85 ਪਿੰਡਾਂ ਦੇ ਲੋਕਾਂ ਨੂੰ ਮਾਰੂ ਰੋਗਾਂ ਤੋਂ ਬਚਾਏਗਾ ਨਹਿਰੀ ਸ਼ੁੱਧ ਪਾਣੀ !    ਕੋਰੇਗਾਓਂ-ਭੀਮਾ ਕੇਸ ਵਾਪਸ ਲੈਣਾ ਚਾਹੁੰਦੇ ਹਾਂ: ਪਾਟਿਲ !    ਮੋਬਾਈਲ ’ਚੋਂ ਵਾਇਰਸ ਰਾਹੀਂ ਜਾਸੂਸੀ ਚਿੰਤਾ ਦਾ ਵਿਸ਼ਾ !    ਯੂਨਾਈਟਿਡ ਏਅਰਲਾਈਨਜ਼ ਨੇ 50 ਏਅਰਬੱਸ ਜਹਾਜ਼ਾਂ ਦਾ ਆਰਡਰ ਦਿੱਤਾ !    ਸਰਹੱਦਾਂ ’ਤੇ ਤਾਇਨਾਤ ਭਾਰਤੀ ਫ਼ੌਜ ਪੂਰੀ ਚੌਕਸ: ਰਾਜਨਾਥ !    ਡਿਜੀਟਲ ਮੀਡੀਆ ’ਤੇ ਸਰਕਾਰੀ ਲਗਾਮ ਕੱਸਣ ਦੀਆਂ ਤਿਆਰੀਆਂ !    ਸੋਸ਼ਲ ਮੀਡੀਆ ਤੇ ਧੋਖਾਧੜੀਆਂ: ਬਚਾਅ ਵਿਚ ਹੀ ਬਚਾਅ ਹੈ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਵਿਧਾਇਕ ਚੱਬੇਵਾਲ ਵੱਲੋਂ ਨਿਰਮਾਣ ਕਾਰਜਾਂ ਦਾ ਜਾਇਜ਼ਾ !    

ਟਰੈਕਟਰ ਟੋਚਨ ਮੁਕਾਬਲੇ ਬਨਾਮ ਕਿਸਾਨ ਖ਼ੁਦਕੁਸ਼ੀਆਂ

Posted On July - 18 - 2019

ਇਕਬਾਲ ਸਿੰਘ ਸਿੱਧੂ, ਰਾਏਪੁਰੀ

ਪੰਜਾਬ ਦੇ ਕਿਸਾਨਾਂ ਦੀ ਹਾਲਤ ਲੰਬੇ ਸਮੇਂ ਤੋਂ ਚੰਗੀ ਨਹੀਂ। ਸਿਆਸੀ ਪਾਰਟੀਆਂ ਚੋਣਾਂ ਸਮੇਂ ਕਰਜ਼ਾ ਮੁਆਫ਼ੀ ਦਾ ਲਾਰਾ ਲਾ ਕੇ ਵੋਟਾਂ ਲੈ ਜਾਂਦੀਆਂ ਹਨ। ਕਦੇ ਕਿਸੇ ਨੇਤਾ ਨੇ ਨਹੀਂ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਸਹੀ ਮੁੱਲ ਮਿਲੇਗਾ, ਵਧੀਆ ਬੀਜ ਵਾਜਬ ਰੇਟਾਂ ’ਤੇ ਦਿੱਤੇ ਜਾਣਗੇ। ਫ਼ਸਲੀ ਵੰਨ-ਸੁਵੰਨਤਾ ਲਈ ਵੀ ਕਿਸਾਨਾਂ ਨੇ ਕੁਝ ਫਸਲਾਂ ਬੀਜਣ ਦੀ ਸ਼ੁਰੂਆਤ ਕੀਤੀ ਪਰ ਵਪਾਰੀਆਂ ਨੇ ਮਨਮਰਜ਼ੀ ਦਾ ਭਾਅ ਦਿੱਤਾ, ਜਿਸ ਕਰਕੇ ਕਿਸਾਨ ਫਸਲੀ ਵੰਨ-ਸੁਵੰਨਤਾ ਤੋਂ ਮੂੰਹ ਮੋੜ ਰਹੇ ਹਨ।
