ਟਿਕਟ ਖਿੜਕੀ ’ਤੇ ਪਵੇਗਾ ‘ਪੰਗਾ’ !    ਪੰਜਾਬੀ ਫ਼ਿਲਮਾਂ ਦਾ ‘ਨਿਹਾਲਾ ਗਾਰਡ’ ਵਾਸਤੀ !    ਸਥਾਪਤੀ ਵਿਰੋਧੀ ਚਿੱਤਰਕਾਰ ਫਰਾਂਸਿਸਕੋ ਡੀ ਗੋਇਆ !    ਜ਼ਿੰਦਗੀ ਦੀ ਸ਼ਾਮ ’ਚ ਵਿਆਹੁਤਾ ਜੀਵਨ !    ਵਿਰਸੇ ਦੀ ਰੂਹ ਲੰਮੀ ਹੇਕ ਵਾਲੇ ਗੀਤ !    ਗ਼ਲਤੀ ਦਾ ਅਹਿਸਾਸ !    ਪੰਜਾਬੀ ਅਭਿਨੇਤਰੀਆਂ ਦੀ ਮੜਕ !    ਮੇਰੇ ਸਰਦਾਰਾਂ ਨੂੰ ਕੋਈ ਜਾਣਦਾ ਜੇ? !    ਸਿਆਣਪ ਦਾ ਮੁੱਲ !    ਪਾਸਪੋਰਟ ਵਾਲਾ ਗਾਇਕ ਰਣਜੀਤ ਮਣੀ !    

ਝੋਨੇ ਦੇ ਕੀੜੇ-ਮਕੌੜਿਆਂ ਦੀ ਰੋਕਥਾਮ ਦੇ ਨੁਕਤੇ

Posted On July - 20 - 2019

ਪ੍ਰੀਤਇੰਦਰ ਸਿੰਘ, ਹਰਪਾਲ ਸਿੰਘ ਤੇ ਐਸ.ਐਸ. ਔਲਖ*
ਪੰਜਾਬ ਵਿੱਚ ਝੋਨਾ ਸਾਉਣੀ ਦੀ ਮੁੱਖ ਫ਼ਸਲ ਹੈ। ਇਸ ’ਤੇ ਆਮ ਕਰ ਕੇ ਦਰਜਨ ਤੋਂ ਵੀ ਵੱਧ ਕੀੜੇ-ਮਕੌੜੇ ਹਮਲਾ ਕਰਦੇ ਹਨ। ਝੋਨੇ ਦੇ ਕੀੜਿਆਂ ਦੀ ਪਛਾਣ ਤੇ ਸਰਵਪੱਖੀ ਰੋਕਥਾਮ ਦੇ ਨੁਕਤੇ:
ਤਣੇ ਦੇ ਗੜੂੰਏਂ: ਇਸ ਕੀੜੇ ਨੂੰ ਗੋਭ ਦੀ ਸੁੰਡੀ ਵੀ ਆਖਦੇ ਹਨ। ਪੰਜਾਬ ਵਿੱਚ ਤਣੇ ਦੇ ਗੜੂੰਏਂ ਦੀਆਂ ਤਿੰਨ ਕਿਸਮਾਂ ਜਿਵੇਂ ਕਿ ਪੀਲਾ, ਚਿਟਾ ਅਤੇ ਗੁਲਾਬੀ ਗੜੂੰਆਂ ਮਿਲਦੀਆਂ ਹਨ। ਇਨ੍ਹਾਂ ਦਾ ਹਮਲਾ ਜੁਲਾਈ ਤੋਂ ਅਕਤੂਬਰ ਵਿਚ ਹੁੰਦਾ ਹੈ।
