ਸਰਕਾਰੀ ਸਕੂਲਾਂ ਵਿੱਚ ਤਕਨਾਲੋਜੀ ਦੀ ਵਰਤੋਂ !    ਡਾਕਟਰਾਂ ਤੇ ਮਰੀਜ਼ਾਂ ਵਿੱਚ ਮਜ਼ਬੂਤ ਰਿਸ਼ਤਿਆਂ ਦੀ ਜ਼ਰੂਰਤ !    ਅਜੋਕੀ ਸਿੱਖਿਆ ਤੇ ਬੌਧਿਕ ਵਿਕਾਸ !    ਖ਼ਰਾਬ ਮੌਸਮ ਕਾਰਨ 26 ਉਡਾਣਾਂ ’ਚ ਤਬਦੀਲੀ !    370: ਸੁਪਰੀਮ ਕੋਰਟ ਵੱਲੋਂ ਪਟੀਸ਼ਨਾਂ ਸੱਤ ਮੈਂਬਰੀ ਬੈਂਚ ਕੋਲ ਭੇਜਣ ਦਾ ਸੰਕੇਤ !    ਕਤਲ ਮਾਮਲਾ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਆਵਾਜਾਈ ਰੋਕੀ !    ਭਾਰਤ-ਅਮਰੀਕਾ ਵਿਚਾਲੇ 2+2 ਗੱਲਬਾਤ 18 ਨੂੰ !    ਸੀਬੀਆਈ ਵੱਲੋਂ 13 ਟਿਕਾਣਿਆਂ ’ਤੇ ਛਾਪੇ !    ਅਤਿਵਾਦੀ ਹਮਲੇ ’ਚ ਨਾਈਜਰ ਦੇ 71 ਫੌਜੀ ਹਲਾਕ !    ਛੱਤੀਸਗੜ੍ਹ ’ਚ ਦੋ ਨਕਸਲੀ ਹਲਾਕ !    

ਜੈਨ ਮਤ ਅਤੇ ਉਸ ਦੇ ਨਵਤੱਤ

Posted On July - 10 - 2019

ਰਮੇਸ਼ ਬੱਗਾ ਚੋਹਲਾ
ਕਿਸੇ ਵੀ ਧਰਮ ਦੇ ਗ੍ਰੰਥਾਂ ਦਾ ਉਸ ਧਰਮ ਦੇ ਪੈਰੋਕਾਰਾਂ ਲਈ ਇਕ ਅਹਿਮ ਅਤੇ ਸਤਿਕਾਰਯੋਗ ਸਥਾਨ ਹੁੰਦਾ ਹੈ। ਇਹ ਧਾਰਮਿਕ ਗ੍ਰੰਥ ਹੀ ਹੁੰਦੇ ਹਨ ਜਿਹੜੇ ਉਸ ਧਰਮ ਦੇ ਰਹਿਬਰਾਂ ਦੇ ਸਰੀਰਕ ਰੂਪ ਵਿਚ ਤੁਰ ਜਾਣ ਤੋਂ ਬਾਅਦ ਵੀ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਸਦੀਵੀ ਕਾਲ ਤੱਕ ਸਲਾਮਤ ਰੱਖਦੇ ਹਨ। ਧਾਰਮਿਕ ਸਿੱਖਿਆਵਾਂ ਦੀ ਇਹ ਸਲਾਮਤੀ ਜਿੱਥੇ ਉਸ ਧਰਮ ਨੂੰ ਮੰਨਣ ਵਾਲਿਆਂ ਨੂੰ ਅਧਿਆਤਮਿਕ ਮਾਰਗ ਦਾ ਪਾਂਧੀ ਬਣਾਈ ਰੱਖਦੀ ਹੈ, ਉਥੇ ਇਸ ਮਾਰਗ ’ਤੇ ਚੱਲ ਕੇ ਪਰਮ-ਪਿਤਾ ਨੂੰ ਪਾਉਣ ਲਈ ਪ੍ਰੇਰਿਤ ਵੀ ਕਰਦੀ ਰਹਿੰਦੀ ਹੈ। ਧਾਰਮਿਕ ਜਗਤ ਵਿਚ ਜੈਨ ਧਰਮ ਦੇ ਗ੍ਰੰਥ ਵੀ ਜੀਵਨ ਦੇ ਅਜਿਹੇ ਸੱਚ ਨੂੰ ਬਿਆਨ ਕਰਦੇ ਹਨ, ਜਿਹੜਾ ਇਸ ਧਰਮ ਦੇ ਰਿਸ਼ੀਆਂ-ਮੁਨੀਆਂ (ਤੀਰਥੰਕਰਾਂ) ਨੇ ਆਪਣੇ-ਆਪਣੇ ਸਮੇਂ ਵਿਚ ਜੈਨ ਸਮਾਜ ਲਈ ਨਿਰਧਾਰਿਤ ਕੀਤਾ ਹੈ। ਜੈਨ ਧਰਮ ਦੇ ਪਹਿਲੇ ਪਵਿੱਤਰ ਗ੍ਰੰਥ ਪ੍ਰਾਕ੍ਰਿਤ ਜਾਂ ਅਰਧਮਾਗਧੀ ਭਾਸ਼ਾ ਵਿਚ ਲਿਖੇ ਮਿਲਦੇ ਹਨ। ਇਨ੍ਹਾਂ ਗ੍ਰੰਥਾਂ ਦੀ ਰਚਨਾ ਗੁਜਰਾਤ ਵਿਚ ਵੱਲਭੀ ਦੇ ਸਥਾਨ ’ਤੇ ਪੰਜਵੀਂ ਸਦੀ ਵਿਚ ਹੋਈ ਮੰਨੀ ਜਾਂਦੀ ਹੈ ਅਤੇ ਇਨ੍ਹਾਂ ਦਾ ਰਚਨਾਕਾਰ ਇਕ ਵਿਦਵਾਨ ਜੈਨੀ ਦੇਵ ਰਿੱਧੀ ਨੂੰ ਸਵੀਕਾਰਿਆ ਜਾਂਦਾ ਹੈ। ਜੈਨ ਧਰਮ ਦੇ ਗ੍ਰੰਥ ਦੇ ਸਭ ਤੋਂ ਪਹਿਲੇ ਹਿੱਸੇ 400 ਪੂਰਵ ਈਸਾ ਵਿਚ ਲਿਖੇ ਗਏ। ਜੈਨ ਧਰਮ ਦੇ ਸ਼ਵੇਤਾਂਬਰ ਫਿਰਕੇ ਦੇ 45 ਗ੍ਰੰਥ ਹਨ, ਜਿਹੜੇ ਜੈਨ ਸਮਾਜ ਵਿਚ ਕਾਫੀ ਚਰਚਿਤ ਹਨ। ਇਨ੍ਹਾਂ ਗ੍ਰੰਥਾਂ ਨੂੰ ‘ਅੰਗ’ ਕਿਹਾ ਜਾਂਦਾ ਹੈ। ਇਨ੍ਹਾਂ ਗ੍ਰੰਥਾਂ ਵਿਚ ਆਚਾਰਾਂਗ, ਸੂਤ੍ਰਕ੍ਰਿਤਾਂਗ, ਸਥਾਨਾਂਗ, ਸਮਵਾਯਾਂਗ, ਅੰਤਕ੍ਰਿਦਸ਼ਾਂ, ਅਨਉੱੱਤਰਪਪਾਤਿਕ, ਪ੍ਰਸ਼ਨਵਿਆਕਰਣ ਅਤੇ ਵਿਪਾਕਸੂਤ੍ਰ ਆਦਿ ਜ਼ਿਕਰਯੋਗ ਹਨ।