ਦੂਜੇ ਪਾਸੇ ਅਜੋਕੇ ਜ਼ਮਾਨੇ ਦੀ ਚਕਾਚੌਂਧ ਨੇ ਗਰੀਬ ਕਿਸਾਨ ਨੂੰ ਵੀ ਜਕੜ ਲਿਆ ਹੈ। ਜ਼ਮਾਨੇ ਦੀ ਰਫਤਾਰ ਮੁਤਾਬਕ ਕਿਸਾਨਾਂ ਨੂੰ ਵੀ ਆਧੁਨਿਕ ਸਹੂਲਤਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ ਪਰ ਨੌਜਵਾਨ ਪੀੜ੍ਹੀ ਇਨ੍ਹਾਂ ਦੀ ਦੁਰਵਰਤੋਂ ਨੂੰ ਆਪਣਾ ਸ਼ੌਕ ਸਮਝਦੀ ਹੈ। ਇਸ ਦੀ ਵੱਡੀ ਮਿਸਾਲ ਟਰੈਕਟਰਾਂ ਦੇ ਟੋਚਨ ਮੁਕਾਬਲੇ ਹਨ। ਟਰੈਕਟਰ ਟੋਚਨ ਦਾ ਰੁਝਾਨ 10 ਕੁ ਸਾਲ ਪਹਿਲਾਂ ਮਾਲਵੇ ’ਚੋਂ ਸ਼ੁਰੂ ਹੋ ਕੇ ਪੂਰੇ ਪੰਜਾਬ ’ਚ ਪਸਰ ਗਿਆ ਹੈ। ਗਾਇਕਾਂ ਨੇ ਗੀਤਾਂ ਰਾਹੀਂ ‘ਜੱਟਵਾਦ’ ਉਭਾਰ ਕੇ ਨੌਜਵਾਨਾਂ ਨੂੰ ਹੋਛੇ ਕੰਮਾਂ ਵਿੱਚ ਪਾ ਦਿੱਤਾ ਹੈ। ਉਂਝ ਦੇਖਿਆ ਜਾਵੇ ਤਾਂ ਗੀਤ ਜਾਂ ਫਿਲਮਾਂ ਵੀ ਸਮਾਜ ਦਾ ਹੀ ਚਿੱਤਰਣ ਹੁੰਦੇ ਹਨ। ਟਰੈਕਟਰ ਟੋਚਨਾਂ ਦੇ ਰੁਝਾਨ ਕਾਰਨ ਮਾਲਵੇ ਦੇ ਇਕ ਗਾਇਕ ਨੇ ਆਪਣੇ ਗੀਤ ‘ਟੋਚਨਾਂ ਦਾ ਜੱਟ ਨੀ ਸ਼ੌਕੀਨ’ ਰਾਹੀਂ ਟੋਚਨਾਂ ਨੂੰ ਹੋਰ ਹੁਲਾਰਾ ਦੇਣ ਦੀ ਕੋਸ਼ਿਸ਼ ਕੀਤੀ ਹੈ।

ਇਕਬਾਲ ਸਿੰਘ ਸਿੱਧੂ, ਰਾਏਪੁਰੀ