ਪੀਲਾ ਗੜੂੰਆਂ: ਇਸ ਦੀ ਮਾਦਾ ਬਾਲਗ ਹਲਕੇ ਸੰਤਰੀ ਵਾਲਾਂ ਨਾਲ ਅੰਡੇ ਪੱਤਿਆਂ ਦੇ ਸਿਰਿਆਂ ਦੇ ਨੇੜੇ ਝੁੰਡਾ ਵਿੱਚ ਦਿੰਦੀ ਹੈ। ਸੁੰਡੀ ਇਕ ਆਹਾਰੀ, ਪਤਲੀ, ਹਰੀ-ਪੀਲੀ ਤੋਂ ਘਸਮੈਲੇ ਰੰਗ ਦੀ ਹੁੰਦੀ ਹੈ। ਕੋਆ (ਪਿਊਪਾ) ਚਿੱਟੇ-ਪੀਲੇ ਰੰਗ ਦਾ ਹੁੰਦਾ ਹੈ। ਮਾਦਾ ਪਤੰਗੇ ਦਾ ਰੰਗ ਪੀਲਾ-ਚਿੱਟਾ ਹੁੰਦਾ ਹੈ ਇਸ ਦੇ ਅਗਲੇ ਖੰਭ ਸੰਤਰੀ ਪੀਲੇ ਹੁੰਦੇ। ਮਾਦਾ ਪਤੰਗੇ ਦਾ ਧੜ ਸ਼ੁਰੂ ਤੋਂ ਜ਼ਿਆਦਾ ਫੈਲਿਆ ਹੁੰਦਾ ਹੈ ਅਤੇ ਪੀਲੇ-ਭੂਰੇ ਰੰਗ ਦੀ ਵਾਲਾਂ ਦੀ ਝਾਲਰ ਨਾਲ ਖਤਮ ਹੁੰਦਾ ਹੈ। ਨਰ ਬਾਲਗ ਹਲਕੇ ਭੂਰੇ ਰੰਗ ਦਾ ਹੁੰਦਾ ਹੈ ਇਸ ਦੇ ਅਗਲੇ ਖੰਭਾਂ ਉੱਤੇ ਛੋਟੇ-ਛੋਟੇ ਧੱਬੇ ਹੁੰਦੇ ਹਨ।
ਚਿੱਟਾ ਗੜੂੰਆਂ: ਇਸ ਦੀ ਮਾਦਾ ਪਤੰਗਾ ਪੀਲੇ ਤੇ ਭੂਰੇ ਰੇਸ਼ਮੀ ਵਾਲਾਂ ਨਾਲ ਢਕੇ ਅੰਡੇ ਝੁੰਡਾਂ ਵਿੱਚ ਦਿੰਦੀ ਹੈ। ਸੁੰਡੀਆਂ ਚਿੱਟੇ ਤੋਂ ਹਲਕੀਆਂ ਪੀਲੀਆਂ (ਸਫ਼ੈਦ) ਹੁੰਦੀਆਂ ਹਨ। ਇਸ ਦਾ ਕੋਆ ਨਰਮ ਸਰੀਰ ਦਾ ਤੇ ਪੀਲੇ ਰੰਗ ਦਾ ਹੁੰਦਾ ਹੈ। ਕੋਆ, ਸੁੰਡੀ ਦੁਆਰਾ ਬਣਾਈ ਹੋਈ ਸੁਰੰਗ ਵਿੱਚ ਹੁੰਦਾ ਹੈ ਜੋ ਤਣੇ ਦੇ ਮੁੱਢ ’ਤੇ ਹੀ ਪਿਆ ਹੁੰਦਾ ਹੈ। ਇਸ ਦੇ ਨਰ ਤੇ ਮਾਦਾ ਪਤੰਗੇ ਪਤਲੇ ਅਤੇ ਚਿੱਟੇ ਰੰਗ ਦੇ ਹੁੰਦੇ ਹਨ।
ਗੁਲਾਬੀ ਗੜੂੰਆਂ: ਮਾਦਾ ਪਤੰਗਾਂ ਮਣਕਿਆਂ ਵਰਗੇ ਅੰਡੇ ਕਤਾਰਾਂ ਵਿੱਚ ਤਣੇ ਤੇ ਪੱਤੇ ਦੀ ਡੰਡੀ ਦੇ ਵਿੱਚ ਦਿੰਦੀ ਹੈ। ਸੁੰਡੀਆਂ ਦੇ ਸਰੀਰ ਦਾ ਉਪਰਲਾ ਹਿੱਸਾ ਗੁਲਾਬੀ ਅਤੇ ਹੇਠਲਾ ਹਿੱਸਾ ਸਫ਼ੈਦ ਰੰਗ ਦਾ ਹੁੰਦਾ ਹੈ। ਇਸ ਦਾ ਕੋਆ ਗੂੜੇ ਭੂਰੇ ਰੰਗ ਦਾ ਹੁੰਦਾ ਹੈ। ਪਤੰਗੇ ਦੇ ਸਰੀਰ ’ਤੇ ਗੂੜੇ-ਭੂਰੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ ਤੇ ਸਰੀਰ ਤੇ ਵਾਲ ਹੁੰਦੇ ਹਨ।
ਨੁਕਸਾਨ ਚਿੰਨ੍ਹ: ਤਿੰਨਾਂ ਤਰ੍ਹਾਂ ਦੇ ਕੀੜਿਆਂ ਦੀਆਂ ਸੁੰਡੀਆਂ ਇੱਕੋ ਜਿਹਾ ਨੁਕਸਾਨ ਕਰਦੀਆਂ ਹਨ। ਸੁੰਡੀਆਂ ਮੁੰਜਰਾਂ ਨਿਕਲਣ ਤੋਂ ਪਹਿਲਾਂ ਤਣੇ ’ਚ ਵੜ ਜਾਂਦੀਆਂ ਹਨ ਅਤੇ ਗੋਭ ਨੂੰ ਅੰਦਰੋਂ-ਅੰਦਰ ਖਾਈ ਜਾਂਦੀਆਂ ਹਨ, ਜਿਸ ਨਾਲ ਗੋਭ ਸੁੱਕ ਜਾਂਦੀ ਹੈ। ਜੇ ਹਮਲਾ ਮੁੰਜਰਾਂ ਨਿਕਲਣ ਤੋਂ ਬਾਅਦ ਹੋਵੇ ਤਾਂ ਇਹ ਸੁੱਕ ਜਾਂਦੀਆਂ ਹਨ ਅਤੇ ਇਸ ਵਿੱਚ ਦਾਣੇ ਨਹੀਂ ਬਣਦੇ।
ਸਰਵਪੱਖੀ ਰੋਕਥਾਮ
ਕਾਸ਼ਤਕਾਰੀ ਢੰਗ (ਸਮੇਂ ਸਿਰ ਬਿਜਾਈ): ਸੁੰਡੀਆਂ ਦਾ ਹਮਲਾ ਸਿਫ਼ਾਰਸ਼ ਕੀਤੇ ਸਮੇਂ ਤੇ ਝੋਨਾ ਬੀਜਣ ਨਾਲ ਘਟਾਇਆ ਜਾ ਸਕਦਾ ਹੈ। ਇਸ ਤਰ੍ਹਾਂ ਸੁੰਡੀਆਂ ਨੂੰ ਵਧਣ ਫੁੱਲਣ ਦਾ ਘੱਟ ਸਮਾਂ ਮਿਲਦਾ ਹੈ।
ਕੀਟਨਾਸ਼ਕ: ਫ਼ਸਲ ਵਿੱਚ ਲਗਾਤਾਰ ਸੁੰਡੀਆਂ ਦੇ ਨੁਕਸਾਨ ਦਾ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ ਅਤੇ ਜਦੋਂ ਸੁੱਕੀਆਂ ਗੋਭਾਂ 5 ਪ੍ਰਤੀਸ਼ਤ ( ਆਰਥਿਕ ਥਰੈਸ਼ਹੋਲਡ ਪੱਧਰ) ਤੋਂ ਵੱਧ ਜਾਣ ਤਾਂ ਫਲੂਬੈਂਡਾਮਾਈਡ, ਕਾਰਟਾਪ ਹਾਈਡ੍ਰੋਕਲੋਰਾਈਡ ਜਾਂ ਕਲੋਰਪਾਈਰੀਫਾਸ ਦੀ ਵਰਤੋਂ ਕਰੋ।
ਪੱਤਾ ਲਪੇਟ ਸੁੰਡੀ: ਮਾਦਾ ਪਤੰਗਾਂ ਪੱਤਿਆਂ ਦੀਆਂ ਨਾੜਾਂ ਦੇ ਨੇੜੇ ਇੱਕੋ-ਇੱਕ ਜਾਂ ਦੋ-ਦੋ ਕਰ ਕੇ 120-140 ਅੰਡੇ ਦਿੰਦੀ ਹੈ। ਇਹ ਅੰਡੇ ਚੌੜੇ, ਚਿੱਟੇ-ਪੀਲੇ ਰੰਗ ਤੇ ਪਾਰਦਰਸ਼ੀ ਹੁੰਦੇ ਹਨ। ਛੋਟੀ ਸੁੰਡੀ ਹਲਕੇ ਚਿੱਟੇ (ਘਸਮੈਲੇ) ਜਾਂ ਹਲਕੇ ਪੀਲੇ ਰੰਗ ਦੀ ਅਤੇ ਵੱਡੀ ਸੁੰਡੀ ਲੰਮੀ, ਪਤਲੀ ਤੇ ਹਰੇ-ਚਿੱਟੇ ਰੰਗ ਤੇ ਪਾਰਦਰਸ਼ੀ ਸਰੀਰ ਵਾਲੀ ਹੁੰਦੀ ਹੈ। ਇਸ ਦਾ ਕੋਆ ਹਲਕੇ ਤੋਂ ਗੂੜੇ ਭੂਰੇ ਰੰਗ ਦਾ ਅਤੇ ਲੰਮਾ ਹੁੰਦਾ ਹੈ।
ਨੁਕਸਾਨ ਚਿੰਨ੍ਹ: ਇਸ ਦੀ ਸੁੰਡੀ ਦਾ ਬਹੁਤਾ ਨੁਕਸਾਨ ਅਗਸਤ ਤੋਂ ਅਕਤੂਬਰ ਦੇ ਦੌਰਾਨ ਹੁੰਦਾ ਹੈ। ਛੋਟੀਆਂ ਸੁੰਡੀਆਂ ਪੱਤਿਆਂ ਨੂੰ ਬਿਨਾਂ ਲਪੇਟੇ ਅਤੇ ਵੱਡੀਆਂ ਸੁੰਡੀਆਂ ਪੱਤਿਆਂ ਨੂੰ ਲਪੇਟ ਕੇ ਅੰਦਰੋਂ-ਅੰਦਰ ਹਰਾ ਮਾਦਾ ਖਾਂਦੀਆਂ ਹਨ ਜਿਸ ਕਰਕੇ ਪੱਤਿਆਂ ਉੱਤੇ ਚਿੱਟੇ ਰੰਗ ਦੀਆਂ ਧਾਰੀਆਂ ਪੈ ਜਾਂਦੀਆਂ ਹਨ।
ਸਰਵਪੱਖੀ ਰੋਕਥਾਮ
ਕਾਸ਼ਤਕਾਰੀ ਢੰਗ: ਪੱਤਾ ਲਪੇਟ ਸੁੰਡੀ ਦਾ ਹਮਲਾ ਦਰੱਖਤਾਂ ਹੇਠਾਂ ਛਾਂ ਵਾਲੀ ਥਾਂ ’ਤੇ ਜ਼ਿਆਦਾ ਹੁੰਦਾ ਹੈ। ਇਥੋਂ ਹੀ ਇਨ੍ਹਾਂ ਕੀੜਿਆਂ ਦਾ ਹਮਲਾ ਸ਼ੁਰੂ ਹੁੰਦਾ ਹੈ।
