨਿਆਂ ਦੀ ਆਵਾਜ਼ ਅਤਰਜੀਤ !    ਘਿੱਕਾਂ ਪਾਸੇ ਵਾਲਾ ਧੰਨਾ ਸਿੰਘ !    ਸੀਏਏ : ਬੁੱਲ੍ਹੇ ਸ਼ਾਹ ਦੀ ਤਫ਼ਤੀਸ਼ !    ਭਾਰਤ ਦੇ ਪਹਿਲੇ ਅਖ਼ਬਾਰ ਬੰਗਾਲ ਗਜ਼ਟ ਦੀ ਕਹਾਣੀ !    ਕੈਨੇਡਾ ਵਿਚ ਮਿਨੀ ਪੰਜਾਬ !    ਭਾਰਤੀ ਪੱਤਰਕਾਰੀ ਦਾ ਯੁੱਗ ਪੁਰਸ਼ ਆਰ.ਕੇ. ਕਰੰਜੀਆ !    ਆਪਣੀ ਮੱਝ ਦਾ ਦੁੱਧ !    ਕਾਵਿ ਕਿਆਰੀ !    ਜਦੋਂ ਮੈਨੂੰ ਪੁਰਸਕਾਰ ਮਿਲਿਆ! !    ਨਿਆਂ !    

ਡਾਕਟਰ ਹਾਥੀਬਾਲ ਕਹਾਣੀ

Posted On July - 6 - 2019

ਗੁਰਪ੍ਰੀਤ ਕੌਰ ਧਾਲੀਵਾਲ
ਇਕ ਵਾਰ ਦੀ ਗੱਲ ਹੈ ਕਿ ਇਕ ਹਾਥੀ ਨੂੰ ਡਾਕਟਰ ਬਣਨ ਦਾ ਸ਼ੌਕ ਚੜ੍ਹਿਆ। ਉਸ ਨੇ ਇੱਧਰੋਂ-ਉੱਧਰੋਂ ਪੁੱਛ-ਗਿੱਛ ਕੇ ਦੋ ਚਾਰ ਦਵਾਈਆਂ ਬਾਰੇ ਜਾਣਕਾਰੀ ਹਾਸਲ ਕਰ ਲਈ ਅਤੇ ਜੜ੍ਹੀਆਂ-ਬੂਟੀਆਂ ਨਾਲ ਦਵਾਈਆਂ ਬਣਾ ਕੇ ਸ਼ੀਸ਼ੀਆਂ ਵਿਚ ਪਾ ਕੇ ਸਜਾ ਲਈਆਂ।
ਫਿਰ ਕੀ ਸੀ ? ਉਸ ਨੇ ਖ਼ੂਬ ਪ੍ਰਚਾਰ ਕੀਤਾ। ਅੱਖਾਂ ’ਤੇ ਵੱਡੀਆਂ-ਵੱਡੀਆਂ ਐਨਕਾਂ ਲਾ ਕੇ ਫੋਟੋਆਂ ਖਿੱਚਵਾ ਲਈਆਂ। ਉਸਨੇ ਜੰਗਲ ਵਿਚ ਵੱਡੇ-ਵੱਡੇ ਬੋਰਡ ਲਗਾਏ ਅਤੇ ਪੈਂਫਲਿਟ-ਪੋਸਟਰ ਛਪਵਾਏ। ਉਹ ਲੋਕਾਂ ਨੂੰ ਕਹਿਣ ਲੱਗਾ:
ਮੈਥੋਂ ਲੈਣੀ ਹੈ ਤੁਸਾਂ ਨੇ ਦਵਾਈ।
ਮੈਂ ਹਾਂ ਤੁਹਾਡਾ ਆਪਣਾ ਭਾਈ।
ਇਸ ਤਰ੍ਹਾਂ ਹਾਥੀ ਨੇ ਦੁਕਾਨ ਪਾ ਲਈ ਤੇ ਲੂੰਬੜੀ ਨਰਸ ਬਣਾ ਲਈ। ਜੰਗਲ ਵਿਚ ਸਾਰੇ ਪਾਸੇ ਉਸ ਦੇ ਨਾਮ ਦੀ ਚੜ੍ਹ ਮੱਚ ਗਈ। ਉੱਥੇ ਹੀ ਜੰਗਲ ਨੇੜੇ ਇਕ ਖੁੱਡ ਵਿਚ ਚੂਹਾ-ਚੂਹੀ ਰਹਿੰਦੇ ਸੀ। ਇਕ ਦਿਨ :