11 ਅੰਗਾਂ ਤੋਂ ਇਲਾਵਾ 12 ਉਪ ਅੰਗ ਵੀ ਹਨ, ਜਿਨ੍ਹਾਂ ਵਿਚ ਰਾਜਪ੍ਰਸ਼ਨੀਯ ਵਰਗੇ ਸੂਤਰ ਸ਼ਾਮਿਲ ਕੀਤੇ ਗਏ ਹਨ। ਚਾਰ ਮੂਲ ਸੂਤਰ ਹਨ– ਉੱਤਰ-ਅਧਿਐਨ, ਆਵਸ਼ਯਕ, ਦਸ਼ਵੇਕਾਲਿਕ ਅਤੇ ਪਿੰਡਨਿਰਯੁਕਤੀ। ਇਸ ਤੋਂ ਇਲਾਵਾ ਛੇ ਛੰਦਸੂਤਰ ਨਿਸ਼ੀਥ, ਮਹਾਂਨਿਸ਼ੀਥ, ਵਯਵਹਾਰ, ਅਚਾਰਦਸ਼ਾ, ਕਲਪਸੂਤ੍ਰ ਅਤੇ ਪੰਚਕਲਪ ਹਨ।
ਜੈਨ ਧਰਮ ਦੇ ਇਹ ਗ੍ਰੰਥ ਜੈਨ ਨੀਤੀ-ਵਿਦਿਆ, ਯੋਗ,ਧਰਮ, ਦਰਸ਼ਨ, ਇਤਿਹਾਸ ਅਤੇ ਮਿਥਹਾਸ ਦੇ ਸੋਮੇ ਹਨ। ਕੁੱਝ ਸੂਤਰ ਜਿਵੇਂ ਅਚਾਰਾਂਗ ਸੂਤਰ ਪ੍ਰਮੁੱਖ ਰੂਪ ਵਿਚ ਭਿਕਸ਼ੂਆਂ ਦੇ ਨੈਤਿਕ ਆਚਾਰ ਅਤੇ ਆਤਮ-ਅਨੁਸ਼ਾਸਨ ਬਾਰੇ ਦੱਸਦੇ ਹਨ। ਸੂਤ੍ਰਕ੍ਰਿਤਾਂਗ ਵਿਚ ਨਰਕਾਂ ਬਾਰੇ ਬਿਆਨ ਕੀਤਾ ਗਿਆ ਹੈ। ਬਹੁਤ ਸਾਰੇ ਸੂਤਰਾਂ ਵਿਚ ਮਹਾਂਵੀਰ ਜੈਨ ਦੇ ਜੀਵਨ ਦੀਆਂ ਵਿਸ਼ੇਸ਼ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਕਲਪਸੂਤ੍ਰ ਵਿਚ ਵੀ ਮਹਾਂਵੀਰ ਜੀ ਦੀ ਜੀਵਨ-ਕਥਾ ਬਿਆਨ ਕੀਤੀ ਗਈ ਹੈ। ਇਸ ਗ੍ਰੰਥ ਵਿਚ ਹੀ ਰਿਸ਼ਭਨਾਥ, ਅਰਿਸ਼ਟਅਨੇਮੀ ਅਤੇ ਪਰਸ਼ਵਨਾਥ ਦੇ ਸੰਖੇਪ ਹਵਾਲੇ ਦਿੱਤੇ ਗਏ ਹਨ। ਸਥਾਨਾਂਗ ਵਿਚ ਸਿਧਾਂਤਕ ਵਿਸ਼ਿਆਂ ਦੀ ਚਰਚਾ ਕੀਤੀ ਗਈ ਹੈ। ਸਮਵਾਯਾਂਗ ਵੀ ਇਸ ਲੜੀ ਦਾ ਹੀ ਗ੍ਰੰਥ ਹੈ। ਉਪਾਸ਼ਕਦਸਾ ਵਿਚ ਮਹਾਂਵੀਰ ਜੀ ਦੇ ਸਮੇਂ ਦੇ ਮਹਾਂਪੁਰਖਾਂ ਦਾ ਵਰਨਣ ਕੀਤਾ ਗਿਆ ਹੈ। ਦੂਜੇ ਗ੍ਰੰਥਾਂ ’ਚੋਂ ਕੁੱਝ ਕੁ ਦਾ ਵਿਸ਼ਾ-ਵਸਤੂ ਰਲਿਆ-ਮਿਲਿਆ ਅਤੇ ਕੁੱਝ ਕੁ ਦਾ ਵਖਰੇਵੇਂ ਵਾਲਾ ਹੈ। ਇਨ੍ਹਾਂ ਗ੍ਰੰਥਾਂ ਦੇ ਵਿਸ਼ੇ ਰਿਵਾਇਤਾਂ ਅਤੇ ਮਿਥਿਆਸ, ਨੈਤਿਕਤਾ ਤੇ ਮਠਵਾਸੀ ਜੀਵਨ, ਨਰਕ ਅਤੇ ਸਵਰਗ, ਬ੍ਰਹਮੰਡ ਵਿਗਿਆਨ ਅਤੇ ਜੋਤਿਸ਼ ਨਾਲ ਸਬੰਧਤ ਹਨ। ਤੱਤਵਰਥ ਸੂਤਰ ਪ੍ਰਸਿੱਧ ਪੁਸਤਕ ਹੈ, ਜਿਸ ਵਿਚ ਜੈਨੀ ਉਪਦੇਸ਼ ਸੰਖੇਪ ਰੂਪ ਵਿਚ ਸ਼ਾਮਿਲ ਕੀਤੇ ਗਏ ਹਨ। ਦਿਗੰਬਰਾਂ ਦਾ ਕਹਿਣਾ ਹੈ ਕਿ ਮਹਾਂਵੀਰ ਜੈਨ ਵੱਲੋਂ ਸਮੇਂ-ਸਮੇਂ ’ਤੇ ਦਿੱਤੇ ਉਪਦੇਸ਼ਾਂ ਵਾਲੀਆਂ ਅਸਲ ਕਿਤਾਬਾਂ ਗੁੰਮ ਹੋ ਚੁੱਕੀਆਂ ਹਨ। ਉਨ੍ਹਾਂ ਵੱਲੋਂ ਚਾਰ ਧਰਮ ਗ੍ਰੰਥਾਂ ‘ਪ੍ਰਥਮਾਨੂਯੋਗ’, ‘ਕਰਣਾਨੁਯੋਗ’, ‘ਚਰਣਾਨੁਯੋਗ’ ਅਤੇ ‘ਦ੍ਰਵਯਾਨੁਯੋਗ’ ਦਾ ਵਿਸ਼ੇਸ਼ ਮਾਣ-ਸਤਿਕਾਰ ਕੀਤਾ ਜਾਂਦਾ ਹੈ।
ਮੰਨਿਆ ਜਾਂਦਾ ਹੈ ਕਿ ਤੀਸਰੀ ਪੂਰਵ ਈਸਾ ਸ਼ਤਾਬਦੀ ਵਿਚ ਪਾਟਲੀਪੁਤਰ ਦੇ ਸਥਾਨ ’ਤੇ ਹੋਈ ਜੈਨੀਆਂ ਦੀ ਪਹਿਲੀ ਸੰਗੀਤੀ (ਸਭਾ) ਵਿਚ 14 ਗ੍ਰੰਥ, ਜਿਨ੍ਹਾਂ ਨੂੰ ਪੂਰਵ ਕਿਹਾ ਜਾਂਦਾ ਹੈ, ਅੰਗਾਂ ਸਮੇਤ ਵਿਵਸਥਿਤ ਕੀਤਾ ਗਿਆ ਸੀ। ਬਾਅਦ ਵਿਚ ਇਹ ਪੂਰਵ ਗੁੰਮ ਹੋ ਗਏ।