ਮਕੈਨੀਕਲ ਢੰਗ: ਜੇ ਕੀੜੇ ਦਾ ਹਮਲਾ ਨਿਸਰਨ ਤੋਂ ਪਹਿਲਾਂ ਹੋਵੇ ਤਾਂ 20-30 ਮੀਟਰ ਲੰਬੀ ਨਾਰੀਅਲ ਜਾਂ ਮੁੰਜ ਦੀ ਰੱਸੀ ਫ਼ਸਲ ਦੇ ਉੱਪਰਲੇ ਹਿੱਸੇ ’ਤੇ ਦੋ ਵਾਰੀ ਫੇਰੋ। ਪਹਿਲਾਂ ਕਿਆਰੇ ਦੇ ਇਕ ਸਿਰੇ ਤੋਂ ਦੂਜੇ ਤਕ ਰਸੀ ਫੇਰੋ ਅਤੇ ਫਿਰ ਉਨ੍ਹੀਂ ਪੈਰੀਂ ਰੱਸੀ ਫੇਰਦੇ ਹੋਏ ਵਾਪਸ ਮੁੜੋ। ਇਹ ਧਿਆਨ ਵਿਚ ਰੱਖੋ ਕੇ ਰੱਸੀ ਫੇਰਨ ਸਮੇਂ ਫ਼ਸਲ ਵਿੱਚ ਪਾਣੀ ਜ਼ਰੂਰ ਖੜ੍ਹਾ ਹੋਵੇ।
ਕੀਟਨਾਸ਼ਕ: ਜਦੋਂ ਖਾਧੇ ਪੱਤਿਆਂ ਦੀ ਗਿਣਤੀ 10 ਪ੍ਰਤੀਸ਼ਤ (ਆਰਥਿਕ ਥਰੈਸ਼ਹੋਲਡ ਪੱਧਰ) ਜਾਂ ਵਧੇਰੇ ਹੋਵੇ ਤਾਂ ਮਾਹਿਰਾਂ ਦੀ ਸਲਾਹ ਨਾਲ ਫਲੂਬੈਂਡਾਮਾਈਡ, ਕਾਰਟਾਪ ਹਾਈਡ੍ਰੋਕਲੋਰਾਈਡ ਜਾਂ ਕਲੋਰਪਾਈਰੀਫਾਸ ਦੀ ਵਰਤੋਂ ਕਰੋ।
ਰਸ ਚੂਸਣ ਵਾਲੇ ਕੀੜੇ: ਰਸ ਚੂਸਣ ਵਾਲੇ ਕੀੜਿਆਂ ਵਿੱਚ ਮੁੱਖ ਤੌਰ ’ਤੇ ਬੂਟਿਆਂ ਦੇ ਟਿੱਡੇ ਆਉਂਦੇ ਹਨ। ਇਨ੍ਹਾਂ ਵਿੱਚ ਚਿੱਟੀ ਪਿੱਠ ਵਾਲੇ ਟਿੱਡੇ ਤੇ ਭੂਰੇ ਟਿੱਡੇ ਸ਼ਾਮਲ ਹਨ।
ਭੂਰਾ ਟਿੱਡਾ: ਇਸ ਕੀੜੇ ਦੇ ਅੰਡੇ ਗੁੰਬਦ ਦੀ ਸ਼ਕਲ ਵਰਗੇ ਡੱਟ ਨਾਲ ਢੱਕੇ ਹੁੰਦੇ ਹਨ। ਇਹ ਅੰਡੇ ਸਮੂਹ ਵਿੱਚ ਅਤੇ ਲੀਫ਼ ਸ਼ੀਥ (ਤਣੇ ਦੇ ਦੁਆਲੇ ਪੱਤੇ ਦੇ ਖੋਲ੍ਹ) ਵਿੱਚ ਹੁੰਦੇ ਹਨ। ਬੱਚੇ (ਨਿੰਫ) ਰੂੰ ਵਰਗੇ ਚਿੱਟੇ ਅਤੇ ਬਾਅਦ ਵਿੱਚ ਭੂਰੇ ਰੰਗ ਵਿੱਚ ਬਦਲ ਜਾਂਦੇ ਹਨ। ਬਾਲਗ ਦਾ ਰੰਗ ਹਲਕੇ ਤੋਂ ਗੂੜਾ ਭੂਰਾ ਹੁੰਦਾ ਹੈ।