ਚੂਹਾ ਸੀ ਹੋ ਗਿਆ ਬਿਮਾਰ।
ਚੜ੍ਹਿਆ ਸੀ ਉਸ ਨੂੰ ਬੁਖਾਰ।
ਚੂਹੀ ਉਸ ਨੂੰ ਆਖਣ ਲੱਗੀ, ‘ਵੇਖੋ ਜੀ, ਜਾਓ ਤੇ ਦਵਾਈ ਲੈ ਆਓ। ਹੁਣ ਤਾਂ ਡਾਕਟਰ ਵੀ ਆਪਣੇ ਘਰ ਦਾ ਹੀ ਹੈ।’ ਇਹ ਕਹਿੰਦਿਆਂ ਚੂਹੀ ਬੋਲੀ :
ਉੱਠੋ ਤੁਸੀਂ ਜਾਓ, ਦਵਾਈ ਲੈ ਕੇ ਆਓ।
ਰੋਗ ਆਪਣਾ, ਜਲਦੀ ਦੂਰ ਭਜਾਓ।
ਚੂਹੀ ਦੀ ਗੱਲ ਮੰਨ ਚੂਹਾ ਹਾਥੀ ਡਾਕਟਰ ਵੱਲ ਨੂੰ ਚੱਲ ਪਿਆ। ਦੁਕਾਨ ’ਤੇ ਜਾ ਕੇ ਉਸ ਨੇ ਹਾਥੀ ਡਾਕਟਰ ਨੂੰ ਸਾਰੀ ਕਥਾ ਸੁਣਾਈ।
ਚੂਹਾ ਆਇਆ ਹਾਥੀ ਕੋਲ।
ਹਾਥੀ ਕਹਿੰਦਾ ਹਾਂ ਭਾਈ ਬੋਲ।
ਸੁਣ ਗੱਲ ਚੂਹੇ ਦੀ ਹਾਥੀ ਨੇ,
ਕੰਨੀਂ ਆਪਣੇ ਟੂਟੀ ਲਾਈ।
ਦੇਣ ਲਈ ਦਵਾਈ ਐਨਕ ਲਾ,
ਚਾਰੇ-ਪਾਸੇ ਨਜ਼ਰ ਘੁਮਾਈ।
ਪਰ ਨੌਂ ਸਿੱਖੀਏ ਹਾਥੀ ਨੂੰ ਨਾ ਚੂਹੇ ਦਾ ਰੋਗ ਸਮਝ ਆਇਆ, ਨਾ ਹੀ ਸਮਝ ਆਇਆ ਕਿ ਕਿਹੜੀ ਦੇਣੀ ਹੈ ਦਵਾਈ ?
ਅੰਦਰੋਂ-ਅੰਦਰੀਂ ਹਾਥੀ ਜਾਵੇ ਘਬਰਾਈ। ਚੂਹੇ ਨੂੰ ਦਵਾਈ ਦੇ ਕੇ ਹਾਥੀ ਕਹਿਣ ਲੱਗਾ, ‘ਮੈਂ ਤੈਨੂੰ ਸਭ ਤੋਂ ਚੰਗੀ ਦਵਾਈ ਦਿੱਤੀ ਹੈ। ਵੇਖੀਂ ਬੁਖਾਰ ਤਾਂ ਛੂਹ-ਮੰਤਰ ਹੋ ਜਾਣਾ, ਪਰ ਦਵਾਈ ਧਿਆਨ ਨਾਲ ਲੈਣੀ ਹੈ, ਸੂਰਜ ਚੜ੍ਹਨ ਤੋਂ ਪਹਿਲਾਂ, ਦੁੱਧ ਨਾਲ। ਨਹੀਂ ਇਸਨੇ ਅਸਰ ਨਹੀਂ ਕਰਨਾ।’
ਦਵਾਈ ਲੈ ਚੂਹਾ ਖੁੱਡ ਪਹੁੰਚਿਆ।
ਚੂਹੀ ਨੂੰ ਜਾ ਸਾਰੀ ਗੱਲ ਸੁਣਾਈ।
ਚੂਹਾ-ਚੂਹੀ ਬੈਠ ਕੇ ਸੋਚਣ ਲੱਗੇ,
ਦੁੱਧ ਹੁਣ ਕਿੱਥੋਂ ਲਿਆਈਏ ਭਾਈ।
ਦੋਨਾਂ ਫਿਰ ਇਕ ਜੁਗਤ ਬਣਾਈ,
ਚੱਲ ਪਏ ਉੱਠ ਸ਼ਹਿਰ ਨੂੰ ਭਾਈ।