ਜੈਨ ਗ੍ਰੰਥਾਂ ਦੇ ਆਧਾਰਤ ਉਪਦੇਸ਼ ਨੂੰ ਸੰਖੇਪ ਰੂਪ ਵਿਚ ਤ੍ਰਿਰਤਨਾਂ ਦੁਆਰਾ ਪੇਸ਼ ਕੀਤਾ ਜਾਂਦਾ ਹੈ। ਇਨ੍ਹਾਂ ਵਿਚ ਸੱਚਾ ਧਰਮ, ਸੱਚਾ ਗਿਆਨ ਅਤੇ ਸੱਚਾ ਅਚਾਰ ਵਰਨਣਯੋਗ ਹਨ। ਮੋਕਸ਼ ਦਾ ਮਾਰਗ ਇਨ੍ਹਾਂ ਤਿੰਨਾਂ ਵਿਚ ਦੀ ਹੋ ਕੇ ਜਾਂਦਾ ਹੈ। ਇਹ ਗ੍ਰੰਥ ਜੈਨ ਮਤ ਦੀ ਧਾਰਮਿਕ ਫ਼ਿਲਾਸਫ਼ੀ ਦਾ ਵੀ ਆਧਾਰ ਬਣਦੇ ਹਨ, ਜਿਸ ਵਿਚੋਂ ਪ੍ਰਮੁੱਖ ਰੂਪ ’ਚ ਨੌਂ ਸੱਚਾਈਆਂ ਉਭਰੀਆਂ ਹਨ। ਇਹ ਨੌਂ ਸੱਚਾਈਆਂ ਜਿਨ੍ਹਾਂ ਨੂੰ ‘ਨਵਤੱਤ’ ਵੀ ਕਿਹਾ ਜਾਂਦਾ ਹੈ, ਹੇਠ ਲਿਖੇ ਅਨੁਸਾਰ ਹਨ:
ਜੀਵ: ਇਸ ਦੇ ਅਰਥ ਹਨ ਜੀਵਨ, ਚੇਤਨਾ ਅਤੇ ਆਤਮਾ। ਜੈਨ ਫ਼ਿਲਾਸਫੀ ਅਨੁਸਾਰ ਆਤਮਾ ਸਦੀਵੀ ਅਤੇ ਨਿਰਪੇਖ ਹੈ।
ਅਜੀਵ: ਇਹ ਜੀਵ ਦਾ ਉਲਟ ਹੈ। ਇਹ ਨਿਰਜਿੰਦ ਵਸਤੂ ਹੈ। ਜੀਵ ਦਾ ਅਜੀਵ ਤੋਂ ਆਜ਼ਾਦ ਹੋਣਾ ਹੀ ਮੋਕਸ਼ ਨੂੰ ਹਾਸਲ ਕਰ ਲੈਣਾ ਹੈ।
ਪੁੰਨ: ਜੈਨ ਧਰਮ ਦੇ ਗ੍ਰੰਥਾਂ ਮੁਤਾਬਕ ਪੁੰਨ ਚੰਗੇ ਅਤੇ ਧਾਰਮਿਕ ਅਮਲਾਂ ਦੀ ਉਪਜ ਹੈ।
ਪਾਪ: ਇਹ ਜੀਵ ਦੇ ਬੰਧਨਾਂ ਦਾ ਮੁੱਖ ਕਾਰਕ ਹੈ।
ਅਸ੍ਰਵ: ਇਹ ਉਹ ਪ੍ਰਕ੍ਰਿਆ ਹੈ, ਜਿਸ ਅਨੁਸਾਰ ਆਤਮਾ ਆਪਣੇ ਅੰਦਰ ਕਰਮਾਂ ਨੂੰ ਸੰਚਿਤ ਕਰਦੀ ਰਹਿੰਦੀ ਹੈ।
ਸੰਵਰ: ਇਸ ਦਾ ਅਰਥ ਹੈ ਰੋਕਣਾ ਜਾਂ ਅਟਕਾਉਣਾ। ਜੈਨ ਧਰਮ ਦੇ ਗ੍ਰੰਥਾਂ ਅਨੁਸਾਰ ਕਰਮਾਂ ਦੇ ਆਤਮਾ ਵੱਲ ਨੂੰ ਆਉਣ ਦੀ ਕਿਰਿਆ ਨੂੰ ਰੋਕਣਾ ਸੰਵਰ ਹੈ।