ਦੂਜੇ ਪਾਸੇ ਜੇ ਕਿਸਾਨ ਦੀ ਸਹੀ ਹਾਲਤ ’ਤੇ ਨਜ਼ਰ ਮਾਰੀ ਜਾਵੇ ਤਾਂ ਤਸਵੀਰ ਹੀ ਬਦਲ ਜਾਂਦੀ ਹੈ। ਗੀਤਾਂ ਤੇ ਟੋਚਨਾਂ ਵਿੱਚ ਦਿਖਾਇਆ ਜਾ ਰਿਹਾ ਜੱਟ ਤੇ ਕਿਸਾਨ ਕਰਜ਼ੇ ਦੀ ਪੰਡ ਹੇਠ ਦਬਿਆ ਪਿਆ ਹੈ। ਕਿਸਾਨਾਂ ਦੀ ਦਿਸ਼ਾ ਅਤੇ ਦਸ਼ਾ ਸੁਧਾਰਨ ਲਈ ਬੁੱਧੀਜੀਵੀਆਂ ਵੱਲੋਂ ਸਰਕਾਰਾਂ ਨੂੰ ਸਮੇਂ-ਸਮੇਂ ਕੋਸਿਆ ਜਾ ਰਿਹਾ ਹੈ, ਪਰ ਫੋਕੀ ਟੌਅਰ ਲਈ ਇਹ ਨੌਜਵਾਨ ਪੀੜ੍ਹੀ 8-9 ਲੱਖ ਰੁਪਏ ਕੀਮਤ ਵਾਲੇ ਟਰੈਕਟਰਾਂ ਨੂੰ ਟੋਚਨ ਮੇਲਿਆਂ ਵਿੱਚ ਤੋੜ ਰਹੀ ਹੈ। ਟਰੈਕਟਰਾਂ ਨੂੰ ਟੋਚਨਾਂ ਰਾਹੀ ਤੋੜਨ ਦੀ ਬਜਾਇ ਜ਼ਮੀਨ ਵਾਹੁਣ ਲਈ ਵਰਤਿਆ ਜਾਵੇ ਤਾਂ ਵਧੀਆ ਰਹੇਗਾ। ਸੋਸ਼ਲ ਮੀਡੀਆ ਦੀ ਵਧਦੀ ਬਿਮਾਰੀ ਵੀ ਨੌਜਵਾਨਾਂ ਨੂੰ ਟਰੈਕਟਰ ਟੋਚਨ ਮੁਕਾਬਲੇ ਤੇ ਸਟੰਟ ਕਰਨ ਲਈ ਹੋਰ ਮਜਬੂਰ ਕਰ ਰਹੀ ਹੈ। ਬਹੁਤ ਵਾਰ ਸੋਸ਼ਲ ਮੀਡੀਆ ’ਤੇ ਅਜਿਹੀਆਂ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਨ, ਜਿਨ੍ਹਾਂ ’ਚ ਟਰੈਕਟਰ ਸਟੰਟਾਂ ਨਾਲ ਹਾਦਸੇ ਹੁੰਦੇ ਦਿਖਾਏ ਜਾਂਦੇ ਹਨ। ਪਿੱਛੇ ਜਿਹੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਇੱਕ ਮੋਟਰਸਾਈਕਲ ਨੂੰ ਦੋ ਟਰੈਕਟਰਾਂ ਪਿੱਛੇ ਬੰਨ੍ਹ ਕੇ ਟੋਚਨ ਰਾਹੀਂ ਤੋੜਿਆ ਜਾਂਦਾ ਹੈ। ਇੰਝ ਲੋਕ ਆਪਣੀ ਫੋਕੀ ਅਮੀਰੀ ਦਾ ਦਿਖਾਵਾ ਕਰ ਰਹੇ ਹਨ ਜਦ ਕਿ ਜੱਟ ਦੀ ਅਸਲੀ ਤਸਵੀਰ ਹੋਰ ਹੀ ਹੈ, ਪਰ ਇਨ੍ਹਾਂ ਨੌਜਵਾਨਾਂ ਕਰ ਕੇ ਅਸਲੀ ਤਸਵੀਰ ਧੁੰਦਲੀ ਹੋ ਰਹੀ ਹੈ।