ਸ਼ਹਿਰ ਬਹੁਤ ਦੂਰ ਸੀ। ਚੱਲਦੇ-ਚੱਲਦੇ ਦੋਵੇਂ ਥੱਕ ਟੁੱਟ ਗਏ। ਸ਼ਹਿਰ ਪਹੁੰਚ ਕੇ ਵੀ ਕਿੱਧਰੋਂ ਦੁੱਧ ਉਨ੍ਹਾਂ ਦੇ ਹੱਥ ਨਾ ਲੱਗਾ। ਆਖ਼ਰ ਚੂਹੇ ਨੇ ਪਾਣੀ ਨਾਲ ਹੀ ਦਵਾਈ ਲੈਣ ਦਾ ਫੈ਼ਸਲਾ ਕੀਤਾ। ਫਿਰ ਕੀ ਸੀ? ਚੂਹੇ ਦੀ ਤਬੀਅਤ ਠੀਕ ਹੋਣ ਦੀ ਥਾਂ ਹੋਰ ਖ਼ਰਾਬ ਹੋ ਗਈ। ਦਰਦ ਨਾਲ ਉਸ ਦਾ ਬੁਰਾ ਹਾਲ ਸੀ।
ਚੂਹੇ ਨੂੰ ਗੱਲ ਸਮਝ ਨਾ ਆਈ,
ਇਹ ਕੀ ਭਾਣਾ ਵਰਤਿਆ ਭਾਈ।
ਚੂਹੀ ਖੁੱਡੋਂ ਭੱਜੀ ਬਾਹਰ ਘਬਰਾਈ,
ਰਸਤੇ ’ਚ ਮਿਲੀ ਗਲਹਿਰੀ ਤਾਈ।
ਚੂਹੀ ਨੂੰ ਘਬਰਾਈ ਦੇਖ ਕੇ ਗਲਹਿਰੀ ਨੇ ਉਸ ਨੂੰ ਪੁੱਛਿਆ ‘ਕੀ ਗੱਲ ਹੈ?’
ਚੂਹੀ ਉਸ ਨੂੰ ਸਾਰੀ ਗੱਲ ਸੁਣਾਈ। ਉਹ ਗਲਹਿਰੀ ਨੂੰ ਲੈ ਕੇ ਘਰ ਆਈ।
ਗਲਹਿਰੀ ਨੇ ਚੂਹੇ ਦੀ ਹਾਲਤ ਵੇਖ ਕੇ ਉਸ ਨੂੰ ਖ਼ੂਬ ਪਾਣੀ ਪੀਣ ਲਈ ਕਿਹਾ ਤਾਂ ਕਿ ਦਵਾਈ ਦਾ ਅਸਰ ਘੱਟ ਜਾਵੇ। ਗਲਹਿਰੀ ਨੇ ਚੂਹੇ ਤੇ ਚੂਹੀ ਨੂੰ ਕਿਹਾ ਪਹਿਲੀ ਗੱਲ ਕਦੇ ਵੀ ਐਵੇਂ ਹੀ ਕਿਸੇ ਤੋਂ ਦਵਾਈ ਨਾ ਲਓ ਕਿਉਂਕਿ ਸਿਆਣੇ ਕਹਿੰਦੇ ਨੇ, ‘ਨੀਮ-ਹਕੀਮ ਖ਼ਤਰਾ ਏ ਜਾਨ’। ਦੂਜੀ ਗੱਲ ਜਦੋਂ ਦਵਾਈ ਲੈਣੀ ਹੈ ਤਾਂ ਠੀਕ ਉਸੇ ਵਕਤ ’ਤੇ ਉਸੇ ਤਰ੍ਹਾਂ ਲੈਣੀ ਹੈ ਜਿਵੇਂ ਡਾਕਟਰ ਨੇ ਕਿਹਾ। ਆਪਣੀ ਮਰਜ਼ੀ ਕਰ ਕੇ ਮੌਤ ਨੂੰ ਦਾਅਵਤ ਨਹੀਂ ਦੇਣੀ।
ਦੋਨਾਂ ਨੂੰ ਗੱਲ ਸਮਝ ਜਦ ਆਈ
ਕੰਨ ਪਕੜ ਝੱਟ ਗ਼ਲਤੀ ਬਖ਼ਸ਼ਾਈ।
ਸੰਪਰਕ: 98780-02110


Comments Off on ਡਾਕਟਰ ਹਾਥੀਬਾਲ ਕਹਾਣੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.