ਬੰਧ: ਇਹ ਜੈਨ ਧਰਮ ਦੀ ਸੱਤਵੀਂ ਸਚਾਈ ਹੈ, ਜਿਸ ਅਨੁਸਾਰ ਰੂਹ ਦਾ ਨਿਰਜੀਵ ਚੀਜ਼ਾਂ ਨਾਲ ਮਿਲਾਪ ਹੁੰਦਾ ਹੈ।
ਨਿਰਜਰ: ਇਹ ਕਰਮ ਨੂੰ ਨਸ਼ਟ ਕਰਨ ਦਾ ਸਾਧਨ ਹੈ। ਸੰਵਰ ਅਤੇ ਨਿਰਜਰ ਦੋਵੇਂ ਹੀ ਮੋਕਸ਼ ਪ੍ਰਾਪਤੀ ਲਈ ਜ਼ਰੂਰੀ ਹਨ।
ਮੋਕਸ਼: ਇਹ ਜੈਨ ਧਰਮ ਦੀ ਨੌਵੀਂ ਅਤੇ ਅੰਤਿਮ ਸੱਚਾਈ ਹੈ। ਮੋਕਸ਼ ਵਿਚ ਕਰਮ ਦਾ ਪੂਰਨ ਅਭਾਵ ਹੁੰਦਾ ਹੈ।
ਬੰਧਨ ਦੇ ਸਾਰੇ ਕਾਰਨ ਖਤਮ ਹੋ ਜਾਂਦੇ ਹਨ ਅਤੇ ਆਤਮਾ ਕਰਮਾਂ ਦੀ ਕੈਦ ਤੋਂ ਮੁਕਤ ਹੋ ਜਾਂਦੀ ਹੈ। ਜੈਨ ਧਰਮ ਦੇ ਗ੍ਰੰਥਾਂ ਅਨੁਸਾਰ ਇਸ ਨੂੰ ਆਤਮਿਕ ਪ੍ਰਾਪਤੀ ਦੀ ਸਰਵ-ਉੱਚ ਅਵਸਥਾ ਕਿਹਾ ਜਾਂਦਾ ਹੈ। ਜਿਹੜਾ ਵਿਅਕਤੀ ਇਸ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ ਉਸ ਨੂੰ ‘ਸਿੱਧ’ ਕਿਹਾ ਜਾਂਦਾ ਹੈ। ਜੈਨ ਪਰੰਪਰਾ ਮੁਤਾਬਕ ਸਿੱਧ ਪੁਰਖ ਚੰਗੇ ਅਤੇ ਮੰਦੇ ਤੋਂ ਉਪਰ ਹੁੰਦਾ ਹੈ। ਅਜਿਹੇ ਸਿੱਧ ਪੁਰਖਾਂ ਦੀ ਘਾੜਤ ਹੀ ਜੈਨ ਧਰਮ ਦੇ ਸਤਿਕਾਰਤ ਤੀਰਥੰਕਰ ਸੁਆਮੀ ਮਹਾਂਵੀਰ ਦੇ ਜੀਵਨ ਦਾ ਮੁੱਖ ਮਨੋਰਥ ਰਿਹਾ ਹੈ।
ਸੰਪਰਕ: 94631-32719


Comments Off on ਜੈਨ ਮਤ ਅਤੇ ਉਸ ਦੇ ਨਵਤੱਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.