ਟੋਚਨ ਮੁਕਾਬਲਿਆਂ ਦੀ ਸ਼ੁਰੂਆਤ ਅਮੀਰ ਘਰਾਣਿਆਂ ਦੇ ਕਾਕਿਆ ਵੱਲੋਂ ਕੀਤੀ ਗਈ ਪਰ ਰੀਸੋ-ਰੀਸ ਇਸ ਵਿੱਚ ਮੱਧ-ਵਰਗੀ ਕਿਸਾਨਾਂ ਦੇ ਸਿਰਫਿਰੇ ਕਾਕੇ ਸ਼ਾਮਿਲ ਹੋ ਕੇ ਆਪਣੇ ਮਾਪਿਆਂ ਨੂੰ ਹੋਰ ਕਰਜ਼ਈ ਕਰ ਰਹੇ ਹਨ। ਅਜੋਕਾ ਮਨੁੱਖ ਅਸਲੀ ਜ਼ਿੰਦਗੀ ਦੇ ਮਾਅਨੇ ਭੁੱਲ ਕੇ ਨਕਲੀ ਦੁਨੀਆ (virtual world) ਵਿੱਚ ਆਪਣੇ-ਆਪ ਨੂੰ ਸੋਸ਼ਲ ਮੀਡੀਆ ਰਾਹੀਂ ਨਿਪੁੰਨ ਦਿਖਾਉਣ ਦੇ ਚੱਕਰ ’ਚ ਸਮੇਂ ਤੇ ਪੈਸੇ ਦੀ ਬਰਬਾਦੀ ਕਰ ਰਿਹਾ ਹੈ। ਦੂਜੀ ਤਰਫ ਘਰ ਦੇ ਮੋਢੀ ਕਿਸਾਨ ਕਰਜ਼ੇ ਦੀ ਮਾਰ ਨਾ ਸਹਾਰਦਿਆਂ ਖ਼ੁਦਕੁਸ਼ੀਆਂ ਕਰ ਰਹੇ ਹਨ ਅਤੇ ਇਨ੍ਹਾਂ ’ਤੇ ਸਿਆਸੀ ਧਿਰਾਂ ਸਿਆਸਤ ਕਰਦੀਆਂ ਹਨ। ਇੰਝ ਸਾਡਾ ਸਮਾਜ ਕਿਸਾਨ ਦੀ ਦੋਹਰੀ ਤੇ ਗ਼ਲਤ ਤਸਵੀਰ ਪੇਸ਼ ਕਰ ਰਿਹਾ ਹੈ। ਕਿਸਾਨਾਂ ਦੀ ਨਬਜ਼ ਨੂੰ ਭਾਂਪਦਿਆਂ ਹਰ ਵਾਰ ਸਿਆਸੀ ਪਾਰਟੀਆਂ ਵੱਲੋਂ ਕਰਜ਼ ਮੁਆਫੀ ਦੇ ਦਾਅਵੇ ਕਰਕੇ ਵੋਟਾਂ ਬਟੋਰੀਆਂ ਜਾਂਦੀਆਂ ਹਨ ਤੇ ਬਹੁਗਿਣਤੀ ਕਿਸਾਨ ਇਨ੍ਹਾਂ ਦੀ ਭੇਟ ਵੀ ਚੜ੍ਹਦੇ ਹਨ। ਪੰਜਾਬ ਦੀ ਕੈਪਟਨ ਸਰਕਾਰ ਨੇ ਚੋਣ ਵਾਅਦੇ ਮੁਤਾਬਕ ਕਿਸਾਨਾਂ ਦਾ ਕੁਝ ਕਰਜ਼ਾ ਮੁਆਫ ਕਰ ਦਿੱਤਾ ਹੈ, ਪਰ ਫਿਰ ਵੀ ਕਿਸਾਨਾਂ ਸਿਰ ਸ਼ਾਹੂਕਾਰਾਂ ਦਾ ਕਰਜ਼ਾ ਸਿਰ ਚੜ੍ਹ ਕੇ ਬੋਲ ਰਿਹਾ ਹੈ। ਅਜਿਹੇ ਕਰਜ਼ਿਆਂ ਦੀ ਪੂਰਤੀ ਸਰਕਾਰ ਨਹੀਂ ਬਲਕਿ ਕਿਸਾਨ ਖੁਦ ਕਰਨਗੇ। ਇਸ ਹਾਲਤ ਵਿਚ ਅਜੋਕੀ ਨੌਜਵਾਨ ਪੀੜ੍ਹੀ ਨੂੰ ਚਾਹੀਦਾ ਹੈ ਕਿ ਸ਼ੋਸ਼ੇ ਛੱਡ ਕੇ ਆਪਣੇ ਦਿਮਾਗ ਨੂੰ ਸਿੱਧੇ ਪਾਸੇ ਲਾਵੇ ਅਤੇ ਖੇਤੀ ਨਾਲ ਹੋਰ ਸਹਾਇਕ ਧੰਦੇ ਅਪਣਾਉਣ ਦੇ ਰਾਹ ਤੁਰੇ। ਜੇ ਕਿਸਾਨ ਖੁਦ ਮਿਹਨਤ ਕਰੇਗਾ ਤਾਂ ਉਸ ਨੂੰ ਵੋਟਾਂ ਸਮੇਂ ਦੇ ਲਾਰਿਆਂ ਸ਼ਿਕਾਰ ਨਹੀਂ ਹੋਣਾ ਪਵੇਗਾ।
ਦਿਖਾਵੇ ਕਰਨ ਵਾਲੇ ਨੌਜਵਾਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਵੋਟਾਂ ਸਮੇਂ ਸਿਰਫ ਕਿਸਾਨਾਂ ਦੇ ਕਰਜ਼ਿਆਂ ਨੂੰ ਹੀ ਕਿਉਂ ਮੁੱਦਾ ਬਣਾਇਆ ਜਾਂਦਾ ਹੈ? ਜੱਟਵਾਦ ਨੂੰ ਹੀ ਕਿਉਂ ਗੀਤਾਂ ਦੀ ਝੂਠੀ ਸ਼ਾਨ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ? ਫਸਲਾਂ ਦਾ ਵਾਜਬ ਮੁੱਲ ਕਿਉਂ ਨਹੀਂ ਮਿਲਦਾ? ਕਿਸਾਨਾਂ ਨੂੰ ਹੀ ਖ਼ੁਦਕੁਸ਼ੀ ਕਰਨ ’ਤੇ ਸਰਕਾਰ ਵੱਲੋਂ ਸਹਾਇਤਾ ਰਾਸ਼ੀ ਕਿਉਂ ਦਿੱਤੀ ਜਾ ਰਹੀ ਹੈ? ਜਦੋਂ ਉਪਰੋਕਤ ਗੱਲ ਨੌਜਵਾਨ ਪੀੜ੍ਹੀ ਸਮਝ ਜਾਵੇਗੀ ਤਾਂ ਕਿਸਾਨਾਂ ਦੀ ਹਾਲਤ ਸੁਧਰ ਜਾਵੇਗੀ, ਖ਼ੁਦਕੁਸ਼ੀਆਂ ਨੂੰ ਠੱਲ੍ਹ ਪਵੇਗੀ, ਕਿਸਾਨੀ ਕਰਜ਼ਿਆਂ ’ਤੇ ਸਿਆਸਤ ਬੰਦ ਹੋ ਜਾਵੇਗੀ।

ਸੰਪਰਕ: 91931-00001


Comments Off on ਟਰੈਕਟਰ ਟੋਚਨ ਮੁਕਾਬਲੇ ਬਨਾਮ ਕਿਸਾਨ ਖ਼ੁਦਕੁਸ਼ੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.