ਚਿੱਟੀ ਪਿੱਠ ਵਾਲਾ ਟਿੱਡਾ: ਇਸ ਕੀੜੇ ਦੇ ਅੰਡੇ ਪਹਿਲਾਂ ਸਫੈਦ ਹੁੰਦੇ ਹਨ ਜੋ ਬਾਅਦ ਵਿੱਚ ਲਾਲ ਹੋ ਜਾਂਦੇ ਹਨ। ਇਸ ਦੇ ਅੰਡੇ ਕਤਾਰਾਂ ਵਿੱਚ ਹੁੰਦੇ ਹਨ। ਨਿੰਫ (ਬੱਚੇ) ਸਲੇਟੀ ਚਿੱਟੇ ਰੰਗ ਦੇ ਹੁੰਦੇ ਹਨ ਜਿਹੜੇ ਬਾਅਦ ਵਿੱਚ ਗੂੜੇ ਸਲੇਟੀ ਹੋ ਜਾਂਦੇ ਹਨ। ਬਾਲਗ ਹਲਕੇ ਪੀਲੇ ਰੰਗ ਦੇ ਅਤੇ ਫ਼ਾਨੇ ਵਰਗੇ ਹੁੰਦੇ ਹਨ ਅਤੇ ਇਸ ਦਾ ਮੂੰਹ ਤਿੱਖਾ ਹੁੰਦਾ ਹੈ। ਇੱਕ ਪਤਲੀ (ਬਾਰੀਕ) ਚਿੱਟੀ ਪੱਟੀ ਉੱਪਰਲੇ ਪਾਸੇ ਦਿਖਾਈ ਦਿੰਦੀ ਹੈ। ਇੱਕ ਕਾਲਾ ਧੱਬਾ ਅਗਲੇ ਖੰਬਾਂ ਦੇ ਪਿੱਛਲੇ ਪਾਸੇ ਦੇ ਵਿਚਕਾਰ ਦਿਖਾਈ ਦਿੰਦਾ ਹੈ।
ਨੁਕਸਾਨ ਚਿੰਨ੍ਹ: ਟਿੱਡਿਆਂ ਦੇ ਬੱਚੇ ਤੇ ਬਾਲਗ ਦੋਵੇਂ ਹੀ ਬੂਟੇ ਤੋਂ ਰਸ ਚੂਸਦੇ ਹਨ। ਜਦੋਂ ਪਹਿਲੇ ਬੂਟੇ ਸੁੱਕ ਜਾਂਦੇ ਹਨ ਤਾਂ ਟਿੱਡੇ ਨੇੜੇ ਦੇ ਨਰੋਏ ਬੂਟਿਆਂ ’ਤੇ ਚਲੇ ਜਾਂਦੇ ਹਨ। ਕੁਝ ਦਿਨਾਂ ਵਿੱਚ ਹਮਲੇ ਵਾਲੇ ਥਾਂ ਵਿੱਚ ਵਾਧਾ ਹੋ ਜਾਂਦਾ ਹੈ।
ਸਰਵਪੱਖੀ ਰੋਕਥਾਮ
ਕਾਸ਼ਤਕਾਰੀ ਢੰਗ: ਝੋਨੇ ਦੀ ਫ਼ਸਲ ਨੂੰ ਪਾਣੀ ਦੀ ਲੋੜ ਹੁੰਦੀ ਹੈ ਪਰ ਇਸ ਲਈ ਖੇਤ ਵਿੱਚ ਪਾਣੀ ਖੜ੍ਹਾ ਰੱਖਣਾ ਜ਼ਰਰੂੁੀ ਨਹੀਂ। ਬੂਟਿਆਂ ਦੇ ਟਿੱਡਿਆਂ ਦੇ ਹਮਲੇ ਦੇ ਸਮੇਂ ਖੇਤ ਵਿੱਚੋਂ 3-4 ਦਿਨਾਂ ਲਈ ਪਾਣੀ ਕੱਢ ਦਿਓ, ਪਰ ਜ਼ਮੀਨ ਵਿੱਚ ਤਰੇੜਾਂ ਨਾ ਪੈਣ।
ਕੀਟਨਾਸ਼ਕ: ਜੇ ਪ੍ਰਤੀ ਬੂਟਾ ਪੰਜ ਜਾਂ ਵੱਧ ਟਿੱਡੇ ਪਾਣੀ ’ਤੇ ਤਰਦੇ ਦਿਖਾਈ ਦੇਣ ਤਾਂ ਪਾਈਮੈਟਰੋਜ਼ਿਨ, ਇਮਿਡਾਕਲੋਪਰਿਡ, ਕੁਇਨਲਫਾਸ ਦੀ ਵਰਤੋਂ ਕਰੋ।
ਝੋਨੇ ਦਾ ਹਿਸਪਾ ਜਾਂ ਕੰਡਿਆਲੀ ਭੂੰਡੀ: ਇਸ ਦੇ ਬਾਲਗ ਕੀੜੇ ਦੇ ਸਰੀਰ ਉੱਤੇ ਕੰਡੇ ਹੁੰਦੇ ਹਨ। ਇਸ ਦਾ ਮਾਦਾ ਬਾਲਗ ਪੱਤਿਆਂ ਦੇ ਸਿਰੇ ਦੇ ਤੰਤੂਆਂ ’ਚ ਅੰਡੇ ਦਿੰਦੀ ਹੈ। ਗਰੱਬ/ ਸੁੰਡੀ ਸਫੈਦ ਰੰਗ ਦਾ ਉਪਰੋਂ ਅਤੇ ਹੇਠਲੇ ਪਾਸੇ ਤੋਂ ਸਮਤਲ ਹੁੰਦਾ ਹੈ। ਇਹ ਪੱਤਿਆਂ ਵਿੱਚ ਸੁਰੰਗਾਂ ਬਣਾਉਂਦਾ ਹੈ ਅਤੇ ਇਸ ਦੀਆਂ ਲੱਤਾਂ ਨਹੀਂ ਹੁੰਦੀਆਂ। ਇਹ ਪੱਤਿਆਂ ਦੇ ਤੰਤੂਆਂ ਵਿੱਚ ਮਿਲਦਾ ਹੈ।
ਨੁਕਸਾਨ ਚਿੰਨ੍ਹ: ਇਹ ਕੀੜਾ ਪਹਿਲਾਂ ਮਈ-ਜੂਨ ਅਤੇ ਫਿਰ ਅਗਸਤ-ਸਤੰਬਰ ਵਿੱਚ ਹਮਲਾ ਕਰਦਾ ਹੈ। ਇਸ ਦੇ ਬੱਚੇ ਪੱਤਿਆਂ ਵਿੱਚ ਸੁਰੰਗਾਂ ਬਣਾ ਕੇ ਹਰਾ ਮਾਦਾ ਖਾਂਦੇ ਹਨ, ਜਦੋਂਕਿ ਬਾਲਗ ਕੀੜੇ ਬਾਹਰੋਂ ਖੁਰਚ ਖੁਰਚ ਕੇ ਹਰਾ ਮਾਦਾ ਖਾਂਦੇ ਹਨ।
ਸਰਵਪੱਖੀ ਰੋਕਥਾਮ
ਮਕੈਨੀਕਲ ਢੰਗ: ਪਨੀਰੀ ਵਿਚ ਹਮਲਾ ਹੋਣ ’ਤੇ ਖੇਤ ਵਿਚੋਂ ਪਨੀਰੀ ਪੁੱਟ ਕੇ ਲਾਉਣ ਤੋਂ ਪਹਿਲਾਂ ਹਮਲੇ ਵਾਲੇ ਬੂਟਿਆਂ ਦੇ ਪੱਤੇ ਕੱਟ ਕੇ ਨਸ਼ਟ ਕਰ ਦਿਓ।
ਕੀਟਨਾਸ਼ਕ: ਹਿਸਪੇ ਦੀ ਰੋਕਥਾਮ ਲਈ ਕੁਇਨਲਫਾਸ ਅਤੇ ਕਲੋਰਪਾਈਰੀਫਾਸ ਦੀ ਵਰਤੋਂ ਮਾਹਿਰਾਂ ਦੀ ਸਲਾਹ ਅਨੁਸਾਰ ਕਰੋ।
ਸੰਪਰਕ: 98720-06248


Comments Off on ਝੋਨੇ ਦੇ ਕੀੜੇ-ਮਕੌੜਿਆਂ ਦੀ ਰੋਕਥਾਮ ਦੇ ਨੁਕਤੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.